ਚੋਣਾਂ ਵਿਚ ਡੇਰਾ ਸੱਚਾ ਸੌਦਾ ਦੀ ਵੀ ਭੂਮਿਕਾ ਹੋਵੇਗੀ? 

ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਡੇਰੇ ਤੋਂ ਵੋਟਾਂ ਮੰਗਣ ਤੋਂ ਪਾਸਾ ਵੱਟਣ ਲੱਗੀਆਂ

as

ਬਠਿੰਡਾ/ 27 ਅਪ੍ਰੈਲ/ — ਵੱਖ ਵੱਖ ਜ਼ਿਲ੍ਹਿਆਂ ‘ਚ ਇਕੱਤਰਤਾਵਾਂ ਆਯੋਜਿਤ ਕਰਨ ਉਪਰੰਤ ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਉੱਪਰ ਆਪਣੇ ਹੈੱਡਕੁਆਟਰ ਡੇਰਾ ਸਿਰਸਾ ਵਿਖੇ 29 ਅਪ੍ਰੈਲ ਨੂੰ ਜਦੋਂ ਡੇਰਾ ਪ੍ਰੇਮੀ ਆਪਣੀ ਵੋਟ ਸ਼ਕਤੀ ਦਾ ਪ੍ਰਗਟਾਵਾ ਕਰਨ ਜਾ ਰਹੇ ਹਨ, ਠੀਕ ਉਸ ਵੇਲੇ ਪੰਜਾਬ ਦੀ ਕੋਈ ਵੀ ਰਾਜਸੀ ਧਿਰ ਜ਼ਾਹਰਾ ਤੌਰ ਤੇ ਡੇਰੇ ਦੀਆਂ ਵੋਟਾਂ ਮੰਗਣ ਲਈ ਤਿਆਰ ਕਿਉਂ ਨਹੀਂ? ਇਹ ਸੁਆਲ ਰਾਜਨੀਤਕ ਵਿਸ਼ਲੇਸ਼ਕਾਂ ਦੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਆਪਣੀ ਹੋਂਦ ਤੋਂ ਲੈ ਕੇ ਸਾਹ ਸਤਨਾਮ ਦੇ ਦੌਰ ਤੱਕ ਡੇਰਾ ਸੱਚਾ ਸੌਦਾ ਰਾਜਨੀਤੀ ਤੋਂ ਦੂਰ ਹੀ ਰਿਹਾ ਹੈ, ਲੇਕਿਨ ਗੁਰਮੀਤ ਰਾਮ ਰਹੀਮ ਦੇ ਗੱਦੀਨਸ਼ੀਨ ਹੁੰਦਿਆਂ ਹੀ ਡੇਰਾ ਸਿਆਸਤ ਵਿਚ ਦਿਲਚਸਪੀ ਲੈਣ ਲੱਗ ਪਿਆ। ਸ਼ੁਰੂ ਸ਼ੁਰੂ ਵਿਚ ਮੋਹਨ ਸਿੰਘ ਅਤੇ ਖੱਟਾ ਸਿੰਘ ਵਰਗੇ ਡੇਰਾ ਪ੍ਰਬੰਧਕ ਹੀ ਸਿਆਸੀ ਆਗੂਆਂ ਨਾਲ ਅੱਖ-ਮਟੱਕਾ ਕਰਿਆ ਕਰਦ ਸਨ, ਲੇਕਿਨ 2007 ਵਿਚ ਇਹ ਡੇਰਾ ਉਸ ਵੇਲੇ ਰਾਜਸੀ ਖੇਡ ਦਾ ਇੱਕ ਖਿਡਾਰੀ ਹੋ ਤੁਰਿਆ, ਜਦ ਜ਼ਾਹਰਾ ਤੌਰ ਤੇ ਇਸ ਦੇ ਅਨੁਆਈ ਧੜੱਲੇ ਨਾਲ ਕਾਂਗਰਸ ਪਾਰਟੀ ਦੇ ਹੱਕ ਵਿਚ ਭੁਗਤੇ। ਹਾਲਾਂਕਿ 2007 ਵਿਚ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਭਾਜਪਾ ਸਰਕਾਰ ਬਣ ਗਈ ਸੀ, ਲੇਕਿਨ ਅਕਾਲੀ ਦਲ ਦੇ ਗੜ੍ਹ ਸਮਝੇ ਜਾਂਦੇ ਮਾਲਵਾ ਖ਼ਿੱਤੇ ਦੀਆਂ 69 ਵਿਚੋਂ 40 ਸੀਟਾਂ ਤੇ ਕਾਂਗਰਸ ਪਾਰਟੀ ਨੂੰ ਜਿੱਤ ਪ੍ਰਾਪਤ ਹੋਈ ਸੀ।

ਹਾਲਾਂਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਖ਼ਿਲਾਫ਼ ਪਹਿਲਾਂ ਹੀ ਅਦਾਲਤ ਵਿਖੇ ਆਪਣੀਆਂ ਸਾਧਵੀਆਂ ਨਾਲ ਬਲਾਤਕਾਰ ਕਰਨ, ਡੇਰੇ ਦੇ ਸਾਬਕਾ ਸਮਰਥਕ ਰਣਜੀਤ ਸਿੰਘ ਅਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲਾਂ ਦੇ ਮੁਕੱਦਮੇ ਚੱਲ ਰਹੇ ਸਨ, ਲੇਕਿਨ ਉਹ ਵੱਡੇ ਵਿਵਾਦ ਵਿਚ ਉਦੋਂ ਆ ਗਿਆ ਮਈ 2007 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਦਿਆਂ ਜਦ ਆਪਣੇ ਪ੍ਰੇਮੀਆਂ ਨੂੰ ਰੂਹ-ਅਫ਼ਜ਼ਾ ਵਰਗਾ ਕੋਈ ਤਰਲ ਪਦਾਰਥ ਪਿਲਾ ਕੇ ਪੰਜ ਪਿਆਰਿਆਂ ਦੀ ਤਰਜ਼ ਤੇ ਉਨ੍ਹਾਂ ਨੂੰ ਇੰਸਾਂ ਬਣਾ ਦਿੱਤਾ।

ਇਹ ਘਟਨਾਕ੍ਰਮ ਬਹੁਤ ਵੱਡੇ ਵਿਵਾਦ ਵਿਚ ਬਦਲ ਗਿਆ, ਕਿਉਂਕਿ ਸਮੁੱਚੇ ਪੰਜਾਬ ਵਿਚ ਨਾ ਸਿਰਫ਼ ਸਿੱਖ ਹਲਕਿਆਂ ਅਤੇ ਡੇਰਾ ਪ੍ਰੇਮੀਆਂ ਵਿਚ ਟਕਰਾ ਹੋਣੇ ਸ਼ੁਰੂ ਹੋ ਗਏ, ਬਲਕਿ ਕਈ ਥਾਈਂ ਸਾੜਫੂਕ ਅਤੇ ਜਾਨੀ ਨੁਕਸਾਨ ਵਾਲੀਆਂ ਹਿੰਸਕ ਘਟਨਾਵਾਂ ਵੀ ਵਾਪਰ ਗਈਆਂ। ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੋਈ ਇੱਕ ਕਨਵੈੱਨਸ਼ਨ ਦੌਰਾਨ ਜਦ ਕੁੱਝ ਸਿੱਖ ਸੰਸਥਾਵਾਂ ਨੇ ਕਰੋ ਜਾਂ ਮਰੋ ਦਾ ਪੈਂਤੜਾ ਅਪਣਾ ਲਿਆ, ਤਾਂ ਕਾਫ਼ੀ ਹਿਚਕਚਾਹਟ ਤੋਂ ਬਾਅਦ ਸਿੱਖ ਸਾਹਿਬਾਨ ਨੇ ਡੇਰਾ ਮੁਖੀ ਨੂੰ ਪੰਥ ਚੋਂ ਸੇਕ ਦਿੱਤਾ।

