ਦਸ ਹਜ਼ਾਰ ਰੁਪਏ ਤੋਂ ਵੱਧ ਦਾ ਲੈਣ-ਦੇਣ ਨਕਦੀ ਨਹੀਂ ਕਰ ਸਕੇਗਾ ਉਮੀਦਵਾਰ-ਜ਼ਿਲ੍ਹਾ ਚੋਣ ਅਫ਼ਸਰ 

IMG-20190319-WA0017

ਬਠਿੰਡਾ, 19 ਮਾਰਚ  – ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਪ੍ਰਨੀਤ ਨੇ ਜ਼ਿਲ੍ਹੇ ਦੀਆਂ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਵਲੋਂ ਚੋਣ ਕਮਿਸ਼ਨ ਤੋਂ ਮਿਲੇ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣੂ ਕਰਵਾਉਂਦਿਆਂ ਰਾਜਸੀ ਪਾਰਟੀਆਂ ਨੂੰ ਆਦਰਸ਼ ਚੋਣ ਜਾਬਤੇ ਦੀ ਪਾਲਣਾ ਕਰਨ ਸਬੰਧੀ ਲੋੜੀਂਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ਼੍ਰੀ ਪ੍ਰਨੀਤ ਨੇ ਦੱਸਿਆ ਕਿ ਡਿਫੇਸਮੈਂਟ ਐਕਟ ਤਹਿਤ ਕਿਸੇ ਵੀ ਰਾਜਸੀ ਪਾਰਟੀ ਨੂੰ ਸਰਕਾਰੀ ਇਮਾਰਤ ‘ਤੇ ਪੋਸਟਰ, ਬੈਨਰ ਅਤੇ ਝੰਡਾ ਆਦਿ ਲਗਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਜੇਕਰ ਕਿਸੇ ਪਾਰਟੀ ਵੱਲੋਂ ਪ੍ਰਾਈਵੇਟ ਬਿਲਡਿੰਗ ਜਾਂ ਕਿਸੇ ਦੇ ਘਰ ਦੇ ਬਾਹਰ ਅਜਿਹੀ ਸਮੱਗਰੀ ਲਗਾਉਣੀ ਹੋਵੇ ਤਾਂ ਉਸ ਵਲੋਂ ਸਬੰਧਤ ਵਿਅਕਤੀ ਦੀ ਇਜਾਜ਼ਤ ਲੈਣੀ ਲਾਜ਼ਮੀ ਹੋਵੇਗੀ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕੁਤਾਹੀ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਕਿਹਾ ਕਿ ਚੋਣਾਂ ਲੜ ਰਹੀਆਂ ਰਾਜਨੀਤਿਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਲਈ ਲਾਜ਼ਮੀ ਹੋਵੇਗਾ ਕਿ ਉਹ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਆਦਰਸ਼ ਚੋਣ ਜ਼ਾਬਤੇ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਚੋਣਾਂ ਵਾਲੇ ਦਿਨ ਕੋਈ ਵੀ ਰਾਜਸੀ ਪਾਰਟੀ ਵੋਟਰਾਂ ਨੂੰ ਉਨਾਂ ਦੇ ਘਰਾਂ ਤੋਂ ਵੋਟ ਪਾਉਣ ਲਈ ਨਹੀਂ ਲੈ ਕੇ ਆਵੇਗੀ ਅਤੇ ਨਾ ਹੀ ਬੂਥਾਂ ‘ਤੇ ਜ਼ਿਆਦਾ ਭੀੜ ਕੀਤੀ ਜਾ ਸਕੇਗੀ।

ਮੀਟਿੰਗ ਦੌਰਾਨ ਸ਼੍ਰੀ ਪ੍ਰਨੀਤ ਨੇ ਹੋਰ ਦੱਸਿਆ ਕਿ ਚੋਣ ਲੜ ਰਹੇ ਹਰ ਇੱਕ ਉਮੀਦਵਾਰ ਲਈ ਨਵਾਂ ਬੱਚਤ ਖਾਤਾ ਕਿਸੇ ਵੀ ਬੈਕ ਜਾਂ ਡਾਕਘਰ ਵਿੱਚ ਖੁਲ੍ਹਵਾਉਣਾ ਲਾਜ਼ਮੀ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਖਾਤਾ ਉਮੀਦਵਾਰ ਦੇ ਆਪਣੇ ਨਾਮ ‘ਤੇ ਜਾਂ ਉਸ ਵਲੋਂ ਨਿਰਧਾਰਤ ਕਿਸੇ ਵੀ ਚੋਣ ਏਜੰਟ ਦੇ ਨਾਲ ਜੁਆਇੰਟ ਨਾਮ ‘ਤੇ ਖੁਲਵਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਹ ਖਾਤਾ ਉਮੀਦਵਾਰ ਲਈ ਆਪਣੀ ਨੋਮੀਨੇਸ਼ਨ ਭਰਨ ਤੋਂ ਘੱਟੋਂ ਘੱਟ ਇੱਕ ਦਿਨ ਪਹਿਲਾਂ ਖੁਲਵਾਇਆ ਜਾਣਾ ਯਕੀਨੀ ਬਣਾਇਆ ਜਾਵੇਗਾ। ਉਮੀਦਵਾਰ ਵਲੋਂ ਇਹ ਖਾਤਾ ਆਪਣੇ ਕਿਸੇ ਪਰਿਵਾਰਕ ਮੈਂਬਰ ਜਾਂ ਕਿਸੇ ਹੋਰ ਵਿਅਕਤੀ ਦੇ ਨਾਮ ‘ਤੇ ਖ਼ਾਤਾ ਨਹੀਂ ਖੁਲਵਾਇਆ ਜਾ ਸਕੇਗਾ। ਉਮੀਦਵਾਰ ਲਈ ਚੋਣ ਪ੍ਰਚਾਰ ਸਬੰਧੀ ਹੋਣ ਵਾਲਾ ਹਰ ਕਿਸਮ ਦਾ ਖ਼ਰਚਾ ਇਸ ਬਚਤ ਖਾਤੇ ਰਾਹੀਂ ਹੀ ਕਰਨਾ ਲਾਜ਼ਮੀ ਹੋਵੇਗਾ।

