26 ਜਨਵਰੀ 2021

ਸਹੀ ਕਾਰਜ ਦਾ ਸਹੀ ਵਕਤ ਤੇ ਕਰਨਾ ਕਾਰਜ ਪਿੱਛੇ ਛੁਪੇ ਮਕਸਦ ਨੂੰ ਹੀ ਬਿਆਨ ਨਹੀਂ ਕਰਦਾ ਬਲਕਿ ਸਮੇਂ ਦੇ ਚਿੱਤਰਪਟ ਤੇ ਆਪਣੀ ਸੁਨਹਿਰੀ ਛਾਪ ਵੀ ਛੱਡ ਜਾਂਦਾ ਤਾਂ ਜੋ ਆਉਣ ਵਾਲੀਆਂ ਨਸਲਾਂ ਉਸ ਉੱਪਰ ਮਾਣ ਕਰ ਸਕਣ ਅਤੇ ਸੇਧ ਲੈ ਸਕਣ। ਇਸੇ ਪ੍ਰਕਾਰ ਸਹੀ ਕਾਰਜ ਦਾ ਗ਼ਲਤ ਵਕਤ ਤੇ ਕਰਨਾ ਜਾਂ ਕਰਵਾਏ ਜਾਣਾ ਭਿਅੰਕਰ ਨਤੀਜੇ ਸਾਹਮਣੇ ਲਿਆਉਂਦਾ ਹੈ। ਖ਼ਾਸਕਰ ਇਹੋ ਜਿਹੇ ਕਾਰਜ ਜਦੋਂ ਕਿਸੇ ਜਨ ਅੰਦੋਲਨ ਦੇ ਜਿੱਤ ਦੇ ਨਜ਼ਦੀਕ ਪਹੁੰਚ ਕੇ ਵਾਪਰਨ ਤਾਂ ਨੁਕਸਾਨ ਦਾ ਅੰਦਾਜ਼ਾ ਲਾਉਣਾ ਵੀ ਬੇਹੱਦ ਮੁਸ਼ਕਿਲ ਪ੍ਰਤੀਤ ਹੁੰਦਾ। ਕੁੱਝ ਇਹੋ ਜਿਹਾ ਹੀ ਹੋਇਆ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ ਮੰਨੇ ਜਾਣ ਵਾਲੇ ਭਾਰਤ ਵਿਚ। ਜਿੱਥੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦੇਸ਼ ਦੀ ਜਰਨੈਲੀ ਸੜਕ ਤੇ ਸਥਿਤ ਗੁਰਾਂ ਦੇ ਨਾਂ ਤੇ ਜਿਊਣ ਵਾਲੇ ਜੋਧਿਆਂ, ਸ਼ਹੀਦਾਂ ਦੀ ਧਰਤੀ ਪੰਜਾਬ ਤੋਂ ਸ਼ੁਰੂ ਹੋਇਆ ਅੰਦੋਲਨ ਹੋਲੀ-ਹੋਲੀ ਜਨ-ਅੰਦੋਲਨ ਵਿਚ ਤਬਦੀਲ ਹੋ ਗਿਆ। ਦਿੱਲੀ ਦੀਆਂ ਬਰੂੰਹਾਂ ਤੀਰਥ ਸਥਾਨਾਂ ਵਿਚ ਤਬਦੀਲ ਹੋ ਗਈਆਂ। ਏਨਾ ਵੱਡਾ ਜਨ-ਅੰਦੋਲਨ ਤੇ ਏਨਾ ਸ਼ਾਂਤਮਈ। ਦੁਨੀਆ ਅੰਦਰ ਹਰ ਕਿਸੇ ਦੀ ਨਿਗਾਹ ਵਿਚ ਸਤਿਕਾਰ ਤੇ ਜ਼ੁਬਾਨ ਤੇ ਅਰਦਾਸ ਇਸ ਅੰਦੋਲਨ ਦੀ ਕਾਮਯਾਬੀ ਦੀ। ਨਾਲ ਹੀ ਵਕਤ ਸੀ ਪ੍ਰੀਖਿਆ ਦਾ, ਯਕੀਨ ਸੀ ਕਿ ਪਰਮ ਸ਼ਕਤੀ ਦੀ ਅਗਵਾਈ ਵਿਚ ਸਭ ਚੰਗਾ ਹੋ ਰਿਹਾ ਤੇ ਹੋਵੇਗਾ, 26 ਜਨਵਰੀ ਦੇਸ਼ ਦਾ ਗਣਤੰਤਰ ਦਿਵਸ, ਦੇਸ਼ ਦਾ ਕਿਸਾਨ ਲੱਖਾਂ ਦੀ ਤਾਦਾਦ ਵਿਚ ਇਸ ਦਿਹਾੜੇ ਤੇ ਆਪਣੀ ਹਾਜ਼ਰੀ ਲਵਾਉਣ ਪਹੁੰਚਿਆ ਤੇ ਸ਼ਾਂਤਮਈ ਤਰੀਕੇ ਨਾਲ ਟਰੈਕਟਰ ਪਰੇਡ ਜ਼ਰੀਏ ਆਪਣਾ ਰੋਸ ਵੀ ਜ਼ਾਹਿਰ ਕੀਤਾ। ਦਿੱਲੀ ਦੇ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਦੂਸਰੇ ਪਾਸੇ ਉਹ, ਜਿਸ ਦੀ ਉਮੀਦ ਕਿਸੇ ਨੂੰ ਨਹੀਂ ਸੀ। ਉਹ ਪਲ, ਉਹ ਸਮਾਂ ਜਿੱਥੇ ਜਜ਼ਬਾਤਾਂ ਨਾਲ ਭਰੀਆਂ ਰੂਹਾਂ, (ਜੋ ਦੋ ਮਹੀਨਿਆਂ ਤੋਂ ਦਿੱਲੀ ਦੀਆਂ ਬਰੂੰਹਾਂ ਤੇ ਸਰਬੱਤ ਦੇ ਭਲੇ ਹਿਤ ਕਾਰਜ ਕਰਦੀਆਂ ਦੁਨੀਆ ਲਈ ਮਿਸਾਲ ਬਣ ਚੁੱਕੀਆਂ ਸਨ) ਅਤੇ ਉਨ੍ਹਾਂ ਦੇ ਸੰਕੇਤਕ ਰੋਸ ਨੂੰ ਸੱਤਾਵਾਦੀ ਧਿਰਾਂ ਵੱਲੋਂ ਉਲੀਕੀਆਂ ਗਈਆਂ ਚਾਲਾਂ ਵਿਚ ਫਸਾ ਕੇ ਦੇਸ਼ ਦੀ ਰਾਸ਼ਟਰੀ ਧਰੋਹਰ ਉੱਪਰ ਕੇਸਰੀ ਤੇ ਕਿਸਾਨੀ ਝੰਡਾ ਫਹਿਰਾਉਣ ਦੇ ਗੁਨਾਹਗਾਰਾਂ, ਹੁੱਲੜਬਾਜ਼ਾਂ, ਹਿੰਸਕਾਂ ਵਜੋਂ ਪੂਰੀ ਦੁਨੀਆ ਦੇ ਸਾਹਮਣੇ ਚੀਕ ਚੀਕ ਕੇ ਪੇਸ਼ ਕੀਤਾ ਗਿਆ। ਬਿਆਨਾਂ ਦਾ ਬਾਜ਼ਾਰ ਗਰਮ ਹੋਇਆ।
ਦੀਪ ਸਿੱਧੂ ਆਰ.ਐਸ.ਐਸ ਦਾ ਬੰਦਾ, ਦੀਪ ਸਿੱਧੂ ਗ਼ੱਦਾਰ, ਦੀਪ ਸਿੱਧੂ ਲਾਲ ਕਿਲ੍ਹੇ ਵਿਚ ਵਾਪਰੀ ਹਿੰਸਾ ਦਾ ਜ਼ਿੰਮੇਵਾਰ, ਦੀਪ ਸਿੱਧੂ ਨੇ ਸਰਕਾਰ ਨਾਲ ਮਿਲ ਕੇ ਸਭ ਕੁੱਝ ਕੀਤਾ।
