ਹਲਕਾ ਬਠਿੰਡਾ ‘ਚ ਸਿਆਸੀ ਸਰਗਰਮੀਆਂ ਤੇਜ

ਤਿਕੋਣਾ ਗਹਿਗੱਚ ਮੁਕਾਬਲਾ ਹੋਣ ਦੀਆਂ ਸੰਭਾਵਨਾਵਾਂ ਉਜਾਗਰ ਹੋਈਆਂ

ਬਠਿੰਡਾ -ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਹਲਕਾ ਬਠਿੰਡਾ ਤੋਂ ਬਹੁਤ ਦਿਲਚਸਪ ਮੁਕਾਬਲਾ ਹੋਣ ਦੀਆਂ ਸੰਭਾਵਨਾਵਾਂ ਬਣਦੀਆਂ ਨਜ਼ਰ ਆ ਰਹੀਆਂ ਹਨ। ਮੌਜੂਦਾ ਵਿਧਾਨ ਸਭਾ ਵਿੱਚ ਇਸ ਹਲਕੇ ਤੋਂ ਸ੍ਰ: ਮਨਪ੍ਰੀਤ ਸਿੰਘ ਬਾਦਲ ਚੁਣੇ ਗਏ ਸਨ, ਜੋ ਰਾਜ ਦੇ ਵਿੱਤ ਮੰਤਰੀ ਬਣੇ। ਕੁਝ ਸਮਾਂ ਪਹਿਲਾਂ ਤੱਕ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਸਰੂਪ ਚੰਦ ਸਿੰਗਲਾ ਤੇ ਕਾਂਗਰਸ ਦੇ ਉਮੀਦਵਾਰ ਸ੍ਰ: ਮਨਪ੍ਰੀਤ ਸਿੰਘ ਬਾਦਲ ਦਰਮਿਆਨ ਮੁਕਾਬਲਾ ਹੋਣ ਦੀ ਚਰਚਾ ਚਲਦੀ ਰਹੀ ਹੈ। ਆਮ ਆਦਮੀ ਪਾਰਟੀ ਵੀ ਇਸ ਹਲਕੇ ਵਿੱਚ ਪੂਰੀ ਸਰਗਰਮੀ ਵਿਖਾਈ ਦੇ ਰਹੀ ਸੀ, ਪਰ ਹਲਕੇ ਦੇ ਵੋਟਰ ਅਕਾਲੀ ਦਲ ਤੇ ਕਾਂਗਰਸ ਦਾ ਹੀ ਮੁਕਾਬਲਾ ਮੰਨਦੇ ਸਨ।
ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਉਪਰੰਤ ਕਾਂਗਰਸ ਦੇ ਸਥਾਨਕ ਸ਼ਕਤੀਸ਼ਾਲੀ ਤੇ ਟਕਸਾਲੀ ਆਗੂ ਸ੍ਰ: ਜਗਰੂਪ ਸਿੰਘ ਗਿੱਲ ਨੂੰ ਕਾਂਗਰਸ ਪਾਰਟੀ ਨੇ ਜਿਲ੍ਹਾ ਯੋਜਨਾ ਬੋਰਡ ਦੀ ਚੇਅਰਮੈਨੀ ਤੋਂ ਅਸਤੀਫਾ ਦਿਵਾ ਕੇ ਨਗਰ ਨਿਗਮ ਦੀ ਚੋਣ ਲੜਾਈ ਸੀ, ਤਾਂ ਜੋ ਉਹਨਾਂ ਨੂੰ ਮੇਅਰ ਬਣਾਇਆ ਜਾ ਸਕੇ। ਪਰ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਨੇ ਸ੍ਰੀ ਗਿੱਲ ਨੂੰ ਇਸ ਆਹੁਦੇ ਤੋਂ ਦੂਰ ਰਖਦਿਆਂ ਗੈਰ ਤਜਰਬੇਕਾਰ ਮਹਿਲਾ ਨੂੰ ਪਾਰਟੀ ਅਸੂਲਾਂ ਤੇ ਵਿਰੁੱਧ ਮੇਅਰ ਬਣਾ ਦਿੱਤਾ ਗਿਆ। ਇਸ ਉਪਰੰਤ ਸ੍ਰ: ਗਿੱਲ ਦਾ ਨਰਾਜ਼ ਹੋਣਾ ਤਾਂ ਸੁਭਾਵਿਕ ਹੀ ਸੀ, ਸ਼ਹਿਰ ਵਾਸੀਆਂ ਵਿੱਚ ਵੀ ਇਸ ਅਹੁਦੇ ਤੋਂ ਗਿੱਲ ਨੂੰ ਦੂਰ ਕਰਨ ਤੇ ਗੁੱਸੇ ਦੀ ਲਹਿਰ ਫੈਲ ਗਈ। ਸ੍ਰ: ਗਿੱਲ ਦਹਾਕਿਆਂ ਤੋਂ ਨਗਰ ਕੌਂਸਲ ਦੇ ਮੈਂਬਰ ਰਹੇ ਹਨ, ਨਗਰ ਕੌਂਸਲ ਦੇ ਪ੍ਰਧਾਨ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ, ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੇ ਰਹੇ ਹਨ। ਉਹਨਾਂ ਦਾ ਨਗਰ ਨਿਗਮ ਦੇ ਕੰਮਾਂ ਸਬੰਧੀ ਵੱਡਾ ਤਜਰਬਾ ਹੈ। ਸ੍ਰ: ਗਿੱਲ ਦਾ ਸ਼ਹਿਰ ਦੇ ਹਰ ਵਾਰਡ ਵਿੱਚ ਪ੍ਰਭਾਵ ਹੈ, ਸ਼ਹਿਰ ਦੇ ਹਿੰਦੂ ਭਾਈਚਾਰੇ ਵਿੱਚ ਵੀ ਚੰਗਾ ਰਸੂਖ ਹੈ ਅਤੇ ਉਹ ਇੱਕ ਬੇਦਾਗ ਤੇ ਸ਼ਰੀਫ ਇਨਸਾਨ ਮੰਨੇ ਜਾਂਦੇ ਹਨ। ਕਿੱਤੇ ਪੱਖੋਂ ਉਹ ਵਕੀਲ ਹਨ।
ਸ੍ਰ: ਗਿੱਲ ਨਾਲ ਹੋਈ ਜਿਆਦਤੀ ਕਾਰਨ ਸ਼ਹਿਰ ਵਾਸੀਆਂ ਨੇ ਉਹਨਾਂ ਤੇ ਵਿਧਾਨ ਸਭਾ ਚੋਣਾਂ ਲੜਣ ਲਈ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਜੋਰ ਪਾਉਣਾ ਸੁਰੂ ਕਰ ਦਿੱਤਾ। ਸ੍ਰ: ਗਿੱਲ ਭਾਵੇਂ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਅਤੀ ਨਜਦੀਕ ਮੰਨੇ ਜਾਂਦੇ ਸਨ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਚੋਣ ਲੜਣ ਸਮੇਂ ਉਹਨਾਂ ਚੰਗੀ ਭੂਮਿਕਾ ਨਿਭਾਈ ਸੀ। ਪਰ ਜਦ ਉਹਨਾਂ ਨੂੰ ਮੇਅਰ ਨਾ ਬਣਾਇਆ ਤਾਂ ਉਹ ਸ਼ਹਿਰ ਵਾਸੀਆਂ ਦਾ ਸੁਝਾਅ ਮੰਨ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਹੁਣ ਉਹਨਾਂ ਨੂੰ ਹਲਕਾ ਇੰਚਾਰਜ ਬਣਾ ਦਿੱਤਾ ਗਿਆ ਹੈ, ਜਿਸਦਾ ਸਿੱਧਾ ਜਿਹਾ ਅਰਥ ਹੈ ਉਮੀਦਵਾਰ ਬਣਾਉਣਾ।
