“ਅਗਲੇ ਸਫ਼ਰ ‘ਤੇ ਹੋ ਗਏ ਰਵਾਨਾ ਦੋ ਸਾਹਿੱਤਿਕ ਧਰੂ ਤਾਰੇ ‘ਜਸਵੰਤ ਸਿੰਘ ਕੰਵਲ’ ਅਤੇ ‘ਦਲੀਪ ਕੌਰ ਟਿਵਾਣਾ’….”

ਕੰਵਲ ਸਾਹਿਬ ਦੇ ਨਾਲੇ ਗੁਜ਼ਾਰੇ ਪਲਾਂ ਦੇ ਬੇਇੰਤਹਾ ਕਿੱਸੇ ਪੜ੍ਹਨ ਸੁਣਨ ਨੂੰ ਮਿਲ ਜਾਣਗੇ। ਪਰ ਤਿੰਨ ਕੁ ਵਰ੍ਹੇ ਪਹਿਲਾਂ ਹੋਈ ਸਾਡੀ ਇਕ ਮੁਲਾਕਾਤ ਦੌਰਾਨ ਵਾਪਰੇ ਇਕ ਕਿੱਸੇ ਨੂੰ ਆਪ ਜੀ ਨਾਲ ਸਾਂਝਾ ਕਰ ਰਿਹਾ ਹਾਂ।
17 ਫਰਵਰੀ 2015 ਦੀ ਗੱਲ ਹੈ ਅਸੀਂ ਆਸਟ੍ਰੇਲੀਆ ਤੋਂ ਆਪਣੀ ਪੂਰੀ ‘ਪੇਂਡੂ ਆਸਟ੍ਰੇਲੀਆ’ ਦੀ ਟੀਮ ਨਾਲ ਕੰਵਲ ਸਾਹਿਬ ਨੂੰ ਮਿਲਣ ਉਨ੍ਹਾਂ ਦੇ ਪਿੰਡ ਢੁੱਡੀਕੇ ਚਲੇ ਗਏ। ਕੋਈ ਅੱਧੇ ਪੌਣੇ ਕਿੱਲੇ ਥਾਂ ਦੇ ਵਿਚਾਲੇ ਪਾਈ ਨਿੱਕੀ ਜਿਹੀ ਕੋਠੀ, ਜੋ ਕਿ ਉਹ ਆਪਣੀਆਂ ਲਿਖਤਾਂ ‘ਚ ਦੱਸਦੇ ਹਨ ਕਿ ਉਨ੍ਹਾਂ ਡਾ ਜਸਵੰਤ ਕੌਰ ਲਈ ਪਾਈ ਸੀ, ਦੇ ਗੇਟ ਮੂਹਰੇ ਡੱਬੀਆਂ ਵਾਲੀ ਖੇਸੀ ਦੀ ਬੁੱਕਲ ਮਾਰੇ ਖੜ੍ਹੇ ਧੁੱਪ ਸੇਕ ਰਹੇ ਸਨ। ਅਸੀਂ ਜਾ ਪੈਰੀਂ ਹੱਥ ਲਾਏ। ਉਹ ਕਹਿੰਦੇ ਆ ਜੋ ਕਮਰੇ ‘ਚ ਤੇ ਮੁੰਡਾ ਆਉਂਦਾ ਫੇਰ ਤੁਹਾਨੂੰ ਚਾਹ ਕਰ ਕੇ ਪਿਆਉਂਦੇ ਹਾਂ। ਅਸੀਂ ਕੰਵਲ ਸਾਹਿਬ ਨੂੰ ਬੇਨਤੀ ਕੀਤੀ ਕਿ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਅਸੀਂ ਬਾਹਰ ਧੁੱਪ ‘ਚ ਬੈਠ ਲਈਏ ਤੇ ਉੱਥੇ ਹੀ ਇੰਟਰਵਿਊ ਰਿਕਾਰਡ ਕਰ ਲਵਾਂਗੇ। ਉਮਰ ਦੇ ਇਸ ਪੜਾਅ ‘ਚ ਵੀ ਸਰੀਰਕ ਚੁਸਤੀ ਅਤੇ ਹਾਜ਼ਰ ਜਵਾਬੀ ਦਾ ਸਬੂਤ ਦਿੰਦੇ ਹੋਏ ਕੰਵਲ ਸਾਹਿਬ ਕਹਿੰਦੇ, “ਇੱਕ ਸ਼ਰਤ ਆ ਕਿ ਹਰ ਇਕ ਨੂੰ ਆਪੋ ਆਪਣੀ ਕੁਰਸੀ ਆਪ ਚੱਕ ਕੇ ਧੁੱਪ ‘ਚ ਲੈ ਜਾਣੀ ਪੈਣੀ ਹੈ।” ਤੇ ਇਨ੍ਹਾਂ ਕਹਿੰਦੇ ਲੱਕੜ ਦੀ ਇਕ ਭਾਰੀ ਕੁਰਸੀ ਨੂੰ ਆਪਣੇ ਸਿਰ ਤੇ ਰੱਖ ਸਾਡੇ ਮੂਹਰੇ ਹੋ ਤੁਰੇ। ਅਸੀਂ ਬਹੁਤ ਕਿਹਾ ਬਾਪੂ ਜੀ ਅਸੀਂ ਚੱਕ ਲੈਂਦੇ ਹਾਂ। ਉਹ ਕਹਿੰਦੇ “ਆਪ ਦੀ ਚੱਕ ਲੈ ਸ਼ੇਰਾ ਉਹੀ ਬਹੁਤ ਆ। ਇਹ ਨਾ ਹੋਵੇ ਮੈਨੂੰ ਤੇਰੀ ਕੁਰਸੀ ਵੀ ਚੱਕਣੀ ਪਵੇ। ਪਰ ਕੋਈ ਨਾ ਜੇ ਨਾ ਵੀ ਚਕੇਗਾ ਮੈਂ ਲਿਆ ਦਉ, ਫੇਰ ਵੀ ਤੂੰ ਮਹਿਮਾਨ ਹੈ ਮੇਰਾ।”
ਅਸੀਂ ਸ਼ਰਮਸਾਰ ਜਿਹੇ ਹੋਏ ਆਪੋ ਆਪਣੀਆਂ ਕੁਰਸੀਆਂ ਨਾਲ ਬਾਹਰ ਧੁੱਪ ‘ਚ ਆ ਬੈਠੇ। ਪੰਜ ਮਿੰਟ ਤੋਂ ਵੀ ਘੱਟ ਸਮੇਂ ‘ਚ ਦਸਤਾਰ ਸਜਾ ਕੇ ਕੈਮਰੇ ਮੂਹਰੇ ਆ ਬੈਠੇ ਤੇ ਕਹਿੰਦੇ ਲਓ ਪੁੱਛੋ ਕੀ ਪੁੱਛਣਾ। ਤਕਰੀਬਨ ਅੱਧਾ ਕੁ ਘੰਟਾ ਗੱਲਬਾਤ ਹੁੰਦੀ ਰਹੀ ਤੇ ਸਾਡੇ ਡਾਇਰੈਕਟਰ ਮਨਪ੍ਰੀਤ ਸਿੰਘ ਢੀਂਡਸਾ ਕਹਿੰਦੇ ਇੱਕ ਬਰੇਕ ਲੈ ਲਵੋ। ਪਰ ਬਾਬਾ ਜੀ ਕਹਿੰਦੇ ਬਰੇਕ ਨੂੰ ਕੀ ਆ ਇੰਜ ਹੀ ਦੱਬੀ ਚਲੋ। ਮੈਂ ਕਿਹਾ ਬਾਪੂ ਜੀ ਮੈਂ ਇਕ ਨੰਬਰ ਜਾਣਾ ਚਾਹੁੰਦਾ ਬਾਥਰੂਮ ਕਿਹੜੇ ਪਾਸੇ ਆ। ਕਹਿੰਦੇ ਆਹ ਦੇਖ ਅੱਧੇ ਕਿੱਲੇ ਥਾਂ ‘ਚ ਸਰ੍ਹੋਂ ਬੀਜੀ ਪਈ ਆ ਜਿੱਥੇ ਮਰਜ਼ੀ ਜਾ ਆ। ਮੈਂ ਕਿਹਾ ਨਹੀਂ ਬਾਪੂ ਜੀ ਹੁਣ ਇੰਝ ਆਦਤ ਨਹੀਂ ਰਹਿ ਗਈ ਮੈਂ ਅੰਦਰ ਹੀ ਜਾ ਆਉਣਾ। ਮੁਸਕੜੀ ਜਿਹੀ ਝਾਕ ਕੇ ਕਹਿੰਦੇ ਇਹ ਵੀ ਆਪਣਾ ਵਿਰਸਾ ਇੰਝ ਆਦਤਾਂ ‘ਚੋਂ ਨਹੀਂ ਗਵਾਈ ਦਾ। ਚਲੋ ਮੈਂ ਇਕ ਨੰਬਰ ਕਰਨ ਚਲਾ ਗਿਆ। ਜਦੋਂ ਵਾਪਸ ਆਇਆ ਤਾਂ ਕੀ ਦੇਖਦਾ, ਬਾਪੂ ਜੀ ਆਪਣੀ ਕੁਰਸੀ ਤੇ ਜਚੇ ਬੈਠੇ ਹਨ ਤੇ ਬਾਕੀ ਸਾਰੇ ਹੱਸ-ਹੱਸ ਦੂਹਰੇ ਹੋਈ ਜਾਣ। ਮੈਂ ਪੁੱਛਿਆ ਕਿ ਕੀ ਹੋ ਗਿਆ ਮੈਨੂੰ ਵੀ ਦੱਸੋ?
