ਗ੍ਰੀਨ ਪਾਰਟੀ ਸੌਖੇ ਕਰੇਗੀ ਮਾਪਿਆਂ ਦਾ ਪ੍ਰਵਾਸ ਅਤੇ ਅੰਗਰੇਜ਼ੀ ਦੇ ਇਮਤਿਹਾਨ  

news kohli 190510 ielts in australia and green party

ਗ੍ਰੀਨ ਪਾਰਟੀ ਦੀ ਨਵੀਂ ਨੀਤੀ ਮੁਤਾਬਕ ਜੋ ਮਾਪਿਆਂ ਨੂੰ ਆਸਟਰੇਲੀਆ ਵਿੱਚ ਪੱਕੀ ਰਿਹਾਇਸ਼ ਲਈ ਤੀਹ ਤੋਂ ਪੰਜਾਹ ਸਾਲ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਜਾਂ ਇੱਕ ਲੱਖ ਵੀਹ ਹਜ਼ਾਰ ਡਾਲਰ ਖਰਚ ਕੇ ਚਾਰ ਸਾਲ ਦਾ ਇੰਤਜ਼ਾਰ ਕਰਨ ਲਈ ਮਜਬੂਰ ਹਨ।ਇਸ ਵਰਤਾਰੇ ਨੂੰ ਖਤਮ ਕਰ ਕੇ ਘੱਟ ਫ਼ੀਸ ਨਾਲ ਉਡੀਕ ਸੂਚੀ ਦਾ ਸਮਾਂ ਘਟਾ ਕੇ ਤਿੰਨ ਸਾਲਾਂ ਤੱਕ ਕਰਨ ਦਾ ਸੁਝਾਅ ਦਿੱਤਾ ਹੈ। ਇਸ ਪਾਲਿਸੀ ਬਾਰੇ ਕੁਈਨਜ਼ਲੈਂਡ ਤੋਂ ਗਰੀਨ ਦੇ ਸੈਨੇਟ ਉਮੀਦਵਾਰ ਨਵਦੀਪ ਸਿੰਘ ਨੇ ਦੱਸਿਆ ਕੇ ਪਾਰਟੀ ਨੇ ਫੈਮਿਲੀ ਬੈਲੇਂਸ ਟੈਸਟ ਨਾਂ ਦੇ ਅਣ ਮਨੁੱਖੀ ਵਰਤਾਰੇ ਨੂੰ ਖ਼ਤਮ ਕਰਨਾ ਹੈ । ਜਿਸ ਦੇ ਚੱਲਦਿਆਂ ਮਾਪਿਆਂ ਨੂੰ ਬੁਲਾਉਣ ਲਈ ਘੱਟੋ ਘੱਟ ਅੱਧੇ ਬੱਚੇ ਜਾਂ ਅੱਧੋਂ ਵੱਧ ਆਸਟਰੇਲੀਆ ਵਿੱਚ ਹੋਣੇ ਜ਼ਰੂਰੀ ਹਨ।

ਉਨ੍ਹਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਵਿੱਚ ਪਰਵਾਸੀਆਂ ਨੇ ਆਸਟਰੇਲੀਆ ਦੀ ਆਰਥਿਕਤਾ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ।ਇੱਥੇ ਬੰਦ ਪਏ ਕਾਰੋਬਾਰ ਚੱਲੇ ਹਨ ਅਤੇ ਘਰਾਂ ਦੀ ਮਾਰਕੀਟ ਵੀ ਪਰਵਾਸੀਆਂ ਕਰਕੇ ਹੀ ਸਥਾਪਤ ਹੈ। ਲਿਬਰਲ ਪਾਰਟੀ  ਪ੍ਰਵਾਸੀਆਂ ਦੇ ਯੋਗਦਾਨ ਦੇ ਧੰਨਵਾਦੀ ਹੋਣ ਦੀ ਥਾਂ ਪ੍ਰਵਾਸ ਅਤੇ ਪ੍ਰਵਾਸੀਆਂ ਨੂੰ ਹੋਰ ਰੂਪ ਵਿੱਚ ਪੇਸ਼ ਕਰ ਰਹੀ ਹੈ।ਪਿਛਲੇ ਸਮੇਂ ਦੌਰਾਨ ਉਨ੍ਹਾਂ ਦੀਆਂ ਪੇਸ਼ ਕੀਤੀਆਂ ਹੋਈਆਂ ਮਾਪਿਆਂ ਦੇ ਵੀਜ਼ੇ ਦੀਆਂ  ਯੋਜਨਾਵਾਂ ਵੀ ਪ੍ਰਵਾਸੀਆਂ ਤੋਂ ਪੈਸੇ ਕਮਾਉਣ ਦੇ ਸਾਧਨ ਹਨ ਅਤੇ ਕਿਸੇ ਕਿਸਮ ਦਾ ਪੱਕਾ ਹਲ ਨਹੀਂ ਕੀਤਾ ਗਿਆ।ਸਗੋਂ ਮੌਜੂਦਾ ਗ੍ਰਹਿ ਮੰਤਰੀ ਪੀਟਰ ਡਟਨ ਨੇ ਆਪਣੇ ਹੱਕਾਂ ਦੀ ਕੋਝੇ ਤਰੀਕੇ ਨਾਲ ਵਰਤੋਂ ਕਰਦਿਆਂ ਵਿਆਹੇ ਜੋੜਿਆਂ ਦੇ ਆਉਣ ਦੀ ਗਿਣਤੀ ਸੀਮਤ ਕਰ ਉਹਨਾਂ ਨੂੰ ਦੋ ਸਾਲ ਦਾ ਇੰਤਜ਼ਾਰ ਕਰਨ ਲਈ  ਮਜ਼ਬੂਰ ਕਰ ਦਿੱਤਾ ਹੈ। ਇਹ ਇੰਤਜ਼ਾਰ ਪਰਿਵਾਰਾਂ ਦੇ ਟੁੱਟਣ ਦਾ ਕਾਰਨ ਬਣ ਰਿਹਾ ਹੈ। ਇੱਕ ਰਿਪੋਰਟ ਮੁਤਾਬਕ ਇਸ ਵੇਲੇ ਕਈ ਹਜ਼ਾਰ ਦੇ ਕਰੀਬ ਵਿਆਹੇ ਜੋੜੇ ਦੋ ਸਾਲਾਂ ਦਾ ਇੰਤਜ਼ਾਰ ਕਰਨ ਲਈ ਮਜਬੂਰ ਹਨ।

ਇਸੇ ਦੌਰਾਨ ਉਨ੍ਹਾਂ ਦੱਸਿਆ ਕਿ ਆਈਲੈਟਸ ਦਾ ਢਾਂਚਾ ਤਰਕਹੀਣ ਹੈ ਅਤੇ ਬੀਮਾ ਪਾਲਸੀ ਦੀ ਤਰ੍ਹਾਂ ਇਸਨੂੰ ਹਰ ਦੋ ਸਾਲਾਂ ਬਾਅਦ ਨਵਿਆਉਣਾ ਪੈਦਾ ਹੈ।ਉਨ੍ਹਾਂ ਸਬੂਤਾਂ  ਸਮੇਤ ਦੱਸਿਆ ਕਿ ਲੇਬਰ ਪਾਰਟੀ ਨੇ ਲੱਖਾਂ ਡਾਲਰ ਆਈਲੈਟਸ ਸਰਟੀਫੀਕੇਟ ਮੁਹੱਈਆ ਕਰਵਾਉਣ ਵਾਲੀ ਕੰਪਨੀ ਆਈ ਡੀ ਪੀ ਤੋਂ ਚੋਣ ਫੰਡ ਵਜੋਂ ਲਏ ਹਨ।

ਇੱਥੇ ਵਰਨਣਯੋਗ ਹੈ ਕਿ ਜਿਸ ਤਰੀਕਿਆਂ ਨਾਲ ਆਸਟਰੇਲੀਆ ਵਿੱਚ ਪਰਵਾਸੀਆਂ ਦੀ ਗਿਣਤੀ ਵਧੀ ਹੈ ਉਨ੍ਹਾਂ ਦੀ ਵੋਟ ਇਸ ਵੇਲੇ ਆਸਟਰੇਲੀਅਨ ਸਿਆਸਤ ਵਿੱਚ ਖਾਸ ਯੋਗਦਾਨ ਦੇਵੇਗੀ ਸਾਰੀ ਦੁਨੀਆਂ ਵਿੱਚ ਪ੍ਰਵਾਸ ਅਤੇ ਪ੍ਰਵਾਸੀਆਂ ਨੂੰ ਲੈ ਕੇ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਪ੍ਰਵਾਸੀਆਂ ਵੱਲੋਂ  ਸੋਚ ਸਮਝ ਕੇ ਕੀਤੀ ਹੋਈ ਵੋਟ,ਰਾਜਨੀਤੀ  ਨੂੰ ਸਾਰਥਕ ਰੱਖਣ ਵਿੱਚ ਮੱਦਦ ਕਰੇਗੀ। ਇਸ ਲਈ ਉਨ੍ਹਾਂ ਨੇ ਵਾਅਦਾ ਕੀਤਾ ਹੈ ਕਿ ਗਰੀਨ ਪਾਰਟੀ ਨੂੰ ਪਾਈ ਹੋਈ ਹਰ ਵੋਟ ਪ੍ਰਵਾਸੀਆਂ ਦੇ ਹੱਕਾਂ ਦੀ ਤਰਜਮਾਨੀ ਕਰਦਿਆਂ ਸਵੈਮਾਣ ਮਜ਼ਬੂਤ ਕਰਨ ਵਿੱਚ ਸਹਾਈ ਹੋਵੇਗੀ।

Install Punjabi Akhbar App

Install
×