ਨਿਊਜ਼ੀਲੈਂਡ ‘ਚ ਪੰਜਾਬੀ ਮੁੰਡਾ ਜਾਅਲੀ ਡ੍ਰਾਈਵਿੰਗ ਲਾਇਸੰਸ ਬਣਾਉਣ ਦੇ ਮਾਮਲੇ ਵਿਚ ਘਿਰਿਆ

ਨਿਊਜ਼ੀਲੈਂਡ ਦੇ ਵਿਚ ਵਿਦਿਆਰਥੀ ਵੀਜ਼ੇ ਉਤੇ ਆ ਕੇ ਸੈਟਲ ਹੋਣਾ ਸਭ ਦਾ ਸੁਪਨਾ ਹੁੰਦਾ ਹੈ ਪਰ ਕਈ ਐਨੇ ਹੁਸ਼ਿਆਰ ਹੁੰਦੇ ਹਨ ਕਿ ਇਥੇ ਦੇ ਸਿਸਟਮ ਨੂੰ ਵੀ ਵੇਚ ਖਾਂਦੇ ਹਨ। ਇਕ ਪੰਜਾਬੀ ਨੌਜਵਾਨ ਜਿਸ ਦਾ ਨਾਂਅ ਲਵਪ੍ਰੀਤ ਬਰਾੜ ਹੈ, ਉਤੇ ਦੋਸ਼ ਲੱਗੇ ਹਨ ਕਿ ਉਹ ਲੋਕਾਂ ਨੂੰ 500 ਡਾਲਰ ਦੀ ਰਿਸ਼ਵਤ ਲੈ ਕੇ ਜਾਅਲੀ ਡ੍ਰਾਈਵਿੰਗ ਲਾਇਸੰਸ ਬਣਾ ਕੇ ਸੜਕਾਂ ‘ਤੇ ਗੱਡੀ ਚਲਾਉਣ ਦੀ ਹਰੀ ਝੰਡੀ ਦੇ ਦਿੰਦਾ ਸੀ, ਪਰ ਉਸਨੂੰ ਸ਼ਾਇਦਾ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇਕ ਦਿਨ ਉਹ ਇਸੇ ਪੈਸੇ ਦੇ ਚੱਕਰ ਵਿਚ ਫਸ ਜਾਵੇਗਾ। ਇਹ ਨੌਜਵਾਨ ਮੀਡੋਲੈਂਡ ਬੌਟਨੀ ਵਿਖੇ ਕੰਮ ਕਰਦਾ ਸੀ। 2011 ਦੇ ਵਿਚ ਇਹ ਆਇਆ ਸੀ ਅਤੇ ਜਲਦੀ ਹੀ ਇਸਨੇ ਆਪਣਾ ਘਰ ਆਦਿ ਲੈ ਲਿਆ ਸੀ। ਉਸਦਾ ਘਰ ਦੀ ਨੇਮ ਪਲੇਟ ਬਰਾੜ ਬ੍ਰਦਰਜ਼ ਅਤੇ ਗੱਡੀ ਵੀ ਬਰਾਰ ਦੇ ਅੱਖਰਾਂ ਵਾਲੀ ਸੀ। ਮੁੱਢਲੀ ਸ਼ਿਕਾਇਤ ਬਾਅਦ ਏ. ਏ. ਕੰਪਨੀ ਨੇ ਉਸਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਹੁਣ ਜਾਂਚ-ਪੜ੍ਹਤਾਲ ਜਾਰੀ ਹੈ। ਇਸ ਨੌਜਵਾਨ ਨੇ ਆਪਣੇ ਉਤੇ ਲੱਗੇ ਦੋਸ਼ਾਂ ਨੂੰ ਮੰਨਣ ਤੋਂ ਇਨਕਾਰ ਕੀਤਾ ਹੈ। ਪਰ ਪੁਲਿਸ ਨੇ ਸ਼ਿਕੰਜਾ ਕਸਦਿਆਂ ਪੜ੍ਹਤਾਲ ਤੇਜ਼ ਕਰ ਦਿੱਤੀ ਹੈ ਅਤੇ ਇਸ ਗੱਲ ਦਾ ਫਿਕਰ ਕਰ ਰਹੀ ਹੈ ਜਿਹੜੇ ਇਸ ਤਰ੍ਹਾਂ ਪਾਸ ਹੋ ਕੇ ਗਏ ਹੋਣਗੇ ਉਹ ਸੜਕਾਂ ਉਤੇ ਦੂਜਿਆਂ ਦੀ ਜਾਨ ਦਾ ਖੌਅ ਬਣ ਸਕਦੇ ਹਨ। ਇਹ ਗੱਲ ਸਹਾਇਕ ਟ੍ਰਾਂਸਪੋਰਟ ਮੰਤਰੀ ਤੱਕ ਵੀ ਪਹੁੰਚ ਚੁੱਕੀ ਹੈ ਅਤੇ ਸਰਕਾਰ ਨੇ ਬਾਰਡਰ ਉਤੇ ਉਸਦੇ ਪਾਸਪੋਰਟ ਉਤੇ ਅਲਰਟ ਆਨ ਕਰ ਦਿੱਤਾ ਹੈ ਤਾਂ ਕਿ ਉਹ ਬਾਹਰ ਨਾ ਜਾ ਸਕੇ ਜਿਨ੍ਹਾਂ ਚਿਰ ਇਸ ਸਾਰੇ ਘਪਲੇ ਦੀ ਜਾਂਚ ਨਹੀਂ ਹੋ ਜਾਂਦੀ।