ਚੋਣਾਂ ਦੇ ਮੌਸਮ ਚ ਪੰਥ ਦੀ ਹਾਲਤ

1c873b31098f9467c3f48a2974e08c0a_question-mark-pictures-of-clipart-of-question-mark_795-644

ਚੋਣਾਂ ਦੇ ਮੌਸਮ ਵਿਚ ਰੋਸ ਨਾਲ ਭਰਿਆ ‘ਪੰਥ’, ਆਪ ਪਾਰਟੀ ਦੇ ਸਮਰਥਕ ਕੋਲ ਜਾਂਦਾ ਤੇ ਆਖਦਾ ਕਿ ਤੁਹਾਡਾ ਪ੍ਰਮੁੱਖ ਆਗੂ ਕੁਮਾਰ ਵਿਸ਼ਵਾਸ ਸਿੱਖ ਜਗਤ ਦਾ ਮਜ਼ਾਕ ਉਡਾ ਰਿਹਾ ਤੇ ਵੀਹਵੀਂ ਸਦੀ ਦੇ ਮਹਾਨ ਸਿੱਖ ਦੀ ਸ਼ਾਨ ਦੇ ਖਿਲਾਫ਼ ਅਪਸ਼ਬਦ ਬੋਲ ਰਿਹਾ । ਉਸ ਦੇ ਛਿੱਕਲੀ ਪਾਉ, ਜੇ ਉਹ ਪਾਈ ਹੋਈ ਉਤਾਰ ਦਿੰਦਾ ਤਾਂ ਨਕੇਲ ਪਾ ਦਉ।
ਇਹ ਆਖਣ ਦੀ ਦੇਰ ਸੀ ਕਿ ਆਪ ਸਮਰਥਕ ‘ਪੰਥ’ ਨੂੰ ਪੈ ਨਿਕਲਿਆ, ਅਖੇ “ਤੈਨੂੰ ਅਰਦਾਸ ਦੀ ਬੇਅਦਬੀ ਕਰਦਾ ਮਲੂਕਾ ਨੀ ਦਿਸਦਾ? ਤਿਲਕ ਲਵਾਉਂਦੇ ਫਿਰਦੇ ਅਕਾਲੀ ਨੀ ਦਿਸਦੇ ? ਸਿੱਖਾਂ ਦੇ ਕਾਤਲ ਨੂੰ ਕਲੀਨ ਚਿੱਟ ਦਿੰਦਾ ਕੈਪਟਨ ਨੀ ਦਿਸਦਾ ?”
‘ਪੰਥ’ ਇਹ ਸਾਰੀਆਂ ਸਫਾਈਆਂ ਚੱਕ ਕਾਂਗਰਸੀ ਸਮਰਥਕ ਨੂੰ ਜਾ ਘੇਰਦਾ, “ਓਹ ਭਾਈ ਤੁਹਾਡਾ ਆਗੂ ਚੁਰਾਸੀ ਦੇ ਮੁਜਰਮਾਂ ਨੂੰ ਕਲੀਨ ਚਿਟਾਂ ਵੰਡੀ ਜਾਂਦਾ ਕੀ ਗੱਲ ਹੁਣ ਚੁਰਾਸੀ ਭੁੱਲ ਜਾਈਏ ? “
ਕਾਂਗਰਸੀਆ ਲਾਲ ਹੋ ਜਾਂਦਾ ਤੇ ਪੰਥ ਨੂੰ ਨਿਹੋਰਾ ਮਾਰ ਉੱਚੀ ਦੇਣੇ ਕਹਿੰਦਾ, ” ਕੀ ਗੱਲ ਤੈਨੂੰ ਤੇਰੇ ਨਾਲ ਗਦਾਰੀਆਂ ਕਰਦਾ ਬਾਦਲ ਨੀ ਦਿਸਦਾ? ਆਹ ਦਿੱਲੀ ਵਾਲੇ ਤੇਰੇ ਕਾਤਲਾਂ ਨਾਲ ਹੱਥ ਮਿਲਾਉਂਦੇ ਪਏ ਨੀ ਦਿਸਦੇ ? “
‘ਪੰਥ’ ਫੇਰ ਸਫਾਈਆਂ ਵਲ੍ਹੇਟ ਅਕਾਲੀ ਸਮਰਥਕ ਦੇ ਕੋਲ ਜਾ ਖੜਦਾ ਤੇ ਇਕੋ ਸਾਹੇ ਕਿੰਨੇ ਈ ਸਵਾਲ ਦਾਗ ਦਿੰਦਾ, ” ਤੁਸੀਂ ਸ਼ਰਮ ਲਾਹ ਛੱਡੀ ਉਏ ਦੋਖਿਓ, ਅਰਦਾਸ ਈ ਬਦਲ ਦਿੱਤੀ ਕਾਲੀਓ.. ਆਹ ਭੋਂ ਪੂਜਨ ਸ਼ੁਰੂ ਕਰ ਲਏ ਹੁਣ… ਸਿੱਖਾਂ ਦੀਆਂ ਪੱਗਾਂ ਲਾਹੁੰਦਿਆਂ, ਗੋਲੀਆਂ ਮਾਰਦਿਆਂ ਤਰਸ ਨਾ ਆਇਆ ਤੁਹਾਨੂੰ ?”
