ਦੱਖਣੀ ਆਸਟ੍ਰੇਲੀਆ ਵਿੱਚ ਧੜੱਲੇ ਨਾਲ ਵਿਕ ਰਿਹਾ ਪਾਬੰਧੀ ਸ਼ੁਦਾ ਸ਼ਾਰਕ ਮੱਛੀਆਂ ਦਾ ਮੀਟ

ਇੱਕ ਰਿਪੋਰਟ ਰਾਹੀਂ ਪਾਇਆ ਗਿਆ ਹੈ ਕਿ ਦੱਖਣੀ ਆਸਟ੍ਰੇਲੀਆ ਅੰਦਰ ਚਿਪਸ ਅਤੇ ਹੋਰ ਸਨੈਕਸ ਆਦਿ ਵਾਲੀਆਂ ਦੁਕਾਨਾਂ ਉਪਰ ਅਜਿਹੀਆਂ ਸ਼ਾਰਕ ਮੱਛੀਆਂ ਦੇ ਮੀਟ ਨਾਲ ਬਣਾਏ ਗਏ ਚਿਪਸ ਆਦਿ ਵਿਕ ਰਹੇ ਹਨ ਜਿਨ੍ਹਾਂ ਦੀਆਂ ਪ੍ਰਜਾਤੀਆਂ ਖ਼ਤਰੇ ਵਿੱਚ ਹਨ ਅਤੇ ਇਨ੍ਹਾਂ ਦੇ ਸ਼ਿਕਾਰ ਜਾਂ ਮੀਟ ਆਦਿ ਲਈ ਵਰਤਣ ਉਪਰ ਪਾਬੰਧੀ ਲੱਗੀ ਹੋਈ ਹੈ। ਪਾਬੰਧੀਸ਼ੁਧਾ ਸ਼ਾਰਕ ਮੱਛੀਆਂ ਦੀਆਂ ਪ੍ਰਜਾਤੀਆਂ ਵਿੱਚ ਸ਼ਾਰਟ ਫਿਨ ਮਾਕੋ ਸ਼ਾਰਕ ਅਤੇ ਸਿੱਧੇ ਮੂੰਹ ਵਾਲੀ ਹੈਮਰਹੈਡ ਸ਼ਾਰਕ ਆਦਿ ਸ਼ਾਮਿਲ ਹਨ।
ਐਡੀਲੇਡ ਯੂਨੀਵਰਸਿਟੀ ਨੇ ਐਡੀਲੇਡ ਅਤੇ ਰਾਜ ਦੇ ਹੋਰ ਖੇਤਰਾਂ ਵਿੱਚੋਂ 100 ਤੋਂ ਵੀ ਜ਼ਿਆਦਾ ਦੁਕਾਨਾਂ ਉਪਰੋਂ ਨਮੂਨੇ ਭਰੇ ਹਨ ਅਤੇ ਪਾਇਆ ਹੈ ਕਿ ਫਲੇਕ ਅਤੇ ਚਿਪਸ ਦੇ ਰੂਪ ਵਿੱਚ ਅਜਿਹੀਆਂ ਘੱਟੋ ਘੱਟ ਚਾਰ ਸ਼ਾਰਕ ਪ੍ਰਜਾਤੀਆਂ ਦੇ ਮੀਟ ਆਮ ਹੀ ਵਿਕ ਰਹੇ ਹਨ ਜਿਨ੍ਹਾਂ ਦੇ ਸ਼ਿਕਾਰ ਉਪਰ ਪਾਬੰਧੀ ਹੈ ਅਤੇ ਇਨ੍ਹਾਂ ਵਿੱਚੋਂ ਕੁੱਝ ਪ੍ਰਜਾਤੀਆਂ ਤਾਂ ਅਜਿਹੀਆਂ ਵੀ ਹਨ ਜੋ ਕਿ ਦੇਸ਼ ਅੰਦਰ ਪਾਈਆਂ ਹੀ ਨਹੀਂ ਜਾਂਦੀਆਂ।
ਐਡੀਲੇਡ ਯੂਨੀਵਰਸਿਟੀ ਦੇ ਇੱਕ ਮਾਹਿਰ ਪ੍ਰੋਫੈਸਰ ਬਰੋਨੀਅਨ ਗਿਲੈਂਡਰਜ਼ ਦਾ ਕਹਿਣਾ ਹੈ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਇਸ ਵਪਾਰ ਅੰਦਰ ਕਾਫੀ ਘਪਲਾ ਚੱਲ ਰਿਹਾ ਹੈ ਅਤੇ ਉਹ ਵੀ ਵੱਡੇ ਪੈਮਾਨੇ ਉਪਰ। ਕਿਉਂਕਿ ਛੋਟੇ ਦੁਕਾਨਦਾਰ ਆਦਿ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਕਿ ਉਹ ਜਿਹੜੀ ਮੱਛੀ ਆਦਿ ਦਾ ਮਾਸ ਹੋਰ ਖਾਣ ਪੀਣ ਦਾ ਸਾਮਾਨ ਆਦਿ ਜਾਂ ਸਨੈਕਸ ਆਦਿ ਬਣਾਉਣ ਵਾਸਤੇ ਵਰਤ ਰਿਹਾ ਹੈ, ਉਹ ਅਸਲ ਵਿੱਚ ਕੀ ਹੈ….? ਇਹ ਮਾਮਲਾ ਤਾਂ ਵੱਡੇ ਪੱਧਰ ਉਪਰ ਵਪਾਰ ਕਰਨ ਵਾਲਿਆਂ ਵੱਲ ਹੀ ਉਂਗਲ ਚੁੱਕਦਾ ਹੈ। ਇਹ ਗ਼ੈਰਕਾਨੂੰਨੀ ਕੰਮ ਜਿੱਥੇ ਦੇਸ਼ ਦੀ ਅਰਥ ਵਿਵਸਥਾ ਨੂੰ ਨੂਕਸਾਨ ਪਹੁੰਚਾ ਰਿਹਾ ਹੈ, ਉਥੇ ਹੀ ਇਹ ਮਨੁੱਖਾਂ ਵਾਸਤੇ ਅਤੇ ਖਾਸ ਕਰਕੇ ਸ਼ਾਰਕ ਮੱਛੀਆਂ ਦੀਆਂ ਪ੍ਰਜਾਤੀਆਂ ਵਾਸਤੇ ਹਾਨੀਕਾਰਕ ਹੈ।
ਜ਼ਿਕਰਯੋਗ ਹੈ ਕਿ ਦੇਸ਼ ਅੰਦਰ ਗਮੀ ਸ਼ਾਰਕ ਅਤੇ ਨਿਊਜ਼ੀਲੈਂਡ ਰਿਗ ਆਦਿ ਸ਼ਾਰਕ ਮੱਛੀਆਂ ਦਾ ਮੀਟ ਹੀ ਵੇਚਿਆ ਜਾ ਸਕਦਾ ਹੈ ਅਤੇ ਹਰ ਅਜਿਹੇ ਮੀਟ ਵਾਲੇ ਪੈਕਟ ਉਪਰ ਇੱਕ ਛਤਰੀ ਦਾ ਨਿਸ਼ਾਨ ਲਗਾਇਆ ਜਾਂਦਾ ਹੈ।