ਜ਼ਿਮਨੀ ਚੋਣਾਂ ‘ਚ ਭਾਜਪਾ ਨੂੰ ਝਟਕਾ – ਉੱਤਰ ਪ੍ਰਦੇਸ਼ ‘ਚ ਸਮਾਜਵਾਦੀ ਪਾਰਟੀ ਤੇ ਰਾਜਸਥਾਨ ਤੇ ਗੁਜਰਾਤ ‘ਚ ਕਾਂਗਰਸ ਨੇ ਭਾਜਪਾ ਕੋਲੋਂ ਸੀਟਾਂ ਖੋਹੀਆਂ

33 ਵਿਧਾਨ ਸਭਾ ਤੇ 3 ਲੋਕ ਸਭਾ ਸੀਟਾਂ ਉਪਰ ਹੋਈਆਂ ਜ਼ਿਮਨੀ ਚੋਣਾਂ ਵਿਚ ਭਾਜਪਾ ਨੂੰ ਝਟਕਾ ਲੱਗਾ ਹੈ। ਉੱਤਰ ਪ੍ਰਦੇਸ਼ ਦੀਆਂ 11 ਵਿਧਾਨ ਸਭਾ ਸੀਟਾਂ ਉਪਰ ਵੋਟਾਂ ਪਈਆਂ ਸਨ ਜਿਨ੍ਹਾਂ ਵਿਚੋਂ 8 ਸੀਟਾਂ ਸਮਾਜਵਾਦੀ ਪਾਰਟੀ ਨੇ ਜਿੱਤ ਲਈਆਂ ਹਨ। ਸਮਾਜਵਾਦੀ ਪਾਰਟੀ ਨੇ ਇਹ ਸਾਰੀਆਂ ਸੀਟਾਂ ਭਾਜਪਾ ਕੋਲੋਂ ਖੋਹੀਆਂ ਹਨ। ਰਾਜ ਦੀਆਂ ਬਾਕੀ 3 ਸੀਟਾਂ ਉਪਰ ਭਾਜਪਾ ਉਮੀਦਵਾਰ ਜਿੱਤੇ ਹਨ ਤੇ ਕਾਂਗਰਸ ਕੋਈ ਸੀਟ ਨਹੀਂ ਜਿੱਤ ਸਕੀ ਜਦ ਕਿ ਬਸਪਾ ਨੇ ਜ਼ਿਮਨੀ ਚੋਣਾਂ ਨਹੀਂ ਲੜੀਆਂ ਸਨ। ਰਾਜਸਥਾਨ ਵਿਚ ਭਾਜਪਾ ਦੀ ਵਾਸੁੰਦਰਾ ਰਾਜੇ ਸਰਕਾਰ ਨੂੰ ਝਟਕਾ ਦਿੰਦਿਆਂ ਕੁਲ 4 ਵਿਚੋਂ 3 ਸੀਟਾਂ ਕਾਂਗਰਸ ਨੇ ਜਿੱਤ ਲਈਆਂ ਹਨ। ਕਾਂਗਰਸ ਵੀਰ, ਨਸੀਰਾਬਾਦ ਤੇ ਸੂਰਜਗੜ੍ਹ ਸੀਟਾਂ ਉਪਰ ਜੇਤੂ ਰਹੀ ਹੈ ਜੋ ਸੀਟਾਂ ਪਹਿਲਾਂ ਭਾਜਪਾ ਕੋਲ ਸਨ। ਭਾਜਪਾ ਨੂੰ ਕੇਵਲ ਕੋਟਾ ਸੀਟ ਹੀ ਮਿਲੀ ਹੈ। ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ ਰਾਜ ਦੀਆਂ ਸਾਰੀਆਂ 25 ਸੀਟਾਂ ਜਿੱਤੀਆਂ ਸਨ। ਗੁਜਰਾਤ ਵਿਚ 9 ਸੀਟਾਂ ਉਪਰ ਜ਼ਿਮਨੀ ਚੋਣਾਂ ਹੋਈਆਂ ਸਨ ਜਿਨ੍ਹਾਂ ਵਿਚੋਂ 3 ਸੀਟਾਂ ਕਾਂਗਰਸ ਸੱਤਾਧਾਰੀ ਭਾਜਪਾ ਕੋਲੋਂ ਖੋਹਣ ਵਿਚ ਸਫਲ ਹੋਈ ਹੈ। 