ਐਨਾ ਸੁਣ ਜਥੇਦਾਰ ਡਾਂਗ ਕੱਢ ਲਿਆਉਂਦਾ ਤੇ ‘ਪੰਥ’ ਨੂੰ ਲਲਕਾਰ ਕੇ ਕਹਿੰਦਾ, “ਤੈਨੂੰ ਕਾਂਗਰਸ ਦੇ ਭੇਜੇ ਟੈਂਕ ਨੀ ਦਿਸਦੇ? ਆਹ ਝਾੜੂ ਵਾਲੇ ਸਿੱਖਾਂ ਦੇ ਟੋਪੀਆਂ ਪਾਈ ਜਾਂਦੇ ਨੀ ਦਿਸਦੇ ? ਆਹ ਤੁਹਾਡਾ ਮਾਨ ਸਾਹਬ ਦੇਹਧਾਰੀਆਂ ਨੂੰ ਮਿਲਦਾ ਨੀ ਦਿਸਦਾ?
‘ਪੰਥ’ ਦੇ ਪੈਰਾਂ ਥੱਲਿਓਂ ਜਮੀਨ ਨਿੱਕਲ ਗਈ । ਦਬਾ ਦਬ ਮਾਨ ਸਾਹਬ ਦਾ ਸਮਰਥਕ ਘੇਰ ਲਿਆ ਤੇ ਸਵਾਲ ਚਲਾ ਚਲਾ ਮਾਰੇ.. ਹਾਲੇ ਸਵਾਲ ਈ ਕਰੀ ਜਾਂਦਾ ਸੀ ਕਿ ‘ਪੰਥ’ ਨੂੰ ਖੁਦ ਹੀ ਸਵਾਲ ਹੋ ਤੁਰੇ, “ਕੀ ਗੱਲ ਭੁੱਲ ਗਏ ਕੁਰਬਾਨੀ ਨੂੰ ? ਐਨੇ ਸਾਲਾਂ ਤੋਂ ਕੌਣ ਲੜ ਰਿਹਾ ਕੌਮ ਲਈ ? ਤੈਂ ਕੀ ਕੀਤਾ ਸਿੱਖੀ ਲਈ ਇਹ ਦੱਸ ਪਹਿਲਾਂ ?”
‘ਪੰਥ’ ਨੂੰ ਚੱਕਰ ਆਉਣ ਲੱਗੇ.. ਸੁਰਤੀ ਉਖੜਦੀ ਦਿਸੀ.. ਚੜ੍ਹਦੀਕਲਾ ਢੂੰਡਦਾ ਹੋਇਆ ‘ਪੰਥ’ ਦਰਬਾਰ ਸਾਹਿਬ ਦੀ ਪ੍ਰਕਰਮਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਂਹਵੇਂ ਜਾ ਬੈਠਾ, ਢਾਡੀ ਸਿੰਘ ਵਾਰ ਦਾ ਗਾਇਨ ਕਰ ਰਹੇ ਨੇ :
ਮਹਾਂ ਸਿੰਘ ਸਰਦਾਰ ਲਲਕਾਰ ਕਹਿੰਦਾ, ਹੋਜੋ ਜੰਗ ਦੇ ਲਈ ਤਿਆਰ ਸਿੰਘੋ 
ਵੈਰੀ ਆਣ ਮੈਦਾਨ ਦੇ ਵਿਚ ਲੱਥੇ, ਸਾਡੀ ਅਣਖ ਨੂੰ ਰਹੇ ਵੰਗਾਰ ਸਿੰਘੋ 
ਅੱਜ ਪੱਤ ਪੰਜਾਬ ਦੀ ਹੱਥ ਸਾਡੇ, ਦਿਉ ਦੇਸ਼ ਖਾਤਰ ਜਾਨਾਂ ਵਾਰ ਸਿੰਘੋ 
ਤੁਸੀਂ ਅੱਜ ਚਮਕੌਰ ਨੂੰ ਯਾਦ ਕਰ ਲਉ, ਚਾਲੀ ਸਿੰਘ ਦੁਸ਼ਮਣ ਬੇਸ਼ੁਮਾਰ ਸਿੰਘੋ 
ਕਿਹੜਾ ਅੜੇਗਾ ਤੁਸਾਂ ਦੀ ਤੇਗ ਅੱਗੇ, ਸ਼ੇਰਾਂ ਵਾਂਗਰਾਂ ਉਠੋ ਭਬਕਾਰ ਸਿੰਘੋ 
ਦਾਈਆ ਸੂਰਮੇ ਦਾ ਸਿਰ ਦੇ ਨਾਲ ਹੁੰਦਾ, ਜਿੱਤ ਹਾਰ ਦੀ ਜਾਣੇ ਕਰਤਾਰ ਸਿੰਘੋ 
ਰਗਾਂ ਵਿਚ ਜੇ ਖੂਨ ਦਸਮੇਸ਼ ਦਾ ਏ, ਜੇਕਰ ਦੇਸ਼ ਦੇ ਨਾਲ ਪਿਆਰ ਸਿੰਘੋ 
“ਸੀਤਲ” ਫੇਰ ਅਜੀਤ ਜੁਝਾਰ ਵਾਲੀ, ਦੁਨੀਆਂ ਵਿਚ ਦੁਹਰਾ ਦਿਉ ਵਾਰ ਸਿੰਘੋ
ਸੁਖਦੀਪ ਸਿੰਘ ਮੋਗਾ

Install Punjabi Akhbar App

Install
×