ਨਫ਼ਰਤ ਦਾ ਸਿਰਾ ਨਫਰਤੀ ‘ਪਾਲਿਨ ਹੈਨਸਨ’

ਪਹਿਲੀ ਵਾਰ 1997 ਵਿੱਚ 769f4da05119e094f7d79e41c55471acਬੀਬੀ ਪਾਲਿਨ ਹੈਨਸਨ ਲਿਬਰਲ ਪਾਰਟੀ ਦੀ ਟਿਕਟ ਤੇ ਚੋਣ ਲੜ ਕੇ ਜਿੱਤੀ ਸੀ। ਚੋਣ ਪ੍ਰਚਾਰ ਦੌਰਾਨ ਉਸ ਵੱਲੋਂ ਵਰਤੀ ਮੰਦੀ ਸ਼ਬਦਾਵਲੀ ਕਾਰਨ ਲਿਬਰਲ ਪਾਰਟੀ ਨੇ ਉਸ ਨੂੰ ਬੇਦਖ਼ਲ ਕਰ ਦਿੱਤਾ ਸੀ ਅਤੇ ਆਪਣੀ ਪਹਿਲੀ ਪਾਰਲੀਮੈਂਟਰੀ ਸਪੀਚ ਵਿੱਚ ਉਸ ਨੇ ਆਪਣੇ ਨਸਲਪ੍ਰਸਤ ਇਰਾਦੇ ਜੱਗ ਜ਼ਾਹਿਰ ਕਰ ਦਿੱਤੇ ਸਨ। ਜਦੋਂ ਉਸ ਨੇ ਕਿਹਾ ਸੀ ਕਿ “ਸਾਡੀਆਂ ਗਲੀਆਂ ਏਸ਼ੀਅਨ ਲੋਕਾਂ ਕਾਰਨ ਸੜ੍ਹਾਂਦ ਮਾਰ ਰਹੀਆਂ ਹਨ।” ਆਪਣੀ ਪਹਿਲੀ ਸੰਸਦੀ ਪਾਰੀ ਮੁੱਕਣ ਤੋਂ ਬਾਅਦ ਕਈ ਸਾਲ ਉਹ ਗੁਮਨਾਮੀ ਦੇ ਦੌਰ ਵਿੱਚ ਰਹੀ।
2007-8 ਵਿੱਚ ਆਏ ਆਰਥਿਕ ਮੰਦਵਾੜੇ ਅਤੇ ਦੁਨੀਆਂ ਭਰ ਵਿੱਚ ਬਦਲ ਰਹੇ ਆਰਥਿਕ ਸਮੀਕਰਨਾਂ ਕਰਕੇ ਵੱਡੀਆਂ ਕੰਪਨੀਆਂ ਵੱਲੋਂ ਆਪਣੀ ਪੈਦਾਵਾਰ ਏਸ਼ੀਅਨ ਮੁਲਕਾਂ ਵਿੱਚ ਬਦਲਣ ਦਾ ਪੱਛਮੀ ਮੁਲਕਾਂ ਉੱਪਰ ਵਿਆਪਕ ਅਸਰ ਹੋਇਆ। ਵੱਡੀਆਂ ਕੰਪਨੀਆਂ ਦੇ ਚੋਣ ਫ਼ੰਡਾਂ ਸਹਾਰੇ ਚੱਲਣ ਵਾਲੀਆਂ ਰਾਜਨੀਤਕ ਧਿਰਾਂ ਨੇ ਇਸ ਸਮੇਂ ਦੌਰਾਨ ਲੋਕਾਂ ਦੇ ਦੁੱਖ ਲਈ ਪਰਵਾਸ ਅਤੇ ਪ੍ਰਵਾਸੀ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਪੈਂਤੜੇ ਅਪਣਾਉਣੇ ਸ਼ੁਰੂ ਕਰ ਦਿੱਤੇ। ਇਸੇ ਦੌਰਾਨ ਕੈਰੀ ਪੈਕਰ ਦੇ ‘ਚੈਨਲ ਸੈਵਨ’ ਨੇ ਪਾਲਿਨ ਹੈਨਸਨ ਨੂੰ ਸਨ ਰਾਈਸ (ਸਵੇਰ ਦੇ ਸ਼ੋਅ) ਵਿੱਚ ਅੱਤਵਾਦ ਦੇ ਮਾਹਿਰ ਵਜੋਂ ਮੌਕਾ ਦੇਣਾ ਸ਼ੁਰੂ ਕੀਤਾ। ਲਗਾਤਾਰ ਕਈ ਸਾਲਾਂ ਦੀ ਪੇਸ਼ਕਾਰੀਆਂ ਦੌਰਾਨ ਉਸ ਨੇ ਸਮਾਜ ਵਿੱਚ ਨਫ਼ਰਤ ਦਾ ਮਾਹੌਲ ਪੈਦਾ ਕਰਨ ਦਾ ਕੋਈ ਵੀ ਮੌਕਾ ਨਹੀਂ ਖੁੰਝਾਇਆ। ਕਦੇ ਉਹ ਦੁਨੀਆਂ ਭਰ ਦੇ ਅੱਤਵਾਦ ਦਾ ਕਾਰਨ ਇਸਲਾਮ ਨੂੰ ਦੱਸਦੀ, ਕਦੇ ਕਹਿੰਦੀ ਕਿ ਸਿਰਫ਼ ਪਰਵਾਸੀ ਹੀ ਸੈਂਟਰ ਲਿੰਕ ਤੇ ਬੋਝ ਹਨ, ਕਦੇ ਕਹਿੰਦੀ ਬਾਹਰੋਂ ਆਏ ਸਾਰੇ ਪ੍ਰਵਾਸੀ ਰੁਜ਼ਗਾਰ ਲੈ ਗਏ ਅਤੇ ਤੁਹਾਨੂੰ (ਗੋਰੇ ਲੋਕਾਂ ਨੂੰ) ਬੇਰੁਜ਼ਗਾਰ ਕਰ ਰਹੇ ਹਨ, ਕਦੇ ਕਹਿੰਦੀ ਸਰਕਾਰ ਤੁਹਾਡੇ ਪੈਸੇ (ਗੋਰੇ ਲੋਕਾਂ ਦੇ) ਗਰੀਬ ਮੁਲਕਾਂ ਨੂੰ ਏਡ ਵਿੱਚ ਦਿੰਦੀ ਹੈ, ਕਦੇ ਕਹਿੰਦੀ ਸੰਯੁਕਤ ਰਾਸ਼ਟਰ ਬਹੁਤ ਵੱਡੀ ਸਾਜ਼ਿਸ਼ ਹੈ ਅਤੇ ਕਦੇ ਕਹਿੰਦੀ ਵਾਤਾਵਰਨ ਵਿੱਚ ਆ ਰਹੀਆਂ ਤਬਦੀਲੀਆਂ ਕੋਰਾ ਝੂਠ। ਕਹਿਣ ਦਾ ਭਾਵ ‘ਹਰ ਵੇਲੇ ਨਫ਼ਰਤ’। ‘ਹਰ ਵੇਲੇ ਨਫ਼ਰਤ’, ਹੀ ਉਸ ਦੀ ਪਾਰਟੀ ਦੇ ਮੁੱਢਲੇ ਸਿਧਾਂਤ ਰਿਹਾ। ਬਹੁ-ਸੱਭਿਆਚਾਰਕ ਸਮਾਜ ਬਾਰੇ ਉਸ ਦੇ ਵਿਚਾਰ ਅਤੇ ਕੋਸ਼ਿਸ਼ਾਂ ਸਦਾ ਨਫ਼ਰਤ ਭਰੀਆਂ ਰਹੀਆਂ ਹਨ। ਉਹ ਅਕਸਰ ਕਹਿੰਦੀ ਹੈ ਕਿ “ਬਹੁ-ਸੱਭਿਆਚਾਰ ਇੱਕ ਫ਼ੇਲ੍ਹ ਵਰਤਾਰਾ ਹੈ ਤੇ ਇਹ ਦੁਨੀਆਂ ਵਿੱਚ ਸਭ ਥਾਂ ਫ਼ੇਲ੍ਹ ਹੋਇਆ ਹੋਇਆ ਹੈ।” ਉਹ ਅਕਸਰ ਇਹ ਵੀ ਦਾਅਵਾ ਕਰਦੀ ਰਹਿੰਦੀ ਹੈ ਕਿ ਜਦੋਂ ਵੀ ਵੰਨ ਨੇਸ਼ਨ ਸੱਤਾ ਵਿੱਚ ਆਈ ਤਾਂ ਬਹੁ-ਸਭਿਆਚਾਰ ਨੂੰ ਖਤਮ ਕਰ ਦੇਵੇਗੀ। ਕਿਵੇਂ ਖਤਮ ਕਰੇਗੀ? ਇਸ ਬਾਰੇ ਕਦੇ ਕੋਈ ਖ਼ੁਲਾਸਾ ਨਹੀਂ।
ਵੰਨ ਨੇਸ਼ਨ ਅਤੇ ਲਿਬਰਲ ਪਾਰਟੀ ਨੇ ਪੁਰਾਣੀਆਂ ਲਿਬਰਲ ਸਰਕਾਰਾਂ ਦੇ ਆਪਣੇ ਹੀ ਪੈਦਾ ਕੀਤੇ ਮਸਲਿਆਂ ਦਾ ਡਰਾਵਾ ਦੇ ਕੇ ਅਤੇ ਕਿਸ਼ਤੀਆਂ ਵਿੱਚ ਆ ਰਹੇ ਵੱਖ-ਵੱਖ ਦੇਸ਼ਾਂ ਦੇ ਰਫ਼ਿਊਜੀਆਂ ਨੂੰ ਮੁੱਖ ਮੁੱਦਾ ਬਣਾ ਕੇ ਚੌਣਾਂ ਲੜਦੀ ਰਹੀ ਹੈ। ਪਾਰਟੀ ਲਈ ਇਸ ਤੋਂ ਸੁਨਹਿਰਾ ਮੌਕਾ ਹੋਰ ਕੋਈ ਨਹੀਂ ਹੋ ਸਕਦਾ ਸੀ।
ਉਸ ਦੇ ਇਹਨਾਂ ਤੱਤੇ ਵਿਚਾਰਾਂ ਕਾਰਣ ਬਹੁਤ ਸਾਰੇ ਲੋਕਾਂ ਨੂੰ ਪਾਲਿਨ ਹੈਨਸਨ ਬਹੁਤ ਸਮੱਸਿਆਵਾਂ ਦਾ ਇਲਾਜ ਲੱਗਣ ਲੱਗੀ ਅਤੇ ਸਿੱਟੇ ਵਜੋਂ 2016 ਦੀਆਂ ਚੋਣਾਂ ਵਿੱਚ ਆਪਣੇ ਨਾਲ ਤਿੰਨ ਹੋਰ ਸੈਨੇਟਰ ਲੈ ਕੇ ਉਹ ਸੈਨੇਟਰ ਬਣਨ ‘ਚ ਕਾਮਯਾਬ ਹੋ ਗਈ।
ਇਸ ਵਾਰ ਉਸ ਦੀ ਪਹਿਲੀ ਸਪੀਚ ਵਿੱਚ ਏਸ਼ੀਅਨਾਂ ਦੀ ਥਾਂ ਮੁਸਲਮਾਨ ਨਿਸ਼ਾਨੇ ਤੇ ਸਨ। ਹੋ ਸਕਦਾ ਹੈ ਅਗਲੀ ਵਾਰ ਭਾਰਤੀ ਵੀ ਹੋਣ। ਆਪਣਾ ਪ੍ਰਵਾਸ ਵਿਰੋਧੀ ਏਜੰਡਾ ਲੈ ਜਿੱਤੀ ਪਾਲਿਨ ਬਹੁਤੀ ਵਾਰ ਸੰਸਦ ਵਿੱਚ ਲਿਬਰਲ ਪਾਰਟੀ ਨਾਲ ਵੱਡੀਆਂ ਕਾਰਪੋਰੇਸ਼ਨਾਂ ਦੇ ਹੱਕ ਵਿੱਚ ਅਤੇ ਲੋਕਲ ਕਾਮਿਆਂ ਦੇ ਖ਼ਿਲਾਫ਼ ਭੁਗਤਦੀ ਰਹੀ ਹੈ। ਆਪਣੇ ਰੁਤਬੇ ਨੂੰ ਪਰਵਾਸੀਆਂ ਦੇ ਪ੍ਰਵਾਸ ਦੇ ਉਲਟ ਜ਼ਹਿਰ ਉਗਲਨ ਲਈ ਵਰਤਦੀ ਰਹੀ।
