
ਨਿਊ ਸਾਊਥ ਵੇਲਜ਼ ਦੇ ਖੇਤੀਬਾੜੀ ਮੰਤਰੀ ਸ੍ਰੀ ਐਡਮ ਮਾਰਸ਼ਲ ਨੇ ਜਨਤਕ ਤੌਰ ਤੇ ਸਲਾਹ ਜਾਰੀ ਕਰਦਿਆਂ ਕਿਹਾ ਹੈ ਕਿ ਕੋਵਿਡ-19 ਦੀ ਮਾਰ ਤੋਂ ਬਾਅਦ ਹੁਣ ਲੋਕ ਆਮ ਤਰ੍ਹਾਂ ਦੀ ਜ਼ਿੰਦਗੀ ਵਤੀਤ ਕਰਨ ਵਿੱਚ ਮਸਤ ਹੋ ਰਹੇ ਹਨ ਪਰੰਤੂ ਇਹ ਵੀ ਜ਼ਰੂਰੀ ਯਾਦ ਰੱਖਣਾ ਚਾਹੀਦਾ ਹੈ ਕਿ ਕਰੋਨਾ ਹਾਲੇ ਖਤਮ ਨਹੀਂ ਹੋਇਆ ਅਤੇ ਅਹਿਤਿਆਦ ਜ਼ਰੂਰੀ ਹਨ। ਇਸ ਵਾਸਤੇ ਇਹ ਵੀ ਜ਼ਰੂਰੀ ਹੈ ਕਿ ਆਪਣੇ ਘਰਾਂ ਅੰਦਰ ਰੱਖੇ ਗਏ ਭੋਜਨ ਨੂੰ ਸਹੀ ਤਰੀਕਿਆਂ ਦੇ ਨਾਲ ਖਰਾਬ ਹੋਣ ਤੋਂ ਬਚਾ ਕੇ ਰੱਖੋ ਅਤੇ ਇਸਨੂੰ ਸਿਹਤਮੰਦ ਵੀ ਬਣਾ ਕੇ ਰੱਖੋ ਤਾਂ ਕਿ ਇਸ ਭੋਜਨ ਨਾਲ ਤੁਹਾਡੀ ਸਿਹਤ ਹਮੇਸ਼ਾ ਚੰਗੀ ਰਹੇ। ਇਸ ਵਾਸਤੇ ਜ਼ਰੂਰੀ ਹੈ ਕਿ ਆਪਣੇ ਘਰਾਂ ਦੇ ਫਰਿਜ ਨੂੰ 5 ਡਿਗਰੀ ਸੈਲਸੀਅਸ ਜਾਂ ਇਸਤੋਂ ਥੱਲੇ ਰੱਖੋ; ਫਰਿਜ ਅੰਦਰ ਜ਼ਰੂਰਤ ਤੋਂ ਜ਼ਿਆਦਾ ਸਾਮਾਨ ਨਾ ਭਰੋ ਅਤੇ ਫਰਿਜ ਦੀ ਸਮਰੱਥਾ ਮੁਤਾਬਿਕ ਖਾਣ ਪੀਣ ਦਾ ਸਾਮਾਨ ਰੱਖੋ ਤਾਂ ਜੋ ਇਹ ਸਾਮਾਨ ਖੁਲ੍ਹਾ-ਡੁੱਲ੍ਹਾ ਫਰਿਜ ਵਿੱਚ ਆਵੇ; ਜਦੋਂ ਵੀ ਤੁਸੀਂ ਨਵਾਂ ਅਤੇ ਤਾਜ਼ਾ ਭੋਜਨ ਬਣਾਉਂਦੇ ਹੋ ਤਾਂ ਜ਼ਰੂਰੀ ਹੈ ਕਿ ਸਟੋਰ ਕਰਨ ਲਈ ਇਸਨੂੰ ਸਹੀ ਸਮੇਂ ਅਤੇ ਸਹੀ ਤਾਪਮਾਨ ਉਪਰ ਆਉਣ ਤੇ ਇਸਨੂੰ ਫਰਿਜ ਅੰਦਰ ਰੱਖੋ; ਭੋਜਨ ਨੂੰ ਮੁੜ ਤੋਂ ਖਾਣ ਲਈ ਪਰੋਸਣ ਵਾਸਤੇ ਇਹ ਜ਼ਰੂਰੀ ਹੈ ਕਿ ਭੋਜਨ ਦਾ ਤਾਪਮਾਨ 60 ਡਿਗਰੀ ਸੈਲਸੀਅਸ ਹੋਵੇ ਅਤੇ ਇਸ ਨਾਲ ਭੋਜਨ ਖਾਣ ਵਿੱਚ ਸੁਆਦ ਵੀ ਲੱਗਦਾ ਹੈ ਅਤੇ ਨਰੋਆ ਵੀ ਰਹਿੰਦਾ ਹੈ; ਜੇਕਰ ਤੁਹਾਡੇ ਡਾਇਨਿੰਗ ਟੇਬਲ ਉਪਰ ਕੋਈ ਖਾਣ ਪੀਣ ਦੀ ਵਸਤੂ ਜਾਂ ਭੋਜਨ ਆਦਿ 2 ਘੰਟਿਆਂ ਤੋਂ ਖੁੱਲ੍ਹੇ ਪਏ ਹਨ ਤਾਂ ਉਨ੍ਹਾਂ ਦਾ ਮੁੜ ਤੋਂ ਖਾਣ-ਪੀਣ ਲਈ ਇਸਤੇਮਾਲ ਨਾ ਕਰੋ ਅਤੇ ਉਨ੍ਹਾਂ ਨੂੰ ਨਸ਼ਟ ਕਰਨ ਵਾਸਤੇ ਸੁੱਟ ਦਿਉ। ਉਨ੍ਹਾਂ ਕਿਹਾ ਕਿ ਹਰ ਕੋਈ ਚਾਹੁੰਦਾ ਹੈ ਕਿ ਉਹ ਤੰਦਰੁਸਤ ਰਹੇ ਅਤੇ ਇਸ ਵਾਸਤੇ ਜ਼ਰੂਰੀ ਹੈ ਕਿ ਤਾਜ਼ਾ ਅਤੇ ਨਰੋਆ ਭੋਜਨ ਹੀ ਕੀਤਾ ਜਾਵੇ ਅਤੇ ਫੂਡ-ਪਾਇਜ਼ਨਿੰਗ ਤੋਂ ਬੱਚਿਆ ਜਾਵੇ। ਖਾਸ ਕਰਕੇ ਬੱਚਿਆਂ, ਬੁਢਿਆਂ ਅਤੇ ਗਰਭਵਤੀ ਇਸਤਰੀਆਂ ਦਾ ਖਾਸ ਧਿਆਨ ਰੱਖਿਆ ਜਾਵੇ ਕਿਉਂਕਿ ਅਜਿਹੇ ਵਰਗਾਂ ਨੂੰ ਜ਼ਿਆਦਾ ਨਰੋਆ ਭੋਜਨ ਦੀ ਜ਼ਰੂਰਤ ਹੁੰਦੀ ਹੈ। ਜ਼ਿਆਦਾ ਜਾਣਕਾਰੀ ਵਾਸਤੇ www.foodauthority.nsw.gov.au/consumer/keeping-food-safe/summer-eating ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।