2009 ਦੀ ਪਾਰਲੀਮੈਂਟ ਦੀ ਚੋਣ ਸਮੇਂ ਸਾਰੀਆਂ ਧਿਰਾਂ ਨੂੰ ਖ਼ੁਸ਼ ਕਰਨ ਦੇ ਮਕਸਦ ਨਾਲ ਭਾਵੇਂ ਡੇਰੇ ਵਾਲਿਆਂ ਨੇ ਵੱਖ ਵੱਖ ਹਲਕਿਆਂ ਤੋਂ ਵੱਖ ਵੱਖ ਪਾਰਟੀਆਂ ਦੀਆਂ ਵੱਡੀਆਂ ਹਸਤੀਆਂ ਦ ਹੱਕ ਵਿਚ ਵੋਟਾਂ ਭੁਗਤਾਈਆਂ, ਲੇਕਿਨ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਤਿੰਨ ਦਿਨ ਪਹਿਲਾਂ ਸਿੱਖ ਭਾਵਨਾਵਾਂ ਨੂੰ ਠੇਸ ਮਾਰਨ ਦੇ ਦੋਸ਼ ਹੇਠ ਥਾਣਾ ਕੋਤਵਾਲੀ ਬਠਿੰਡਾ ਵਿਖੇ ਰਾਮ ਰਹੀਮ ਵਿਰੁੱਧ ਜੋ ਮੁਕੱਦਮਾ ਦਰਜ਼ ਹੋਇਆ ਸੀ, ਉਸਨੂੰ ਰੱਦ ਕਰਵਾਉਣ ਲਈ ਪੁਲਿਸ ਨੇ ਅਦਾਲਤ ਵਿਖੇ ਰਿਪੋਰਟ ਪੇਸ਼ ਕਰ ਦਿੱਤੀ ਤੇ ਡੇਰੇ ਦੀਆਂ ਕਰੀਬ ਕਰੀਬ ਸਾਰੀਆਂ ਵੋਟਾਂ ਅਕਾਲੀ ਦਲ ਦੇ ਹੱਕ ਵਿਚ ਭੁਗਤ ਗਈਆਂ।

1 ਜੂਨ 2015 ਤੋਂ ਲੈ ਕੇ 14 ਅਕਤੂਬਰ 2015 ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਰਗਾੜੀ ਵਿਖੇ ਰੋਸ ਪ੍ਰਗਟਾ ਰਹੇ ਲੋਕਾਂ ਉੱਪਰ ਵਹਿਸ਼ੀ ਤਸ਼ੱਦਦ ਅਤੇ ਬਿਹਬਲ ਕਲਾਂ ਗੋਲੀ ਕਾਂਡ ਵਿਚ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀਆਂ ਪੁਲਿਸ ਗੋਲੀਆਂ ਨਾਲ ਹੋਈਆਂ ਮੌਤਾਂ ਦੀਆਂ ਘਟਨਾਵਾਂ ਨੇ ਪੰਜਾਬ ਦੀ ਸਮਾਜਿਕ ਤੇ ਰਾਜਸੀ ਫ਼ਿਜ਼ਾ ਨੂੰ ਇਸ ਕਦਰ ਗਰਮਾ ਦਿੱਤਾ ਕਿ ਅਕਾਲੀ ਸਰਕਾਰ ਦੇ ਮੰਤਰੀਆਂ ਨੂੰ ਚੰਡੀਗੜ੍ਹ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ।

ਅੱਖਾਂ ਪੂੰਝਣ ਲਈ ਭਾਵੇਂ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਸਥਾਪਨਾ ਕੀਤੀ ਗਈ, ਲੇਕਿਨ ਉਸਦੀ ਰਿਪੋਰਟ ਨੂੰ ਵੇਲੇ ਦੀ ਹਕੂਮਤ ਨੇ ਵਿਚਾਰਨਾ ਵੀ ਮੁਨਾਸਬ ਨਾ ਸਮਝਿਆ। ਉਸ ਵੇਲੇ ਦੇ ਹਾਕਮਾਂ ਦੀ ਸ਼ਾਇਦ ਇਹ ਸਮਝ ਬਣੀ ਹੋਵੇਗੀ ਕਿ ਸਮੇਂ ਦੇ ਵਹਾਅ ਨਾਲ ਮੁੱਦਾ ਆਪਣੇ ਆਪ ਹੀ ਖ਼ਤਮ ਹੋ ਜਾਵੇਗਾ, ਲੇਕਿਨ ਬੇਅਦਬੀ ਦੀਆਂ ਘਟਨਾਵਾਂ ਨੇ ਦਿਹਾਤੀ ਪੰਜਾਬੀਆਂ ਦੀ ਮਾਨਸਿਕਤਾ ਨੂੰ ਇਸ ਕਦਰ ਪ੍ਰਭਾਵਿਤ ਕੀਤਾ ਹੋਇਐ, ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਰੀਬ ਸੌ ਸਾਲ ਦੇ ਇਤਿਹਾਸ ਵਿਚ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਅਜਿਹੀ ਲੱਕ-ਤੋੜਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਕਿ ਅੱਜ ਤੱਕ ਉਸਦੀ ਲੀਡਰਸ਼ਿਪ ਸਥਿਤੀ ਨੂੰ ਸੰਭਾਲਣ ਵਿਚ ਸਫਲ ਨਹੀਂ ਹੋ ਸਕੀ।

