ਨਿਊਜ਼ੀਲੈਂਡ ‘ਚ ਪੰਜਾਬੀ ਫਿਲਮ ‘ਏਹ ਜਨਮ ਤੁਮਹਾਰੇ ਲੇਖੇ’ ਦਾ ਪੋਸਟਰ ਜਾਰੀ-30 ਜਨਵਰੀ ਨੂੰ ਦੇਸ਼-ਵਿਦੇਸ਼ ਦੇ ਵਿਚ ਹੋਵੇਗੀ ਰਿਲੀਜ਼

NZ PIC 14 Jan-1

ਬੜੀ ਤੇਜ਼ੀ ਨਾਲ ਬਣ ਰਹੀਆਂ ਪੰਜਾਬੀ ਫਿਲਮਾਂ ਭਾਵੇਂ ਕਾਰੋਬਾਰ ਪੱਖੋਂ ਲਾਹੇਬੰਦ ਸਾਬਿਤ ਹੋ ਰਹੀਆਂ ਹੋਣ ਪਰ ਕਿਸੇ ਲਈ ਜੀਵਨ ਆਦਰਸ਼ ਬਣ ਕੇ ਸਾਹਮਣੇ ਆਉਣ ਅਜਿਹਾ ਬਹੁਤ ਘੱਟ ਹੋਇਆ ਹੈ। ਨਵੰਬਰ ਮਹੀਨੇ ਆਈ ਫਿਲਮ ‘ਚਾਰ ਸਾਹਿਬਜ਼ਾਦੇ’ ਇਕ ਆਦਰਸ਼ਿਕ ਉਦਾਹਰਣ ਪੇਸ਼ ਕਰ ਗਈ ਸੀ ਅਤੇ ਦਰਸ਼ਕ ਵੀ ਇਸੇ ਤਰ੍ਹਾਂ ਦੀਆਂ ਫਿਲਮਾਂ ਦੀ ਮੰਗ ਕਰਨ ਲੱਗੇ ਸਨ। ਇਕ ਅਜਿਹੀ ਹੀ ਹੋਰ ਫਿਲਮ ‘ਏਹ ਜਨਮ ਤੁਮਹਾਰੇ ਲੇਖੇ’ ਆਉਣ ਵਾਲੀ 30 ਜਨਵਰੀ ਨੂੰ ਦੇਸ਼-ਵਿਦੇਸ਼ ਰਿਲੀਜ ਕੀਤੀ ਜਾ ਰਹੀ ਹੀ। ਇਹ ਫਿਲਮ ਭਗਤ ਪੂਰਨ ਸਿੰਘ (ਪਿੰਗਲਵਾੜਾ ਅੰਮ੍ਰਿਤਸਰ) ਦੇ ਅਸਲ ਜੀਵਨ ‘ਤੇ ਅਧਾਰਤ ਕਹਾਣੀ ਉਤੇ ਫਿਲਮਾਈ ਗਈ ਹੈ ਜਿਨ੍ਹਾਂ ਨੇ ਆਪਣਾ ਜਨਮ ਗਰੀਬਾਂ ਅਤੇ ਬੇਸਹਾਰਾ ਲੋਕਾਂ ਦਾ ਜੀਵਨ ਸੁਖਾਲਾ ਕਰਨ ਦੇ ਲੇਖੇ ਲਾਇਆ। ਇਕ ਹਿੰਦੂ ਪਰਿਵਾਰ ਦੇ ਵਿਚ ਜਨਮੇ ਰਾਮਜੀਦਾਸ ਕਿਵੇਂ ਭਗਤ ਪੂਰਨ ਸਿੰਘ ਬਣ  ਇਕ ਸੱਚੇ ਸਿੱਖ ਦੇ ਰੂਪ ਵਿਚ ਸਾਹਮਣੇ ਆਏ ਇਸ ਫਿਲਮ ਦੇ ਵਿਚ ਬਾਖੂਬੀ ਦਰਸਾਇਆ ਗਿਆ ਹੈ। ਵਰਨਣਯੋਗ ਹੈ ਕਿ ਭਗਤ ਪੂਰਨ ਸਿੰਘ ਨੂੰ 1979 ਦੇ ਵਿਚ ਪਦਮ ਸ੍ਰੀ ਐਵਾਰਡ ਦਿੱਤਾ ਗਿਆ ਸੀ ਜੋ ਕਿ ਉਨ੍ਹਾਂ ਜੂਨ 1984 ਵੇਲੇ ਸ੍ਰੀ ਦਰਬਾਰ ਸਾਹਿਬ ਉਤੇ ਹੋਏ ਹਮਲੇ ਦੇ ਰੋਸ ਵਜੋਂ ਵਾਪਿਸ ਕਰ ਦਿੱਤਾ ਸੀ। ਭਗਤ ਪੂਰਨ ਸਿੰਘ 5 ਅਗਸਤ 1992 ਨੂੰ ਇਸ ਦੁਨੀਆ ਤੋਂ ਭਾਵੇਂ ਕੂਚ ਕਰ ਗਏ ਸਨ ਪਰ ਜਿਨ੍ਹਾਂ ਗਰੀਬਾਂ, ਲੂਲੇ ਲੰਗੜਿਆਂ, ਮਾਨਸਿਕ ਰੋਗੀਆਂ ਦਾ ਪਰਿਵਾਰ ਉਨ੍ਹਾਂ ਹੱਸਣ ਖੇਡਣ ਅਤੇ ਜੀਵਨ ਨਿਰਬਾਹ ਕਰਨ ਵਾਲੇ ਪਾਸੇ ਲਾਇਆ ਉਹ ਅੱਜ ਵੀ 1700 ਤੋਂ ਵੱਧ ਦੀ ਗਿਣਤੀ ਦੇ ਵਿਚ ਵਸ ਰਿਹਾ ਹੈ। ਫਿਲਮ ‘ਏਹ ਜਨਮ ਤੁਮਹਾਰੇ ਲੇਖੇ’ ਨੂੰ ਪ੍ਰਸਿੱਧ ਨਿਰਦੇਸ਼ਕ ਹਰਜੀਤ ਸਿੰਘ ਨੇ ਨਿਰਦੇਸ਼ਨ ਦਿੱਤਾ ਹੈ ਜਦ ਕਿ ਇਸ ਦੇ ਨਿਰਮਾਤਾ ਹਨ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਸ੍ਰੀ ਅੰਮ੍ਰਿਤਸਰ। ਭਗਤ ਪੂਰਨ ਸਿੰਘ ਦੀ ਐਕਟਿੰਗ ਪ੍ਰਸਿੱਧ ਐਕਟਰ ਸ੍ਰੀ ਪਵਨ ਰਾਜ ਮਲਹੋਤਰਾ ਨੇ ਕੀਤੀ ਹੈ ਜੋ ਕਿ ਬਾਲੀਵੁੱਡ ਫਿਲਮਾਂ ਦੇ ਸਫਲ ਕਲਾਕਾਰ ਹਨ।
ਨਿਊਜ਼ੀਲੈਂਡ ਦੇ ਵਿਚ ਵੀ ਇਸ ਫਿਲਮ ਨੂੰ ਵਿਖਾਇਆ ਜਾ ਰਿਹਾ ਹੈ। ਇਸ ਫਿਲਮ ਦਾ ਪੋਸਟਰ ਬੀਤੇ ਦਿਨੀਂ ਪੰਜਾਬੀ ਰੇਡੀਓ ਅਤੇ ਪੰਜਾਬੀ ਅਖਬਾਰਾਂ ਦੇ ਮੀਡੀਆ ਕਰਮੀਆਂ ਵੱਲੋਂ ਜਾਰੀ ਕੀਤਾ ਗਿਆ। ਇਸ ਸਾਦੇ ਸਮਾਗਮ ਦੇ ਵਿਚ ਵਿਸ਼ੇਸ਼ ਤੌਰ ‘ਤੇ ਉਘੇ ਉਦਮੀ ਸ. ਜੁਝਾਰ ਸਿੰਘ ਪੁੰਨੂਮਾਜਰਾ, ਮਾਤਾ ਬੇਅੰਤ ਕੌਰ, ਰੇਡੀਓ ਸਪਾਈਸ ਦੇ ਮੈਨੇਜਰ ਸ. ਪਰਮਿੰਦਰ ਸਿੰਘ ਪਾਪਾਟੋਏਟੋਏ, ਨਵਦੀਪ ਸਿੰਘ ਕਟਾਰੀਆ, ਪ੍ਰੋਗਰਾਮ ਇੰਚਾਰਜ, ਮੈਡਮ ਹਰਜੀਤ ਕੌਰ ਸਹਾਇਕ ਮੈਨੇਜਰ, ਪੇਸ਼ਕਾਰ ਹਰਮੀਕ ਸਿੰਘ, ਸ. ਬਿਕਰਮਜੀਤ ਸਿੰਘ ਮਟਰਾਂ, ਪੱਤਰਕਾਰ ਜਸਪ੍ਰੀਤ ਸਿੰਘ , ਹਰਜਿੰਦਰ ਸਿੰਘ ਬਸਿਆਲਾ , ਅਮਰਜੀਤ ਸਿੰਘ ਸੰਪਾਦਕ ਕੂਕ ਅਤੇ ਕਈ ਹੋਰ ਹਾਜ਼ਿਰ ਸਨ।

Install Punjabi Akhbar App

Install
×