ਅਸਲ ਦੁਸ਼ਮਣ ਨੂੰ ਪਛਾਣੀਏ

13 ਸਤੰਬਰ ਦਾ ਹਿੰਦੀ ਦਿਵਸ ਪੰਜਾਬੀ ਭਾਸ਼ਾ ਦੇ ਵਿਰੋਧੀਆਂ ਦੀ ਸੋਚ ਤੋ ਬਿਲਕੁਲ ਉਲਟ ਇਸ ਦੇ ਪਰਚਾਰ ਪਾਸਾਰ ਅਤੇ ਇਸ ਦੀ ਹੋਂਦ ਮਿਟਾਉਣ ਦੇ ਮਨਸੂਬਿਆਂ ਦੇ ਉਜਾਗਰ ਹੋਣ ਵਾਲੇ ਦਿਨ ਵਜੋਂ ਯਾਦ ਕੀਤਾ ਜਾਣਾ ਚਾਹੀਦਾ ਹੈ।ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਨੀਅਤ ਕਿਸੇ ਭਾਰਤੀ ਤੋ ਲੁਕੀ ਛੁਪੀ ਨਹੀ ਹੈ।ਇੱਕ ਧਰਮ,ਇੱਕ ਰਾਸ਼ਟਰ ਅਤੇ ਇੱਕ ਭਾਸ਼ਾ ਦਾ ੲਜੰਡਾ ਮੂਲ ਰੂਪ ਵਿੱਚ ਭਾਰਤੀ ਜਨਤਾ ਪਾਰਟੀ ਦਾ ਨਹੀ ਬਲਕਿ ਆਰ ਐਸ ਐਸ ਦਾ ਏਜੰਡਾ ਹੈ,ਜਿਸ ਨੂੰ ਲਾਗੂ ਕਰਵਾਉਣ ਲਈ ਆਰ ਐਸ ਐਸ ਹੁਣ ਇੱਕ ਦਮ ਹੀ ਹਰਕਤ ਵਿੱਚ ਨਹੀ ਆਈ ਬਲਕਿ ਬਹੁਤ ਪਹਿਲਾਂ ਤੋ ਇਸ ਭਾਵਨਾ ਨੂੰ ਮਨ ਵਿੱਚ ਵਸਾ ਕੇ ਚੱਲ ਰਹੀ ਇਹ ਸੰਸਥਾ ਨੇ ਬੜੀ ਸੂਝ ਬੂਝ ਅਤੇ ਦੂਰ ਦਰਿਸਟੀ ਨਾਲ ਅਜਿਹਾ ਮਹੌਲ ਸਿਰਜਿਆ ਹੈ,ਜਿਸ ਦੇ ਸਦਕਾ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ।ਉਸ ਦਿਨ ਭਾਵ 2014 ਤੋ ਹੀ ਇਸ ਮਾਰੂ ਏਜੰਡੇ ਤੇ ਕੰਮ ਕਰ ਰਹੀ ਉਕਤ ਸੰਸਥਾ ਨੇ ਸਹੀ ਸਮਾ ਆਉਣ ਦੀ ਉਡੀਕ ਕੀਤੀ ਹੈ,ਤੇ ਦੁਵਾਰਾ ਭਾਰਤੀ ਜਨਤਾ ਪਾਰਟੀ ਸੇ ਬਹੁਮੱਤ ਨਾਲ ਸੱਤਾ ਵਿੱਚ ਆਉਣ ਤੋ ਬਾਅਦ ਅਪਣੇ ਮਿਸ਼ਨ ਨੂੰ ਅਮਲੀ ਜਾਮਾ ਪਹਿਨਾਉਣ ਲਈ ਤੇਜੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।ਮੋਦੀ ਸਰਕਾਰ ਨੂੰ ਦਿਸ਼ਾ ਨਿਰਦੇਸ਼ ਹਮੇਸਾਂ ਨਾਗਪੁਰ ਤੋ ਹੀ ਮਿਲਦੇ ਰਹੇ ਹਨ,ਇਸ ਲਈ ਕੇਂਦਰੀ ਹਾਕਮਾਂ ਨੇ ਜੋ ਵੀ ਟੀਚੇ ਹਿੰਦੂ ਰਾਸ਼ਟਰ ਦੀ ਸੰਪੂਰਨਤਾ ਲਈ ਮਿਥੇ ਹਨ,ਉਹਨਾਂ ਦਾ ਬਕਾਇਦਾ ਪਹਿਲਾਂ ਤੋ ਹੀ ਨਿਸਚਿਤ ਸਮਾ ਸੀਮਾ ਨਿਰਧਾਰਤ ਕੀਤਾ ਹੋਇਆ ਹੈ।ਇਹੋ ਕਾਰਨ ਹੈ ਕਿ ਗਾਹੇ ਬ ਗਾਹੇ ਦੇਸ਼ ਦੇ ਕੱਟੜਵਾਦੀ ਹਿੰਦੂ ਇਸ ਟੀਚੇ ਦੀ ਪੂਰਤੀ ਦੇ ਸਮੇ ਦਾ ਐਲਾਨ ਕਰਦੇ ਰਹੇ ਹਨ।ਹੁਣ ਜਦੋ ਕੇਂਦਰ ਨੇ ਇਸ ਪਾਸੇ ਕਠੋਰਤਾ ਅਤੇ ਕਰੂਰਤਾ ਨਾਲ ਕੰਮ ਕਰਨਾ ਸ਼ੁਰੂ ਕੀਤਾ ਹੈ ਤਾਂ ਚਾਰੇ ਪਾਸੇ ਹਾਹਾਕਾਰ ਮੱਚ ਗਈ ਹੈ,ਕਿਉਂਕਿ ਬਹੁ ਗਿਣਤੀ ਲੋਕ ਭਾਜਪਾ ਅਤੇ ਆਰ ਐਸ ਐਸ ਦੇ ਆਗੂਆਂ ਵਲੋਂ ਇਸ ਸਬੰਧੀ ਦਿੱਤੇ ਜਾ ਰਹੇ ਬਿਆਨਾਂ ਨੂੰ ਮਹਿਜ ਬੜਬੋਲੇ ਆਗੂਆਂ ਦਾ ਰੌਲਾ ਰੱਪਾ ਹੀ ਸਮਝਦੇ ਰਹੇ ਸਨ।ਭਾਰਤੀ ਜਨਤਾ ਪਾਰਟੀ ਦੀ ਹਕੂਮਤ ਨੇ ਜੰਮੂ ਕਸ਼ਮੀਰ ਚੋ ਉਥੋ ਦੇ ਲੋਕਾਂ ਨੂੰ ਅਜਾਦੀ ਦਾ ਨਿੱਘ ਦਿੰਦੀ ਧਾਰਾ 370 ਅਤੇ 35 ਏ ਨੂੰ ਹਟਾ ਕੇ ਉਹ ਕਬਾਇਦ ਸ਼ੁਰੂ ਕਰ ਦਿੱਤੀ ਹੈ ਜਿਹੜੀ ਕਿਸੇ ਵੀ ਫਾਸੀਵਾਦੀ ਸਿਸਟਮ ਦਾ ਪਹਿਲਾ ਕਦਮ ਹੁੰਦੀ ਹੈ।ਜੰਮੂ ਕਸ਼ਮੀਰ ਵਿੱਚ ਪੌਣੇ ਦੋ ਮਹੀਨੇ ਤੋ ਜਿਸਤਰਾਂ ਕਸ਼ਮੀਰੀਆਂ ਨੂੰ ਘਰਾਂ ਅੰਦਰ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈ,ਇਹ ਕਰੂਰਤਾ ਭਰਿਆ ਵਰਤਾਰਾ ਕਿਸੇ ਅਜਿਹੇ ਅਖੌਤੀ ਰਾਸ਼ਟਰ ਦੇ ਅਣਕਿਆਸੇ ਜੁਲਮਾਂ ਦੀ ਗਬਾਹੀ ਭਰਦਾ ਹੈ,ਜਿਹੜਾ ਧਰਮ ਦੇ ਨਾਮ ਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਵਸਦੇ ਵੱਖ ਵੱਖ ਫਿਰਕਿਆਂ,ਵੱਖ ਵੱਖ ਸਭਿਆਚਾਰਾਂ ਅਤੇ ਵੱਖ ਵੱਖ ਭਾਸ਼ਾਵਾਂ ਵਾਲੇ ਲੋਕਾਂ ਦੇ ਸੱਭਿਆਚਾਰ,ਧਰਮ ਅਤੇ ਭਾਸ਼ਾ ਨੂੰ ਤਾਕਤ ਦੇ ਜੋਰ ਨਾਲ ਖਤਮ ਕਰਨ ਲਈ ਦ੍ਰੜ ਸੰਕਲਪ ਹੈ।