ਮੁੱਰੇ ਨਦੀ ਦੇ ਹੜ੍ਹ ਮਾਰੇ ਖੇਤਰਾਂ ਵਿੱਚ ਪ੍ਰਸ਼ਾਸਨ ਦੇ ਰਿਹਾ ਘਰ-ਘਰ ਦਸਤਕ: ਲੋਕਾਂ ਦਾ ਜਾਣ ਰਿਹਾ ਹਾਲ-ਚਾਲ

ਦੱਖਣੀ ਆਸਟ੍ਰੇਲੀਆ ਦੇ ਮੁੱਰੇ ਨਦੀ ਦੇ ਹੜ੍ਹ ਮਾਰੇ ਖੇਤਰਾਂ ਵਿੱਚ ਪ੍ਰਸ਼ਾਸਨ ਵੱਲੋਂ ਘਰ ਘਰ ਜਾ ਕੇ ਦਰਵਾਜ਼ੇ ਖੜਕਾਏ ਜਾ ਰਹੇ ਹਨ ਅਤੇ ਪੀੜਿਤ ਲੋਕਾਂ ਦਾ ਹਾਲ ਚਾਲ ਪੁੱਛਿਆ ਜਾ ਰਿਹਾ ਹੈ। ਪੁਲਿਸ ਕਮਿਸ਼ਨਰ ਗ੍ਰਾਂਟ ਸਟੀਵਨਜ਼ ਇਸ ਮੁਹਿੰਮ ਵਿੱਚ ਮੋਹਰੀ ਦੀ ਭੂਮਿਕਾ ਨਿਭਾ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਪੀੜਿਤਾਂ ਦੀ ਸੰਖਿਆ ਹੁਣ ਤੱਕ 3500 ਰਿਹਾਇਸ਼ੀਆਂ ਤੱਕ ਪਹੁੰਚ ਗਈ ਹੈ ਜਿਨ੍ਹਾਂ ਉਪਰ ਹੜ੍ਹਾਂ ਨੇ ਸਿੱਧਾ ਅਸਰ ਪਾਇਆ ਹੈ।
ਕਮਿਸ਼ਨਰ ਦਾ ਕਹਿਣਾ ਹੈ ਕਿ ਹਾਲੇ ਇਸ ਮਹੀਨੇ ਦੀ 14 ਤਾਰੀਖ ਤੱਕ ਹੜ੍ਹਾਂ ਵਾਲੀ ਸਥਿਤੀ ਨਾਜ਼ੁਕ ਬਣੀ ਰਹੇਗੀ ਕਿਉਂਕਿ ਨਦੀ ਵਿੱਚ ਹੋਰ ਪਾਣੀ ਛੱਡਿਆ ਜਾਣਾ ਹੈ ਅਤੇ ਨਦੀ ਦੇ ਪਾਣੀ ਦਾ ਉਚਤਮ ਸਤਰ 175 ਗੀਗਾ ਲੀਟਰ ਤੋਂ 180 ਗੀਗਾ ਲੀਟਰ ਤੱਕ ਪਹੁੰਚਣ ਦੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਹੁਣ ਤੱਕ 675 ਤੋਂ ਜ਼ਿਆਦਾ ਅਜਿਹੀ ਰਿਹਾਇਸ਼ੀ ਘਰਾਂ ਵਿੱਚ ਪ੍ਰਸ਼ਾਸਨ ਵੱਲੋਂ ਸਿੱਧੀ ਪਹੁੰਚ ਕੀਤੀ ਜਾ ਚੁਕੀ ਹੈ ਅਤੇ ਇਹ ਮੁਹਿੰਮ ਲਗਾਤਾਰ ਜਾਰੀ ਹੈ। ਹੁਣ ਤੱਕ 42 ਪਰਿਵਾਰਾਂ ਨੇ ਸਿੱਧੇ ਤੌਰ ਤੇ ਮਦਦ ਦੀ ਮੰਗ ਕੀਤੀ ਹੈ ਅਤੇ 277 ਪਰਿਵਾਰ ਅਜਿਹੇ ਹਨ ਜੋ ਕਿ ਆਪਣੀ ਥਾਂ ਤੇ ਹੀ ਟਿਕੇ ਰਹਿਣਾ ਚਾਹੁੰਦੇ ਹਨ ਅਤੇ 114 ਅਜਿਹੇ ਹਨ ਜੋ ਸੁਰੱਖਿਅਤ ਥਾਂਵਾਂ ਤੇ ਜਾਣਾ ਚਾਹੁੰਦੇ ਹਨ। ਇਸਤੋਂ ਇਲਾਵਾ ਕੁੱਝ ਘਰ ਅਜਿਹੇ ਵੀ ਸਨ ਜਿੱਥੇ ਕਿ ਕੋਈ ਵੀ ਨਹੀਂ ਸੀ ਕਿਉਂਕਿ ਉਹ ਪਹਿਲਾਂ ਹੀ ਸੁਰੱਖਿਅਤ ਥਾਂਵਾਂ ਤੇ ਜਾ ਚੁਕੇ ਹਨ।
ਪ੍ਰੀਮੀਅਰ ਪੀਟਰ ਮੈਲੀਨਾਸਕਸ ਨੇ ਵੀ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਪਹਿਲਾਂ ਮੁੱਰੇ ਨਦੀ ਦੇ ਪਾਣੀ ਦਾ ਖਤਰਾ ਦਿਸੰਬਰ ਦੇ ਪਹਿਲੇ ਹਫ਼ਤੇ ਤੱਕ ਹੀ ਦੱਸਿਆ ਗਿਆ ਸੀ ਪਰੰਤੂ ਹੁਣ ਇਸ ਦੀ ਮਿਆਦ ਵੱਧ ਕੇ 14 ਦਿਸੰਬਰ ਤੱਕ ਕਰ ਦਿੱਤੀ ਗਈ ਹੈ।
ਰਾਜ ਭਰ ਵਿੱਚ ਪ੍ਰਸ਼ਾਸਨ ਅਤੇ ਹੋਰ ਆਪਾਤਕਾਲੀਨ ਸੇਵਾਵਾਂ ਆਦਿ ਆਪਣੀ ਪੂਰੀ ਤਿਆਰੀ ਨਾਲ ਜਨਤਕ ਸੇਵਾਵਾਂ ਵਿੱਚ ਲੱਗੀਆਂ ਹੋਈਆਂ ਹਨ ਅਤੇ ਹਰ ਤਰ੍ਹਾਂ ਦੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾਅ ਵਾਸਤੇ 24 ਘੰਟੇ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹਨ। ਥਾਂ ਥਾਂ ਤੇ ਮਿੱਟੀ ਅਤੇ ਰੇਤ ਦੇ ਆਰਜ਼ੀ ਬੰਨ੍ਹ ਬਣਾਏ ਜਾ ਰਹੇ ਹਨ ਤਾਂ ਜੋ ਜਿੱਥੋਂ ਤੱਕ ਵੀ ਹੋ ਸਕੇ ਨਦੀ ਵਿਚਲੇ ਪਾਣੀ ਤੋਂ ਬਚਾਅ ਕੀਤਾ ਜਾ ਸਕੇ।