ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਅੰਦਰ ਹੀ ਐਮੀਰਾਤਸ ਤੋਂ ਆਸਟ੍ਰੇਲੀਆ ਲਈ ਫਲਾਈਟਾਂ ਮੁੜ ਤੋਂ ਹੋ ਰਹੀਆਂ ਚਾਲੂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਅਧਿਕਾਰਿਕ ਤੌਰ ਤੇ ਦਿੱਤੀ ਗਈ ਜਾਣਕਾਰੀ ਮੁਤਾਬਿਕ, ਯੂਨਾਇਟੇਡ ਅਰਬ ਐਮੀਰਾਤਸ, ਹਾਲ ਵਿੱਚ ਹੀ ਰੋਕੀਆਂ ਗਈਆਂ ਸਿਡਨੀ, ਮੈਲਬੋਰਨ ਅਤੇ ਬ੍ਰਿਸਬੇਨ ਦੀਆਂ ਫਲਾਈਟਾਂ ਨੂੰ ਅਗਲੇ ਹਫਤੇ ਦੇ ਸ਼ੁਰੂ ਤੋਂ ਹੀ ਮੁੜ ਤੋਂ ਚਾਲੂ ਕਰਨ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆਈ ਸਰਕਾਰ ਵੱਲੋਂ ਅੰਤਰ-ਰਾਸ਼ਟਰੀ ਯਾਤਰੀਆਂ ਦੀ ਵਾਪਸੀ ਸਬੰਧੀ ਅੱਧੀ ਕਰ ਦਿੱਤੀ ਗਈ ਗਿਣਤੀ ਕਾਰਨ ਐਮੀਰਾਤ ਨੇ ਆਸਟ੍ਰੇਲੀਆ ਵਿੱਚਲੀਆਂ ਆਪਣੀਆਂ ਫਲਾਈਟਾਂ ਨੂੰ ਅਣਦੱਸੇ ਸਮੇਂ ਲਈ ਰੱਦ ਕਰ ਦਿੱਤਾ ਸੀ ਅਤੇ ਹਜ਼ਾਰਾਂ ਆਸਟ੍ਰੇਲੀਆਈ ਯਾਤਰੀ ਜਿਹੜੇ ਕਿ ਆਪਣੀ ਵਾਰੀ ਦੀ ਇੰਤਜ਼ਾਰ ਵਿੱਚ ਬੈਠੇ ਸੀ, ਨੂੰ ਮਾਯੂਸੀ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਜ਼ਿਕਰਯੋਗ ਇਹ ਵੀ ਹੈ ਕਿ ਹਾਲੇ ਵੀ 38,000 ਦੇ ਕਰੀਬ ਆਸਟ੍ਰੇਲੀਆਈ ਲੋਕ ਸਮੁੱਚੇ ਸੰਸਾਰ ਅੰਦਰ ਹੀ ਕਿਸੇ ਨਾ ਕਿਸੇ ਦੇਸ਼ ਅੰਦਰ ਫਸੇ ਹੋਏ ਹਨ ਅਤੇ ਆਪਣੇ ਦੇਸ਼ ਅਤੇ ਘਰ ਪਰਤਣ ਦੀ ਤਾਂਘ ਲਗਾਈ ਬੈਠੇ ਹਨ। ਐਮੀਰਾਤ ਦੇ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ, ਨਵੇਂ ਨਿਯਮਾਂ ਦੇ ਤਹਿਤ ਹੁਣ ਐਮੀਰਾਤਸ ਦੀਆਂ ਫਲਾਈਆਂ ਦੇ ਸਾਰੇ ਕਰੂ ਮੈਂਬਰ ਹੁਣ ਫਲਾਈਟ ਤੋਂ 48 ਘੰਟੇ ਪਹਿਲਾਂ ਕਰੋਨਾ ਟੈਸਟ ਦੀ ਪ੍ਰਕਿਰਿਆ ਵਿੱਚੋਂ ਗੁਜ਼ਰਨਗੇ ਅਤੇ ਫਲਾਈਟ ਦੇ ਉਡਾਣ ਭਰਨ ਸਮੇਂ ਤੱਕ ਕੁਆਰਨਟੀਨ ਵਿੱਚ ਹੀ ਰਹਿਣਗੇ। ਫੇਰ ਆਸਟ੍ਰੇਲੀਆ ਪੁੱਜਣ ਉਪਰ ਅਤੇ ਹੋਟਲ ਕੁਆਰਨਟੀਨ ਤੋਂ ਪਹਿਲਾਂ, ਉਨ੍ਹਾਂ ਦਾ ਫੇਰ ਤੋਂ ਕਰੋਨਾ ਟੈਸਟ ਕੀਤਾ ਜਾਵੇਗਾ। ਅਜਿਹੀਆਂ ਕਿਰਿਆਵਾਂ ਨਾਲ ਕਰੂ ਮੈਂਬਰ ਹਰ ਤਰਫੋਂ ਲਗਾਤਾਰ ਮਾਨਸਿਕ ਤਣਾਉ ਵਿੱਚ ਹੀ ਰਹਿਣਗੇ। ਪਰੰਤੂ ਜਨਤਕ ਭਲਾਈ, ਅੰਤਰ-ਰਾਸ਼ਟਰੀ ਸਮਝੌਤਿਆਂ ਆਦਿ ਦੇ ਮੱਦੇਨਜ਼ਰ ਫਲਾਈਟਾਂ ਮੁੜ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਹੁਣ ਇਹ ਫਲਾਈਟਾਂ ਸਿਡਨੀ ਲਈ 25 ਜਨਵਰੀ ਤੋਂ, ਮੈਲਬੋਰਨ ਲਈ 27 ਜਨਵਰੀ ਤੋਂ ਅਤੇ ਬ੍ਰਿਸਬੇਨ ਲਈ 28 ਜਨਵਰੀ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।

Install Punjabi Akhbar App

Install
×