ਜੰਮੂ ਕਸ਼ਮੀਰ ਦਾ ਮਾਮਲਾ ਅਜੇ ਸੁਲਝਿਆ ਨਹੀ ਹੈ,ਨਾਂ ਹੀ ਉਥੋਂ ਦੇ ਹਾਲਾਤ ਆਮ ਵਰਗੇ ਬਣੇ ਹਨ ਅਤੇ ਨਾ ਹੀ ਬਹਾਦੁਰ ਕਸ਼ਮੀਰੀਆਂ ਤੋ ਇਹ ਆਸ ਹੀ ਕੀਤੀ ਜਾ ਸਕਦੀ ਹੈ ਕਿ ਉਹ ਭਾਰਤ ਦੀ ਗੁਲਾਮੀ ਨੂੰ ਚੁੱਪ ਚਾਪ ਸਵੀਕਾਰ ਕਰ ਲੈਣਗੇ,ਪਰੰਤੂ ਇਸ ਦੇ ਬਾਵਜੂਦ ਵੀ ਜਿਸਤਰਾਂ ਅਗਲਾ ਨਿਸਾਨਾ ਪੰਜਾਬ ਨੂੰ ਬਣਾਏ ਜਾਣ ਦੇ ਇਸਾਰੇ ਸਮਝ ਵਿੱਚ ਪੈਂਦੇ ਹਨ,ਉਹ ਜਿੱਥੇ ਬੇਹੱਦ ਚਿੰਤਾ ਜਨਕ ਹਨ ਓਥੇ ਪੰਜਾਬ ਸਮੇਤ ਉਹਨਾਂ ਲੋਕਾਂ ਲਈ ਚਣੌਤੀ ਵੀ ਹਨ,ਜਿਹੜੇ ਕਿਸੇ ਵੀ ਕੀਮਤ ਤੇ ਅਪਣੀ ਬੋਲੀ,ਅਪਣਾ ਧਰਮ ਅਤੇ ਅਪਣੇ ਸੱਭਿਆਚਾਰ ਨੂੰ ਖਤਮ ਹੁੰਦਾ ਬਰਦਾਸਤ ਨਹੀ ਕਰ ਸਕਦੇ।13 ਸਤੰਬਰ ਨੂੰ ਜਿਸਤਰਾਂ ਹਿੰਦੀ ਦੇ ਆਰ ਐਸ ਐਸ ਦੀ ਸੋਚ ਵਾਲੇ ਲੇਖਕਾਂ ਨੇ ਪੰਜਾਬੀ ਭਾਸ਼ਾ ਪ੍ਰਤੀ ਅਪਣੀ ਨਫਰਤ ਦਾ ਪ੍ਰਟਾਵਾ ਕੀਤਾ ਹੈ,ਉਹਨਾਂ ਨੇ ਪੰਜਾਬੀਆਂ ਨੂੰ ਗੂੜੀ ਨੀਂਦ ਚੋ ਉਠਾਉਣ ਦਾ ਹੀ ਕੰਮ ਕੀਤਾ ਹੈ ਤੇ ਪੰਜਾਬੀਆਂ ਵਿੱਚ ਇਸ ਗੱਲ ਦਾ ਰੋਸ ਇੱਕ ਸ਼ਕਤੀਸ਼ਾਲੀ ਲਹਿਰ ਵਜੋਂ ਦਿਖਾਈ ਦੇਣ ਲੱਗਾ ਹੈ।ਪੰਜਾਬੀਆਂ ਵਿੱਚ ਮਾਤ ਭਾਸ਼ਾ ਦੇ ਨਿਰਾਦਰ ਤੋਂ ਪੈਦਾ ਹੋਈ ਗੁਸੇ ਦੀ ਲਹਿਰ ਦੇ ਬਾਵਜੂਦ ਗੁਰਦਾਸ ਮਾਨ ਵਰਗੇ ਪੰਜਾਬੀ ਕਲਾਕਾਰ ਵੱਲੋਂ ਕੇਂਦਰੀ ਗ੍ਰਿਹ ਮੰਤਰੀ ਦੇ ਬੁਲਾਰੇ ਵਜੋਂ ਬਿਆਨ ਦੇਣਾ ਮਹਿਜ ਗੁਰਦਾਸ ਦੀ ਅਗਿਆਨਤਾ ਨਹੀ,ਬਲਕਿ ਅਗਲੇ ਹੀ ਦਿਨ ਅਮਿਤ ਸ਼ਾਹ ਦਾ ਇੱਕ ਰਾਸ਼ਟਰ ਇੱਕ ਭਾਸ਼ਾ ਦੇ ਬਿਆਨ ਨੂੰ ਮਜਬੂਤ ਜਮੀਨ ਤਿਆਰ ਕਰਕੇ ਦੇਣ ਵਜੋ ਦੇਖਣਾ ਚਾਹੀਦਾ ਹੈ,ਕਿਉਕਿ ਗੁਰਦਾਸ ਮਾਨ ਉਹ ਕਲਾਕਾਰ ਹੈ,ਜਿਹੜਾ ਸਿੱਖ ਕੌਂਮ ਦੇ ਕਾਤਲ ਅਤੇ ਕੇਂਦਰੀ ਕੁਹਾੜੇ ਦੇ ਦਸਤੇ ਵਜੋ ਯਾਦ ਕੀਤੇ ਜਾਂਦੇ ਪੁਲਿਸ ਅਫਸਰ ਕੇ ਪੀ ਐਸ ਗਿੱਲ ਦਾ ਨਜਦੀਕੀ ਰਿਹਾ ਹੈ,ਤੇ ਪੰਜਾਬ ਦੀ ਜੁਆਨੀ ਨੂੰ ਕੁਰਾਹੇ ਪਾਉਣ ਲਈ ਬੜੀ ਸਿਆਣਪ ਅਤੇ ਦੂਰ ਦ੍ਰਿਸਟੀ ਨਾਲ ਅਪਣੇ ਗਾਇਕੀ ਦੇ ਸਫਰ ਵਿੱਚ ਭਾਰਤੀ ਤਾਕਤਾਂ ਨੂੰ ਸਮੱਰਪਤ ਹੋਕੇ ਅੱਗੇ ਵਧਦਾ ਰਿਹਾ ਹੈ।ਜੇ ਕੇ ਪੀ ਐਸ ਗਿੱਲ ਨੇ ਸਿੱਖ ਕੌਮ ਦੀ ਇੱਕ ਪੂਰੀ ਨਸਲ ਨੂੰ ਖਤਮ ਕਰਨ ਦੀ ਜੁੰਮੇਵਾਰੀ ਨੂੰ ਨਿਭਾਇਆ ਹੈ,ਤਾਂ ਗੁਰਦਾਸ ਵਰਗੇ ਕਲਾਕਾਰਾਂ ਵੱਲੋਂ ਉਸ ਤੋ ਅਗਲੀ ਪੀਹੜੀ ਨੂੰ ਕੁਰਾਹੇ ਪਾਉਣ ਦੀ ਜੁੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾ ਰਿਹਾ ਹੈ।ਗੁਰਦਾਸ ਦਾ ਅਪਣੇ ਬਿਆਨ ਤੇ ਕਾਇਮ ਰਹਿਣਾ ਦੱਸਦਾ ਹੈ ਕਿ ਉਹਦੇ ਵੱਲੋਂ ਦੱਤਾ ਗਿਆ ਬਿਆਨ ਮਹਿਜ ਅਗਿਆਨਤਾ ਨਹੀ,ਪਰੰਤੂ ਇਸ ਦੇ ਪਿੱਛੇ ਕੋਈ ਖਤਰਨਾਕ ਸਾਜਿਸ਼ ਹੈ।ਇਹ ਸਾਡੇ ਲੋਕਾਂ ਦੇ ਅਤੀਤ ਦਾ ਦੁਖਾਂਤ ਹੈ ਕਿ ਇਹ ਉਦੋਂ ਜਾਗਦੇ ਰਹੇ ਹਨ,ਜਦੋ ਨੁਕਸਾਨ ਹੋ ਚੁੱਕਿਆ ਹੁੰਦਾ ਹੈ,ਪ੍ਰੰਤੂ ਗੁਰੂ ਸਾਹਿਬ ਦਾ ਫੁਰਮਾਨ ਹੈ ਕਿ “ਜਬੈ ਬਾਣ ਲਾਗਿਓ,ਤਬੈ ਰੋਸ ਜਾਗਿਓ” ਸੋ ਜਿੱਥੇ ਹੁਣ ਕੌਂਮ ਅਤੀਤ ਦੇ ਮੁਕਾਬਲੇ ਜਿਆਦਾ ਸੁਚੇਤ ਹੈ,ਓਥੇ ਗੁਰੂ ਸਾਹਿਬ ਦੇ ਕਥਨ ਅਨੁਸਾਰ ਦੁਸ਼ਮਣ ਵੱਲੋਂ ਵਿਰੋਧ ਵਿੱਚ ਕੀਤੇ ਗਏ ਕਿਸੇ ਵੀ ਛੋਟੇ ਵੱਡੇ ਹਮਲੇ ਦੀ ਚਣੌਤੀ ਨੂੰ ਜਰੂਰ ਸਵੀਕਾਰ ਕਰਕੇ ਦਿ੍ਰੜਤਾ ਨਾਲ  ਮੁਕਾਬਲਾ ਕਰਨ ਲਈ ਲਾਮਬੰਦ ਵੀ ਹੁੰਦੀ ਹੈ।