ਅਜੋਕੇ ਰਾਵਣਾਂ ਨੇ ਤਾਂ ਅੱਤਿਆਚਾਰ ਦੀ ਹੱਦ ਹੀ ਪਾਰ ਕਰ ਦਿੱਤੀ ਹੈ

ਵੈਸੇ ਤਾਂ ਪੰਜਾਬ ਵਿੱਚ ਸਾਰਾ ਸਾਲ ਹੀ ਤਿਉਹਾਰ ਚੱਲਦੇ ਰਹਿੰਦੇ ਹਨ। ਪਰ ਸਿਆਲਾਂ ਦੀ ਆਮਦ ਦੇ ਤਿਉਹਾਰਾਂ ਵਿੱਚ ਦੁਸਹਿਰਾ ਸਭ ਤੋਂ ਪਹਿਲਾ ਖ਼ਾਸ ਤਿਉਹਾਰ ਹੈ। ਇਹ ਨੌਂ ਨਵਰਾਤਰਿਆਂ ਤੋਂ ਬਾਅਦ ਹੁੰਦਾ ਹੈ। ਦੁਸਹਿਰੇ ਦੇ ਤਿਉਹਾਰ ਨੂੰ ‘ਵਿਜਯ ਦਸ਼ਮੀ’ ਵੀ ਕਿਹਾ ਜਾਂਦਾ ਹੈ। ਸੰਸਕ੍ਰਿਤ ਭਾਸ਼ਾ ਦਾ ਸ਼ਬਦ ‘ਵਿਜਯ’ ਜਿਸ ਦਾ ਅਰਥ ਹੈ ਜਿੱਤ। ਦੁਸਹਿਰਾ ਦਾ ਸਬੰਧ ਭਗਵਾਨ ਸ਼੍ਰੀ ਰਾਮ ਚੰਦਰ ਜੀ ਨਾਲ ਹੈ। ਜਦੋਂ ਸ਼੍ਰੀ ਰਾਮ ਚੰਦਰ ਉਨ੍ਹਾਂ ਦੀ ਪਤਨੀ ਸੀਤਾ ਅਤੇ ਛੋਟਾ ਭਰਾ ਲਛਮਣ ੧੪ ਸਾਲਾਂ ਦਾ ਬਣਵਾਸ ਕੱਟਦੇ ਹੋਏ ਜੰਗਲ ਵਿਚ ਰਹਿ ਰਹੇ ਸਨ ਉਦੋਂ ਰਾਵਣ ਨੇ ਆਪਣੀ ਭੈਣ ਸਰੂਪਨਖਾ ਦੇ ਲਛਮਣ ਵੱਲੋਂ ਕੀਤੇ ਅਪਮਾਨ ਦਾ ਬਦਲਾ ਲੈਣ ਲਈ ਮਾਤਾ ਸੀਤਾ ਨੂੰ ઠਧੋਖੇ ਨਾਲ ਅਗਵਾ ਕੀਤਾ ਅਤੇ ਲੰਕਾ ਦੇ ਇੱਕ ਬਾਗ਼ ਵਿਚ ਕੈਦ ਕਰ ਲਿਆ। ਸ਼੍ਰੀ ਰਾਮ ਚੰਦਰ ਜੀ ਨੇ ਆਪਣੀ ਪਤਨੀ ਸੀਤਾ ਨੂੰ ਰਾਵਣ ਦੀ ਕੈਦ ਤੋਂ ਮੁਕਤ ਕਰਵਾਉਣ ਲਈ ਸੈਨਾ ਦਾ ਗਠਨ ਕਰ ਕੇ ਲੰਕਾ ‘ਤੇ ਹਮਲਾ ਕੀਤਾ। ਰਾਵਣ ਵੀ ਇੱਕ ਸ਼ਕਤੀ ਸ਼ਾਲੀਰਾਜਾ ਸੀ। ਉਂਞ ਤਾਂ ਰਾਵਣ ਬਹੁਤ ਗਿਆਨੀ ਪੰਡਤ ਸੀ, ਪਰ ਮਨ ‘ਚ ਹੰਕਾਰ ਹੋਣ ਕਾਰਨ ਯੁੱਧ ਵਿਚ ਉਸਦੀ ਹਾਰ ਹੋਈ। ਰਾਵਣ ਦਾ ਖ਼ਾਤਮਾ ਕਰ ਕੇ ਸ਼੍ਰੀ ਰਾਮ ਚੰਦਰ ਜੀ ਨੇ ਸੀਤਾ ਨੂੰ ਆਜ਼ਾਦ ਕਰਵਾਇਆ। ਇਸ ਦਿਨ ਨੂੰ ਹਰ ਸਾਲ ਦੁਸਹਿਰੇ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਕਰ ਕੇ ਦੁਸਹਿਰੇ ਨੂੰ ਬਦੀ ‘ਤੇ ਨੇਕੀ ਦੀ ਜਿੱਤ ਕਿਹਾ ਜਾਂਦਾ ਹੈ। ਕੁੱਝ ਪੁਸਤਕਾਂ ਅਨੁਸਾਰ ਦੁਸਹਿਰੇ ਦੇ ਤਿਉਹਾਰ ਦਾ ਸਬੰਧ ਮਹਾਂਭਾਰਤ ਦੇ ਨਾਲ ਵੀ ਹੈ।
ਪਰ ਅਸਲ ਵਿੱਚ ਵੇਖਿਆ ਜਾਵੇ ਤਾਂ ਰਾਵਣ ਬਹੁਤ ਵੱਡਾ ਵਿਦਵਾਨ ਸੀ। ਉਸ ਦਾ ਕਸੂਰ ਇਹ ਸੀ ਕਿ ਉਸ ਨੇ ਭਗਵਾਨ ਸ੍ਰੀ ਰਾਮ ਦੀ ਪਤਨੀ ਸੀਤਾ ਦਾ ਹਰਣ ਕੀਤਾ ਸੀ। ਪੜ੍ਹਨ ਤੇ ਸੁਣਨ ਦੇ ਮੁਤਾਬਿਕ ਇਸ ਦਾ ਕਾਰਨ ਇਹ ਸੀ ਕਿ ਰਾਵਣ ਦੀ ਭੈਣ ਸਰੂਪਨਖ਼ਾ ਲਕਸ਼ਮਣ ਨੂੰ ਪਸੰਦ ਕਰਦੀ ਸੀ ਤੇ ਜਤੀ-ਸਤੀ ਹੋਣ ਕਰ ਕੇ ਲਕਸ਼ਮਣ ਨੇ ਗ਼ੁੱਸੇ ‘ਚ ਸਰੂਪਨਖ਼ਾ ਦਾ ਨੱਕ ਵੱਢ ਦਿੱਤਾ ਸੀ। ਭੈਣ ਨਾਲ਼ ਹੋਈ ਇਸ ਬੇਇਨਸਾਫ਼ੀ ਦਾ ਬਦਲਾ ਲੈਣ ਲਈ ਰਾਵਣ ਨੇ ਸੀਤਾ ਹਰਣ ਕੀਤਾ। ਰਾਵਣ ਨੇ ਸੀਤਾ ਨੂੰ ਅਸ਼ੋਕ ਵਾਟਿਕਾ ‘ਚ ਰੱਖਿਆ, ਜਿੱਥੇ ਉਸਦੇ ਖਾਣ-ਪੀਣ ਤੇ ਆਰਾਮ ਦਾ ਪੂਰਨ ਪ੍ਰਬੰਧ ਕੀਤਾ ਗਿਆ ਸੀ। ਉਹ ਪੂਰੀ ਤਰ੍ਹਾਂ ਮਹਿਫ਼ੂਜ਼ ਸੀ। ਇਹ ਵੀ ਜ਼ਿਕਰਯੋਗ ਗੱਲ ਹੈ ਕਿ ਰਾਵਣ ਨੇ ਸੀਤਾ ਦਾ ਹਰਨ ਕੀਤਾ ਸੀ ਪਰ ਉਸਦੇ ਚਰਿੱਤਰ ਉਪਰ ਕੋਈ ਦਾਗ਼ ਨਹੀਂ ਹੈ।
ਜੁਰਮ ਕੋਈ ਵੀ ਹੋਵੇ ਉਸਦੀ ਸਜਾ ਤਾਂ ਜ਼ਰੂਰ ਮਿਲਣੀ ਚਾਹੀਦੀ ਹੈ। ਰਾਵਣ ਨੂੰ ਉਸ ਦੇ ਕੀਤੇ ਦੀ ਸਜਾ ਮਿਲੀ। ਅੱਜ ਕਈ ਸਦੀਆਂ ਬਾਅਦ ਵੀ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸਾੜ ਕੇ ਦੁਸਹਿਰੇ ਨੂੰ ਬਦੀ ਤੇ ਨੇਕੀ ਦੀ ਜਿੱਤ ਕਹਿ ਦਿੱਤਾ ਜਾਂਦਾ ਹੈ। ਪਰ ਅੱਜ ਜੋ ਰਾਵਣ ਸ਼ਰੇਆਮ ਤੁਰੇ ਫਿਰਦੇ ਹਨ। ਉਸ ਰਾਵਣ ਨੇ ਤਾਂ ਸੀਤਾ ਦਾ ਕੇਵਲ ਅਪਹਰਣ ਹੀ ਕੀਤਾ ਸੀ, ਅਜੋਕੇ ਰਾਵਣਾਂ ਨੇ ਤਾਂ ਅੱਤਿਆਚਾਰ ਦੀ ਹੱਦ ਹੀ ਪਾਰ ਕਰ ਦਿੱਤੀ ਹੈ। ਮਾਸੂਮ ਬੱਚੀਆਂ ਨਾਲ ਬਲਾਤਕਾਰ ਕਰ ਕੇ ਉਨ੍ਹਾਂ ਨੂੰ ਮਾਰ ਦਿੱਤਾ ਜਾਂਦਾ ਹੈ। ਕੀ ਉਨ੍ਹਾਂ ਰਾਵਣਾ ਦੇ ਪੁਤਲੇ ਸਾੜਨ ਦੀ ਜ਼ਰੂਰਤ ਨਹੀਂ? ਉਹ ਤਾਂ ਅਪੀਲਾਂ ਕਰ ਕਰ ਕੇ ਆਪਣੇ ਕੀਤੇ ਜੁਰਮਾਂ ਨੂੰ ਠੰਢਾ ਕਰ ਦਿੰਦੇ ਹਨ ਤੇ ਜਿਸ ਦਿਨ ਉਨ੍ਹਾਂ ਦੇ ਜੁਰਮ ਲੋਕਾਂ ਦੇ ਮਨੋਂ ਵਿੱਸਰ ਜਾਂਦੇ ਹਨ, ਉਸ ਦਿਨ ਉਹ ਲੈ-ਦੇ ਕੇ ਚੁੱਪ-ਚੁਪੀਤੇ ਰਿਹਾਅ ਹੋ ਕੇ ਲੋਕਾਂ ਦੀ ਭੀੜ ਵਿੱਚ ਸ਼ਾਮਲ ਹੋ ਜਾਂਦੇ ਹਨ। ਆਮ ਹੀ ਲੋਕ ਥੋੜ੍ਹੇ ਚਿਰ ਬਾਅਦ ਕਿਸੇ ਦੇ ਕੀਤੇ ਜੁਰਮਾਂ ਨੂੰ ਅੱਖੋਂ-ਪਰੋਖੇ ਕਰ ਦਿੰਦੇ ਹਨ। ਪਰ ਫਿਰ ਰਾਵਣ ਵਿਚਾਰਾ ਪਤਾ ਨਹੀਂ ਕਿਉਂ ਸਦੀਆਂ ਤੋਂ ਆਪਣੇ ਕੀਤੇ ਦੀ ਸਜਾ ਭੁਗਤ ਰਿਹਾ ਹੈ। ਅਸਲ ਵਿੱਚ ਅਸੀਂ ਅਜੇ ਤੱਕ ਆਪਣੇ ਅੰਦਰ ਬੈਠੇ ਰਾਵਣਾਂ ਨੂੰ ਨਹੀਂ ਜਲਾ ਸਕੇ। ਅੱਜ ਇਸ ਕਲਯੁਗ ਦੇ ਸਮੇਂ ਆਸੇ ਪਾਸੇ ਨਿਗ੍ਹਾ ਮਾਰ ਕੇ ਦੇਖੀਏ ਤਾਂ ਸਾਡਾ ਆਲਾ ਦੁਆਲਾ ਹੀ ਰਾਵਣਾਂ ਨਾਲ ਭਰਿਆ ਪਿਆ ਹੈ। ਅੱਜ ਤਾਂ ਰਾਵਣ ਹੀ ਹਰ ਪਾਸੇ ਪ੍ਰਧਾਨ ਹਨ। ਸ਼੍ਰੀ ઠਗੁਰੂ ਨਾਨਕ ਦੇਵ ਸਾਹਿਬ ਨੇ ਵੀ ਆਉਣ ਵਾਲੇ ਸਮੇਂ ਵੱਲ ਨਿਗ੍ਹਾ ਮਾਰ ਕੇ ਕਿਹਾ ਸੀ ‘ਕੂੜ ਹੋਇਆ ਪ੍ਰਧਾਨ ਵੇ ਲਾਲੋ।’ ਉਨ੍ਹਾਂ ਦੀ ਕਹੀ ਅੱਜ ਸੱਚ ਹ૮ਈ ਜਾ ਰਹੀਂ ਹੈ।
ਅੱਜ ਦੁਸਹਿਰਾ ਮਨਾਉਣਾ ਸਾਡੇ ਲਈ ਧਾਰਮਿਕ ਪ੍ਰੰਪਰਾ ਨਾ ਹੋ ਕੇ ਸਿਰਫ਼ ਮੇਲਾ ਵੇਖਣ ਵਾਲੀ ਪ੍ਰਵਿਰਤੀ ਦਾ ਤਿਉਹਾਰ ਬਣ ਕੇ ਰਹਿ ਗਿਆ ਹੈ। ਜਿਹੜਾ ਦੁਸਹਿਰਾ ਅਸੀਂ ਮੇਲੇ ਦੇ ਰੂਪ ਵਿੱਚ ਮਨਾਉਂਦੇ ਹਾਂ ਉਸ ਦੀ ਗੱਲ ਕਰੀਏ ਤਾਂ ਸਾਰੇ ਦੇਸ਼ ਵਿੱਚ ਦੁਸਹਿਰਾ ਕਿਸੇ ਨਾ ਕਿਸੇ ਰੂਪ ਵਿੱਚ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉੱਤਰ ਵਿੱਚ ਜੇ ਕੁੱਲੂ ਦਾ ਦੁਸਹਿਰਾ ਪ੍ਰਸਿੱਧ ਹੈ ਤਾਂ ਦੱਖਣ ਵਿਚ ਮੈਸੂਰ ਦਾ ਦੁਸਹਿਰਾ ਇਸ ਤੋਂ ਵਧ ਮਹੱਤਤਾ ਰੱਖਦਾ ਹੈ। ਮੈਸੂਰ ਵਿੱਚ ਦੁਸਹਿਰੇ ਨੂੰ ‘ਵਿਜਯ ਦਸ਼ਮੀ’ ਦੇ ਨਾਂ ਨਾਲ ਮਨਾਇਆ ਜਾਂਦਾ ਹੈ। ਸਾਡੇ ਇੱਥੇ ਸ਼ਹਿਰਾਂ ਵਿੱਚ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਬੁੱਤ ਬਣਾ ਕੇ ਸਾੜੇ ਜਾਂਦੇ ਹਨ ਇਨ੍ਹਾਂ ਬੁੱਤਾਂ ‘ਤੇ ਪੰਜਾਹ ਹਜ਼ਾਰ ਤੋਂ ਲੈ ਕੇ ਡੇਢ ਲੱਖ ਰੁਪਏ ਤੱਕ ਖਰਚ ਆਉਂਦਾ ਹੈ। ਦੁਸਹਿਰਾ ਕਮੇਟੀਆਂ ਬੜੀ ਮਿਹਨਤ ਕਰਦੀਆਂ ਹਨ। ਦੁਸਹਿਰਾ ਕਮੇਟੀਆਂ ਆਪਣੇ ਆਪਣੇ ਸ਼ਹਿਰਾਂ ਦੇ ਮਾਲਕਾਂ ਡਿਪਟੀ ਕਮਿਸ਼ਨਰ ਸਾਹਿਬਾਨਾ ਨੂੰ, ਐਸ.