ਚਿੱਟਾ ਹਾਥੀ ਵੀ ਸੋਨੇ ਦੇ ਆਂਡੇ ਦੇ ਸਕਦਾ

ਸੁਣਨ ‘ਚ ਬਹੁਤ ਅਜੀਬ ਲੱਗਦਾ ਹੈ ਕਿ ਇੱਕ ਚਿੱਟੇ ਹਾਥੀ ਨੂੰ ਥੋੜ੍ਹਾ ਜਿਹਾ ਹੀ ਸੰਭਾਲ ਕੇ ਸੋਨੇ ਦੇ ਆਂਡੇ ਦੇਣ ਲਾਇਆ ਜਾ ਸਕਦਾ ਹੈ। ਪਰ ਇੰਝ ਕਰਨਾ ਨਾ ਮੁਮਕਿਨ ਨਹੀਂ ਹੁੰਦਾ, ਲੋੜ ਹੁੰਦੀ ਹੈ ਇੱਛਾ ਅਤੇ ਇਰਾਦੇ ਦੀ।
ਗੱਲ ਬਠਿੰਡੇ ਦੇ ਥਰਮਲ ਦੀ ਫੇਰ ਛਿੜੀ ਹੈ। ਇਸ ਵਿਸ਼ੇ ਤੇ ਛੇ ਕੁ ਮਹੀਨੇ ਪਹਿਲਾਂ ਇੱਕ ਜਜ਼ਬਾਤੀ ਲੇਖ ਲਿਖਿਆ ਸੀ ”ਮੈਂ ਤੇ ਮੇਰਾ ਹਾਣੀ ਬਠਿੰਡੇ ਵਾਲਾ ਥਰਮਲ।” ਪਰ ਕਹਿੰਦੇ ਹਨ ਕਿ ਕਾਨੂੰਨ ਮੂਹਰੇ ਜਜ਼ਬਾਤਾਂ ਦੀ ਕੋਈ ਅਹਿਮੀਅਤ ਨਹੀਂ ਹੁੰਦੀ। ਸਰਕਾਰਾਂ ਦਾ ਸਤਿਕਾਰ ਕਰਨਾ ਜਨਤਾ ਦਾ ਫ਼ਰਜ਼ ਹੁੰਦਾ ਹੈ। ਪਰ ਸਰਕਾਰਾਂ ਦੀ ਮਰਜ਼ੀ ਹੁੰਦੀ ਹੈ ਕਿ ਉਹ ਜਨਤਾ ਦੇ ਜਜ਼ਬਾਤਾਂ ਦੀ ਕਦਰ ਕਰੇ ਨਾ ਕਰੇ।
ਬਠਿੰਡੇ ਦੇ ਥਰਮਲ ਨੂੰ ਬਚਾਉਣ ਲਈ ਬਹੁਤ ਸਾਰੇ ਹੱਥ ਉੱਠੇ ਹਨ। ਇਹਨਾਂ ਸਾਰਿਆਂ ਦੇ ਅੱਡੋ-ਅੱਡ ਮਕਸਦ ਹਨ। ਸਰਕਾਰ ਕਹਿੰਦੀ ਹੈ ਕਿ ਇਹ ਚਿੱਟਾ ਹਾਥੀ ਬਣ ਗਿਆ ਸੀ ਇਸ ਲਈ ਬੰਦ ਕਰ ਰਹੇ ਹਾਂ। ਜਿਨ੍ਹਾਂ ਦਾ ਰੋਜ਼ਗਾਰ ਪ੍ਰਭਾਵਿਤ ਹੋਇਆ ਉਨ੍ਹਾਂ ਬਾਰੇ ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਸਭ ਦੀ ਬਾਂਹ ਫੜ੍ਹੀ ਜਾਵੇਗੀ।
ਬਹੁਤਾਤ ਮੇਰੇ ਜਿਹੇ ਜਜ਼ਬਾਤੀ ਲੋਕਾਂ ਦੀ ਹੈ ਜਿਨ੍ਹਾਂ ਨੂੰ ਭਾਵੇਂ ਬਠਿੰਡੇ ਦੇ ਥਰਮਲ ਦੀ ਹੋਂਦ ਵੇਲੇ ਵੀ ਬਿਜਲੀ ਲੰਗੇ ਡੰਗ ਮਿਲਦੀ ਹੁੰਦੀ ਸੀ, ਸਿਰ ‘ਚ ਸਵਾਹ ਪੈਂਦੀ ਸੀ। ਪਰ ਫੇਰ ਵੀ ਅੱਜ ਉਹ ਇਸ ਥਰਮਲ ਦੇ ਢਾਉਣ ਦੇ ਹੁਕਮਾਂ ਤੋਂ ਦੁਖੀ ਹਨ।
ਬੀਤੇ ਦਿਨੀਂ ਖ਼ਜ਼ਾਨਾ ਮੰਤਰੀ ਵੱਲੋਂ ਇੱਕ ਖ਼ਾਸ ਪੱਤਰਕਾਰ ਮਿਲਣੀ ‘ਚ ਇਸ ਥਰਮਲ ਦੇ ਤਕਨੀਕੀ ਪੱਖ ਗਿਣਾਉਂਦਿਆਂ ਇਸ ਨੂੰ ਚਿੱਟਾ ਹਾਥੀ ਗਰਦਾਨਿਆ ਗਿਆ। ਕਈ ਲੋਕ ਇਸ ਨਾਲ ਖ਼ਜ਼ਾਨਾ ਮੰਤਰੀ ਤੇ ਔਖੇ ਹੋਏ। ਪਰ ਮੇਰਾ ਮੰਨਣਾ ਹੈ ਕਿ ਭਾਵੇਂ ਥਰਮਲ ਦੇ ਖ਼ਤਮ ਕਰਨ ਦੀਆਂ ਅਖੀਰੀ ਰਸਮਾਂ ਖ਼ਜ਼ਾਨਾ ਮੰਤਰੀ ਦੇ ਹਿੱਸੇ ਆਈਆਂ, ਪਰ ਅਸਲ ‘ਚ ਇਸ ਦੀਆਂ ਜੜ੍ਹਾਂ ਤਾਂ ”ਨੀਲੇ-ਚਿੱਟਿਆਂ” ਨੇ ਰਲ ਕੇ ਕਈ ਵਰ੍ਹਿਆਂ ਤੋਂ ਵੱਢਣੀਆਂ ਸ਼ੁਰੂ ਕਰ ਦਿੱਤੀਆਂ ਸਨ।
ਭਾਵੇਂ ਇਹ ਗੱਲ ਬਹੁਤ ਪ੍ਰਚਲਿਤ ਹੈ ਕਿ ”ਯੇ ਜੋ ਪਬਲਿਕ ਹੈ ਵੋ ਸਭ ਜਾਨਤੀ ਹੈ।” ਪਰ ਇਸ ਦੇ ਨਾਲ ਇੱਕ ਅਟੱਲ ਸਚਾਈ ਇਹ ਵੀ ਹੈ ਕਿ ਸਰਕਾਰਾਂ ਮੂਹਰੇ ਜਾਣਦੀ ਹੋਈ ਵੀ ਜਨਤਾ ਕੁੱਝ ਨਹੀਂ ਕਰ ਸਕਦੀ। ਸੋ ਧਰਨੇ ਰੈਲੀਆਂ ਨਾਲ ਥਰਮਲ ਨੂੰ ਨਹੀਂ ਬਚਾਇਆ ਜਾ ਸਕਿਆ।
ਅਸੀਂ ਬੇਨਤੀ ਕਰ ਸਕਦੇ ਹਾਂ, ਉਹ ਵੀ ਸਾਰੇ ਪ੍ਰੋਜੈਕਟ ਨੂੰ ਬਚਾਉਣ ਦੀ ਨਹੀਂ, ਸਿਰਫ਼ ਇਸ ਦੀ ਨਿਸ਼ਾਨੀ ਵਜੋਂ ਬਠਿੰਡੇ ਦੀ ਵਿਰਾਸਤ ਬਣ ਚੁੱਕੇ ਚਾਰ ਕੂਲਿੰਗ ਟਾਵਰਾਂ ਨੂੰ ਸਾਂਭਣ ਦੀ, ਝੀਲਾਂ ਅਤੇ ਪਾਰਕਾਂ ਨੂੰ ਸੈਰਗਾਹ ‘ਚ ਬਦਲਣ ਦੀ। ਜੋ ਕਿ ਸਰਕਾਰਾਂ ਲਈ ਕੋਈ ਵੱਡਾ ਕਾਰਜ ਨਹੀਂ ਹੈ ਤੇ ਜਿਸ ਨਾਲ ਸਰਕਾਰਾਂ ਵੱਲੋਂ ਐਲਾਨਿਆ ਇਹ ਚਿੱਟਾ ਹਾਥੀ ਸੋਨੇ ਦੇ ਆਂਡੇ ਦੇਣ ਵਾਲੀ ਮੁਰਗ਼ੀ ਵੀ ਬਣ ਸਕਦਾ।