ਉਹੀ ਦੀਪ ਸਿੱਧੂ, ਜੋ ਇਸ ਅੰਦੋਲਨ ਦੇ ਪੰਜਾਬ ਵਿਚ ਸ਼ੁਰੂ ਹੋਣ ਤੋਂ ਲੈ ਕੇ ਹਮੇਸ਼ਾ ਕਿਸਾਨ ਜਥੇਬੰਦੀਆਂ ਦੇ ਨਿਸ਼ਾਨੇ ਤੇ ਰਿਹਾ। ਵਿਚਾਰਧਾਰਕ ਮਤਭੇਦਾਂ ਕਾਰਨ। ਉਸ ਨੇ ਹਮੇਸ਼ਾ ਕਿਹਾ ਇਹ ਕੇਵਲ ਕਿਸਾਨੀ ਦਾ ਮਸਲਾ ਨਹੀਂ ਸਗੋਂ ਸਾਡੀ ਹੋਂਦ ਦਾ ਮਸਲਾ। ਜੋ ਹਮੇਸ਼ਾ ਇਹੀ ਆਖਦਾ ਕਿ ਸੰਘਰਸ਼ਾਂ ਦੇ ਵਹਿਣ ਹੁੰਦੇ ਨੇ ਤੇ ਕਈ ਵਾਰ ਤੁਸੀਂ ਚਾਹੋ ਭਾਵੇਂ ਨਾ ਤੁਸੀਂ ਉਸ ਵਹਿਣ ਵਿਚ ਵਹਿ ਜਾਂਦੇ ਹੋ। ਹੁਣ ਵੀ ਉਹ ਇਹੀ ਮੰਨਦਾ ਕਿ 26 ਜਨਵਰੀ ਵਾਲੀ ਘਟਨਾ ਵੇਲੇ ਵੀ ਜਜ਼ਬਾਤੀ ਲੋਕਾਂ ਦੇ ਵਹਿਣ ਨਾਲ ਉਹ ਵੀ ਵਹਿ ਗਿਆ। ਉਸਦੇ ਨਾਲ ਕਈ ਹੋਰ ਵੀ ਲਾਲ ਕਿਲ੍ਹੇ ਉੱਪਰ ਕੇਸਰੀ ਝੰਡਾ ਝੁਲਾਉਣ ਨੂੰ ਸਹੀ ਦੱਸ ਰਹੇ ਹਨ ਪਰ ਇਹ ਵੀ ਮੰਨਣਾ ਪਵੇਗਾ ਕਿ ਕਾਰਜ ਗ਼ਲਤ ਨਹੀਂ ਸੀ ਪਰ ਵਕਤ ਗ਼ਲਤ ਸੀ। ਕਿਉਂਕਿ ਜਜ਼ਬਾਤਾਂ ਦੇ ਵਹਿਣ ਕਾਰਨ ਜੋ ਜਾਨੀ ਮਾਲੀ ਨੁਕਸਾਨ ਹੋਇਆ ਉਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕੀ ਨਵਰੀਤ ਦੇ ਪਰਿਵਾਰ ਨੂੰ ਪਿਆ ਘਾਟਾ ਪੂਰਾ ਕੀਤਾ ਜਾ ਸਕਦਾ? ਕੀ ਉਸ ਘਟਨਾ ਦੇ ਦੋਸ਼ੀ ਕਹਿ ਕੇ ਜੇਲ੍ਹਾਂ ਵਿਚ ਡੱਕੇ ਗਏ ਬੇਗੁਨਾਹਾਂ ਦੇ ਪਰਿਵਾਰਾਂ ਨੂੰ ਜਵਾਬ ਦਿੱਤਾ ਜਾ ਸਕਦਾ? ਕੀ ਗ਼ਾਜ਼ੀਪੁਰ ਤੇ ਸਿੰਘੂ ਬਾਰਡਰ ਉਪਰ ਬੇਗੁਨਾਹਾਂ ਤੇ ਹੋਏ ਹਮਲੇ ਦਾ ਜਵਾਬ ਹੈ ਕੋਈ? ਅੰਦੋਲਨ ਵਾਲੀਆਂ ਥਾਵਾਂ ਤੇ ਗੁਆਂਢੀ/ਦੁਸ਼ਮਣ ਦੇਸ਼ਾਂ ਨਾਲੋਂ ਵੀ ਵਧੇਰੇ ਸਖ਼ਤੀ ਦੇ ਇੰਤਜ਼ਾਮ ਦਾ ਹੋਣਾ ਕੀ ਇਸੇ ਘਟਨਾ ਕਾਰਨ ਨਹੀਂ?
