‘ਨੌਕਰੀਸ਼ੁਦਾ ਬੇਰੁਜਗਾਰ,’ ਹੈ ਨਾ ਬੜਾ ਅਜੀਬ ਸ਼ਬਦ ? ਭਲਾਂ ਕੋਈ ਨੌਕਰੀਸ਼ੁਦਾ ਬੇਰੁਜਗਾਰ ਕਿਵੇਂ ਹੋ ਸਕਦਾ ਹੈ ਤੇ ਕੋਈ ਬੇਰੁਜਗਾਰ ਨੌਕਰੀਸ਼ੁਦਾ ਕਿਵੇਂ ਹੋ ਸਕਦਾ ਹੈ ? ਪਰ ਪੰਜਾਬ ਅੰਦਰ ਕਾਲਜ ਅਧਿਆਪਕਾਂ (ਸਹਾਇਕ ਪ੍ਰੋਫ਼ੈਸਰ) ਦੀ ਇੱਕ ਖਾਸ਼/ਵਿਸ਼ੇਸ਼ ਵੰਨਗੀ ਹੈ ਜਿੰਨ੍ਹਾਂ ਨੇ ਨੌਕਰੀਸ਼ੁਦਾ ਮੁਲਾਜ਼ਮਾਂ ਦੀ ਬਰਾਬਰੀ ਤਾਂ ਕੀ ਕਰਨੀ ਸੀ ਸਗੋਂ ਉਹਨਾਂ ਦੇ ਹਾਲਾਤ ਤਾਂ ਬੇਰੁਜਗਾਰਾਂ ਤੋਂ ਵੀ ਭੈੜੇ ਹਨ। ਉਹਨਾਂ ‘ਸਹਾਇਕ ਪ੍ਰੋਫੈਸਰਾਂ’ ਵਿੱਚੋਂ ਮੈਂ ਇੱਕ ਹਾਂ –
ਜਦੋਂ ਐਮ.ਫਿਲ. ਅੰਗਰੇਜ਼ੀ ਦਾ ਆਖਰੀ ਸਮੈਸਟਰ ਚਲ ਰਿਹਾ ਸੀ (ਵੈਸੇ ਤਾਂ ਦਾਖਲੇ ਦੌਰਾਨ ਹੀ ਇਹ ਸੀ ਕਿ ਹੁਣ ਆਪਣਾ ਖਰਚਾ ਆਪ ਓਟਣ ਦੀ ਲੋੜ ਹੈ) ਤਾਂ ਬੇਰੁਜਗਾਰੀ ਦਾ ਅਹਿਸਾਸ ਬਹੁਤ ਜਿਆਦਾ ਹੋਣ ਲੱਗ ਪਿਆ ਸੀ। ਇਹ ਅਹਿਸਾਸ ਦਾ ਕਾਰਨ ਵੱਧਦੀ ਉਮਰ ਕਰਕੇ, ਮਾਪਿਆਂ ਤੋਂ ਪੈਸੇ ਮੰਗਣ ਦੀ ਜਗ੍ਹਾ ਉਹਨਾਂ ਦਾ ਸਹਾਰਾ ਬਨਣ ਦੀ ਇੱਛਾ ਤੇ ਪੈਸੇ ਦੀ ਲੋੜ ਵੀ ਸੀ। ਕਿਤੇ ਨਾ ਕਿਤੇ ਨੌਕਰੀ ਹੀ ਕਾਰਨ ਸੀ ਕਿ ਮੈਂ ਅੰਗਰੇਜ਼ੀ ਨੂੰ ਆਪਣਾ ਮੁੱਖ ਵਿਸ਼ਾ ਚੁਣਿਆ ਕਿਉਂਕਿ ਇਹ ਪ੍ਰਚਲਿੱਤ ਹੈ ਕਿ ਅੰਗਰੇਜ਼ੀ ਆਉਣ ਨਾਲ ਬੰਦੇ ਨੂੰ ਨੌਕਰੀ ਛੇਤੀ ਮਿਲ ਜਾਂਦੀ ਹੈ। ਪਰ ਯੂਨੀਵਰਸਿਟੀ ਤੱਕ ਪਹੁੰਚਦਿਆਂ ਇਹ ਤਾਂ ਸਾਫ਼ ਹੋ ਗਿਆ ਸੀ ਕਿ ਚਾਹੇ ਕੁੱਝ ਵੀ ਪੜ੍ਹਲੋ ਨੌਕਰੀ ਤਾਂ ਬਹੁਤ ਜਿਆਦਾ ਔਖਾ ਕੰਮ ਹੈ, ਖ਼ਾਸ ਕਰਕੇ ਅਧਿਆਪਨ ਖੇਤਰ ’ਚ। ਕਿਉਂਕਿ ਸਰਕਾਰ ਸਾਲਾਂਬੱਧੀ ਸਕੂਲਾਂ-ਕਾਲਜਾਂ ਦੀਆਂ ਪੋਸਟਾਂ ਕੱਢਦੀ ਹੈ। ਕਾਲਜਾਂ ਦੀ ਪੱਕੀ ਭਰਤੀ ਤਾਂ ਕਹਿੰਦੇ ਪੰਜਾਬ ’ਚ ਸਰਕਾਰ ਨੇ 1995 ਤੋਂ ਬਾਅਦ ਕੋਈ ਨੀਂ ਕੱਢੀ। ਚਲੋ ਫਿਰ ਵੀ ਆਸ ਦਾ ਧਰੂ ਤਾਰਾ ਧੁੰਦਲਾ ਨਹੀਂ ਹੋਣ ਦਿੱਤਾ ਕਿ ਆਪਾਂ ਅੰਗਰੇਜ਼ੀ ’ਚ ਐਮ.ਫਿਲ. ਪਾਸ ਹਾਂ ਤੇ ਆਪਣੇ ਵਿਸ਼ੇ ਦਾ ਨੈੱਟ ਪਾਸ ਕਰਕੇ ਘੱਟੋ-ਘੱਟ 21,600 ’ਤੇ ਤਾਂ ਕਿਸੇ ਵੀ ਕਾਲਜ ’ਚ ਪੜ੍ਹਾਉਣ ਲੱਗ ਜਾਣਾ। ਇਹ ਆਤਮ-ਵਿਸ਼ਵਾਸ ਤਾਂ ਸੀ ਕਿਉਂਕਿ ਆਪਾਂ ਕਿਹੜਾ ਪੰਜਾਬੀ ਵਿਸ਼ੇ ਦੇ ਵਿਦਿਆਰਥੀ ਸਾਂ, ਬੇਚਾਰੀ ਪੰਜਾਬੀ ਜੋ ਅਖਬਾਰਾਂ, ਕਿਤਾਬਾਂ, ਰਸਾਲਿਆਂ, ਯੂਨੀਵਰਸਿਟੀ ਦੇ ਸੈਮੀਨਾਰਾਂ, ਕਾਨਫਰੰਸਾਂ ਆਦਿ ਦਾ ਸ਼ਿੰਗਾਰ ਹੈ ਪਰ ਜਦੋਂ ਇਹ ਉਹਨਾਂ ‘ਕਮਰਿਆਂ ਤੇ ਕਾਗਜ਼ਾਂ’ ਤੋਂ ਬਾਹਰ ਆਉਂਦੀ ਹੈ ਤਾਂ ਇਸਦੀ ਹਾਲਤ ਦਾ ਅੰਦਾਜਾ ਪੰਜਾਬੀ ਦੇ ਸਕਾਲਰਾਂ ਤੋਂ ਹੀ ਲਗਾਇਆ ਜਾ ਸਕਦੀ ਹੈ।
ਆਪਾਂ 2019 ਦੇ ਵਿਸਾਖੀ ਦੇ ਮੇਲੇ ਨਾਲ ਹੀ ਨਿੱਠ ਕੇ ਅੰਗਰੇਜ਼ੀ ਦੇ ਨੈੱਟ ਦੀ ਤਿਆਰੀ ਸ਼ੁਰੂ ਕਰ ਦਿੱਤੀ ਚੌਵੀ ਘੰਟਿਆਂ ਦਾ ਦਿਨ ਬਣਾ ਲਿਆ, ਰਾਤਾਂ ਨੂੰ ਮਨਫੀ ਕਰ ਦਿੱਤਾ। ਜੁਲਾਈ ਦੇ ਪਹਿਲੇ ਹਫਤੇ ਜਦੋਂ ਜੂਨ ਵਾਲੇ ਨੈੱਟ ਦਾ ਨਤੀਜਾ ਆਇਆ ਤਾਂ ਨੈੱਟ ਕੁਆਲੀਫਾਈਡ ਸੀ। ਨਤੀਜਾ ਆਉਣ ਤੋਂ ਬਾਅਦ ਇਹ ਵੀ ਸੋਚਿਆ ਕਿ ਜੇ.ਆਰ.ਐਫ. ਦੀ ਤਿਆਰੀ ਕਰਦੇ ਹਾਂ ਤੇ ਯੂਨੀਵਰਸਿਟੀ ਹੀ ਰੁਕਦੇ ਹਾਂ ਪਰ ਮਨ ਦੀ ਹਾਲਤ ਇਹ ਸੀ ਕਿ ਛੇਤੀ ਤੋਂ ਛੇਤੀ ਨੌਕਰੀ ਪ੍ਰਾਪਤ ਕਰਕੇ ਘਰਦਿਆ ਦੀ ਸਹਾਇਤਾ ਕਰਨੀ ਹੈ। ਸੋ ਜੇ.ਆਰ.