ਇੰਜੀ. ਬਲਵਿੰਦਰ ਸਿੰਘ ਮਿਸ਼ਨਰੀ ਦੇ 75ਵੇਂ ਜਨਮ ਦਿਨ ਮੌਕੇ ਲੋੜਵੰਦ ਤੇ ਹੁਨਰਮੰਦ ਬੱਚਿਆਂ ਦਾ ਸਨਮਾਨ

‘ਗੁਰਮਤਿ ਸੇਵਾ ਸਮਾਗਮ’ ਦੇ ਨਾਮ ਹੇਠ ਜਨਮਦਿਨ ਮਨਾਉਣਾ ਸ਼ਲਾਘਾਯੋਗ : ਸੰਧਵਾਂ

(ਫਰੀਦਕੋਟ):- ਇਲਾਕੇ ਦੀ ਉੱਘੀ ਧਾਰਮਿਕ ਸ਼ਖਸ਼ੀਅਤ ਇੰਜੀ. ਬਲਵਿੰਦਰ ਸਿੰਘ ਮਿਸ਼ਨਰੀ ਦਾ 75ਵਾਂ ਜਨਮ ਦਿਨ (ਡਾਇਮੰਡ ਜੁਬਲੀ ਬਰਥਡੇ) ਨਿਵੇਕਲੇ ਢੰਗ ਨਾਲ ਮਨਾਇਆ ਗਿਆ, ਕਿਉਂਕਿ ਇਸ ਮੌਕੇ ਬਹੁਤ ਸਾਰੇ ਲੋੜਵੰਦ ਅਤੇ ਹੁਨਰਮੰਦ ਬੱਚਿਆਂ ਨੂੰ ਸਕੂਲ ਦੀਆਂ ਵਰਦੀਆਂ, ਪੁਸਤਕਾਂ, ਕਾਪੀਆਂ, ਸਕੂਲ ਬੈਗ, ਖੇਡਾਂ ਦਾ ਸਮਾਨ ਅਤੇ ਤਿੰਨ ਬੱਚਿਆਂ ਨੂੰ ਨਵੀਆਂ ਸਾਈਕਲਾਂ ਦੇ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਪੁੱਜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇੰਜੀ. ਮਿਸ਼ਨਰੀ ਦੇ ਪਰਿਵਾਰ ਦੇ ਉਕਤ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਦਾਅਵਾ ਕੀਤਾ ਕਿ ਇਸ ਗੁਰਮਤਿ ਸੇਵਾ ਸਮਾਗਮ ਤੋਂ ਜਿੱਥੇ ਹੁਨਰਮੰਦ ਅਤੇ ਲੋੜਵੰਦ ਬੱਚਿਆਂ ਦੀ ਜਰੂਰਤ ਪੂਰੀ ਕੀਤੀ ਗਈ ਹੈ, ਉੱਥੇ ਇਸ ਵਿਲੱਖਣ ਸਮਾਰੋਹ ਤੋਂ ਹੋਰਨਾਂ ਨੂੰ ਵੀ ਪ੍ਰੇਰਨਾ ਮਿਲਣੀ ਸੁਭਾਵਿਕ ਹੈ। ਮੰਚ ਸੰਚਾਲਨ ਕਰਦਿਆਂ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਪਹਿਲਾਂ ਇੰਜੀ. ਮਿਸ਼ਨਰੀ ਦੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਦਾ ਸੰਖੇਪ ਵਿੱਚ ਚਾਨਣਾ ਪਾਇਆ, ਉਪਰੰਤ ਪਹਿਲਾਂ ਭਾਈ ਚਰਨਜੀਤ ਸਿੰਘ ਚੰਨੀ ਦੇ ਰਾਗੀ ਜੱਥੇ ਨੇ ਗੁਰਬਾਣੀ-ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ ਤੇ ਫਿਰ ਭਾਈ ਰਣਜੀਤ ਸਿੰਘ ਵਾੜਾਦਰਾਕਾ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਗੁਰਦਵਾਰਾ ਸਾਹਿਬ ਲੰਗਰ ਮਾਤਾ ਖੀਵੀ ਜੀ ਫਰੀਦਕੋਟ ਦੇ ਸੰਸਥਾਪਕ ਤੇ ਸੰਚਾਲਕ ਕੈਪਟਨ ਧਰਮ ਸਿੰਘ ਗਿੱਲ ਸਮੇਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੋਂ ਡਾ. ਅਵੀਨਿੰਦਰਪਾਲ ਸਿੰਘ, ਡਾ ਰਜਿੰਦਰ ਸਿੰਘ ਗਿੱਦੜਬਾਹਾ, ਡਾ ਗੁਰਸੇਵਕ ਸਿੰਘ ਡਾਇਰੈਕਟਰ ਅਤੇ ਹੋਰ ਬੁਲਾਰਿਆਂ ਨੇ ਇੰਜੀ. ਮਿਸ਼ਨਰੀ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੰਦਿਆਂ ਉਹਨਾਂ ਦੀ ਸਿਹਤ ਤੰਦਰੁਸਤੀ ਅਤੇ ਚੜਦੀਕਲਾ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇੰਜੀ. ਬਲਵਿੰਦਰ ਸਿੰਘ ਮਿਸ਼ਨਰੀ ਨੇ ਆਪਣੇ ਜੀਵਨਕਾਲ ਦੌਰਾਨ ਆਈਆਂ ਮੁਸ਼ਕਿਲਾਂ, ਸਮੱਸਿਆਵਾਂ, ਚੁਣੌਤੀਆਂ ਅਤੇ ਪ੍ਰੇਸ਼ਾਨੀਆਂ ਦਾ ਹੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਟੇਕ ਅਤੇ ਆਸ਼ੀਰਵਾਦ ਦੱਸਦਿਆਂ ਆਖਿਆ ਕਿ ਜਦੋਂ ਵੀ ਮਨ ਉਦਾਸ ਹੋਇਆ ਤਾਂ ਗੁਰਬਾਣੀ ਸ਼ਬਦ ਨਾਲ ਹੀ ਉਸਦਾ ਹੱਲ ਮਿਲਿਆ। ਇਸ ਮੌਕੇ ਦਸਮੇਸ਼ ਡੈਂਟਲ ਕਾਲਜ, ਦਸਮੇਸ਼ ਵਿਦਿਅਕ ਸੰਸਥਾਵਾਂ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਗੁੱਡ ਮੌਰਨਿੰਗ ਵੈਲਫੇਅਰ ਕਲੱਬ, ਮਾਤਾ ਖੀਵੀ ਲੰਗਰ ਸਮੇਤ ਹੋਰ ਅਨੇਕਾਂ ਸੰਸਥਾਵਾਂ ਤੇ ਜਥੇਬੰਦੀਆਂ ਵੱਲੋਂ ਇੰਜੀ. ਮਿਸ਼ਨਰੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਡਾ ਮਨਜੀਤ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਬੱਬੂ, ਸੁਰਿੰਦਰ ਸਿੰਘ ਸਦਿਉੜਾ, ਕੁਲਦੀਪ ਸਿੰਘ ਫਰੀਦਕੋਟ, ਪ੍ਰਿੰ. ਮਨਿੰਦਰ ਕੌਰ, ਦਲਜਿੰਦਰ ਸਿੰਘ ਸੰਧੂ ਸਮੇਤ ਭਾਰੀ ਗਿਣਤੀ ਵਿੱਚ ਸਮਾਜਸੇਵੀ ਅਤੇ ਧਾਰਮਿਕ ਸ਼ਖਸ਼ੀਅਤਾਂ ਹਾਜਰ ਸਨ।

Install Punjabi Akhbar App

Install
×