ਪਰ ਦੀਪ ਸਿੱਧੂ ਦਾ ਲਾਲ ਕਿਲ੍ਹੇ ਤੇ ਹੀਰੋ ਬਣਕੇ ਨਿਕਲਣਾ ਅਤੇ ਸੰਬੋਧਿਤ ਕਰਨਾ ਉਸ ਲਈ ਵੀ ਅਨੇਕਾਂ ਮੁਸ਼ਕਲਾਂ ਖੜੀਆਂ ਕਰ ਗਿਆ। ਆਖ਼ਿਰ 9 ਫਰਵਰੀ 2021 ਨੂੰ ਕਰਨਾਲ ਤੋਂ ਗ੍ਰਿਫ਼ਤਾਰ ਕਰਕੇ ਉਸ ਉੱਪਰ ਦੰਗੇ ਭੜਕਾਉਣ,ਡਕੈਤੀ, Ancient Monuments and Archaeological Sites and Remains Act ਦੀ provision ਤਹਿਤ ਵੀ ਪਰਚਾ ਦਰਜ਼ ਕਰਕੇ ਸੱਤ ਦਿਨਾਂ ਦੀ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਦੀਪ ਸਿੱਧੂ ਆਪਣੇ ਆਪ ਨੂੰ ਬੇਗੁਨਾਹ ਸਾਬਿਤ ਕਰ ਪਾਉਂਦਾ ਹੈ ਜਾਂ ਫਿਰ ਉਸ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ। ਕਿਉਂਕਿ ਕਿਸਾਨ ਜਥੇਬੰਦੀਆਂ ਵੱਲੋਂ ਦੀਪ ਸਿੱਧੂ ਦੇ ਹੱਕ ਵਿਚ ਖੜੇ ਹੋਣ ਤੋਂ ਸਾਫ਼ ਇਨਕਾਰ ਕੀਤਾ ਗਿਆ ਹੈ ਪਰ ਫਿਰ ਵੀ ਵੱਡੀ ਸੰਖਿਆ ਵਿਚ ਨੌਜਵਾਨ, ਸਿੱਖ ਜਥੇਬੰਦੀਆਂ ਸਿੱਧੂ ਦੇ ਹੱਕ ਵਿਚ ਨਿੱਤਰ ਕੇ ਸਾਹਮਣੇ ਆਈਆਂ ਹਨ। ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ‘ਕੁੱਝ ਤਸਵੀਰਾਂ ਕਾਰਨ ਨਹੀਂ ਬਣ ਸਕਦੀਆਂ ਕਿਸੇ ਨੂੰ ਗ਼ੱਦਾਰ ਕਹਿਣ ਲਈ। ਜੇ ਕੁੱਝ ਨੌਜਵਾਨਾਂ ਨੇ ਗਰਮਜੋਸ਼ੀ ਨਾਲ ਕੁੱਝ ਕਰ ਦਿੱਤਾ ਤਾਂ ਦਿੱਲੀ ਪੁਲਿਸ ਨੂੰ ਉਨ੍ਹਾਂ ਦੀ ਬਲੀ ਤਾਂ ਨਹੀਂ ਦੇ ਸਕਦੇ। ਸਾਰਿਆਂ ਨੂੰ ਇੱਕਮੁੱਠ ਹੋਣ ਅਤੇ ਬਚਾਉਣ ਦੀ ਪੁਰਜ਼ੋਰ ਕੋਸ਼ਿਸ਼ ਕਰੀਏ। ਜੇ ਅਸੀਂ ਨੌਜਵਾਨੀ ਨੂੰ ਆਪਣੇ ਤੋਂ ਪਰ੍ਹੇ ਕਰ ਦਿੱਤਾ ਤਾਂ ਭਵਿੱਖ ਵਿਚ ਲੋਕ ਆਪਣੇ ਬੱਚਿਆਂ ਨੂੰ ਇਹੋ ਜਿਹੇ ਅੰਦੋਲਨਾਂ ਵਿਚ ਭੇਜਣ ਤੋਂ ਗੁਰੇਜ਼ ਕਰਨਗੇ। ‘
