ਈਸਟਚਰਚ ਲੋਕਲ ਬੋਰਡ ਚੋਣਾ – ਨਰਿੰਦਰ ਸਿੰਘ ਵੜੈਚ ਨੂੰ ਕਮਿਊਨਿਟੀ ਬੋਰਡ ਮੈਂਬਰ  ਲਈ ਲੇਬਰ ਅਤੇ ਪੀਪਲ ਚੁਆਇਸ ਨੇ ਐਲਾਨਿਆ ਆਪਣਾ ਉਮੀਦਵਾਰ

-12 ਅਕਤੂਬਰ ਨੂੰ ਆਉਣਗੇ ਨਤੀਜੇ

(ਨਰਿੰਦਰ ਸਿੰਘ ਵੜੈਚ)
(ਨਰਿੰਦਰ ਸਿੰਘ ਵੜੈਚ)

ਔਕਲੈਂਡ 8 ਜੂਨ -ਕ੍ਰਾਈਸਟਚਰਚ ਵਿਖੇ ਲੋਕਲ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ। ਇਥੇ 16 ਵੱਖ-ਵੱਖ ਵਾਰਡ ਹਨ। ਹਰ ਵਾਰਡ ਤੋਂ ਜਿੱਥੇ ਕੌਂਸਲਰ ਚੁਣੇ ਜਾਂਦੇ ਹਨ ਉਥੇ ਹਰ ਹਲਕੇ ਤੋਂ ਦੋ ਕਮਿਊਨਿਟੀ ਬੋਰਡ ਮੈਂਬਰ ਚੁਣੇ ਜਾਂਦੇ ਹਨ।  ਇਹ ਕਮਿਊਨਿਟੀ ਬੋਰਡ ਮੈਂਬਰ ਕੌਂਸਲਰ ਦੇ ਨਾਲ ਤਾਲਮੇਲ ਕਰਕੇ ਸਥਾਨਿਕ ਹਲਕੇ ਦੇ ਨਾਲ ਰਾਬਤਾ ਕਾਇਮ ਕਰਦੇ ਹਨ। ਕ੍ਰਾਈਸਟਚਰਚ  ਦੇ ਹਲਕਾ ਹਾਲਸਵੈਲ ਤੋਂ ਇਸ ਵਾਰ ਪੰਜਾਬੀ ਨੌਜਵਾਨ ਨਰਿੰਦਰ ਸਿੰਘ ਵੜੈਚ ਇਸ ਵਾਰ ਮੈਦਾਨ ਦੇ ਵਿਚ ਹੈ। ਸੱਤਾਧਰ ਲੇਬਰ ਪਾਰਟੀ ਅਤੇ ਦਾ ਪੀਪਲ ਚੁਆਇਸ ਪਾਰਟੀ ਨੇ ਇਸ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਅਗਸਤ ਮਹੀਨੇ ਵੋਟਾਂ ਪੈਣੀਆਂ ਸ਼ੁਰੂ ਹੋ ਜਾਣੀਆਂ ਹਨ ਜਿਨ੍ਹਾਂ ਦਾ ਨਤੀਜਾ 12 ਅਕਤੂਬਰ ਨੂੰ ਆਵੇਗਾ। ਸ. ਨਰਿੰਦਰ ਸਿੰਘ ਵੜੈਚ ਇਸ ਵੇਲੇ ਬਿਜ਼ਨਸ ਕਰਦੇ ਹਨ ਅਤੇ ਲੇਬਰ ਪਾਰਟੀ ਦੇ ਮਲਟੀਕਲਚਰਲ ਵਿੰਗ ਦੇ ਚੇਅਰਮੈਨ ਹਨ। ਉਹ 2009 ਦੇ ਵਿਚ ਇਥੇ ਇਕ ਵਿਦਿਆਰਥੀ ਵਜੋਂ ਆਏ ਸਨ। 