ਅੱਜ ਕੱਲ੍ਹ ਆਧੁਨਿਕਤਾ ਦੇ ਜ਼ਰੀਏ ਸਾਡੇ ਕੋਲ ਕੁੱਝ ਕੁ ਸਾਧਨ ਹਨ ਜਿਨ੍ਹਾਂ ਜ਼ਰੀਏ ਅਸੀਂ ਹਾਕਮਾਂ ਤੱਕ ਆਪਣੀ ਆਵਾਜ਼ ਆਸਾਨੀ ਨਾਲ ਪਹੁੰਚਾ ਸਕਦੇ ਹਾਂ ਬਸ਼ਰਤੇ ਗੱਲ ਚੰਗੀ ਸ਼ਬਦਾਵਲੀ ਅਤੇ ਦਲੀਲ ਨਾਲ ਕੀਤੀ ਹੋਵੇ। ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਸੋਸ਼ਲ ਮੀਡੀਆ ਉੱਤੇ ਕੁੱਝ ਕੁ ਲੋਕਾਂ ਵੱਲੋਂ ਬਹੁਤ ਹੀ ਭੱਦੀ ਸ਼ਬਦਾਵਲੀ ਵਿਚ ਕਮੈਂਟ ਕੀਤੇ ਜਾਂਦੇ ਹਨ।
ਅੱਜ ਕੱਲ੍ਹ ਚਲਦੇ ਬਹੁਤ ਸਾਰੇ ਵਹਾਟਸ-ਐਪ ਗਰੁੱਪਾਂ ਵਿਚੋਂ ਇੱਕ ਗਰੁੱਪ ਪੰਜਾਬ ਕਾਂਗਰਸ ਦੇ ਸਕੱਤਰ ਪੀ. ਕੇ. ਭਾਰਦਵਾਜ ਸਾਹਿਬ ਵੱਲੋਂ ਚਲਾਇਆ ਜਾ ਰਿਹਾ ਹੈ। ਜਿਸ ਵਿਚ ਮਾਨਯੋਗ ਮੁੱਖ ਮੰਤਰੀ ਸਮੇਤ ਤਕਰੀਬਨ ਪੰਜਾਬ ਦੀ ਸਾਰੀ ਵਜ਼ਾਰਤ ਅਤੇ ਅਫ਼ਸਰਸ਼ਾਹੀ ਸ਼ਾਮਿਲ ਹੈ। ਸੰਜੋਗ ਵੱਸ ਮੈਂ ਵੀ ਉਸ ਗਰੁੱਪ ਦਾ ਹਿੱਸਾ ਹਾਂ।
ਖ਼ਜ਼ਾਨਾ ਮੰਤਰੀ ਦੇ ਬਿਆਨ ਤੋਂ ਬਾਅਦ ਮੈਂ ਉਸ ਗਰੁੱਪ ‘ਚ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲ ਇੱਕ ਅਪੀਲ ਕੀਤੀ ਸੀ ਕਿ ਵਿਦੇਸ਼ਾਂ ਵਾਂਗ ਥਰਮਲ ਦੇ ਕੁੱਝ ਹਿੱਸੇ ਨੂੰ ਵਿਰਾਸਤੀ ਐਲਾਨ ਦਿੱਤਾ ਜਾਵੇ ਤੇ ਇਹਨਾਂ ਟਾਵਰਾਂ ਉੱਤੇ ਸੋਹਣੀਆਂ ਤਸਵੀਰਾਂ ਬਣਵਾ ਦਿੱਤੀਆਂ ਜਾਣ। ਭਾਵੇਂ ਇਹਨਾਂ ਨੂੰ ਨੇੜੇ ਤੋਂ ਦੇਖਣ ਦੀ ਟਿਕਟ ਲਾ ਦਿੱਤੀ ਜਾਵੇ। ਝੀਲਾਂ ਅਤੇ ਪਾਰਕਾਂ ਨੂੰ ਸੈਰਗਾਹ ਦੇ ਤੌਰ ਤੇ ਉਸਾਰਿਆ ਜਾਵੇ। ਬਹੁਤ ਦੁੱਖ ਹੋਵੇਗਾ ਜੇ ਕਾਰ ਸੇਵਾ ਵਾਲੇ ਬਾਬਿਆਂ ਵਾਂਗ ਇਸ ਧਰੋਹਰ ਤੇ ਵੀ ਹਥੌੜੇ ਚਲਾ ਦਿੱਤੇ ਗਏ ਤਾਂ। ਨਮੂਨੇ ਵਜੋਂ ਮੈਂ ਇਸ ਗਰੁੱਪ ਰਾਹੀਂ ਕੁੱਝ ਆਸਟ੍ਰੇਲੀਆ ਦੇ ਕਣਕ ਸਾਂਭਣ ਵਾਲੇ ਵੱਡੇ ਟਾਵਰਾਂ ਦੀਆਂ ਤਸਵੀਰਾਂ ਵੀ ਭੇਜੀਆਂ। ਜਿਨ੍ਹਾਂ ਨੂੰ ਗਰੁੱਪ ‘ਚ ਭਰਵਾਂ ਹੁੰਗਾਰਾ ਮਿਲਿਆ।