6 ਸੀਟਾਂ ਉਪਰ ਭਾਜਪਾ ਆਪਣਾ ਕਬਜ਼ਾ ਬਰਕਰਾਰ ਰੱਖਣ ਵਿਚ ਸਫਲ ਹੋਈ ਹੈ। ਪੱਛਮੀ ਬੰਗਾਲ ਵਿਚ ਭਾਜਪਾ ਬਸੀਰਹਟ ਦੱਖਣੀ ਸੀਟ ਜਿੱਤੇ ਕੇ ਵਿਧਾਨ ਸਭਾ ਵਿਚ ਆਪਣਾ ਖਾਤਾ ਖੋਲ੍ਹਣ ਵਿਚ ਸਫਲ ਹੋਈ ਹੈ। 2011 ਵਿਚ ਇਹ ਸੀਟ ਸੀ.ਪੀ.ਆਈ (ਐਮ) ਉਮੀਦਵਾਰ ਨਰਾਇਣ ਮੁਖੋਪਾਧਿਆ ਨੇ ਜਿੱਤੀ ਸੀ ਜਿਸ ਦੀ ਮੌਤ ਹੋ ਜਾਣ ਕਾਰਨ ਇਥੇ ਜ਼ਿਮਨੀ ਚੋਣ ਹੋਈ ਹੈ। ਚੋਰਿੰਗੀ ਸੀਟ ਉਪਰ ਤ੍ਰਿਣਮੂਲ ਕਾਂਗਰਸ ਆਪਣਾ ਕਬਜ਼ਾ ਬਰਕਰਾਰ ਰੱਖਣ ਵਿਚ ਸਫਲ ਹੋਈ ਹੈ।

ਗੁਜਰਾਤ ਦੀ ਵਡੋਦਰਾ ਲੋਕ ਸਭਾ ਸੀਟ ਜੋ ਨਰਿੰਦਰ ਮੋਦੀ ਵੱਲੋਂ ਅਸਤੀਫਾ ਦੇਣ ਕਾਰਨ ਖਾਲ੍ਹੀ ਹੋਈ ਸੀ, ਭਾਜਪਾ ਨੇ ਫਿਰ ਜਿੱਤ ਲਈ ਹੈ। ਭਾਜਪਾ ਉਮੀਦਵਾਰ ਰੰਜਨਬੇਨ ਭੱਟ ਨੇ ਕਾਂਗਰਸ ਦੇ ਉਮੀਦਵਾਰ ਨਰਿੰਦਰ ਰਾਵਤ ਨੂੰ 3 ਲੱਖ ਤੋਂ ਵਧ ਵੋਟਾਂ ਦੇ ਫਰਕ ਨਾਲ ਹਰਾਇਆ। ਲੋਕ ਸਭਾ ਚੋਣਾਂ ਦੌਰਾਨ ਮੋਦੀ ਨੇ ਇਹ ਸੀਟ 5,70,128 ਵੋਟਾਂ ਦੇ ਰਿਕਾਰਡ ਫਰਕ ਨਾਲ ਜਿੱਤੀ ਸੀ। ਤੇਲੰਗਾਨਾ ਦੀ ਮੇਡਕ ਸੀਟ ਸੱਤਾਧਾਰੀ ਟੀ.ਆਰ.ਐਸ ਨੇ 3,61,277 ਵੋਟਾਂ ਦੇ ਫਰਕ ਨਾਲ ਮੁੜ ਜਿੱਤ ਲਈ ਹੈ। ਇਹ ਸੀਟ ਕੇ.ਚੰਦਰਸੇਖਰ ਰਾਓ ਵੱਲੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਅਸਤੀਫਾ ਦੇਣ ਕਾਰਨ ਖਾਲ੍ਹੀ ਹੋਈ ਸੀ। ਇਥੋਂ ਟੀ.ਆਰ.ਐਸ ਉਮੀਦਵਾਰ ਕੇ.ਪ੍ਰਭਾਕਰ ਰੈਡੀ ਨੇ ਕਾਂਗਰਸ ਉਮੀਦਵਾਰ ਵੀ. ਸੁਨੀਤਾ ਰੈਡੀ ਨੂੰ ਹਰਾਇਆ। ਉੱਤਰ ਪ੍ਰਦੇਸ਼ ਦੀ ਮੈਨਪੁਰੀ ਲੋਕ ਸਭਾ ਸੀਟ ਸਮਾਜਵਾਦੀ ਪਾਰਟੀ ਨੇ ਮੁੜ ਜਿੱਤ ਲਈ ਹੈ। ਇਹ ਸੀਟ ਮੁਲਾਇਮ ਸਿੰਘ ਯਾਦਵ ਜੋ ਦੋ ਲੋਕ ਸਭਾ ਸੀਟਾਂ ਤੋਂ ਚੋਣ ਜਿੱਤੇ ਸਨ, ਵੱਲੋਂ ਅਸਤੀਫਾ ਦੇਣ ਕਾਰਨ ਖਾਲ੍ਹੀ ਹੋਈ ਸੀ।