ਐਡੀਲੇਡ ਵਿਖੇ ਚੋਰੀ ਦੀ ਕਾਰ ਨਾਲ ਫੜ੍ਹੇ ਗਏ 8 ਮੁੰਡੇ

ਦੱਖਣੀ ਆਸਟ੍ਰੇਲੀਆ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ, ਇੱਕ ਕਾਰ ਵਿੱਚ ਸਵਾਰ 8 ਮੁੰਡਿਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਕਿਉਂਕਿ ਉਹ ਚੋਰੀ ਦੀ ਕਾਰ ਚਲਾ ਰਹੇ ਸਨ ਜੋ ਕਿ ਬੀਤੇ ਦਿਨ ਹੀ ਗਲਿੰਡੇ ਖੇਤਰ ਵਿੱਚੋਂ ਚੋਰੀ ਕੀਤੀ ਗਈ ਸੀ।
ਪੁਲਿਸ ਅਨੁਸਾਰ, ਅੱਧੀ ਰਾਤ ਤੋਂ ਬਾਅਦ, ਐਡੀਲੇਡ ਦੇ ਸਰ ਡੋਨਾਲਡ ਬਰੈਡਮੈਨ ਡ੍ਰਾਈਵ ਉਪਰ ਇੱਕ ਟੋਇਟਾ ਐਸ.ਯੂ.ਵੀ. ਕਾਰ ਨੂੰ ਜਾਂਦਿਆਂ ਦੇਖਿਆ ਗਿਆ ਤਾਂ ਪੁਲਿਸ ਵੱਲੋਂ ਉਸਨੂੰ ਰੋਕਿਆ ਨਹੀਂ ਗਿਆ ਸਗੋਂ ਏਅਰਪੋਲ ਦਾ ਸਹਾਰਾ ਲਿਆ ਗਿਆ। ਮੁੰਡੇ ਉਕਤ ਚੋਰੀ ਦੀ ਕਾਰ ਨੂੰ ਭਜਾਉਂਦੇ ਰਹੇ ਅਤੇ ਕਾਰ ਨੂੰ ਉਹ ਹੈਨਲੇ ਬੀਚ ਵਾਲੀ ਸੜਕ ਉਪਰ ਲੈ ਗਏ। ਕਿਉਂਕਿ ਏਅਰਪੋਲ ਉਨ੍ਹਾਂ ਉਪਰ ਨਿਗ੍ਹਾ ਰੱਖ ਰਹੀ ਸੀ ਤਾਂ ਉਹ ਹੈਨਲੇ ਬੀਚ ਦੇ ਯੋਰਕਟਾਊਨ ਕ੍ਰੀਸੈਂਟ ਵਿਖੇ ਪਹੁੰਚੇ ਅਤੇ ਕਾਰ ਨੂੰ ਛੁਪਾ ਕੇ ਉਥੋਂ ਦੌੜ ਗਏ।
ਪੁਲਿਸ ਨੇ ਸੂਹੀ ਕੁੱਤਿਆਂ (ਡਿਊਕ ਅਤੇ ਚਾਓਸ) ਦੀ ਸਹਾਇਤਾ ਨਾਲ ਮੁੰਡਿਆਂ ਦਾ ਪਿੱਛਾ ਕੀਤਾ ਅਤੇ ਐਂਡਰਸਨ ਸਟ੍ਰੀਟ ਅਤੇ ਫਲੈਚਰ ਰੋਡ ਤੋਂ ਸਭ ਨੂੰ ਗ੍ਰਿਫ਼ਤਾਰ ਕਰ ਲਿਆ।
ਮੁੰਡਿਆਂ ਦੀ ਉਮਰ 12 ਸਾਲਾਂ ਤੋਂ ਲੈ ਕੇ 17 ਸਾਲਾਂ ਤੱਕ ਦੀ ਹੈ। ਇਨ੍ਹਾਂ ਵਿੱਚੋਂ 14 ਸਾਲਾਂ ਦਾ ਇੱਕ ਲੜਕਾ ਹੈਂਪਸਟਡ ਗਾਰਡਨਜ਼ ਤੋਂ, 12 ਸਾਲਾਂ ਦਾ ਇੱਕ ਲੜਕਾ ਗ੍ਰੀਨਏਕਰਜ਼ ਤੋਂ, 14 ਸਾਲਾਂ ਦਾ ਇੱਕ ਹੋਰ ਲੜਕਾ ਪੈਨਿੰਗਟਨ ਤੋਂ, 13 ਤੇ 14 ਸਾਲਾਂ ਦੇ ਦੋ ਲੜਕੇ ਹੈਂਡਨ ਤੋਂ ਹਨ ਅਤੇ ਪੁਲਿਸ ਨੇ ਉਨ੍ਹਾਂ ਸਭ ਨੂੰ ਮੋਟਰ ਵ੍ਹਾਈਕਲ ਦੇ ਗ਼ੈਰ-ਕਾਨੂੰਨੀ ਇਸਤੇਮਾਲ ਤਹਿਤ ਗ੍ਰਿਫ਼ਤਾਰ ਕੀਤਾ ਹੈ।
ਅਦਾਲਤ ਵਿੱਚ ਪੇਸ਼ ਕੀਤੇ ਜਾਣ ਤੇ ਮਾਣਯੋਗ ਅਦਾਲਤ ਨੇ ਸਭ ਨੂੰ ਜ਼ਮਾਨਤ ਦੇ ਦਿੱਤੀ ਹੈ ਅਤੇ 24 ਫਰਵਰੀ ਨੂੰ ਪੇਸ਼ ਹੋਣ ਦੇ ਹੁਕਮ ਸੁਣਾਏ ਹਨ। ਪਰੰਤੂ ਇੱਕ 12 ਸਾਲਾਂ ਦੇ ਕੈਂਪਬਲਟਾਊਨ ਦੇ ਲੜਕੇ ਅਤੇ 17 ਸਾਲਾਂ ਦੇ ਓਕਡਨ ਦੇ ਲੜਕੇ ਨੂੰ ਹਾਲੇ ਜ਼ਮਾਨਤ ਨਹੀਂ ਦਿੱਤੀ ਗਈ ਹੈ ਅਤੇ ਉਹ ਪੁਲਿਸ ਦੀ ਹਿਰਾਸਤ ਵਿੱਚ ਹੀ ਹਨ। ਇਨ੍ਹਾਂ ਦੋਹਾਂ ਨੂੰ 9 ਜਨਵਰੀ ਨੂੰ ਪੋਰਟ ਐਡੀਲੇਡ ਮੈਜਿਸਟ੍ਰੇਟ ਅੱਗੇ ਮੁੜ ਤੋਂ ਪੇਸ਼ ਕੀਤਾ ਜਾਵੇਗਾ।