ਲਿਸਮੋਰ ਖੇਤਰ ਦੇ ਬਿਹਤਰ ਭਵਿੱਖ ਲਈ ਸਰਕਾਰ ਦੀਆਂ ਕਾਰਵਾਈਆਂ ਸ਼ੁਰੂ

ਲਿਸਮੋਰ ਸਿਟੀ ਐਕਸ਼ਨ ਪਲਾਨ ਦੇ ਤਹਿਤ ਖੇਤਰ ਵਿਚਲੀਆਂ ਨਵੀਆਂ ਬੁਲੰਦੀਆਂ ਲਈ, ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਵਿਸ਼ੇਸ਼ ਮੁਹਿੰਮ ਤੋਰਦਿਆਂ ਵਿਲਸਨ ਨਦੀ ਵਾਟਰ ਫਰੰਟ ਨੂੰ ਜਨਤਕ ਤੌਰ ਤੇ ਖੋਲ੍ਹ ਦਿੱਤਾ ਗਿਆ ਹੈ ਅਤੇ ਅਜਿਹੇ ਹੀ ਹੋਰ 63 ਪ੍ਰਾਜੈਕਟਾਂ ਵਾਸਤੇ ਲੋਕਾਂ ਕੋਲੋਂ ਸੁਝਾਵਾਂ ਦੀ ਮੰਗ ਕੀਤੀ ਗਈ ਹੈ।
ਜਨਤਕ ਥਾਵਾਂ ਅਤੇ ਪਲਾਨਿੰਗ ਮੰਤਰੀ ਰੋਬ ਸਟੋਕਸ ਨੇ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜਿਹੇ ਜਿਹੜੇ ਪ੍ਰਾਜੈਕਟਾਂ ਲਈ ਲੋਕਾਂ ਦੀ ਰਾਇ (ਫੀਡਬੈਕ) ਮੰਗੀ ਗਈ ਹੈ, ਉਹ ਆਉਣ ਵਾਲੇ ਘੱਟੋ ਘੱਟ ਵੀ 20 ਸਾਲ ਇਸ ਖੇਤਰ ਵਿੱਚਲੇ ਉਸਾਰੂ ਕੰਮਾਂ ਦਾ ਆਗਾਜ਼ ਕਰਨਗੇ ਜਿਸ ਦਾ ਕਿ ਸਿੱਧਾ ਫਾਇਦਾ ਇੱਥੇ ਦੇ ਲੋਕਾਂ ਨੂੰ ਹੀ ਹੋਵੇਗਾ ਕਿਉਂਕਿ ਇਸ ਨਾਲ ਨਵੇਂ ਰੌਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਲੋਕਾਂ ਦੇ ਜੀਵਨ ਪੱਧਰ ਦਾ ਉਚਾ ਉਠਣਾ ਵੀ ਸੁਭਾਵਿਕ ਹੀ ਹੈ।
ਲੈਜਿਸਲੇਟਿਵ ਕਾਂਸਲ ਦੇ ਨੈਸ਼ਨਲ ਮੈਂਬਰ ਬੈਨ ਫਰੈਂਕਲਿਨ ਨੇ ਕਿਹਾ ਕਿ ਸਰਕਾਰ ਨੇ ਬਹੁਤ ਹੀ ਵਧੀਆ ਫੈਸਲਾ ਲਿਆ ਹੈ ਅਤੇ ਇਸ ਨਾਲ ਉਕਤ ਸਮੁੱਚਾ ਖੇਤਰ ਵਿਸ਼ਵ ਪੱਧਰ ਉਪਰ ਕਲ਼ਾ, ਸਭਿਆਚਾਰ ਅਤੇ ਖੇਡਾਂ ਆਦਿ ਦੇ ਖੇਤਰਾਂ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਏਗਾ।
ਲਿਸਮੋਰ ਸ਼ਹਿਰ ਕਾਂਲਸ ਦੇ ਮੇਅਰ ਨੇ ਵੀ ਇਸ ਵਾਸਤੇ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਸ ਕੰਮ ਵਾਸਤੇ ਨਿਊ ਸਾਊਥ ਵੇਲਜ਼ ਸਰਕਾਰ ਦਾ ਆਭਾਰੀ ਹਨ ਕਿਉਂਕਿ ਇਹ ਬਿਹਤਰ ਭਵਿੱਖ ਵੱਲ ਚੁਕਿਆ ਗਿਆ ਇੱਕ ਉਤਮ ਕਦਮ ਹੈ ਅਤੇ ਸਾਰਿਆਂ ਦੀ ਹੀ ਭਲਾਈ ਵਾਸਤੇ ਹੈ।
ਲੋਕਾਂ ਦੀ ਰਾਇ ਲੈਣ ਲਈ ਆਖਰੀ ਤਾਰੀਖ ਜੂਨ 15, 2021 ਰੱਖੀ ਗਈ ਹੈ ਅਤੇ ਹੋਰ ਜਾਣਕਾਰੀ ਲੈਣ ਵਾਸਤੇ https://www.planningportal.nsw.gov.au/lismoreRCAP ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×