ਐਫ. ਦਾ ਖਿਆਲ ਇੱਕ ਵਾਰ ਛੱਡ ਕੇ ਜਾਂ ਕਹੋ ਨਾਲ ਲੈ ਕੇ ਇੰਟਰਵਿਊਜ਼ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਚੰਡੀਗੜ੍ਹ ਐਨ.ਵੀ.ਐਸ. ਵਿਦਿਆਲਾ ਵਿਖੇ ਇੰਟਰਵਿਊ ਦਿੱਤੀ, ਫਿਰ ਪੰਜਾਬ ਯੂਨੀਵਰਸਿਟੀ ’ਚ ਪੰਜਾਬ ਯੂਨੀਵਰਸਿਟੀ ਦੇ ਕਾਂਸਟੀਚਿਊਟ ਕਾਲਜਾਂ ਦੇ ਗੈਸਟ ਫੈਕਲਟੀ (ਮਹਿਮਾਨ ਅਧਿਆਪਕ) ਲਈ ਇੰਟਰਵਿਊਜ਼ ਦਿੱਤੇ, ਤੇ ਫਿਰ ਪੰਜਾਬੀ ਯੂਨੀਵਰਸਿਟੀ ’ਚ ਪੰਜਾਬੀ ਯੂਨੀਵਰਸਿਟੀ ਦੇ ਕਾਂਸਟੀਚਿਊਟ ਕਾਲਜਾਂ ਦੇ ਗੈਸਟ ਫੈਕਲਟੀ (ਟੀਚਰ) ਲਈ। ਇਸ ਦੌਰਾਨ ਸਭ ਤੋਂ ਵੱਡੀ ਤੇ ਪਹਿਲੀ ਸੱਟ ਉਦੋਂ ਵੱਜੀ ਜਦੋਂ ਇਹ ਪਤਾ ਲੱਗਿਆ ਕਿ ਇਹ ਨੌਕਰੀ ਤਾਂ 7-8 ਮਹੀਨਿਆਂ ਦੀ ਹੀ ਹੈ ਤੇ ਨਾ ਹੀ ਇਸ ਨੌਕਰੀ ਦਾ ਕਿਤੇ ਵੀ ਤਜ਼ਰਬਾ ਗਿਣਿਆ ਜਾਂ ਮੰਨਿਆ ਜਾਂਦਾ ਹੈ। ਪਰ ਫਿਰ ਵੀ ਨੌਕਰੀ ਦੀ ਇੱਛਾ ਤੇ ਰੁਜਗਾਰ ਦੇ ਹਾਲਾਤ ਦੇਖਦੇ ਹੋਏ ਆਪਾਂ ਹੌਂਸਲਾ ਨਾ ਛੱਡਿਆ ਤੇ ਆਪਣੇ ਤੋਂ ਮਾੜੀ ਹਾਲਤ ਵਾਲਿਆਂ ਵੱਲ ਵੇਖ ਕੇ ਸੋਚਿਆ ਚੱਲੋਂ ਉਹਨਾਂ ਨਾਲੋਂ ਤਾਂ ਚੰਗੇ ਹਾਂ ਤੇ ਇੰਟਰਵਿਊਜ਼ ਜਾਰੀ ਰੱਖੀਆਂ। ਇਸ ਤੋਂ ਬਾਅਦ ਨੌਕਰੀ ਲਈ ਜਵਾਬੀ ਫੋਨ ਆਉਣ ਲੱਗੇ ਸਭ ਤੋਂ ਪਹਿਲਾਂ ਪਠਾਨਕੋਟ ਤੋਂ ਨਵੋਦਿਆ ਵੱਲੋਂ ਆਇਆ ਜਿਸਨੂੰ ਦੂਰੀ ਤੇ ਕਾਲਜ ਦੀ ਨੌਕਰੀ ਦੀ ਲਾਲਸਾ ਦੇ ਕਰਕੇ ਜਵਾਬ ਦੇ ਦਿੱਤਾ। ਇਸ ਤਰ੍ਹਾਂ ਹੀ ਬਰਨਾਲਾ, ਅੰਮ੍ਰਿਤਸਰ, ਜਲੰਧਰ ਤੋਂ ਵੀ ਫੋਨ ਆਏ। ਫਿਰ ਬਰਾਬਰ ਦੀ ਹੀ ਸੱਟ ਉਸ ਵੇਲੇ ਲੱਗੀ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਕਾਂਸਟੀਚਿਊਟ ਕਾਲਜ ਬਰਨਾਲਾ ਵਿੱਚ ਚੋਣ ਹੋਣ ਉਪਰੰਤ ਕਾਲਜ ਦੇ ਪ੍ਰਿੰਸੀਪਲ ਨੇ ਸੱਦਿਆ ਤੇ ਕਿਹਾ, “ਬੇਟਾ ਅਸੀਂ 12,000 ਤਨਖਾਹ ਦੇ ਸਕਦੇ ਹਾਂ, ਜੇਕਰ ਪੂਰੀ 21600 ਤਨਖਾਹ (ਜਿਸ ਚੋਂ ਵੀ ਟੈਕਸ ਦੇ ਘਟ ਘਟਾ ਹੁੰਦੇ ਹਨ।) ਲੈਣੀ ਹੈ ਤਾਂ ਉਹ ਯੂਨੀਵਰਸਿਟੀ ਵੱਲੋਂ ਸਮੈਸਟਰ ਦੇ ਸਮੈਸਟਰ ਆਉਂਦੀ ਹੈ।” ਮੈਨੂੰ ਇਹ ਸੁਣ ਕੇ ਝਟਕਾ ਲੱਗਾ ਤੇ ਪਿੰਡਾਂ ’ਚ ਚੱਲਦਾ ਹਾੜੀ-ਸਾਉਣੀ ਲੈਣ-ਦੇਣ ਯਾਦ ਆ ਗਿਆ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਮੈਂ ਇੱਕ ਦੋ ਥਾਵਾਂ ਤੋਂ ਪਤਾ ਕੀਤਾ ਤਾਂ ਸਪੱਸ਼ਟ ਹੋਇਆ ਕਿ ਯੂਨਵਰਸਿਟੀ/ਕਾਂਸਟੀਚਿਊਟ ਕਾਲਜਾਂ ਦੀ ਗੈਸਟ ਫੈਕਲਟੀ ਦਾ ਸਿਸਟਮ ਤਾਂ ਇਹੀ ਹੈ ਕਿ ਤਨਖਾਹ ਸਮੈਸਟਰ ਦੇ ਸਮੈਸਟਰ ਹੀ ਦਿੱਤੀ ਜਾਂਦੀ ਹੈ।
ਇਸ ਦੌਰਾਨ ਮੈਂ ਹੋਰ ਇੰਟਰਵਿਊਜ਼ ਦਿੱਤੀਆਂ ਤੇ ‘ਚੰਗੇਭਾਗੀ’ਆਪਣੇ ਹੀ ਪਿੰਡ ਦੇ ਕਾਂਸਟੀਚਿਊਟ ਕਾਲਜ ਵਿੱਚ ‘ਮਹਿਮਾਨ ਅਧਿਆਪਕ’ ਦੇ ਵਜੋਂ ਪੜਾਉਣਾ ਸ਼ੁਰੂ ਕਰ ਦਿੱਤਾ। ਨੌਕਰੀ ਮਿਲਣ ਦਾ ਚਾਅ ਜਾਂ ਨੌਕਰੀ ਮਿਲਣ ’ਤੇ ਪਾਰਟੀ ਇੱਕ ਸੁਭਾਵਿਕ ਜਾ ਜਸ਼ਨ ਹੈ ਪਰ ਜਦੋਂ ਵੀ ਮੇਰੇ ਤੋਂ ਮੇਰੇ ਦੋਸਤ ਮਿੱਤਰ (ਉਹਨਾਂ ਨੇ ਤਾਂ ਛੱਡ ਹੀ ਦਿੱਤਾ)ਜਾਂ ਕੋਈ ਪਿੰਡ ਵਾਲਾ ਪਾਰਟੀ ਮੰਗਦਾ ਤਾਂ ਮੈਂ ਇਹੀ ਕਹਿਣਾ ਕਿ ਤਨਖਾਹ ਆਉਣ ’ਤੇ ਕਰਾਂਗੇ ਤੇ ਮੇਰੇ ਮਨ ’ਚ ਪੂਰੀ ਰੀਝ ਹੈ ਕਿ ਜਦੋਂ ਤਨਖਾਹ ਆਈ ਜਰੂਰ ਪਾਰਟੀ ਕਰਨੀ ਹੈ ਪਰ ਮੈਨੂੰ ਇਹ ਉਡੀਕਦਿਆਂ ਨੂੰ ਅੱਜ ਇੱਕ ਸਾਲ ਸੱਤ ਮਹੀਨੇ ਹੋ ਗਏ ਤੇ ‘ਨੌਕਰੀਸ਼ੁਦਾ ਬੇਰੁਜਗਾਰਾਂ’ ਦੀ ਉਡੀਕ ਜਾਰੀ ਹੈ……
(ਪਵਨ) +91 81466-90471