ਚੋਣਾਂ

ਵਿਸ਼ਵ ਪੱਧਰ ਤੇ ਚੋਣਾਂ ਦਾ ਮਾਹੌਲ ਗਰਮਾ ਰਿਹਾ ਹੈ। ਜਿੱਥੇ ਦੁਨੀਆ ਦੀ ਵੱਡੀ ਤਾਕਤ ਅਮਰੀਕਾ ਦੀਆਂ ਚੋਣਾਂ ਨਿਰਨਾਇਕ ਦੌਰ ‘ਚ ਪਹੁੰਚ ਚੁੱਕੀਆਂ ਹਨ ਤੇ ਹੁਣ ਸਿੱਧਾ ਮੁਕਾਬਲਾ ਡੋਨਾਲਡ ਟਰੰਪ ਅਤੇ ਹਿਲੇਰੀ ਕਲਿੰਟਨ ਵਿਚਾਲੇ ਹੋਣ ਜਾ ਰਿਹਾ, ਉੱਥੇ ਆਸਟ੍ਰੇਲੀਅਨ ਚੋਣਾਂ ਵਿਚ ਵੀ ਸਿੱਧੀ ਟੱਕਰ ਮਾਰਕ ਟਰਨਬੁਲ ਅਤੇ ਬਿੱਲ ਸ਼ੋਰਟਨ ਵਿਚਾਲੇ ਤਹਿ ਹੈ। ਪਰ ਅਗਲੀ ਸਰਕਾਰ ਦੀ ਚਾਬੀ ਗ੍ਰੀਨ ਪਾਰਟੀ ਦੇ ਹੱਥ ਵੀ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ। ਤੀਜੇ ਪਾਸੇ ਪੰਜਾਬ ਦੀਆਂ ਚੋਣਾਂ ਦੀ ਵੀ ਤਿਆਰੀ ਹੁਣੇ ਤੋਂ ਸ਼ੁਰੂ ਹੋ ਚੁੱਕੀ ਹੈ। ਇਹਨਾਂ ਤਿੰਨਾ ਵੱਖ-ਵੱਖ ਚੋਣਾਂ ‘ਚ ਪੰਜਾਬੀਆਂ ਦੀ ਜਿਗਿਆਸਾ ਸਿਰ ਚੜ੍ਹ ਕੇ ਬੋਲ ਰਹੀ ਹੈ। ੧. ਅਮਰੀਕਾ ਦੀਆਂ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਪੰਜਾਬੀਆਂ ਦਾ ਬੋਲ-ਬਾਲਾ ਹੁਣ ਕਾਫ਼ੀ ਵੱਡੇ ਪੱਧਰ ‘ਤੇ ਹੋ ਚੁੱਕਿਆ ਹੈ ਤੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀ ਧਰਮ-ਪਤਨੀ ਦਾ ਪੰਜਾਬੀਆਂ ਵੱਲ ਝੁਕਾਅ ਕਿਸੇ ਤੋਂ ਲੁਕਿਆ ਨਹੀਂ ਹੈ। ਦੂਜੇ ਪਾਸੇ ਇਕ ਵੱਡੇ ਵਪਾਰੀ ਡੋਨਾਲਡ ਟਰੰਪ ਦੇ ਪ੍ਰਵਾਸੀਆਂ ਪ੍ਰਤੀ ਤਿੱਖੇ ਤੇਵਰ ਪ੍ਰਵਾਸੀਆਂ ਲਈ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ। ਦਬੀ ਆਵਾਜ਼ ‘ਚ ਇਹ ਵੀ ਸੁਣਨ ਨੂੰ ਮਿਲ ਰਿਹਾ ਹੈ ਕਿ ਜੇਕਰ ਟਰੰਪ ਸਰਕਾਰ ਬਣਾਉਣ ‘ਚ ਕਾਮਯਾਬ ਹੋ ਜਾਂਦਾ ਹੈ ਤਾਂ ਉਹ ਪਰਵਾਸੀਆਂ ਨੂੰ ਅਮਰੀਕਾ ‘ਚੋਂ ਖਦੇੜਨ ਤਕ ਜਾਵੇਗਾ। ਪਰ ਇਹ ਕੋਈ ਏਨਾ ਸੌਖਾ ਨਹੀਂ ਹੈ ਕਿ ਇਕ ਬਹੁ ਸਭਿਅਕ ਮੁਲਕ ਵਿਚ ਨਸਲਵਾਦ ਦੇ ਨਾਮ ਤੇ ਜਿੱਤ ਹਾਸਿਲ ਕੀਤੀ ਜਾ ਸਕੇ। ਭਾਵੇਂ ਬਹੁਤ ਸਾਰੇ ਪਰਵਾਸੀ ਟਰੰਪ ਦੀ ਪਾਰਟੀ ਨੂੰ ਵੀ ਸਮਰਥਨ ਕਰ ਰਹੇ ਹਨ ਪਰ ਨਿੱਤ ਦਿਨ ਟਰੰਪ ਵੱਲੋਂ ਵੱਖ-ਵੱਖ ਭਾਈਚਾਰਿਆਂ ਲਈ ਛੱਡੇ ਜ਼ੁਬਾਨੀ ਤੀਰ ਆਉਣ ਵਾਲੀ ਹਨੇਰੀ ਦਾ ਸੰਕੇਤ ਦੇ ਰਹੇ ਹਨ। ਪਰ ਇੱਥੇ ਸਾਨੂੰ ਭੁੱਲਣਾ ਨਹੀਂ ਚਾਹੀਦੇ ਕਿ ਟਰੰਪ ਇਕ ਵਪਾਰੀ ਹਨ ਤੇ ਉਹ ਸਿਰਫ਼ ਲਾਹੇ ਦਾ ਸੌਦਾ ਕਰਨਾ ਹੀ ਪਸੰਦ ਕਰਨਗੇ ਨਾ ਕਿ ਜਜ਼ਬਾਤੀ ਹੋ ਕੇ ਘਾਟੇ ਵੱਲ ਤੁਰਨਗੇ। ਪਰ ਦੂਜੇ ਪਾਸੇ ਦਸ ਸਾਲ ਵਾਈਟ ਹਾਊਸ ਦੇ ਨਜ਼ਾਰੇ ਮਾਣ ਚੁੱਕੀ ਤੇ ਅਮਰੀਕਾ ਦੇ ਦੂਜੇ ਨਾਗਰਿਕ ਦਾ ਰੁਤਬਾ ਹੰਢਾ ਚੁੱਕੀ ਹਿਲੇਰੀ ਕਲਿੰਟਨ ਕਾਫ਼ੀ ਸੂਝ ਬੂਝ ਤੋਂ ਕੰਮ ਲੈਂਦੀ ਨਜ਼ਰ ਆ ਰਹੀ ਹੈ। ਪੰਜਾਬੀਆਂ ਸਮੇਤ ਜ਼ਿਆਦਾਤਰ ਪ੍ਰਵਾਸੀਆਂ ਦੀ ਪਹਿਲੀ ਪਸੰਦ ਵੀ ਬਣੀ ਹੋਈ ਹੈ । ੨. ਆਸਟ੍ਰੇਲੀਆ ਦੀਆਂ ਚੋਣਾਂ ਦੇ ਮਾਮਲੇ ‘ਚ ਜੇ ਗੱਲ ਕੀਤੀ ਜਾਵੇ ਤਾਂ ਇੱਥੇ ਹਾਲੇ ਤੱਕ ਜ਼ਿਆਦਾਤਰ ਪੰਜਾਬੀ ਸਥਾਪਤੀ ਦੇ ਦੌਰ ‘ਚੋਂ ਗੁਜ਼ਰ ਰਹੇ ਹਨ ਤੇ ਉਨ੍ਹਾਂ ਨੂੰ ਸਿਆਸਤ ਹਾਲੇ ਸਿਰਫ਼ ਪੱਕੇ ਹੋਣ ਲਈ ਪ੍ਰਭਾਵਿਤ ਕਰ ਰਹੀ ਹੈ। ਇਕ ਦੂਜੇ ਦੀ ਸੁਣਾ ਸੁਣਾਈ ਕਿ ਲਿਬਰਲ ਸਰਕਾਰ ਵੇਲੇ ਨੀਤੀਆਂ ਪ੍ਰਵਾਸੀਆਂ ਲਈ ਨਰਮ ਹੁੰਦੀਆਂ ਹਨ ਅਤੇ ਲੇਬਰ ਨੂੰ ਇਸ ਲਈ ਪਸੰਦ ਕੀਤਾ ਜਾਂਦਾ ਹੈ ਕਿ ਅਸੀਂ ਵੀ ਆਸਟ੍ਰੇਲੀਆ ‘ਚ ਆਪਣਾ ਸ਼ੁਰੂਆਤ ਦਾ ਦੌਰ ਲੇਬਰ ਦੇ ਤੌਰ ਤੇ ਹੀ ਸ਼ੁਰੂ ਕਰਦੇ ਹਾਂ। ਪਰ ਇਹ ਪੈਮਾਨੇ ਕਿਸੇ ਵੀ ਕਸੌਟੀ ਤੇ ਖਰੇ ਨਹੀਂ ਉੱਤਰਦੇ। ਪਰ ਹੋਲੀ ਹੋਲੀ ਪੰਜਾਬੀਆਂ ਦਾ ਰੁਝਾਨ ਸਿਆਸਤ ਵੱਲ ਵਧਦਾ ਜਾ ਰਿਹਾ ਹੈ। ਉਮੀਦ ਹੈ ਅਗਲੀਆਂ ਚੋਣਾਂ ਤਕ ਕਿਸੇ ਫ਼ੈਸਲਾਕੁਨ ਮੋੜ ਤਕ ਪੰਜਾਬੀ ਵੀ ਆਪਣਾ ਰੋਲ ਅਦਾ ਕਰਨਗੇ। ੩ ਪੰਜਾਬ ਦੀਆਂ ਚੋਣਾਂ ਭਾਵੇਂ ਹਾਲੇ ਅਗਲੇ ਸਾਲ ਹੋਣੀਆਂ ਹਨ ਪਰ ਸਿਆਸਤ ਪਹਿਲਾਂ ਹੀ ਗਰਮ ਹੋ ਚੁੱਕੀ ਹੈ। ਭਾਵੇਂ ਹਾਲੇ ਪੰਜਾਬ ਦੀ ਸਿਆਸਤ ‘ਚ ਉਹ ਗਰਮੀ ਨਾ ਆਈ ਹੋਵੇ ਪਰ ਵਿਦੇਸ਼ਾਂ ‘ਚ ਸਰਗਰਮੀਆਂ ਸਿਖ਼ਰਾਂ ਤੇ ਪਹੁੰਚ ਚੁੱਕੀਆਂ ਹਨ। ਸਿਆਸੀ ਲੀਡਰ ਵਿਦੇਸ਼ੀਆਂ ਨੂੰ ਭਰਮਾਉਣ ਅਤੇ ਫ਼ੰਡ ਇਕੱਠਾ ਕਰਨ ਹਰ ਤੀਜੇ ਦਿਨ ਦੌਰਿਆਂ ਤੇ ਆ ਰਹੇ ਹਨ। ਉਨ੍ਹਾਂ ਦੇ ਕਾਰਕੁਨ ਸੋਸ਼ਲ ਮੀਡੀਆ ਜਰੀਏ ਮੁਹਿੰਮ ਵਿੱਢ ਚੁੱਕੇ ਹਨ। ਜਿੱਥੇ ਆਮ ਆਦਮੀ ਪਾਰਟੀ ਨੇ ਤੀਜੀ ਧਿਰ ਵਜੋਂ ਪੰਜਾਬ ‘ਚ ਹਲਚਲ ਮਚਾਈ ਹੋਈ ਹੈ ਉੱਥੇ ਸੱਤਾਧਾਰੀ ਵੀ ਨੌਕਰੀਆਂ ਤੇ ਗਰਾਂਟਾਂ ਦੇ ਗੱਫੇ ਸੰਗਤ ਦਰਸ਼ਨਾਂ ਰਾਹੀਂ ਵੰਡ ਰਹੇ ਹਨ। ਕਾਂਗਰਸ ਆਪਣਾ ਘਰੇਲੂ ਕਲੇਸ ਨਬੇੜ ਕੇ ਨਵੀਂ ਟੀਮ ਨਾਲ ਮੈਦਾਨ-ਏ-ਜੰਗ ‘ਚ ਉੱਤਰ ਚੁੱਕੀ ਹੈ। ਗਰਮ-ਖਿਆਲੀਆਂ ਅਤੇ ਕਾਮਰੇਡ ਕਿਤੇ ਨਾ ਕਿਤੇ ਆਪਣੀ ਹੋਂਦ ਗੁਆ ਚੁੱਕੇ ਨਜ਼ਰ ਆ ਰਹੇ ਹਨ। ਪੀ.ਪੀ.ਪੀ. ਤੇ ਲੋਕ ਭਲਾਈ ਦੇ ਰਲੇਵੇਂ ਨੇ ਮੁਕਾਬਲਾ ਤਿੰਨ ਧਿਰਾਂ ‘ਚ ਸਮੇਟ ਦਿੱਤਾ ਹੈ। ਚੌਥੀ ਧਿਰ ਦੇ ਰੂਪ ‘ਚ ਜਗਮੀਤ ਬਰਾੜ ਅਤੇ ਬੀਰਦਵਿੰਦਰ ਸਿੰਘ ਹੱਥ ਪੈਰ ਮਾਰ ਰਹੇ ਹਨ। ਬੈਂਸ ਭਰਾ ਵੀ ਆਪਣੇ ਕੰਮ ਨਾਲ ਟੀਮ ਇਨਸਾਫ਼ ਦੀ ਹੋਂਦ ਬਣਾਉਣ ਲਈ ਜੱਦੋਜਹਿਦ ਕਰ ਰਹੇ ਹਨ। ਪਰ ਮੁੱਕਦੀ ਗੱਲ ਮੁਕਾਬਲਾ ਤਿੰਨ ਧਿਰਾਂ ਦਾ ਹੀ ਦਿਖਾਈ ਦੇ ਰਿਹਾ ਹੈ। ਹਾਲ ਦੀ ਘੜੀ ਦਿੱਲੀ ਜਿਨ੍ਹਾਂ ਚਮਤਕਾਰ ਪੰਜਾਬ ‘ਚ ਹੋਣਾ ਸੰਭਵ ਨਹੀਂ ਲੱਗ ਰਿਹਾ ਹੈ। ਜਦੋਂ ਆਮ ਵੋਟਰ ਨਾਲ ਗੱਲ ਕਰਦੇ ਹਾਂ ਤਾਂ ਉਹ ਇਕ ਹੀ ਸੁਰ ਅਲਾਪਦੇ ਹਨ ਕਿ ਜੇ ਧੱਕਾ ਤੇ ਪੈਸੇ ਨਾ ਚਲੇ ਤਾਂ ਐਤਕੀਂ ਤਬਦੀਲੀ ਆਵੇਗੀ। ਜਿਸ ਗੱਲ ਤੋਂ ਮੁਨਕਰ ਵੀ ਨਹੀਂ ਹੋ ਸਕਦੇ ਕਿਉਂ ਕਿ ਇਤਿਹਾਸ ਗਵਾਹ ਹੈ ਕਿ ਤਬਦੀਲੀ ਦਾ ਧੁਰਾ ਅਕਸਰ ਹੀ ਪੰਜਾਬ ਅਤੇ ਪ੍ਰਵਾਸੀ ਪੰਜਾਬੀ ਬਣਦੇ ਰਹੇ ਹਨ।