ਨਿਊ ਸਾਊਥ ਵੇਲਜ਼ ਹਸਪਤਾਲਾਂ ਦੇ ਆਪਾਤਕਾਲੀਨ ਵਿਭਾਗ ਲੱਭਣਗੇ ਘਰੇਲੂ ਹਿੰਸਾ ਦੇ ਪੀੜਿਤਾਂ ਨੂੰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਰਾਜ ਦੇ ਘਰੇਲੂ ਹਿੰਸਾ ਮਾਮਲਿਆਂ ਦੇ ਮੰਤਰੀ ਮਾਰਕ ਸਪੀਕਮੈਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਰਾਜ ਅੰਦਰ ਘੱਟੋ ਘੱਟ 6 ਹਸਪਤਾਲਾਂ ਦੇ ਆਪਾਤਕਾਲੀਨ ਵਿਭਾਗਾਂ ਨੂੰ ਘਰੇਲੂ ਹਿੰਸਾ ਦੇ ਪੀੜਿਤਾਂ ਨੂੰ ਲੱਭਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਉਕਤ ਪ੍ਰਾਜੈਕਟ ਲਈ ਸਰਕਾਰ ਨੇ ਅਲੱਗ ਤੋਂ 1.8 ਮਿਲੀਅਨ ਡਾਲਰਾਂ ਦਾ ਫੰਡ ਵੀ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਘਰੇਲੂ ਹਿੰਸਾ ਦੇ ਸ਼ਿਕਾਰ ਲੋਕਾਂ ਦੀ ਸਹੀ ਸਹੀ ਪਹਿਚਾਣ ਹੋਵੇਗੀ ਅਤੇ ਅਜਿਹੀਆਂ ਅ-ਸਮਾਜਿਕ ਕਾਰਵਾਈਆਂ ਕਰਨ ਵਾਲੇ ਲੋਕਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈਆਂ ਹੋਣਗੀਆਂ ਅਤੇ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਕਿ ਅਜਿਹੀਆਂ ਕਾਰਵਾਈਆਂ ਮੁੜ ਤੋਂ ਸਮਾਜ ਅੰਦਰ ਦੋਹਰਾਈਆਂ ਨਾ ਹੀ ਜਾਣ। ਦੇਸ਼ ਅੰਦਰ ਮੌਜੂਦਾ ਸਮੇਂ ਅੰਦਰ ਹਰ ਚਾਰ ਔਰਤਾਂ ਪਿੱਛੇ ਇੱਕ ਨੂੰ ਘਰੇਲੂ ਹਿੰਸਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਅਤੇ ਇਹ ਆਂਕੜਾ ਹੈਰਾਨ ਕਰ ਦੇਣ ਵਾਲਾ ਹੈ ਅਤੇ ਇਸਤੋਂ ਇਲਾਵਾ ਹਰ 9 ਦਿਨਾਂ ਬਾਅਦ ਇੱਕ ਔਰਤ ਦਾ ਕਤਲ ਹੋਣ ਵਾਲਾ ਆਂਕੜਾ ਵੀ ਸਨਸਨੀਖੇਜ਼ ਹੈ ਅਤੇ ਇਸ ਦੀ ਰੋਕਥਾਮ ਬਹੁਤ ਜ਼ਰੂਰੀ ਹੈ। ਸਿਹਤ ਮੰਤਰੀ ਬਰੈਡ ਹੈਜ਼ਰਡ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਸਾਨੂੰ ਅਜਿਹੀਆਂ ਔਰਤਾਂ ਦਾ ਮਨੋਬਲ ਵਧਾਉਣ ਵਾਸਤੇ ਬਹੁਤ ਕੁੱਝ ਕਰਨਾ ਪਵੇਗਾ ਜੋ ਕਿ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਅਜਿਹੇ ਘਿਨੌਣੇ ਅਪਰਾਧ ਆਪਣੇ ਆਪ ਉਪਰ ਝੇਲਦੀਆਂ ਹਨ। ਉਸ ਦੀਆਂ ਨਿਜੀ ਲੋੜਾਂ ਤੋਂ ਇਲਾਵਾ, ਉਸ ਨੂੰ ਸਿਹਤ ਵਿਭਾਗ ਵੱਲੋਂ ਵੀ ਮਦਦ ਕੀਤੀ ਜਾਵੇਗੀ ਅਤੇ ਉਸ ਉਪਰ ਹੋਏ ਤਸ਼ੱਦਦ ਕਰਨ ਵਾਲੇ ਨੂੰ ਸਜ਼ਾ ਦਿੱਤੀ ਜਾਵੇਗੀ ਅਤੇ ਉਸ ਪੀੜਿਤ ਦੀ ਸੁਰੱਖਿਆ ਅਤੇ ਮੁੜ-ਵਸੇਬੇ ਦਾ ਇੰਤਜ਼ਾਮ ਵੀ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਉਕਤ ਪ੍ਰਾਜੈਕਟ ਰਾਜ ਦੇ 6 ਹਸਪਤਾਲਾਂ ਦੇ ਆਪਾਕਾਲੀਨ ਵਿਭਾਗ ਵਿੱਚ ਅਗਲੇ 12 ਮਹੀਨਿਆਂ ਲਈ ਚਲਾਇਆ ਜਾ ਰਿਹਾ ਹੈ ਤਾਂ ਕਿ ਘਰੇਲੂ ਹਿੰਸਾ ਦੀ ਮੌਜੂਦਾ ਕੜੀ ਅਤੇ ਕਾਲ ਚੱਕਰ ਨੂੰ ਤੋੜਿਆ ਜਾ ਸਕੇ।

Install Punjabi Akhbar App

Install
×