ਈਸਟਰ ਦੀਆਂ ਤਿਆਰੀਆਂ -ਬ੍ਰਿਸਬੇਨ ਦਾ ਲਾਕਡਾਊਨ ਅੱਜ ਦੁਪਹਿਰ ਨੂੰ ਹੋ ਰਿਹਾ ਖ਼ਤਮ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕੁਈਨਜ਼ਲੈਂਡ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਵਿਡ-19 ਦਾ ਮਹਿਜ਼ ਇੱਕ ਹੀ ਸਥਾਨਕ ਸਥਾਨਾਂਤਰਣ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਨਾਲ ਹੁਣ ਰਾਜ ਅੰਦਰ ਕੁੱਲ ਕਰੋਨਾ ਮਰੀਜ਼ਾਂ ਦੀ ਮੌਜੂਦਾ ਗਿਣਤੀ 18 ਹੋ ਗਈ ਹੈ। ਇਸ ਤੋਂ ਇਲਾਵਾ 9 ਕਰੋਨਾ ਦੇ ਮਾਮਲੇ ਹੋਟਲ ਕੁਆਰਨਟੀਨ ਨਾਲ ਸਬੰਧਤ ਵੀ ਦਰਜ ਕੀਤੇ ਗਏ ਹਨ। ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਜਾਣਕਾਰੀ ਦਿੰਦਿਆਂ ਦੱਸਿਾ ਕਿ ਆਂਕੜਿਆਂ ਨੂੰ ਦੇਖਦਿਆਂ ਹੋਇਆਂ, ਮੌਜੂਦਾ ਚੱਲ ਰਹੇ ਕਲਸਟਰ ਕਾਰਨ ਬ੍ਰਿਸਬੇਨ ਅੰਦਰ 3 ਦਿਨਾਂ ਦਾ ਲਾਕਡਾਊਨ ਲਗਾਇਆ ਗਿਆ ਸੀ ਜੋ ਕਿ ਅੱਜ ਦੁਪਹਿਰ (12 ਵਜੇ) ਨੂੰ ਖ਼ਤਮ ਕੀਤਾ ਜਾ ਰਿਹਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਲੋਕ ਆਪਣਾ ਈਸਟਰ ਦਾ ਤਿਉਹਾਰ ਪੂਰੇ ਹਰਸ਼ੋ-ਉਲਾਸ ਨਾਲ ਮਨਾਉਣ।
ਉਨ੍ਹਾਂ ਇਹ ਵੀ ਕਿਹਾ ਕਿ ਲੋਕ ਅਹਿਤਿਆਦਨ ਪੂਰੀ ਤਰਾਂ ਮੁਸਤੈਦ ਰਹਿਣ ਅਤੇ ਕੋਈ ਵੀ ਅਜਿਹੀ ਅਣਗਹਿਲੀ ਨਾ ਕਰਨ ਜਿਸ ਕਾਰਨ ਸਭ ਨੂੰ ਬਾਅਦ ਵਿੱਚ ਪਛਤਾਉਣਾ ਪਵੇ ਅਤੇ ਕਿਸੇ ਕਿਸਮ ਦੇ ਕਰੋਨਾ ਦੇ ਖ਼ਤਰੇ ਨੂੰ ਭਾਂਪਦਿਆਂ ਇਸ ਦੀ ਜਾਣਕਾਰੀ ਤੁਰੰਤ ਸਿਹਤ ਅਧਿਕਾਰੀਆਂ ਨੂੰ ਦੇਣ। ਲਾਕਡਾਊਨ ਖੁੱਲ੍ਹਣ ਤੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸੰਜਮ ਤੋਂ ਕੰਮ ਲੈਣ ਅਤੇ ਬੇਵਜਹ ਬਾਹਰ ਨਿਕਲ ਕੇ ਸੜਕਾਂ ਉਪਰ ਫਜ਼ੂਲ ਦੀ ਭੀੜ ਜਾਂ ਟ੍ਰੈਫਿਕ ਨਾ ਪੈਦਾ ਕਰਨ।
ਉਨ੍ਹਾਂ ਉਚੇਚੇ ਤੌਰ ਤੇ ਕਿਹਾ ਕਿ ਰਾਜ ਅੰਦਰ ਕੁੱਝ ਥਾਵਾਂ ਉਪਰ ਅਗਲੇ ਦੋ ਹਫ਼ਤਿਆਂ ਤੱਕ ਕੁੱਝ ਪਾਬੰਧੀਆਂ ਲਾਗੂ ਰਹਿਣਗੀਆਂ ਜਿਵੇਂ ਕਿ ਚਾਰ ਦਿਵਾਰੀ ਦੇ ਅੰਦਰ (ਸ਼ਾਪਿੰਗ ਸੈਂਟਰ ਅਤੇ ਜਾਂ ਫੇਰ ਜਨਤਕ ਟ੍ਰਾਂਸਪੋਰਟ ਆਦਿ) ਇਕੱਠਾਂ ਦੌਰਾਨ ਫੇਸ ਮਾਸਕ ਪਾਉਣੇ ਜ਼ਰੂਰੀ ਹਨ ਅਤੇ ਘਰਾਂ ਵਿਚਲੇ ਇਕੱਠਾਂ ਵਾਸਤੇ 30 ਵਿਅਕਤੀਆਂ ਨੂੰ ਹੀ ਇਜਾਜ਼ਤ ਦਿੱਤੀ ਗਈ ਹੈ। ਰੈਸਟੋਰੈਂਟਾਂ, ਕੈਫੇਆਂ, ਬਾਰਾਂ ਅਤੇ ਕਲੱਬਾਂ ਅੰਦਰ ਵੀ ਬੈਠਣ ਦੀਆਂ ਥਾਵਾਂ ਜਿੰਨੇ ਹੀ ਇਕੱਠ ਦੀ ਇਜਾਜ਼ਤ ਹੈ ਅਤੇ ਜਨਤਕ ਅਦਾਰਿਆਂ ਆਦਿ ਅੰਦਰ ਡਾਂਸ ਆਦਿ ਉਪਰ ਪਾਬੰਧੀ ਹੈ। ਅਦਾਰਿਆਂ ਵਿੱਚ ਬਾਹਰੀ ਥਾਵਾਂ ਤੇ ਇਕੱਠਾਂ ਦੀ ਮਨਜ਼ੂਰੀ ਤਾਂ ਹੀ ਦਿੱਤੀ ਜਾਵੇਗੀ ਜੇਕਰ ਉਨ੍ਹਾਂ ਕੋਲ ਕੋਵਿਡ-ਸੇਫ ਪਲਾਨ ਹਨ ਅਤੇ ਈਸਟਰ ਮੌਕੇ ਉਪਰ ਵੀ ਧਾਰਮਿਕ ਇਕੱਠਾਂ ਵਾਸਤੇ ਸੋਸ਼ਲ ਦੂਰੀ ਨੂੰ ਬਰਕਰਾਰ ਰੱਖਣਾ ਜ਼ਰੂਰੀ ਹੈ।
ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ 35,000 ਕਰੋਨਾ ਦੇ ਟੈਸਟ ਵੀ ਕੀਤੇ ਗਏ ਹਨ।

Install Punjabi Akhbar App

Install
×