ਪਿਛਲੇ ਦਿਨੀ ਗੁਰਦਾਸ ਮਾਨ ਨੇ ਡੇਰਾ ਮੁਰਾਦ ਸ਼ਾਹ ਦੇ ਟਰੱਸਟ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਜਾ ਕੇ  ਸਰੋਮਣੀ ਗੁਰਦੁਆਰਾ ਕਮੇਟੀ ਨੂੰ ਦਿੱਤਾ ਗਿਆ 12 ਲੱਖ ਦਾ ਚੈਕ ਅਤੇ ਗੁਰਦੁਆਰਾ ਬੇਰ ਸਾਹਿਬ ਦੇ ਗਰੰਥੀ ਵੱਲੋਂ ਉਹਨੂੰ ਸਿਰੋਪਾ ਦਿੱਤੇ ਜਾਣ ਦੀ ਘਟਨਾ ਵੀ ਸਰਸਰੀ ਜਾਂ ਅਣਗੌਲਿਆ ਕਰਨ ਵਾਲੀ ਨਹੀ ਹੈ।ਇਸ ਸਬੰਧ ਵਿੱਚ ਭਾਂਵੇਂ ਸਰੋਮਣੀ ਗੁਰਦੁਅਰਾ ਪਰਬੰਧਕ ਕਮੇਟੀ ਦੇ ਮੁੱਖ ਸਕੱਤਰ ਵੱਲੋ ਚੁੱਕਿਆ ਗਿਆ ਕਦਮ ਸ਼ਲਾਘਾਯੋਗ ਹੈ,ਪਰੰਤੂ ਗੁਰਦਾਸ ਨੂੰ ਦਿੱਤੇ ਗਏ ਸਿਰੋਪੇ ਦੀ ਤਹਿ ਤੱਕ ਹੀ ਨਹੀ,ਸਗੋ ਉਸ ਚੈਕ ਦੀ ਤਹਿ ਤੱਕ ਜਾਣ ਦੀ ਵੀ ਲੋੜ ਹੈ,ਤਾਂ ਕਿ ਪਤਾ ਲੱਗ ਸਕੇ ਕਿ ਪੰਜਾਬ ਅਤੇ ਪੰਜਾਬੀ ਬੋਲੀ ਦੇ ਖਿਲਾਫ ਭੁਗਤਣ ਵਾਲੇ ਗੁਰਦਾਸ ਮਾਨ ਹੁਣ ਅਚਾਨਕ ਹੀ ਉਸ ਮੁਰਾਦ ਸ਼ਾਹ ਡੇਰੇ ਦੇ ਟਰੱਸਟ ਵੱਲੋਂ ਇਹ ਰਾਸ਼ੀ ਦਾ ਚੈਕ ਸਰੋਮਣੀ ਕਮੇਟੀ ਨੂੰ ਕਿਵੇ ਦਿੱਤਾ ਗਿਆ ਹੈ,ਜਿਹੜਾ ਸਿੱਖ ਜੁਆਨੂੰ ਨੂੰ ਕੁਰਾਹੇ ਪਾਉਣ ਅਤੇ ਸਿੱਖੀ ਸਿਧਾਂਤਾਂ ਨੂੰ ਢਾਹ ਲਾਉਣ ਲਈ ਵੱਡੀ ਭੂਮਿਕਾ ਨਿਭਾ ਰਿਹਾ ਹੈ। ਸੋ ਸਮੇ ਦੀ ਮੁੱਖ ਲੋੜ ਗੁਰਦਾਸ ਮਾਨ ਦੀ ਪਿੱਠ ਥਾਪੜ ਰਹੇ ਪੰਜਾਬੀ ਅਤੇ ਪੰਜਾਬੀਅਤ ਦੇ ਦੁਸ਼ਮਣਾਂ ਨੂੰ ਪਛਾਨਣ ਦੀ ਹੈ,ਤਾਂ ਕਿ ਲੜਾਈ ਦਾ ਰੁੱਖ ਸਹੀ ਦਿਸ਼ਾ ਅਖਿਤਿਆਰ ਕਰ ਸਕੇ।
ਬਘੇਲ ਸਿੰਘ ਧਾਲੀਵਾਲ
99142-58142
image1(1)

Install Punjabi Akhbar App

Install
×