ਉਹ ਕਹਿੰਦੇ ਜਦੋਂ ਤੁਸੀਂ ਥੋੜ੍ਹੀ ਦੂਰ ਗਏ ਤਾਂ ਬਾਪੂ ਜੀ ਹੌਲੀ ਕੁ ਜਿਹੇ ਕਹਿੰਦੇ , ਆਇਆ ਸੀ ਮੇਰੀ ਇੰਟਰਵਿਊ ਕਰਨ, ਕੱਢ ਤਾਂ ਨਾ ਮੂਤ ਵੱਡੇ ਮਿੰਟੂ ਬਰਾੜ ਦਾ, ਬਣਦਾ ਸੀ ਵੱਡਾ ਐਂਕਰ! ਮੈਂ ਜਦੋਂ ਕੰਵਲ ਸਾਹਿਬ ਵੱਲ ਦੇਖਿਆ ਤਾਂ ਉਹ ਪੂਰੀ ਜੇਤੂ ਮੁਦਰਾ ‘ਚ ਮੈਨੂੰ ਕਹਿ ਰਹੇ ਸੀ ਆ ਜਾ ਫੇਰ ਮੈਦਾਨ ‘ਚ ਕਿ ਮੁੱਕ ਗਏ ਤੇਰੇ ਸੁਆਲ?
ਉੱਥੋਂ ਵਿਦਾ ਲੈਣ ਲੱਗਿਆ ਜਦੋਂ ਅਸੀਂ 97 ਵਰ੍ਹਿਆਂ ਦੇ ਇਸ ਜੁਆਨ ਨਾਲ ਇਹ ਵਾਅਦਾ ਕੀਤਾ ਕਿ ਬਾਪੂ ਹੁਣ ਅਗਲੀ ਮੁਲਾਕਾਤ ਤੁਹਾਡੇ ਸੌ ਸਾਲ ਦਾ ਹੋਣ ਤੇ ਕਰਾਂਗੇ ਅਤੇ ਤੁਹਾਡੀ ਸਿਹਤਯਾਬੀ ਦੀ ਦੁਆ ਵੀ ਅਸੀਂ ਕਰਾਂਗੇ ਤਾਂ ਉਨ੍ਹਾਂ ਨੇ ਆਪਣੇ ਅੰਦਰ ਦੇ ਲੁਕੇ ਹੋਏ ਕਵੀ ਦੇ ਦਰਸ਼ਨ ਕਰਵਾਉਂਦੇ ਹੋਏ ਕਹਿਣ ਲੱਗੇ,”ਤੂੰ ਜੇ ਮਿਲ ਜਾਂਵੇਂ ਤਾਂ ਬਿਮਾਰੀ ਕੁਛ ਵੀ ਨਹੀਂ, ਉਂਜ ਖ਼ਬਰੇ ਮੈਂ ਬਚਾਂ ਜਾ ਨਾ ਬਚਾਂ।” ਨਾਲ ਹੀ ਮਜ਼ਾਕੀਆ ਜਿਹੇ ਅੰਦਾਜ਼ ‘ਚ ਤਪਾਕ ਦੇਣੇ ਕਹਿੰਦੇ “ਵਾਹਿਗੁਰੂ ਤੋਂ ਤੁਹਾਡੀ ਸਲਾਮਤੀ ਦੀ ਅਰਦਾਸ ਕਰਾਂਗਾ ਤਾਂ ਜੋ ਤੁਸੀਂ ਮੇਰੇ ਨਾਲ ਅਗਲੀ ਮੁਲਾਕਾਤ ਕਰ ਸਕੋ।”