ਡੀ.ਐਮ. ਸਾਹਿਬਾਨਾਂ, ਭਰੀਆਂ ਜੇਬਾਂ ਵਾਲੇ ਵਪਾਰੀਆਂ ਨੂੰ ਜਾ ਕੋਈ ਮੰਤਰੀ-ਸੰਤਰੀ ਜਿਸ ਕੋਲੋਂ ਚਾਰ ਛਿੱਲੜ ਮਿਲਣ ਦੀ ਆਸ ਹੋਵੇ, ਉਨ੍ਹਾਂ ਨੂੰ ਮੁੱਖ ਮਹਿਮਾਨ ਬਣ ਕੇ ਆਉਣ ਦਾ ਸੱਦਾ ਪੱਤਰ ਦਿੰਦਿਆਂ ਹਨ। ਮੁੱਖ ਮਹਿਮਾਨ ਦੇ ਆਉਣ ਸਾਰ ਮਿੰਟਾਂ ਵਿੱਚ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਬੁੱਤ ਸੜ ਕੇ ਸੁਆਹ ਹੋ ਜਾਂਦੇ ਹਨ ਤੇ ਸਾਰੇ ਖ਼ੁਸ਼ ਹੋ ਜਾਂਦੇ ਹਨ ਕਿ ਬਦੀ ਉੱਪਰ ਨੇਕੀ ਦੀ ਜਿੱਤ ਹੋ ਗਈ। ਬੁੱਤ ਸੜਨ ਉਪਰੰਤ ਲੋਕ ਖਿੰਡਣੇ ਸ਼ੁਰੂ ਹੋ ਜਾਂਦੇ ਹਨ। ਕਈ ਲੋਕ ਰਾਵਣ ਦੇ ਪੁਤਲੇ ਦੀਆਂ ਅੱਧ ਸੜੀਆਂ ਲੱਕੜਾਂ ਚੁੱਕ ਕੇ ਘਰ ਲੈ ਜਾਂਦੇ ਹਨ ਉਹਨਾ ਦਾ ਮੰਨਣਾ ਹੈ ਕਿ ਇਨ੍ਹਾਂ ਲੱਕੜਾਂ ਨੂੰ ਘਰ ਵਿੱਚ ਰੱਖਣ ਨਾਲ ਛੋਟੇ ਬੱਚਿਆਂ ਨੂੰ ਡਰ ਨਹੀਂ ਲੱਗਦਾ, ਧੰਨ ਵਿੰਚ ਵਾਧਾ ਹੁੰਦਾ ਹੈ ਤੇ ਘਰ ਵਿੰਚ ਸ਼ਾਂਤੀ ਬਣੀ ਰਹਿੰਦੀ ਹੈ।
ਖ਼ੂਬਸੂਰਤ ਪਹਾੜਾਂ ਵਿਚ ਬਿਆਸ ਦਰਿਆ ਦੇ ਕਿਨਾਰੇ ਸਥਿਤ ਸੁੰਦਰ ਸ਼ਹਿਰ ਕੁੱਲੂ (ਹਿਮਾਚਲ ਪ੍ਰਦੇਸ਼) ਦਾ ਦੁਸਹਿਰਾ ਬੜਾ ਮਸ਼ਹੂਰ ਹੈ ਪਰ ਉਥੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਬੁੱਤ ਨਹੀਂ ਸਾੜੇ ਜਾਂਦੇ। ਉੱਥੇ ਦੁਸਹਿਰਾ ਹਫ਼ਤਾ ਭਰ ਮਨਾਇਆ ਜਾਂਦਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਇੱਥੇ ਦੁਸਹਿਰਾ ਦੇਖਣ ਲਈ ਪਹੁੰਚਦੇ ਹਨ। ਕੁੱਲੂ ਵਾਦੀ ਦੇ ਲੋਕ ਬਹੁਤ ਹੀ ਸੁੰਦਰ ਤਰੀਕੇ ਨਾਲ ਆਪਣੇ ਪਿੰਡ ਵਿਚ ਆਪਣੇ ਦੇਵੀ-ਦੇਵਤੇ ਦੀ ਪਾਲਕੀ ਤਿਆਰ ਕਰਦੇ ਹਨ। ਆਪਣੇ ਦੇਵੀ-ਦੇਵਤੇ ਦੀ ਮੂਰਤੀ ਪਾਲਕੀ ਵਿੱਚ ਰੱਖ ਕੇ ਉਸ ਨੂੰ ਮੋਢਿਆਂ ‘ਤੇ ਚੁੱਕ ਕੇ ਆਪਣੇ ਪਿੰਡ ਤੋਂ ਪੈਦਲ ਚੱਲ ਕੇ ਕੁੱਲੂ ਸ਼ਹਿਰ ਤੱਕ ਜਾਂਦੇ ਹਨ। ਸ਼ਰਧਾਲੂ ਨੱਚਦੇ ਟੱਪਦੇ ਹੋਏ ਬੈਂਡ ਵਾਜਿਆਂ ਸਮੇਤ ਕੁੱਲੂ ਦੇ ਬਾਜ਼ਾਰਾਂ ਵਿਚੋਂ ਦੀ ਗੁਜ਼ਰਦੇ ਹੋਏ ਰਘੁਨਾਥ ਜੀ ਦੇ ਮੰਦਰ ਵਿੱਚ ਪਹੁੰਚਦੇ ਹਨ ਅਤੇ ਪੂਜਾ ਅਰਚਨਾ ਕਰਦੇ ਹਨ। ਦੇਸ਼ ਦੇ ਵੱਖ-ਵੱਖ ਰਾਜਾ ਤੋਂ ਤੇ ਵੱਖ-ਵੱਖ ਬਲੀਆਂ ਦੇ ਗਾਇਕ, ਕਲਾਕਾਰ ਇਸ ਮੇਲੇ ਵਿਚ ਸ਼ਾਮਲ ਹੋਣ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਨ। ਕਈ ਪ੍ਰਾਈਵੇਟ ਤੇ ਸਰਕਾਰੀ ਅਦਾਰਿਆਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਂਦੀਆਂ ਹਨ ਜਿੱਥੇ ਵਾਜਬ ਰੇਟਾਂ ਤੇ ਵਸਤੂਆਂ ਮਿਲਦੀਆਂ ਹਨ। ਇੱਥੇ ਇੱਕ ਖ਼ਾਸੀਅਤ ਹੈ ਕਿ ਦੁਸਹਿਰੇ ਵਿੱਚ ਕੋਈ ਵੀ ਵਿਅਕਤੀ ਸ਼ਰਾਬ ਪੀ ਕੇ ਜਾਂ ਨਸ਼ਾ ਕਰ ਕੇ ਨਹੀਂ ਆਉਂਦਾ। ਇਹ ਸਾਰਾ ਨਜ਼ਾਰਾ ਵੇਖਣਯੋਗ ਹੁੰਦਾ ਹੈ।
ਸਮੁੱਚੇ ਦੇਸ਼ ਵਿੱਚ ਦੁਸਹਿਰੇ ਵਾਲੇ ਦਿਨ ਖ਼ਰੀਦਦਾਰੀ ਕਰਨੀ ਵਧੀਆ ਮੰਨੀ ਜਾਂਦੀ ਹੈ। ਇਸ ਦਿਨ ਸੋਨਾ, ਚਾਂਦੀ ਤੇ ਵਾਹਨਾਂ ਦੀ ਖ਼ਰੀਦਦਾਰੀ ਬਹੁਤ ਜ਼ਿਆਦਾ ਵਧੀਆ ਮੰਨੀ ਜਾਂਦੀ ਹੈ। ਬਹੁਤ ਲੋਕ ਇਸ ਦਿਨ ਨਵੇਂ ਕੰਮ ਦਾ ਆਰੰਭ ਕਰਨਾ ਸ਼ੁੱਭ ਮੰਨਦੇ ਹਨ। ਵਪਾਰੀ ਲੋਕ ਇਸ ਦਿਨ ਨਵੇਂ ਵਹੀ ਖਾਤੇ ਸ਼ੁਰੂ ਕਰਨਾ ਸ਼ੁੱਭ ਸਮਝਦੇ ਹਨ। ਦੁਸਹਿਰੇ ਦੇ ਮੇਲੇ ਤੋਂ ਵਾਪਸੀ ਤੇ ਲੋਕ ਜਲੇਬੀਆਂ, ਪਕੌੜੇ, ਪਟਾਕੇ, ਲੜੀਆਂ ਆਦਿ ਦੀ ਖ਼ਰੀਦੋ-ਫ਼ਰੋਖ਼ਤ ਕਰਦੇ ਹਨ। ਦੁਸਹਿਰੇ ਪਿੱਛੇ ਇਤਿਹਾਸਕ, ਰਾਜਨੀਤਿਕ ਤੇ ਸਮਾਜਿਕ ਕਾਰਨਾਂ ਦਾ ਅਧਿਐਨ ਕਰਨ ਦਾ ਆਮ ਆਦਮੀ ਜ਼ਰੂਰਤ ਨਹੀਂ ਸਮਝਦਾ। ਉਸ ਲਈ ਤਾਂ ਦੁਸਹਿਰਾ ਕੁੱਝ ਮਿੰਟਾਂ ਦਾ ਮਨੋਰੰਜਨ ਬਣ ਕੇ ਰਹਿ ਗਿਆ ਹੈ।
ਚਲੋ… ਦੁਸਹਿਰੇ ਦੇ ਬਹਾਨੇ ਆਪਸੀ ਭਾਈਚਾਰਕ ਸਾਂਝ ਤਾਂ ਪੈਦਾ ਹੁੰਦੀ ਹੈ। ਦੁਸਹਿਰਾ ਮਨਾਉਣਾ ਸਾਡੇ ਲਈ ਫੇਰ ਵੀ ਸਫਲ ਹੀ ਸਮਝਿਆ ਜਾ ਸਕਦਾ ਹੈ, ਜੇਕਰ ਦੁਸਹਿਰਾ ਅਸੀਂ ਆਪਸੀ ਪ੍ਰੇਮ, ਸਦਭਾਵਨਾ ਨਾਲ ਮਿਲ ਕੇ ਮਨਾਈਏ। ਸਮਾਜ ਵਿਚੋਂ ਨਫ਼ਰਤ, ਪਾਪ, ਜਬਰ-ਜੁਲਮ, ਹੰਕਾਰ ਦਾ ਖ਼ਾਤਮਾ ਕਰਨ ਅਤੇ ਸਰਬੱਤ ਦਾ ਭਲਾ ਕਰਨ ਦਾ ਯਤਨ ਕਰੀਏ।

(ਭਵਨਦੀਪ ਸਿੰਘ ਪੁਰਬਾ)
bhawandeep@rediffmail.com
+91 9988-92-9988

Install Punjabi Akhbar App

Install
×