ਰਾਜ ਭਰ ਵਿੱਚ ਪੇਂਡੂ ਅਤੇ ਰਿਜਨਲ ਖੇਤਰ ਦੀਆਂ ਮਹਿਲਾਵਾਂ ਨੂੰ ਸ਼ਕਤੀਸ਼ਾਲੀ ਬਣਾਉਣ ਅਤੇ ਉਨ੍ਹਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਸਰਕਾਰ ਨੇ ਇੱਕ ਨਵੀਂ ਸਕੀਮ ਦਾ ਆਗ਼ਾਜ਼ ਕੀਤਾ ਹੈ ਜਿਸ ਦੀ ਜਾਣਕਾਰੀ ਦਿੰਦਿਆਂ ਵਧੀਕ ਪ੍ਰੀਮੀਅਰ ਅਤੇ ਸਬੰਧਤ ਵਿਭਾਗਾਂ ਦੇ ਮੰਤਰੀ ਪਾਲ ਟੂਲੇ ਨੇ ਕਿਹਾ ਕਿ ਇਸ ਸਕੀਮ ਦੇ ਤਹਿਤ 120,000 ਡਾਲਰਾਂ ਦੀ ਰਾਸ਼ੀ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਦੀ ਮਦਦ ਨਾਲ ਉਕਤ ਖੇਤਰਾਂ ਦੀਆਂ ਮਹਿਲਾਵਾਂ ਵਿੱਚ ਲੀਡਰਸ਼ਿਪ ਦੇ ਗੁਣਾਂ ਨੂੰ ਉਜਾਗਰ ਕੀਤਾ ਜਾਵੇਗਾ।
ਮਹਿਲਾਵਾਂ ਨਾਲ ਸਬੰਧਤ ਵਿਭਾਗਾਂ ਦੇ ਮੰਤਰੀ ਬਰੋਨੀ ਟੇਲਰ ਨੇ ਸਰਕਾਰ ਦੀ ਇਸ ਸਕੀਮ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਮਹਿਲਾਵਾਂ ਦੇ ਜੀਵਨ ਵਿੱਚ ਬਹੁਤ ਜ਼ਿਆਦਾ ਬਦਲਾਅ ਆਵੇਗਾ।
ਇਸ ਵਾਸਤੇ 5500 ਡਾਲਰ ਦੀ ਲਾਗਤ ਨਾਲ ਅਜਿਹੇ ਪ੍ਰੋਗਰਾਮ ਤਿਆਰ ਕੀਤੇ ਜਾ ਰਹੇ ਹਨ ਜਿਨ੍ਹਾਂ ਨਾਲ ਕਿ ਮਹਿਲਾਵਾਂ ਨੂੰ ਸਮਾਗਮਾਂ ਦੇ ਜ਼ਰੀਏ -ਨੈਟਵਰਕਿੰਗ, ਦੇਖਭਾਲ ਦੇ ਕੰਮਾਂ ਅਤੇ ਡਿਜੀਟਲ ਸਿੱਖਿਆਵਾਂ ਆਦਿ ਦੀ ਸਿਖਲਾਈ ਦਿੱਤੀ ਜਾਵੇਗੀ।
ਇਸ ਵਾਸਤੇ ਅੰਤਰਰਾਸ਼ਟਰੀ ਮਹਿਲਾ ਦਿਵਸ 7 ਅਤੇ 8 ਮਾਰਚ 2022 ਨੂੰ ਸਮਾਗਮਾਂ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ।
ਅਰਜ਼ੀਆਂ ਦੇਣ ਵਾਸਤੇ ਆਖਰੀ ਤਾਰੀਖ 28 ਜਨਵਰੀ 2022 ਰੱਖੀ ਗਈ ਹੈ ਅਤੇ ਇਸ ਵਾਸਤੇ ਮਹਿਲਾਵਾਂ ਦੀ ਉਮਰ ਸੀਮਾ 18 ਤੋਂ 39 ਸਾਲ ਰੱਖੀ ਗਈ ਹੈ। ਚਣਿੰਦਾ ਮਹਿਲਾਵਾਂ ਦੀ ਸੂਚੀ 14 ਫਰਵਰੀ 2022 ਨੂੰ ਜਾਰੀ ਕੀਤੀ ਜਾਵੇਗੀ।
ਜ਼ਿਆਦਾ ਜਾਣਕਾਰੀ ਆਦਿ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।