ਸਾਨੂੰ ਬਾਹਰ ਗਲੀ ‘ਚ ਕਾਰ ਤੱਕ ਛੱਡ ਕੇ ਆਪ ਇਕ ਪਾਸੇ ਖਲ੍ਹੋ ਕੇ ਸਾਡੇ ਜਾਣ ਦੇ ਇੰਤਜ਼ਾਰ ਕਰਨ ਲੱਗੇ। ਜਦੋਂ ਅਸੀਂ ਆਪਣਾ ਤੰਗੜ-ਪਟੀਆਂ ਲੱਦ ਕੇ ਉਨ੍ਹਾਂ ਕੋਲ ਦੀ ਲੰਘਣ ਲੱਗੇ ਤਾਂ ਹੱਥ ਦੇ ਕੇ ਰੋਕ ਲਿਆ ਤੇ ਕਾਰ ਦੇ ਸ਼ੀਸ਼ੇ ਨੂੰ ਫੜ ਕੇ ਕਹਿਣ ਲੱਗੇ “ਮੁੰਡਾ ਪੁੱਛਦਾ ਗੱਡੀ ਦਾ ਜੂਲ਼ਾ ਫੜ ਕੇ ਨੀ ਫੇਰ ਕਦੋਂ ਟੱਕਰੇਗੀ?” ਉਨ੍ਹਾਂ ਦਾ ਸਾਨੂੰ ਵਿਦਾ ਕਰਨ ਦਾ ਇਹ ਅੰਦਾਜ਼ ਕਦੇ ਨਹੀਂ ਭੁੱਲ ਸਕਾਂਗੇ।
ਅੱਜ ਤੋਂ ਤਕਰੀਬਨ 5 ਕੁ ਵਰ੍ਹੇ ਪਹਿਲਾਂ ਮਾਣਯੋਗ ਦਲੀਪ ਕੌਰ ਟਿਵਾਣਾ ਜੀ ਦਾ ਇਕ ਖ਼ਤ ਜਦੋਂ ਮੈਨੂੰ ਮਿਲਿਆ ਸੀ ਤਾਂ ਮੇਰੇ ਪੈਰ ਜ਼ਮੀਨ ਤੇ ਨਹੀਂ ਸਨ ਲੱਗ ਰਹੇ। ਅੱਜ ਉਨ੍ਹਾਂ ਦੇ ਤੁਰ ਜਾਣ ਦੀ ਖ਼ਬਰ ਨੇ ਬਹੁਤ ਉਦਾਸ ਕਰ ਦਿੱਤਾ। ਪਰ ਇਹੀ ਸੰਸਾਰ ਦੀ ਰੀਤ ਹੈ । ਉਨ੍ਹਾਂ ਨਾਲ ਗੁਜ਼ਾਰੇ ਕੁਝ ਬੇਸ਼ਕੀਮਤੀ ਪਲ ਜ਼ਿੰਦਗੀ ਦਾ ਸਰਮਾਇਆ ਬਣੇ ਰਹਿਣਗੇ। 4 ਕੁ ਵਰ੍ਹੇ ਪਹਿਲਾਂ ਇਕ ਦਿਨ ਅਸੀਂ ਉਨ੍ਹਾਂ ਦੇ ਘਰ ਇਕ ਛੋਟੀ ਜਿਹੀ ਗੱਲਬਾਤ ਰਿਕਾਰਡ ਕੀਤੀ ਸੀ ਕਿਤੇ ਨਾ ਕੀਤੇ ਯਾਦਾਂ ਵਾਲੇ ਸੰਦੂਕ ‘ਚ ਸਾਂਭੀ ਪਈ ਹੈ ਛੇਤੀ ਲੱਭ ਕੇ ਤੁਹਾਡੇ ਨਾਲ ਸਾਂਝੀ ਕਰਾਂਗਾ। ਪੰਜਾਬੀ ਮਾਂ ਬੋਲੀ ਦੀ ਇਸ ਮਹਾਨ ਸਪੁੱਤਰੀ ਦਾ ਜ਼ਿਕਰ ਰਹਿੰਦੀ ਦੁਨੀਆ ਤੱਕ ਸਾਹਿੱਤਿਕ ਸਫ਼ਿਆਂ ‘ਚ ਉਸ ਦੇ ਪਾਏ ਪੂਰਨਿਆਂ ਕਰ ਕੇ ਸਿਰ ਚੜ੍ਹ ਕੇ ਬੋਲਦਾ ਰਹੇਗਾ।

Install Punjabi Akhbar App

Install
×