ਸਰਕਾਰ ਨੇ ਕਰੋਨਾ ਵਾਇਰਸ ਦੇ ਬਚਾਅ ਤਹਿਤ ਦੂਜੇ ਰਾਊਂਡ ਦਾ ਪੈਕੇਜ ਕੀਤਾ ਪਾਸ

ਕਾਮਿਆਂ, ਸੇਵਾ ਮੁੱਕਤ ਅਤੇ ਛੋਟੇ ਕੰਮ ਧੰਦਿਆਂ ਵਾਲਿਆਂ ਨੂੰ ਮਿਲੇਗਾ ਸਹਾਰਾ

(ਐਸ.ਬੀ.ਐਸ.) ਫੈਡਰਲ ਸਰਕਾਰ ਵੱਲੋਂ ਪਾਰਲੀਮੈਂਟ ਅੰਦਰ ਦੂਜੇ ਰਾਊਂਡ ਦਾ ਕਰੋਨਾ ਤੋਂ ਬਚਾਅ ਦੇ ਤਹਿਤ 66 ਬਿਲੀਅਨ ਡਾਲਰ ਦਾ ਪੈਕੇਜ ਪਾਸ ਕਰ ਦਿੱਤਾ ਅਤੇ ਇਸ ਨਾਲ ਹੁਣ ਤੱਕ ਦਾ ਕੁੱਲ ਪੈਕੇਜ਼ 189 ਬਿਲੀਅਨ ਡਾਲਰ ਤੇ ਪਹੁੰਚ ਚੁਕਿਆ ਹੈ ਜੋ ਕਿ ਆਸਟ੍ਰੇਲੀਆ ਦੀ ਜੀ.ਡੀ.ਪੀ. ਦਾ 10% ਬਣਦਾ ਹੈ। ਇਸ ਤੋਂ ਇਲਾਵਾ ਸਰਕਾਰ ਨੇ ਵਾਅਦਾ ਵੀ ਕੀਤਾ ਹੈ ਕਿ ਹਾਲੇ ਬਹੁਤ ਕੰਮ ਕਰਨਾ ਹੈ ਅਤੇ ਹੋਰ ਵੀ ਪੈਕੇਜ ਦਾ ਐਲਾਨ ਪਰਤ ਦਰ ਪਰਤ ਕੀਤਾ ਜਾਵੇਗਾ। ਉਹ ਲੋਕ ਜਿਨਾ੍ਹਂ ਨੂੰ ਮਾਲੀ ਨੁਕਸਾਨ ਦਾ ਸਾਮਨਾ ਕਰਨਾ ਪੈ ਰਿਹਾ ਹੈ ਤਕਰੀਬਨ 20,000 ਡਾਲਰ ਦੀ ਰਾਸ਼ੀ ਮੁਹੱਈਆ ਕਰਵਾ ਰਹੀ ਹੈ ਜਿਸ ਤਹਿਤ ਵਿਤੀ ਸਾਲ 2019-20 ਅਤੇ 2020-21 ਦੌਰਾਨ 10,000 ਪ੍ਰਤੀ ਸਾਲ ਦੀ ਮਾਲੀ ਸਹਾਇਤਾ ਸੁਪਰਐਨੁਏਸ਼ਨ ਫੰਡ ਵਿੱਚ ਟਰਾਂਸਫਰ ਹੋਵੇਗੀ। ਇਸ ਲਾਭ ਨੂੰ ਪ੍ਰਾਪਤ ਕਰਨ ਵਾਲਿਆਂ ਵਿੱਚ ਉਹ ਲੋਕ ਸ਼ਾਮਿਲ ਹਨ ਜੋ ਕਿ ਹਾਲੇ ਕੰਮ ਲੱਭ ਰਹੇ ਹਨ, ਜਾਂ ਜਿਨਾ੍ਹਂ ਨੂੰ ਪੇਰੈਂਟਿੰਗ ਪੇਮੈਂਟ ਮਿਲਦੀ ਹੈ ਅਤੇ ਜਾਂ ਫੇਰ ਉਹ ਜਿਹੜੇ ਕਿ ਫਾਰਮ ਹਾਊਸਹੋਲਡ ਅਲਾਉਂਸ ਪ੍ਰਾਪਤ ਕਰਦੇ ਹਨ। ਇਸ ਵਾਸਤੇ (MyGov) ਵੈਬ ਸਾਈਟ ਉਪਰ ਜਾ ਕੇ ਇੱਕ ਜੁਲਾਈ 2020 ਤੋਂ ਪਹਿਲਾਂ ਪਹਿਲਾਂ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਫੇਰ ਇਸ ਤੋਂ ਤਿੰਨ ਮਹੀਨੇ ਬਾਅਦ ਦੂਜੇ ਰਾਊਂਡ ਦੀ ਪੇਮੈਂਟ ਵਾਸਤੇ ਅਪਲਾਈ ਕੀਤਾ ਜਾ ਸਕਦਾ ਹੈ। ਪੇਮੈਂਟ 27 ਅਪ੍ਰੈਲ 2020 ਤੋਂ ਮਿਲਣੀ ਸ਼ੁਰੂ ਹੋਵੇਗੀ। ਛੋਟੇ ਕੰਮ-ਧੰਦੇ ਵਾਲਿਆਂ ਲਈ ਜਿਨਾ੍ਹਂ ਦੀ ਟਰਨ ਓਵਰ 50 ਮਿਲੀਅਨ ਡਾਲਰ ਤੋਂ ਘੱਟ ਹੈ ਅਤੇ ਬਿਨਾ੍ਹਂ ਲਾਭ ਅੰਸ਼ ਦੇ ਕੰਮ ਕਰਨ ਵਾਲੀਆਂ ਚੈਰਿਟੀ ਸੰਸਥਾਵਾਂ ਵਾਸਤੇ ਇੱਕ ਲੱਖ ਡਾਲਰ ਤੱਕ ਦੀ ਰਾਸ਼ੀ ਦਾ ਪ੍ਰਾਵਧਾਨ ਰੱਖਿਆ ਗਿਆ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਰਾਸ਼ੀ ਨਾਲ ਕੰਮ-ਧੰਦਿਆਂ ਨੂੰ ਜੋ ਢਾਅ ਲੱਗੀ ਹੈ ਉਸ ਨੂੰ ਥੋੜਾ ਜਿਹਾ ਕਵਰ ਕੀਤਾ ਜਾ ਸਕੇਗਾ ਅਤੇ ਕੰਮ ਧੰਦੇ ਵੀ ਚਲਦੇ ਰਹਿਣਗੇ ਨਾਲ ਨੌਕਰੀਆਂ ਵੀ ਬਚੀਆਂ ਰਹਿਣਗੀਆਂ।