ਇਸੇ ਪ੍ਰਕਾਰ ਖ਼ਾਲਸਾ ਏਡ ਦੇ ਰਵੀ ਸਿੰਘ ਦਾ ਵੀ ਇਹੀ ਕਹਿਣਾ ਹੈ ਕਿ ‘ਜੇਕਰ ਸਾਡੇ ਪਰਿਵਾਰ ਵਿਚ ਲੜਾਈ ਹੁੰਦੀ ਹੈ ਤਾਂ ਬਾਹਰਲੀ ਦਖ਼ਲ-ਅੰਦਾਜ਼ੀ ਸਾਨੂੰ ਪਸੰਦ ਨਹੀਂ। ਸਾਡੇ ਪੰਥ ਅੰਦਰ ਬਹੁਤ ਸਾਰੇ ਮਤਭੇਦ ਰਹੇ ਹਨ ਅਸੀਂ ਉਨ੍ਹਾਂ ਵਖਰੇਵਿਆਂ ਦੇ ਚਲਦੇ ਵੀ ਆਪਸ ਵਿਚ ਇੱਕ ਦੂਜੇ ਨਾਲ ਬਹਿਸ ਵੀ ਕਰਦੇ ਆਏ ਹਾਂ ਅਤੇ ਵਿਚਾਰ-ਵਟਾਂਦਰੇ ਵੀ ਪਰ ਇੱਕ ਦੂਜੇ ਨਾਲ ਅਸਹਿਮਤੀ ਹੋਣ ਦਾ ਮਤਲਬ ਇਹ ਨਹੀਂ ਕਿ ਕੋਈ ਬਾਹਰਲਾ ਸਾਡੇ ਨੌਜਵਾਨਾਂ ਦੇ ਨਾਲ ਆ ਕੇ ਧੱਕਾ ਕਰੇ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਵੇ ਅਤੇ ਅਸੀਂ ਚੁੱਪ ਰਹਾਂਗੇ। ‘
ਇਸ ਦੇ ਨਾਲ ਹੀ ਜਥੇਬੰਦੀਆਂ ਨੂੰ ਇਹ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਔਖੀ ਘੜੀ ਵਿਚ ਮਤਭੇਦਾਂ ਨੂੰ ਪਾਸੇ ਰੱਖ ਕੇ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਜਲਦੀ ਤੋਂ ਜਲਦੀ ਪੁਲਿਸ ਹਿਰਾਸਤ ਵਿਚੋਂ ਰਿਹਾ ਕਰਵਾਇਆ ਜਾਵੇ। ਪਰ ਨਾਲ ਹੀ ਅੰਦੋਲਨ ਜਿਸ ਮੁਕਾਮ ਤੇ ਇਸ ਵਕਤ ਪਹੁੰਚ ਚੁੱਕਾ ਹੈ ਉੱਥੇ ਕਿਸਾਨ ਜਥੇਬੰਦੀਆਂ ਦੀ ਜ਼ਿੰਮੇਵਾਰੀ ਹੋਰ ਵੀ ਅਹਿਮ ਹੋ ਜਾਂਦੀ ਹੈ। ਸਰਕਾਰ ਦੇ ਨਾਲ ਹੀ ਨਹੀਂ ਸਗੋਂ ਨੌਜਵਾਨ ਪੀੜ੍ਹੀ ਨਾਲ ਵੀ ਸਕਾਰਾਤਮਕ ਸੰਵਾਦ ਰਚਾ ਕੇ ਆਪਸੀ ਮਤਭੇਦ ਨੂੰ ਦੂਰ ਕਰਕੇ ਸੰਘਰਸ਼ ਨੂੰ ਫ਼ਤਿਹ ਕਰਕੇ ਖ਼ੁਸ਼ੀ-ਖ਼ੁਸ਼ੀ ਘਰਾਂ ਨੂੰ ਪਰਤਿਆ ਜਾਵੇ।

Install Punjabi Akhbar App

Install
×