2012 ਤੋਂ ਉਹ ਕ੍ਰਾਈਸਟਚਰਚ ਵਿਖੇ ਪਰਿਵਾਰ ਸਮੇਤ ਰਹਿ ਰਹੇ ਹਨ। ਇਨ੍ਹਾਂ ਦਾ ਪਿਛੋਕੜ ਪਿੰਡ ਪੰਜਾਬ ਅਤੇ ਹਰਿਆਣਾ ਸਰਹੱਦ ਦੇ ਨਾਲ ਘੁਮਾਰ ਮਾਜਰਾ ਹੈ ਅਤੇ ਇਸਦਾ ਪਰਿਵਾਰ ਵੀ ਸਿਆਸਤ ਸਰਗਰਮ ਰਹਿੰਦਾ ਹੈ। ਸ. ਨਰਿੰਦਰ ਸਿੰਘ ਵੜੈਚ ਦਾ ਕਮਿਊਨਿਟੀ ਬੋਰਡ ਦੇ ਲਈ ਖੜਨ ਦਾ ਕਾਰਨ ਦੱਸਿਆ ਕਿ ਉਹ ਆਪਣੀ ਕਮਿਊਨਿਟੀ ਦੇ ਲਈ ਕੁਝ ਕਰਨਾ ਚਾਹੁੰਦੇ ਹਨ ਅਤੇ ਸਥਾਨਿਕ ਕੌਂਸਿਲ ਹੀ ਇਕ ਜਰੀਆ ਹੁੰਦਾ ਹੈ ਜਿਸ ਦੇ ਨਾਲ ਸਥਾਨਕ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਉਤੇ ਹੱਲ ਕੀਤਾ ਜਾ ਸਕਦਾ ਹੈ। ਛੋਟੇ ਵਪਾਰਕ ਅਦਾਰਿਆਂ ਨੂੰ ਲੈ ਕੇ ਉਨ੍ਹਾਂ ਦੇ ਜ਼ਿਹਨ ਵਿਚ ਕਈ ਮੁੱਦੇ ਹਨ ਜਿਹੜੇ ਕਿ ਉਹ ਸਥਾਨਕ ਕੌਂਸਿਲ ਦੇ ਕੋਲ ਉਠਾਉਣਗੇ। ਸਰਕਾਰ ਦੀ ਸਕੀਮ ਕਿ ਕ੍ਰਾਈਸਟਚਪਰਚ ਨੂੰ ਪੁਨਰਵਿਕਸਤ ਕਰਨਾ ਹੈ, ਦੇ ਸਬੰਧ ਵਿਚ ਇਸ ਵੇਲੇ ਕ੍ਰਾਈਸਟਚਰਚ ਦੇ ਵਿਚ ਬਹੁ-ਸਭਿਆਚਾਰਕ ਲੋਕਾਂ ਦੀ ਕਾਫੀ ਮੰਗ ਹੈ ਤਾਂ ਕਿ 2011 ਦੇ ਵੱਡੇ ਭੁਚਾਲ ਤੋਂ ਬਾਅਦ ਇਸ ਸ਼ਹਿਰ ਨੂੰ ਮੁੜ ਹੋਰ ਚਹਿਲ-ਪਹਿਲ ਵਿਚ ਵੇਖਿਆ ਜਾਵੇ। ਸ.ਨਰਿੰਦਰ ਸਿੰਘ ਵੜੈਚ ਨੇ ਆਪਣਾ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਅਤੇ ਉਹ ਲੋਕਾਂ ਦੇ ਨਾਲ ਡੋਰ ਟੂਰ ਡੋਰ ਵੀ ਸੰਪਰਕ ਕਰਨਗੇ। ਸ਼ਾਲਾ! ਇਹ ਨੌਜਵਾਨ ਕਮਿਊਨਿਟੀ ਬੋਰਡ ਦੀ ਚੋਣ ਜਿੱਤ ਕੇ ਭਾਰਤੀਆਂ ਦਾ ਨਾਂਅ ਰੌਸ਼ਨ ਕਰੇ।

Install Punjabi Akhbar App

Install
×