ਕਦੇ ਸੜਕਾਂ ਤੇ ਜਾਮ ਦਾ ਕਾਰਨ ਪਰਵਾਸੀ, ਹਸਪਤਾਲ ਦੀਆਂ ਵੇਟਿੰਗ ਲਿਸਟਾਂ ਲਈ ਜ਼ਿੰਮੇਵਾਰ ਪ੍ਰਵਾਸੀ, ਕਦੇ ਘਰਾਂ ਦੀਆਂ ਵੱਧ ਰਹੀਆਂ ਕੀਮਤਾਂ ਲਈ ਜਿੰਮੇਵਾਰ ਪ੍ਰਵਾਸੀ। ਹਾਲਾਂਕਿ ਸੱਚ ਇਹ ਹੈ ਕਿ 2007 ਤੋਂ ਲੈ ਕੇ ਜੇ ਆਸਟ੍ਰੇਲੀਆ ਵਿੱਚ ਨੌਜਵਾਨ ਪਰਵਾਸ ਨਾ ਹੋਇਆ ਹੁੰਦਾ ਤਾਂ ਹੋ ਸਕਦਾ ਹੈ ਕਿ ਆਸਟ੍ਰੇਲੀਆ ਵੀ ਅੱਜ ਮੰਦਵਾੜੇ ਵਿੱਚ ਹੁੰਦਾ। ਸ਼ਿਹਰਾਂ ਦੇ ਬਾਹਰਲੇ ਇਲਾਕਿਆਂ ਵਿਚ ਘਰਾਂ ਦੇ ਗਾਹਕ ਖ਼ਾਸਕਰ ਪ੍ਰਵਾਸੀ ਹੀ ਹਨ। ਜਿਨ੍ਹਾਂ ਕਾਰਨ ਕਾਰੋਬਾਰ ਦੇ ਚੱਕਰ ਚੱਲਦੇ ਰਹੇ ਤੇ ਲੋਕਲ ਕਾਰੀਗਰਾਂ ਨੂੰ ਰੋਜ਼ਗਾਰ ਮਿਲ ਰਿਹਾ ਹੈ ਅਤੇ ਆਸਟ੍ਰੇਲੀਆ ਦੀਆਂ ਵਪਾਰਕ ਗਤੀਵਿਧੀਆਂ ਨਿਰੰਤਰ ਚੱਲ ਰਹੀਆਂ ।
ਜਿੱਥੇ ਕਦੇ ਬਾਜ਼ਾਰਾਂ ਵਿੱਚ ਸ਼ਾਮ ਪੰਜ ਵਜੇ ਤੋਂ ਬਾਅਦ ਉੱਲੂ ਬੋਲਦੇ ਸਨ ਉੱਥੇ ਦੇਰ ਰਾਤ ਤੱਕ ਡਾਕਟਰ, ਸ਼ਾਪਿੰਗ ਸੈਂਟਰ ,ਹੋਟਲ , ਰੈਸਟੋਰੈਂਟ ਖੁੱਲ੍ਹੇ ਮਿਲਦੇ ਹਨ, ਇਸ ਦਾ ਕਾਰਨ ਵੀ ਪਰਵਾਸੀ ਹੀ ਹਨ। ਇਸ ਵੇਲੇ ਪ੍ਰਵਾਸੀ ਡਾਕਟਰਾਂ ਦੀ ਗਿਣਤੀ ਆਸਟ੍ਰੇਲੀਆ ਵਿੱਚ ਪੈਦਾ ਹੋਏ ਡਾਕਟਰਾਂ ਦੀ ਗਿਣਤੀ ਤੋਂ ਵੱਧ ਹੈ ਅਤੇ ਮਜ਼ਬੂਤ ਸਿਹਤ ਢਾਂਚੇ ਦੀ ਰੀੜ੍ਹ ਦੀ ਹੱਡੀ ਹਨ। ਇਸ ਦੇ ਬਾਵਜੂਦ ਪਾਲਿਨ ਹੈਨਸਨ ਦੀ ਬੇਦਲੀਲੀ ਬਹਿਸ ਮੁੱਖ ਧਾਰਾ ਦੀ ਰਾਜਨੀਤੀ ਨੂੰ ਆਪਣੀ ਲਪੇਟ ਵਿੱਚ ਲੈਂ ਰਹੀ ਹੈ ਅਤੇ ਹਾਲ ਹੀ ਵਿੱਚ ਲਿਬਰਲ ਪ੍ਰਧਾਨ ਮੰਤਰੀ ਵੀ ਉਸ ਦੀ ਤਾਲ ਤੇ ਨੱਚਦੇ ਨਜ਼ਰ ਆਏ। ਆਪਣੀ ਨਵੀਂ ਨੀਤੀ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਨਵੇਂ ਪਰਵਾਸੀ ਦੂਰ ਦੁਰਾਡੇ ਖੇਤਰਾਂ ਵਿੱਚ ਵੱਸਣਗੇ, ਸ਼ਹਿਰਾਂ ਵਿੱਚ ਨਹੀਂ। ਪਰ ਉਹ ਇਸ ਗੱਲ ਦਾ ਹੱਲ ਦੱਸਣ ਵਿਚ ਅਸਮਰਥ ਹਨ ਕਿ ਇਹ ਸ਼ਹਿਰਾਂ ਵਿੱਚ ਮੌਜੂਦਾ ਭੀੜ ਦਾ ਹੱਲ ਕਿਵੇਂ ਹੋ ਸਕਦਾ ਹੈ! ਵਰਣਨ ਯੋਗ ਹੈ ਕਿ ਮੁੱਖ ਵਿਰੋਧੀ ਧਿਰ ਲੇਬਰ ਪਾਰਟੀ ਵੀ ਇਸ ਪੈਂਤੜੇ ਦਾ ਡਟ ਕੇ ਵਿਰੋਧ ਕਰਨ ਦੀ ਥਾਂ ਮੂਕ ਦਰਸ਼ਕ ਬਣੀ ਬੈਠੀ ਹੈ।
ਮਰਡੋਕ ਮੀਡੀਏ ਅਖ਼ਬਾਰ ਅਤੇ ਚੈਨਲ ਇਸ ਨੂੰ ਲਗਾਤਾਰ ਆਪਣੇ ਕਾਲਮਾਂ ਅਤੇ ਪ੍ਰੋਗਰਾਮ ਵਿੱਚ ਥਾਂ ਦਿੰਦੇ ਰਹੇ ਹਨ। ਨਤੀਜੇ ਵਜੋਂ ਇਸ ਵੇਲੇ ਮੁੱਖ ਪਾਰਟੀਆਂ ਵੀ ਇੱਥੋਂ ਦੀਆਂ ਸਮੱਸਿਆਵਾਂ ਦੀ ਜੜ੍ਹ ਪਰਵਾਸ ਦੱਸਣ ਲੱਗੀਆਂ ਹਨ। ਪਰਵਾਸੀਆਂ ਦੀ ਆਮਦ ਅਤੇ ਉਨ੍ਹਾਂ ਦੀ ਸਖ਼ਤ ਮਿਹਨਤ ਨੂੰ ਆਸਟ੍ਰੇਲੀਆ ‘ਚ ਤਰੱਕੀ ਦਾ ਕਾਰਨ ਦੱਸਣ ਦੀ ਥਾਂ ਇਸ ਦੀ ਗਿਣਤੀ ਵਿੱਚ ਕਟੌਤੀ ਕਰਨਾ ਦੋਵੇਂ ਵੱਡੀਆਂ ਪਾਰਟੀਆਂ ਦਾ ਮੁੱਖ ਮੁੱਦਾ ਬਣ ਗਿਆ ਹੈ। ਜਿਸ ਤਰੀਕੇ ਨਾਲ ਹੁਣ ਪਰਵਾਸ ਨੂੰ ਅੱਤਵਾਦ ਅਤੇ ਹੋਰ ਸਮੱਸਿਆਵਾਂ ਨਾਲ ਜੋੜ ਕੇ ਵਿਚਾਰਿਆ ਜਾ ਰਿਹਾ ਹੈ ਇਹ ਆਪਣੇ ਆਪ ਵਿੱਚ ਚਿੰਤਾਜਨਕ ਹੈ। ਕੱਲ੍ਹ ਨਿਸ਼ਾਨੇ ਤੇ ਕੌਣ ਹੋਵੇਗਾ ਕੋਈ ਪਤਾ ਨਹੀਂ। ਦੇਖਣ ‘ਚ ਇਹ ਵੀ ਆ ਰਿਹਾ ਕਿ ਭਾਰਤੀ ਆਰ ਐੱਸ ਐੱਸ ਸੋਚ ਰੱਖਣ ਵਾਲੇ ਕੁਝ ਲੋਕ ਵਨ ਨੇਸ਼ਨ ਨਾਲ਼ ਨੇੜਤਾ ਬਣਾ ਰਹੇ ਹਨ।
ਪਿੱਛੇ ਜਿਹੇ ਕ੍ਰਾਈਸਚਰਚ ਵਿੱਚ ਗੋਰੇ ਅੱਤਵਾਦੀ ਵੱਲੋਂ ਕੀਤੇ ਹਮਲੇ ਦੌਰਾਨ ਪਚਾਸੀ ਸਫ਼ਿਆਂ ਦਾ ਜੋ ਜ਼ਹਿਰੀਲਾ ਮਨੋਰਥ ਪੱਤਰ ਉਸਨੇ ਜਾਰੀ ਕੀਤਾ ਸੀ ਉਹ ਪਾਲਿਨ ਹੈਨਸਨ ਦੀ ਨਸਲਪ੍ਰਸਤ ਨੀਤੀ ਤੋਂ ਹੀ ਪ੍ਰਭਾਵਿਤ ਜਾਪਦਾ ਹੈ।
ਦੁਨੀਆਂ ਭਰ ਵਿੱਚ ਚੱਲ ਰਹੇ ਇਸ ਤਰ੍ਹਾਂ ਦੇ ਰਾਜਨੀਤਕ ਨਫ਼ਰਤ ਵਾਲੇ ਵਰਤਾਰਿਆਂ ਨੂੰ ਪਾਲਿਨ ਹੈਨਸਨ ਆਪਣਾ ਡਟ ਕੇ ਸਮਰਥਨ ਦਿੰਦੀ ਹੈ ਅਤੇ ਆਸਟ੍ਰੇਲੀਆ ਵਿੱਚ ਉਨ੍ਹਾਂ ਨਾਲ ਰੈਲੀਆਂ ਆਦਿ ਵੀ ਕਰਦੀ ਹੈ। ਪਿਛਲੇ ਦਿਨੀਂ ਹੋਏ ਵੀਡੀਓ ਖ਼ੁਲਾਸਿਆਂ ਦੇ ਮੁਤਾਬਿਕ ਉਹ ਨਿਊਜ਼ੀਲੈਂਡ ਵਰਗੀਆਂ ਘਟਨਾਵਾਂ ਨੂੰ ਹਥਿਆਰ ਰੱਖਣ ਦੀ ਆਜ਼ਾਦੀ ਵਿਰੋਧੀ ਸ਼ਾਜਸ਼ ਦੱਸਦੀ ਹੋਈ ਖੁੱਲ੍ਹੇ ਹਥਿਆਰ ਰੱਖਣ ਦੀ ਪੈਰਵਾਈ ਵੀ ਕਰਦੀ ਹੈ।
ਦੁੱਖ ਦੀ ਗੱਲ ਇਹ ਹੈ ਕਿ ਮਿਹਨਤ ਵਿੱਚ ਖੁੱਭੇ ਪ੍ਰਵਾਸੀ ਚੌਵੀ ਘੰਟੇ ਮਿਹਨਤ ਤੋਂ ਬਿਨਾਂ ਕਿਸੇ ਪਾਸੇ ਨਹੀਂ ਦੇਖਦੇ ਅਤੇ ਉਨ੍ਹਾਂ ਦੀ ਰਾਜਨੀਤਿਕ ਨੁਮਾਂਇੰਦਗੀ ਨਾਂਹ ਦੇ ਬਰਾਬਰ ਹੈ। ਆਉਣ ਵਾਲੀਆਂ ਚੋਣਾਂ ਫਿਰ ਪਰਵਾਸ ਦੇ ਮੁੱਦੇ ਤੇ ਲੜੀਆਂ ਜਾ ਰਹੀਆਂ ਹਨ ਨਾ ਕਿ ਪ੍ਰਗਤੀ ਅਤੇ ਪ੍ਰਗਤੀ ਦੀਆਂ ਨੀਤੀਆਂ ਤੇ। ਇਹ ਮੁੱਖ ਧਾਰਾ ਦੀ ਰਾਜਨੀਤਕ ਸੋਚ ਨੂੰ ਲੱਗੀ ਢਾਹ ਦਾ ਨਤੀਜਾ ਹੈ। ਮੰਦਵਾੜੇ ਨਾਲ ਘੱਟ ਕਾਰੋਬਾਰ, ਘਟਦੀਆਂ ਨੌਕਰੀਆਂ, ਤਨਖ਼ਾਹਾਂ ਦੇ ਵਾਧੇ, ਮਹਿੰਗਾਈ ਦਰਾਂ ਨੂੰ ਪਰਵਾਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹੋਰ ਕੋਈ ਵੀ ਸਾਰਥਿਕ ਚੋਣ ਬਹਿਸ ਨਹੀਂ।
ਵਾਤਾਵਰਨ ਵਿੱਚ ਹੋ ਰਹੀਆਂ ਤਬਦੀਲੀਆਂ, ਵਧ ਰਹੀ ਆਬਾਦੀ ਕਾਰਨ ਦੁਨੀਆਂ ਭਰ ਵਿੱਚ ਖਾਧ ਪਦਾਰਥਾਂ ਦੀ ਘਾਟ, ਆਸਟ੍ਰੇਲੀਆ ਲਈ ਇੱਕ ਵਰਦਾਨ ਦਾ ਰੂਪ ਹੋ ਸਕਦੀ ਹੈ। ਇਸ ਵੇਲੇ ਫਲਾਂ ਦਾ ਵੱਡਾ ਹਿੱਸਾ ਬਾਗ਼ਬਾਨੀ ਵਿੱਚ ਨਕਾਰ ਕੇ ਸੁੱਟ ਦਿੱਤਾ ਜਾਂਦਾ ਹੈ। ਇੱਥੋਂ ਦੀ ਖੇਤੀਬਾੜੀ ਨੂੰ ਸੁਧਾਰਨ ਅਤੇ ਪੈਦਾਵਾਰ ਨੂੰ ਬਾਹਰ ਭੇਜਣ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਕਿਸੇ ਦੇ ਚਿੱਤ ਚੇਤੇ ਵੀ ਨਹੀਂ। ਅਗਰ ਚੇਤੇ ਹੈ ਤਾਂ ਸਿਰਫ਼ ਮਾਨਿੰਗ ਕੰਪਨੀਆਂ ਤੋਂ ਪੈਸੇ ਲੈ ਇੱਥੇ ਪਾਣੀ ਤੇ ਹਵਾ ਨੂੰ ਬਰਬਾਦ ਕਰਨਾ ਨਵੀਆਂ ਕੋਲੇ ਦੀਆਂ ਖਾਣਾ ਲਗਾਉਣੀਆਂ। ਪ੍ਰਵਾਸ ਅਤੇ ਪ੍ਰਵਾਸੀਆਂ ਨੂੰ ਨਫ਼ਰਤ ਕਰਨ ਵਾਲੇ ਬੜੇ ਚਾਅ ਨਾਲ ਅਦਾਨੀ ਵਰਗੀਆਂ ਵਿਦੇਸ਼ੀ ਕੰਪਨੀਆਂ ਤੋਂ ਚੋਣ ਫ਼ੰਡ ਲੈਂਦੇ ਹਨ। ਜਿਸ ਨੂੰ ਹਾਲ ਹੀ ਵਿੱਚ ਸਾਰੇ ਕਾਨੂੰਨ ਛਿੱਕੇ ਟੰਗ ਕੇ ਅਸੀਮਿਤ ਪਾਣੀ ਵਰਤਣ ਦੀ ਇਜਾਜ਼ਤ ਦਿੱਤੀ ਗਈ ਹੈ ਵਰਣਨ ਯੋਗ ਹੈ ਕਿ ਖਾਨਾਂ ਦੀ ਜਗ੍ਹਾ ਦੇ ਆਸ ਪਾਸ ਕਿਸਾਨ ਸੋਕੇ ਦੀ ਮਾਰ ਝੱਲ ਰਹੇ ਹਨ।
ਜਿੱਥੇ ਇੱਕ ਪਾਸੇ ਰਾਜਨੇਤਾ ਨਫ਼ਰਤ ਨਾਲ਼ ਸਮਾਜ ਨੂੰ ਹੋਰ ਨਿਵਾਣਾਂ ਵੱਲ ਲੈ ਕੇ ਜਾ ਰਹੇ ਹਨ ਉੱਥੇ ਜ਼ਿਆਦਾਤਰ ਪ੍ਰਵਾਸੀ ਅਗਲੀ ਵੱਡੀ ਕਾਰ, ਇਕ ਹੋਰ ਨਵਾਂ ਘਰ ਲੈਣ ਵਿਚ ਰੁੱਝੇ ਹੋਏ ਹਨ। ਪਿਛਲੇ ਦਿਨੀਂ ਕਈ ਲਾਲਚ ਵੱਸ ਪ੍ਰਵਾਸੀ ਤਾਂ ਪਾਲਿਨ ਹੈਨਸਨ ਅਤੇ ਉਸ ਦੇ ਨੁਮਾਇੰਦਿਆਂ ਨਾਲ ਫ਼ੋਟੋਆਂ ਤੱਕ ਖਿਚਾਉਂਦੇ ਵੀ ਨਜ਼ਰ ਆਏ ਹਨ। ਹੱਦ ਤਾਂ ਇਹ ਹੈ ਕਿ ਪਾਲਿਨ ਹੈਨਸਨ ਆਰਐਸਐਸ ਦੀ ਤਰਜ਼ ਤੇ ਹਿੰਦੁਸਤਾਨ ਦੇ ਮੁਗਲ ਇਤਿਹਾਸ ਦਾ ਲਾਹਾ ਲੈ ਪ੍ਰਵਾਸੀਆਂ ਨੂੰ ਇੱਕ ਦੂਜੇ ਦੇ ਉਲਟ ਕਰਨ ਦੀ ਵੀ ਕੋਸ਼ਿਸ਼ ਸਮੇਂ-ਸਮੇਂ ਕਰਦੀ ਰਹੀ ਹੈ। ਅਜਿਹੇ ਸਮੇਂ ਲੋੜ ਹੈ ਧਰਮ ਨਿਰਪੱਖ ਵੱਡਿਆਂ ਕਾਰੋਬਾਰੀ ਘਰਾਨਿਆਂ ਤੋਂ ਪੈਸਾ ਨਾ ਲੈਣ ਵਾਲੀਆਂ ਲੋਕ ਪੱਖੀ ਧਿਰਾਂ ਨਾਲ ਖੜ੍ਹਨ ਦੀ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਬਹਿਸ ਲੋਕ ਮੁੱਦਿਆਂ ਦੀ ਹੋਵੇ ਨਾ ਕਿ ਲੋਕਾਂ ਨੂੰ ਮੁੱਦੇ ਬਣਾਇਆ ਜਾਵੇ ।

Install Punjabi Akhbar App

Install
×