ਸ਼੍ਰੀ ਪ੍ਰਨੀਤ ਨੇ ਦੱਸਿਆ ਕਿ ਨਵੇਂ ਬਚਤ ਖ਼ਾਤੇ ਦੀ ਸੂਚਨਾ ਉਮੀਦਵਾਰ ਵਲੋਂ ਆਪਣੇ ਨੋਮੀਨੇਸ਼ਨ ਫ਼ਾਰਮ ਭਰਨ ਸਮੇਂ ਸਬੰਧਤ ਆਰ.ਓ. ਨੂੰ ਦੇਣੀ ਲਾਜ਼ਮੀ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਚੋਣਾਂ ਦੌਰਾਨ ਉਮੀਦਵਾਰ ਲਈ ਕਿਸੇ ਇੱਕ ਵਿਅਕਤੀ ਜਾਂ ਫ਼ਰਮ ਨੂੰ 10 ਹਜ਼ਾਰ ਰੁਪਏ ਤੋਂ ਵੱਧ ਦੀ ਅਦਾਇਗੀ ਚੈੱਕ ਰਾਹੀਂ ਕਰਨੀ ਲਾਜ਼ਮੀ ਹੋਵੇਗੀ। ਇਸ ਤੋਂ ਇਲਾਵਾ 10 ਹਜ਼ਾਰ ਰੁਪਏ ਤੋਂ ਵੱਧ ਦੀਆਂ ਪ੍ਰਾਪਤੀਆਂ ਜਿਵੇਂ ਕਿ ਕਰਜ਼ਾ ਡਿਪੋਜ਼ਟ, ਅਡਵਾਂਸ ਡੋਨੇਸ਼ਨ ਜਾਂ ਗਿਫ਼ਟ ਆਦਿ ਚੈੱਕ ਰਾਹੀਂ ਹੀ ਪ੍ਰਾਪਤ ਕੀਤੇ ਜਾਣਗੇ। ਉਹਨਾਂ ਕਿਹਾ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਵਲੋਂ ਚੋਣ ਪ੍ਰਚਾਰ ਲਈ ਕੀਤੀ ਜਾਣ ਵਾਲੀ ਰੈਲੀ, ਮੀਟਿੰਗ ਅਤੇ ਜਲਸੇ ਆਦਿ ਲਈ ਅਗਾਊਂ ਪ੍ਰਵਾਨਗੀ ਸਬੰਧਤ ਆਰ.ਓ., ਏ.ਆਰ.ਓ. ਪਾਸੋਂ ਲੈਣੀ ਜ਼ਰੂਰੀ ਹੋਵੇਗੀ। ਪ੍ਰਵਾਨਗੀ ਲਈ ਅਪਲਾਈ ਕਰਨ ਸਮੇਂ ਫਾਰਮ ਡੀ-ਵਨ ‘ਚ ਖ਼ਰਚੇ ਦਾ ਵੇਰਵਾ ਭਰ ਕੇ ਨੱਥੀ ਕਰਨਾ ਵੀ ਯਕੀਨੀ ਬਣਾਇਆ ਜਾਵੇਗਾ।

ਰਾਜਨੀਤਿਕ ਪਾਰਟੀਆਂ ਨੂੰ ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਇਹ ਵੀ ਜਾਣੂ ਕਰਵਾਇਆ ਕਿ ਚੋਣ ਲੜ ਰਹੇ ਹਰੇਕ ਉਮੀਦਵਾਰ ਦੁਆਰਾ ਚੋਣਾਂ ਦਾ ਨਤੀਜਾ ਘੋਸ਼ਿਤ ਹੋਣ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ-ਅੰਦਰ ਚੋਣ ਖ਼ਰਚੇ ਦਾ ਹਿਸਾਬ ਜਾਂ ਰਿਕਾਰਡ ਜ਼ਿਲ੍ਹਾ ਚੋਣ ਅਫ਼ਸਰ ਨੂੰ ਪੇਸ਼ ਕਰਨਾ ਵੀ ਲਾਜ਼ਮੀ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਉਮੀਦਵਾਰ ਨਿਰਧਾਰਤ ਸਮੇਂ ਦੇ ਅੰਦਰ-ਅੰਦਰ ਚੋਣਾਂ ਦੌਰਾਨ ਹੋਏ ਖ਼ਰਚੇ ਦਾ ਹਿਸਾਬ ਨਿਰਧਾਰਤ ਰਜਿਸਟਰ ‘ਤੇ ਪ੍ਰੋਫਾਰਮਿਆਂ ਵਿਚ ਪੇਸ਼ ਨਹੀਂ ਕਰਦਾ ਤਾਂ ਉਸ ਨੂੰ ਚੋਣ ਕਮਿਸ਼ਨ ਵਲੋਂ ਜਾਰੀ ਹੁਕਮਾਂ ਅਨੁਸਾਰ ੩ ਸਾਲ ਲਈ ਡਿਸਕੁਆਲੀਫਾਈ ਵੀ ਕੀਤਾ ਜਾ ਸਕਦਾ ਹੈ।

ਸ਼੍ਰੀ ਪ੍ਰਨੀਤ ਨੇ ਅੱਗੇ ਦੱਸਿਆ ਕਿ ਜੇਕਰ ਕੋਈ ਰਾਜਸੀ ਆਗੂ ਜਾਂ ਵਰਕਰ ਕਿਸੇ ਵਿਅਕਤੀ ਨੂੰ ਉਸ ਦੇ ਵੋਟ ਦੇ ਅਧਿਕਾਰ ਨੂੰ ਫੁਸਲਾਉਣ ਵਾਸਤੇ ਰਿਸ਼ਵਤ ਦਿੰਦਾ ਜਾਂ ਲੈਂਦਾ ਹੈ ਤਾਂ ਇਹ ਰਿਸ਼ਵਤਖੋਰੀ ਦਾ ਜੁਰਮ ਮੰਨਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੇ ਉਮੀਦਵਾਰ ਦੀ ਲਿਖਤੀ ਸਹਿਮਤੀ ਤੋਂ ਬਿਨਾਂ ਉਮੀਦਵਾਰ ਦੀ ਚੋਣ ਨੂੰ ਵਢਾਵਾ ਦੇਣ ਲਈ ਕੋਈ ਆਮ ਜਲਸਾ ਕਰਨ ਵਿੱਚ ਜਾਂ ਕਿਸੇ ਇਸ਼ਤਿਹਾਰ ਜਾਂ ਪ੍ਰਕਾਸ਼ਨ ਜਾਂ ਕਿਸੇ ਹੋਰ ਢੰਗ ਨਾਲ ਖ਼ਰਚ ਕਰੇਗਾ ਤਾਂ ਉਸ ਨੂੰ ਵੀ ਸਜਾ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਜ਼ਿਲ੍ਹਾ ਚੋਣਕਾਰ ਅਫ਼ਸਰ ਸ਼੍ਰੀ ਪ੍ਰਨੀਤ ਵਲੋਂ ਕੀਤੀ ਗਈ ਇੱਕ ਹੋਰ ਮੀਟਿੰਗ ਦੌਰਾਨ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਮੀਦਵਾਰਾਂ ਦੇ ਖਾਤਿਆਂ ‘ਚੋਂ ਵੱਡੀ ਰਾਸ਼ੀ ਦਾ ਆਦਾਨ-ਪ੍ਰਦਾਨ ਹੋਣ ‘ਤੇ ਵੀ ਤਿੱਖੀ ਨਜ਼ਰ ਰੱਖੀ ਜਾਵੇ।

ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਨੋਟੀਫਿਕੇਸ਼ਨ 22 ਅਪ੍ਰੈਲ ਨੂੰ ਹੋਵੇਗਾ ਅਤੇ ਉਮੀਦਵਾਰਾਂ ਵਲੋਂ 29 ਅਪ੍ਰੈਲ ਤੱਕ ਕਾਗਜ਼ ਭਰੇ ਜਾ ਸਕਣਗੇ। 30 ਅਪ੍ਰੈਲ ਨੂੰ ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ ਅਤੇ 2 ਮਈ ਤੱਕ ਨਾਮਜ਼ਦਗੀ ਕਾਗਜਾਂ ਦੀ ਵਾਪਸੀ ਹੋ ਸਕੇਗੀ। ਵੋਟਾਂ 19 ਮਈ ਨੂੰ ਪੈਣਗੀਆਂ ਜਦਕਿ ਗਿਣਤੀ 23 ਮਈ ਨੂੰ ਹੋਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਅਤੇ ਬੈਂਕਾਂ ਦੇ ਅਧਿਕਾਰੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

(ਬਲਵਿੰਦਰ ਸਿੰਘ ਭੁੱਲਰ)

bhullarbti@gmail.com

Install Punjabi Akhbar App

Install
×