ਦਿਮਾਗੀ ਸਿਹਤ ਵਾਲੇ ਖੇਤਰਾਂ ਵਿਚ ਡਿਗਰੀ ਫੈਡਰਲ ਸਰਕਾਰ ਨੇ ਕੀਤੀ ਸਸਤੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਅਜਿਹੇ ਵਿਅਕਤੀ ਜਿਹੜੇ ਕਿ ਆਸਟ੍ਰੇਲੀਆ ਵਿੱਚ ਦਿਮਾਗੀ ਸਿਹਤ ਦੇ ਖੇਤਰਾਂ ਵਿੱਚ ਆਪਣੀ ਪੜ੍ਹਾਈ ਪੂਰੀ ਕਰਕੇ ਇਸ ਖੇਤਰ ਵਿੱਚ ਆਪਣਾ ਭਵਿੱਖ ਬਣਾਉਣਾ ਲੋਚਦੇ ਹਨ, ਫੈਡਰਲ ਸਰਕਾਰ ਨੇ ਅਜਿਹੇ ਵਿਅੱਕਤੀਆਂ ਨੂੰ ਸਹੂਲਤ ਦਿੰਦਿਆਂ ਮੈਂਟਲ ਹੈਲਥ ਖੇਤਰ ਵਿੱਚ ਡਿਗਰੀ ਦੀ ਫੀਸ ਅਤੇ ਪੜ੍ਹਾਈ ਦੇ ਹੋਰ ਖਰਚਿਆਂ ਨੂੰ ਘੱਟ ਕਰਨ ਦਾ ਜ਼ਰੀਆ ਪੇਸ਼ ਕੀਤਾ ਹੈ। ਸਿੱਖਿਆ ਮੰਤਰੀ ਡੈਨ ਤੇਹਾਨ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਸਾਲ ਕਿਉਂਕਿ ਪਹਿਲੇ ਦਿਨ ਤੋਂ ਹੀ ਸਾਰਿਆਂ ਵਾਸਤੇ ਪ੍ਰੇਸ਼ਾਨੀਆਂ ਦਾ ਭਰਿਆ ਰਿਹਾ ਹੈ -ਚਾਹੇ ਉਹ ਸੌਕਾ ਹੋਵੇ, ਬੁਸ਼ਫਾਇਰ ਹੋਵੇ, ਹੜ੍ਹ ਦੀ ਸਥਿਤੀ ਹੋਵੇ, ਅਤੇ ਜਾਂ ਫੇਰ ਕੋਵਿਡ-19 ਵਰਗੀ ਭਿਆਨਕ ਬਿਮਾਰੀ, ਹਰ ਕੋਈ ਹੀ ਇਨ੍ਹਾਂ ਆਫ਼ਤਾਵਾਂ ਕਾਰਨ ਸਿੱਧੇ ਤੌਰ ਤੇ ਪ੍ਰਭਾਵਿਤ ਹੋਇਆ ਹੀ ਹੈ। ਇਸ ਵਾਸਤੇ ਲੋਕਾਂ ਨੂੰ ਪੈਸੇ ਵੱਲੋਂ ਜਿਹੜੀ ਮਾਰ ਝੱਲਣੀ ਪਈ ਹੈ ਉਹ ਵੀ ਕਿਸੇ ਕੋਲੋਂ ਲੁਕੀ ਨਹੀਂ ਅਤੇ ਇਸ ਤੋਂ ਵੱਧ ਜਿਹੜੀ ਮਾਨਸਿਕ ਪ੍ਰੇਸ਼ਾਨੀ ਜਨਤਕ ਤੌਰ ਤੇ ਲੋਕਾਂ ਨੂੰ ਸਹਿਣੀ ਪਈ ਹੈ ਉਸ ਵਾਸਤੇ ਜ਼ਰੂਰੀ ਹੈ ਕਿ ਅਸੀਂ ਆਪਣਾ ਦਿਮਾਗੀ ਸੰਤੁਲਨ ਬਣਾਈ ਰੱਖਣ ਵਾਸਤੇ ਦਿਮਾਗੀ ਤੌਰ ਤੇ ਸਿਹਤਮੰਦ ਰਹੀਏ। ਇਸੇ ਜ਼ਰੀਏ ਨੂੰ ਹੁਣ ਆਸਾਨ ਬਣਾਉਣ ਵਾਸਤੇ ਫੈਡਰਲ ਸਰਕਾਰ ਨੇ ਇਸੇ ਖ਼ਿੱਤੇ ਵਿੱਚ ਡਿਗਰੀ ਪ੍ਰਾਪਤ ਕਰਕੇ ਰੌਜ਼ਗਾਰ ਸਥਾਪਿਤ ਕਰਨ ਦੇ ਨਾਲ ਨਾਲ ਜਨਤਕ ਸੇਵਾਵਾਂ ਨਿਭਾਉਣ ਵਾਲੇ ਚਾਹਵਾਨਾਂ ਲਈ ਹੁਣ ਅਜਿਹੀ ਪੜ੍ਹਾਈ ਦੇ ਕੋਰਸਾਂ ਦੀ ਫੀਸ ਤਕਰੀਬਨ ਅੱਧੀ (7950 ਡਾਲਰ) ਕਰ ਦਿੱਤੀ ਗਈ ਹੈ ਅਤੇ ਇਸ ਨਾਲ ਪਹਿਲਾਂ ਤੋਂ ਚਲ ਰਹੀ ਫੀਸ ਵਿੱਚ 6550 ਡਾਲਰਾਂ ਦੀ ਬਚਤ ਹੁੰਦੀ ਹੈ। ਸਿੱਖਿਆ ਮੰਤਰੀ ਦੇ ਦੱਸਣ ਅਨੁਸਾਰ ਇਹ ਕਿਰਿਆ ਅੱਜ ਤੋਂ ਹੀ ਲਾਗੂ ਵੀ ਕਰ ਦਿੱਤੀ ਗਈ ਹੈ।

Install Punjabi Akhbar App

Install
×