ਕਾਂਗਰਸ ਪਾਰਟੀ ਤੇ ਵਿੱਤ ਮੰਤਰੀ ਨਾਲ ਨਰਾਜ਼ ਬਠਿੰਡਾ ਹਲਕੇ ਦੇ ਵੋਟਰਾਂ ਨੂੰ ਵੇਖਦਿਆਂ ਸ੍ਰ: ਮਨਪ੍ਰੀਤ ਸਿੰਘ ਬਾਦਲ ਨੇ ਮੌੜ, ਗਿੱਦੜਬਾਹਾ, ਮੋਗਾ ਆਦਿ ਕਿਸੇ ਹੋਰ ਹਲਕੇ ਤੋਂ ਚੋਣ ਲੜਣ ਦਾ ਵੀ ਮਨ ਬਣਾਇਆ ਸੀ, ਪਰ ਪਾਰਟੀ ਨੇ ਬਠਿੰਡਾ ਤੋਂ ਹੀ ਚੋਣ ਲੜਾਉਣ ਦਾ ਫੈਸਲਾ ਕੀਤਾ ਹੈ। ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸ੍ਰੀ ਸਰੂਪ ਚੰਦ ਸਿੰਗਲਾ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜੋ ਸਾਬਕਾ ਸੰਸਦੀ ਸਕੱਤਰ ਵੀ ਹਨ। ਉਹ ਬਹੁਤ ਸ਼ਰੀਫ਼ ਤੇ ਲੋਕਾਂ ਦੇ ਦੁੱਖ ਸੁਖ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀ ਹਨ। ਪਾਰਟੀ ਦੇ ਉਹ ਬਹੁਤ ਮਜਬੂਤ ਉਮੀਦਵਾਰ ਹਨ। ਆਮ ਆਦਮੀ ਪਾਰਟੀ ਵੱਲੋਂ ਸ੍ਰ: ਗਿੱਲ ਨੂੰ ਟਿਕਟ ਦਿੱਤੇ ਜਾਣ ਦੀ ਵੀ ਵੱਡੀ ਸੰਭਾਵਨਾ ਹੈ, ਉਹਨਾਂ ਦਾ ਵੋਟਰਾਂ ਵਿੱਚ ਭਾਰੀ ਰਸੂਖ ਹੈ ਅਤੇ ਲੋਕਾਂ ਦੀ ਉਹਨਾਂ ਨਾਲ ਹਮਦਰਦੀ ਹੈ। ਇਸਤੋਂ ਇਲਾਵਾ ਕਾਂਗਰਸ ਨਾਲ ਨਰਾਜ਼ ਤੇ ਅਕਾਲੀ ਦਲ ਤੇ ਲੱਗੇ ਬੇਅਦਬੀ ਤੇ ਨਸ਼ਿਆਂ ਦੇ ਦੋਸ਼ਾਂ ਸਦਕਾ ਬੁੱਧੀਜੀਵੀ ਵਰਗ ਤੇ ਖਾਸਕਰ ਨੌਜਵਾਨ ਵਰਗ ਦਾ
ਝੁਕਾਅ ਵੀ ਆਮ ਆਦਮੀ ਵੱਲ ਵਧੇਰੇ ਦਿਖਾਈ ਦਿੰਦਾ ਹੈ।
ਇਹਨਾਂ ਪੱਖਾਂ ਅਨੁਸਾਰ ਆਉਣ ਵਾਲੀਆਂ ਚੋਣਾਂ ਵਿੱਚ ਹਲਕਾ ਬਠਿੰਡਾ ‘ਚ ਗਹਿਗੱਚ ਤਿਕੋਣਾ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਜਿੱਤ ਹਾਰ ਬਾਰੇ ਅਜੇ ਕੁੱਝ ਕਹਿਣਾ ਸਮੇਂ ਤੋਂ ਪਹਿਲਾਂ ਦੀ ਗੱਲ ਹੋਵੇਗੀ, ਪਰ ਨਤੀਜਾ ਹੈਰਾਨੀਜਨਕ ਵੀ ਸਾਹਮਣੇ ਆ ਸਕਦਾ ਹੈ।

Install Punjabi Akhbar App

Install
×