ਭੁਚਾਲ ਦੀ ਅਫਵਾਹ ਨੇ ਲੋਕਾਂ ਚ ਅੱਧੀ ਰਾਤ ਭੁਚਾਲ ਪਾਇਆ

earthquake rumers

ਫਰੀਦਕੋਟ – ਬੀਤੀ ਅੱਧੀ ਰਾਤ ਸੁੱਤੇ ਪਏ ਲੋਕਾਂ ਦੇ ਫੋਨ ਖੜਕਣ ਲੱਗ ਪਏ, ਜਿਸ ਰਾਹੀਂ ਲੋਕਾਂ ਨੇ ਆਪਣੇ ਦੋਸਤਾਂ , ਰਿਸ਼ਤੇਦਾਰਾਂ, ਗੁਆਂਢੀਆਂ ਨੂੰ ਇਹ ਸੂਚਨਾ ਦਿੱਤੀ ਕਿ ਰਾਤ ਦੇ 2.30 ਮਿੰਟ ਤੇ ਵੱਡਾ ਭੁਚਾਲ ਆ ਰਿਹਾ ਹੈ, ਜਿਸ ਕਰਕੇ ਉਹ ਘਰਾਂ ਤੋਂ ਬਾਹਰ ਆ ਜਾਣ। ਜਿਵੇਂ ਜਿਵੇਂ ਲੋਕਾਂ ਨੂੰ ਫੋਨ ਆਉਂਦੇ ਰਹੇ ਅਤੇ ਉਹ ਅੱਗੇ ਆਪਣੇ ਜਾਣਕਾਰਾਂ ਨੂੰ ਇਹ ਘਟਨਾ ਵਾਪਰਨ ਦੀ ਅਗਾਊਂ ਸੂਚਨਾ ਦਿੰਦੇ ਰਹੇ। ਜਿਸ ਕਰਕੇ ਮਿੰਟਾਂ ਸਕਿੰਟਾਂ ਵਿਚ ਇਹ ਅਫਵਾਹ ਪੂਰੇ ਪੰਜਾਬ ਵਿਚ ਫੈਲ ਗਈ ਅਤੇ ਲੋਕ ਘਰਾਂ ਤੋਂ ਬਾਹਰ ਆ ਗਏ ਅਤੇ ਭੁਚਾਲ ਦੀ ਉਡੀਕ ਕਰਨ ਲੱਗੇ। ਪਰ ਇਸ ਸਮੇਂ ਕੋਈ ਭੁਚਾਲ ਨਾ ਆਉਣ ਕਰਕੇ ਦੁਬਾਰਾ 3.30 ਵਜੇ ਭੁਚਾਲ ਆਉਣ ਦੇ ਦੁਬਾਰਾ ਫੋਨ ਆਏ। ਪਿੰਡਾਂ ਸ਼ਹਿਰਾਂ ਦੇ ਗੁਰਦੁਆਰਿਆਂ ਵਿਚੋਂ ਵੀ ਸਪੀਕਰਾਂ ਰਾਹੀਂ ਪਾਠੀਆਂ ਨੇ ਭੁਚਾਲ ਦੇ ਖਤਰੇ ਦੀ ਇਹ ਸੂਚਨਾ ਲੋਕਾਂ ਤੱਕ ਪਹੁੰਚਾਈ। ਜਦੋਂ ਕਿ ਇਹ ਕਿਸੇ ਸ਼ਰਾਰਤੀ ਅਨਸਰ ਵੱਲੋਂ ਫੈਲਾਈ ਗਈ ਅਫਵਾਹ ਸੀ, ਜਿਸਤੇ ਪੜ੍ਹੇ ਲਿਖੇ ਲੋਕਾਂ ਨੇ ਵੀ ਵਿਸ਼ਵਾਸ਼ ਕਰ ਲਿਆ ਅਤੇ ਸਾਰੀ ਰਾਤ ਜਾਗ ਕੇ ਕੱਟੀ। ਇੱਥੇ ਵਰਨਣਯੋਗ ਹੈ ਕਿ ਸਾਇੰਸਦਾਨਾ ਨੇ ਵੀ ਅਜੇ ਤੱਕ ਅਗਾਊਂ ਭੁਚਾਲ ਦੀ ਸੂਚਨਾ ਦੇਣ ਵਾਲੇ ਯੰਤਰ ਦੀ ਈਜਾਦ ਕਰਨ ਵਿਚ ਸਫਲਤਾ ਹਾਸਲ ਨਹੀਂ ਕੀਤੀ। ਜਾਪਾਨ, ਅਮਰੀਕਾ, ਰੂਸ , ਚੀਨ ਵਰਗੇ ਵਿਕਸਤ ਦੇਸ਼ਾਂ ਵਿਚ ਵੀ ਭੁਚਾਲ ਆਉਂਦੇ ਹਨ ਅਤੇ ਵੱਡਾ ਜਾਨੀ ਮਾਲੀ ਨੁਕਸਾਨ ਕਰਦੇ ਹਨ। ਪਰ ਉਹ ਦੇਸ਼ ਵੀ ਅਜੇ ਤੱਕ ਇਸ ਰਹੱਸ ਦੀ ਅਥਾਹ ਨਹੀਂ ਪਾ ਸਕੇ। ਜਦੋਂ ਕਿ ਕੁਦਰਤੀ ਤੌਰ ਤੇ ਇਹ ਮੰਨਿਆਂ ਜਾਂਦਾ ਹੈ ਕਿ ਜਦੋਂ ਕਦੇ ਅਜਿਹੇ ਜਲਜਲੇ ਦੀ ਸੰਭਾਵਨਾ ਹੋਵੇ ਤਾਂ ਕੁੱਝ ਸਮਾਂ ਪਹਿਲਾਂ ਚਿੜੀਆਂ ਜਨੌਰ ਉੱਚੀ ਉੱਚੀ ਚਹਿਚਹਾਉਣਾ ਸ਼ੁਰੂ ਕਰ ਦਿੰਦੇ ਹਨ। ਡੰਗਰ ਵੀ ਹਰਕਤ ਵਿਚ ਆ ਜਾਂਦੇ ਹਨ ਅਤੇ ਕੁੱਤੇ ਉੱਚੀ ਉੱਚੀ ਭੌਂਕਣਾ ਸ਼ੁਰੂ ਕਰ ਦਿੰਦੇ ਹਨ ਅਤੇ ਇਧਰ ਉਧਰ ਦੌੜਦੇ ਹਨ। ਜਿਸਤੋਂ ਪੁਰਾਣੇ ਸਮਿਆਂ ਵਿਚ ਅਜਿਹੀ ਕਿਸੇ ਆਫਤ ਦਾ ਅੰਦਾਜਾ ਲਗਾਇਆ ਜਾਂਦਾ ਸੀ। ਕੁੱਝ ਸਾਲ ਪਹਿਲਾਂ ਵੀ ਇਸ ਤਰਾਂ ਰਾਤ ਸਮੇਂ ਭੂਚਾਲ ਆਉਣ ਦੀ ਅਫਵਾਹ ਫੈਲਾਈ ਗਈ ਸੀ ਅਤੇ ਉਦੋਂ ਵੀ ਲੋਕਾਂ ਨੇ ਘਰਾਂ ਤੋਂ ਬਾਹਰ ਰਹਿਕੇ ਰਾਤ ਜਾਗਦਿਆਂ ਕੱਟੀ ਸੀ।

Install Punjabi Akhbar App

Install
×