ਕਲ ਜਦੋਂ ਮੁੱਖ-ਮੰਤਰੀ ਨੇ ਆਪਣੇ ਚਿੱਟ-ਚੈਟ ਸੈਸ਼ਨ ਵਿਚ ਇਹ ਕਿਹਾ ਕਿ ਅਸੀਂ ਇਹਨਾਂ ਟਾਵਰਾਂ ਨੂੰ ਵਿਰਾਸਤ ਦੇ ਤੌਰ ਤੇ ਸੰਭਲਣ ਦੀ ਕੋਸ਼ਿਸ਼ ਕਰਾਂਗੇ, ਤਾਂ ਮਨ ਨੂੰ ਬਹੁਤ ਸਕੂਨ ਮਿਲਿਆ। ਫੇਰ ਉਮੀਦ ਜਾਗੀ ਹੈ ਕਿ ਭਾਵੇਂ ਸਮੇਂ ਦੀਆਂ ਸਰਕਾਰਾਂ ਨੇ ਇਸ ਥਰਮਲ ਨੂੰ ਨਿੱਜਤਾ ਦੀ ਭੇਟ ਚਾੜ ਦਿੱਤਾ ਹੈ ਪਰ ਹੋ ਸਕਦਾ ਇਸ ਦੀਆਂ ਕੁੱਝ ਨਿਸ਼ਾਨੀਆਂ ਨੂੰ ਛੱਡ ਦਿੱਤਾ ਜਾਵੇ।
ਇਹ ਥਰਮਲ ਸਿਰਫ਼ ਬਠਿੰਡੇ ਦੀ ਪਛਾਣ ਹੀ ਨਹੀਂ ਬਣਿਆ ਸਗੋਂ ਇਸ ਨੇ ਬਠਿੰਡੇ ਦੀ ਤਰੱਕੀ ‘ਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਭਾਵੇਂ ਕੁੱਝ ਨੇਤਾ ਜਨ ਆਪਣੇ ਭਾਸ਼ਣਾਂ ‘ਚ ਇਹ ਕਹਿੰਦੇ ਆਮ ਸੁਣੇ ਜਾਂਦੇ ਰਹੇ ਹਨ ਕਿ ਇਹ ਉਹ ਘੋੜੀ ਹੈ ਜੋ ਝੂਟੇ ਲੋਕਾਂ ਨੂੰ ਦਿੰਦੀ ਰਹੀ ਤੇ ਅਸੀਂ ਬਠਿੰਡੇ ਵਾਲੇ ਇਸ ਦੀ ਲਿੱਦ ਚੁੱਕਦੇ ਰਹੇ ਅਤੇ ਇਹ ਉਹ ਦੀਵਾ ਸੀ ਜਿਸ ਦੇ ਥੱਲੇ ਅਕਸਰ ਹਨੇਰਾ ਰਿਹਾ। ਪਰ ਨੇਤਾ ਜੀ ਅਸੀਂ ਜਜ਼ਬਾਤੀ ਬੰਦੇ ਹਾਂ ਸਾਡਾ ਪਿਆਰ ਨਫ਼ੇ ਨੁਕਸਾਨ ਦੇ ਹਿਸਾਬ ਦਾ ਮੁਹਤਾਜ ਨਹੀਂ ਹੈ।
ਮੁੱਖ ਮੰਤਰੀ ਜੇਕਰ ਆਪਣੇ ਵਾਅਦੇ ਤੋਂ ਨਾ ਮੁੱਕਰੇ ਤਾਂ ਸਮਝੋ ਥਰਮਲ ਦੀ ਕੁੱਝ ਵਿਰਾਸਤ ਤਾਂ ਅਸੀਂ ਬਚਾ ਲਈ। ਹੁਣ ਸਾਡਾ ਅਗਲਾ ਫ਼ਿਕਰ ਉਨ੍ਹਾਂ ਅਣਗਿਣਤ ਦਰਖਤਾਂ ਨੂੰ ਬਚਾਉਣਾ ਹੋਵੇਗਾ ਜੋ ਥਰਮਲ ਦੀ ਜ਼ਮੀਨ ਵਿਚ ਲੱਗੇ ਹੋਏ ਹਨ ਅਤੇ ਪਿਛਲੇ ਚਾਲੀ-ਪੰਜਾਹ ਸਾਲਾਂ ਤੋਂ ਬਠਿੰਡੇ ਦੇ ਫਫੜੇ ਬਣੇ ਹੋਏ ਹਨ।

Install Punjabi Akhbar App

Install
×