ਕਾਂਗਰਸ ਪਾਰਟੀ ਦੇ ਸੂਬਾਈ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਜਨਤਕ ਤੌਰ ਤੇ ਕਈ ਹਫ਼ਤੇ ਪਹਿਲਾਂ ਇਹ ਐਲਾਨ ਕਰ ਦਿੱਤਾ ਸੀ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੇਰੇ ਤੋਂ ਉਹ ਵੋਟ ਮੰਗਣ ਨਹੀਂ ਜਾਣਗੇ। ਕੁੱਝ ਪੰਥਕ ਧਿਰਾਂ ਵੱਲੋਂ ਅਕਾਲੀ ਦਲ ਖ਼ਿਲਾਫ਼ ਲਾਏ ਜਾ ਰਹੇ ਇਸ ਦੋਸ਼ ਕਿ ਵੋਟ ਰਾਜਨੀਤੀ ਦੀ ਰਣਨੀਤੀ ਦੇ ਚੱਲਦਿਆਂ ਬੇਅਦਬੀ ਲਈ ਉਸਦੀ ਲੀਡਰਸ਼ਿਪ ਦੀ ਜ਼ੁੰਮੇਵਾਰੀ ਦੇ ਬਾਵਜੂਦ ਸ੍ਰ: ਸੁਖਬੀਰ ਸਿੰਘ ਬਾਦਲ ਇਹ ਕਹਿ ਰਹੇ ਹਨ, ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੇ ਪਾਬੰਦ ਹਨ।

ਅੰਦਰਖਾਤੇ ਤਾਂ ਭਾਵੇਂ ਯਤਨ ਜਾਰੀ ਹੋਣ ਪਰੰਤੂ ਜ਼ਾਹਰਾ ਤੌਰ ਤੇ ਰਾਜ ਦੀ ਕੋਈ ਵੀ ਪ੍ਰਮੁੱਖ ਸਿਆਸੀ ਪਾਰਟੀ ਡੇਰੇ ਤੋਂ ਵੋਟਾਂ ਮੰਗਣ ਦਾ ਹੀਆ ਨਹੀਂ ਕਰ ਰਹੀ। ਹਾਲਾਂਕਿ ਭਾਜਪਾ ਡੇਰੇ ਸਮੇਤ ਸਭ ਤੋਂ ਵੋਟਾਂ ਮੰਗਣ ਦੀ ਦਬਵੀਂ ਜੀਭ ਨਾਲ ਗੱਲ ਕਰਦੀ ਹੈ, ਲੇਕਿਨ ਡੇਰੇ ਵੱਲੋਂ ਸ਼ਰੇਆਮ ਕੀਤੀ ਮਦਦ ਦੇ ਬਾਵਜੂਦ 2017 ਦੀ ਵਿਧਾਨ ਸਭਾ ਚੋਣ ਲਈ ਅਕਾਲੀ ਦਲ ਦੀ ਹੋਈ ਦੁਰਦਸ਼ਾ ਦੋਵਾਂ ਪ੍ਰਮੁੱਖ ਪਾਰਟੀਆਂ ਨੂੰ ਡੇਰੇ ਦੇ ਦਰ ਤੇ ਦਸਤਕ ਦੇਣ ਤੋਂ ਰੋਕ ਰਹੀ ਜਾਪਦੀ ਹੈ।

(ਬਲਵਿੰਦਰ ਸਿੰਘ ਭੁੱਲਰ)

bhullarbti@gmail.com

Install Punjabi Akhbar App

Install
×