ਦੁੱਧ ਵੇਚਕੇ ਸ਼ਰਾਬਾਂ ਪੀਂਦੇ, ਏਥੋਂ ਦੇ ਸ਼ੁਕੀਨ ਗੱਭਰੂ!!!!

ਕੋਈ ਵੇਲਾ ਸੀ ਜਦ ਪੰਜਾਬ ਦੀ ਨੌਜ਼ਵਾਨੀ ਨੂੰ ਜਵਾਨੀ ਦਾ ਨਸ਼ਾ ਹੀ ਛਾਵੇਂ ਮੁੜ੍ਹਕਾ ਲਿਆ ਦਿੰਦਾ ਸੀ। ਪਰ ਪਿਛਲੇ ਦੋ ਕੁ ਦਹਾਕਿਆਂ ਚ ਪੰਜਾਬ ਦੀ ਜਵਾਨੀ ਦੇ ਸੁਨਹਿਰੇ ਭਵਿੱਖ ਦੀ ਉਮੀਦ ਵਾਲੀ ਘੜੀ ਦੀਆਂ ਸੂਈਆਂ ਪੁੱਠਾ ਗੇੜਾ ਫੜ੍ਹ ਲਿਆ ਹੈ। ਦੁੱਧ ਮੱਖਣਾਂ ਨਾਲ ਪਲਣ ਵਾਲੇ ਲੋਕ, ਨਿਰਨੇ ਕਾਲਜੇ ਤਿਉੜ ਪੀਣ ਵਾਲੇ ਗੱਭਰੂ ਹੁਣ ਭਾਰੀ ਖੁਰਾਕ ਨਹੀਂ ਪਚਾ ਸਕਦੇ। ਘਰ ਆਏ ਮਹਿਮਾਨ ਨੂੰ ਵੀ ਓਨੀ ਦੇਰ ਸੇਵਾ ਦਾ ਨਜ਼ਾਰਾ ਨਹੀਂ ਆਉਂਦਾ ਜਿੰਨੀ ਦੇਰ ਕੌੜੇ ਪਾਣੀ ਨਾਲ ਜੀਭ ਕਰਾਰੀ ਨਾ ਹੋਵੇ। ਕਿਸੇ ਰੁੱਖ ਨੂੰ ਸੁਕਾਉਣਾ ਹੋਵੇ ਤਾਂ ਉਸਦੀਆਂ ਜੜ੍ਹਾਂ ਚ ਤੇਲ ਚੋਣਾ ਸ਼ੁਰੂ ਕਰ ਦਿਓ ਤੇ ਜੇ ਕਿਸੇ ਅਣਖੀ ਖੂਨ ਨੂੰ ਪਾਣੀ ਵਰਗਾ ਕਰਨਾ ਹੋਵੇ ਤਾਂ ਨਸ਼ੇ ਹੀ ਇੱਕੋ ਇੱਕ ਸਾਧਨ ਹੋ ਨਿੱਬੜਦੇ ਹਨ। ਪੰਜਾਬ ਅਤੇ ਉਸਦੇ ਲੋਕਾਂ ਦੀ ਬਦਕਿਸਮਤੀ ਹੀ ਹੈ ਕਿ ਪੰਜਾਬ ਸਿਰ ਖੁਣਿਆ ਨਸ਼ਿਆਂ ਦਾ ਕਲੰਕ ਦਿਨ ਬ ਦਿਨ ਡੂੰਘਾ ਉੱਕਰਦਾ ਜਾ ਰਿਹਾ ਹੈ। ਬੇਸ਼ੱਕ ਇਹੋ ਜਿਹੀਆਂ ਗੱਲਾਂ ਨੂੰ ਪੰਜਾਬ ਦੀ ਬੇਵਜ੍ਹਾ ਬਦਨਾਮੀ ਕਰਨ ਦਾ ਢੰਗ ਕਹਿ ਕੇ ਸਿਰ ਫੇਰ ਲਿਆ ਜਾਵੇ ਪਰ ਹਕੀਕਤ ਤੋਂ ਕਦੇ ਵੀ ਪਾਸਾ ਨਹੀਂ ਵੱਟਿਆ ਜਾ ਸਕਦਾ। ਕਬੂਤਰ ਦੇ ਅੱਖਾਂ ਮੀਟਣ ਨਾਲ ਬਿੱਲੀ ਦੌੜ ਨਹੀਂ ਜਾਂਦੀ। ਜਿਸ ਹਿਸਾਬ ਨਾਲ ਅੰਕੜੇ ਪੱਟਾਂ ਤੇ ਹੱਥ ਮਾਰ ਮਾਰ ਵੈਣ ਪਾ ਰਹੇ ਹਨ, ਉਸਤੋਂ ਪੰਜਾਬ ਦੇ ਨੇੜ ਭਵਿੱਖ ਵਿੱਚ ਭਲੇ ਦਿਨਾਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਕਿਸੇ ਵੀ ਦੇਸ਼ ਜਾਂ ਸੂਬੇ ਦੇ ਵਿਕਾਸ ਦਾ ਆਧਾਰ ਉੱਥੋਂ ਦੇ ਕਿਰਤੀ ਹੱਥ ਹੁੰਦੇ ਹਨ। ਜਿੰਨੇ ਵਧੇਰੇ ਹੱਥ ਉਤਪਾਦਨ ਕਰਨ ਦੇ ਚੱਕਰ ਚ ਲੱਗੇ ਹੋਏ ਹਨ, ਉਹ ਦੇਸ਼ ਜਾਂ ਸੂਬਾ ਓਨਾ ਹੀ ਵਿਕਾਸ ਦੇ ਰਾਹ ਤੇ ਗਿਣਿਆ ਜਾਵੇਗਾ। ਵਿਹਲੇ ਹੱਥ ਨਿਰਾਸ਼ਾ ਦੇ ਆਲਮ ਚ ਗੁਜਰਦਿਆਂ ਭੈੜਾਂ ਦੇ ਸ਼ਿਕਾਰ ਹੁੰਦੇ ਹਨ ਤੇ ਇਹ ਭੈੜਾਂ ਉਸ ਭੂਮੀ ਦੀਆਂ ਜੜ੍ਹਾਂ ਚ ਤੇਲ ਦਾ ਕੰਮ ਕਰਦੀਆਂ ਹਨ। ਉਸ ਧਰਤੀ ਅਤੇ ਲੋਕਾਂ ਦੀ ਕੀ ਹੋਣੀ ਹੋ ਸਕਦੀ ਹੈ ਜਿਸਦਾ ਵਿਕਾਸ ਹੀ ਨਸ਼ੇ ਵੇਚ ਕੇ ਹੋਣ ਦਾ ਸੁਪਨਾ ਦੇਖਿਆ ਗਿਆ ਹੋਵੇ?? ਉਸੇ ਧਰਤੀ ਦੇ ਲੋਕਾਂ ਨੂੰ ਨਸ਼ੇ ਵੇਚ ਕੇ ਉਸੇ ਧਰਤੀ ਦਾ ਵਿਕਾਸ ਹੋਣ ਦੀਆਂ ਟਾਹਰਾਂ ਮਾਰਨਾ ਉਸ ਆਪੇ ਬਣੇ ਸਿਆਣੇ ਲੱਕੜਹਾਰੇ ਵਾਂਗ ਹੈ ਜਿਹੜਾ ਉਸੇ ਟਾਹਣੇ ਨੂੰ ਵੱਢ ਰਿਹਾ ਹੈ, ਜਿਸ ਤੇ ਬੈਠਾ ਹੋਵੇ।
ਬੇਸ਼ੱਕ ਪੰਜਾਬ ਵਿੱਚ ਵਕਤੀ ਤੌਰ ਤੇ ਨਸ਼ਿਆਂ ਦੀ ਰੋਕਥਾਮ ਲਈ ਹਾਲ- ਪਾਹਰਿਆ ਕੀਤੀ ਗਈ, ਨਸ਼ਾ ਛੁਡਾਊ ਕੇਂਦਰ ਵੀ ਬਣਾਏ ਗਏ। ਵੱਡੇ ਵੱਡੇ ਤਸਕਰਾਂ ਨੂੰ ਘੇਰਨ ਦੀ ਬਜਾਏ ਅਮਲੀਆਂ ਦੀ ਗਿੱਦੜ ਕੁੱਟ ਕਰਕੇ ਜੇਲ੍ਹ ਯਾਤਰਾ ਕਰਵਾ ਦਿੱਤੀ ਗਈ। ਇਸ ਸਭ ਕੁਝ ਦੇ ਚਲਦਿਆਂ ਪਿੰਡ ਬਿਲਾਸਪੁਰ ਦੀਆਂ ਬੀਬੀਆਂ ਵਿਸ਼ਵ ਭਰ ਚ ਚਰਚਾ ਵਿੱਚ ਆਈਆਂ। ਉਹਨਾਂ ਦੇ ਚਰਚਾ ਚ ਆਉਣ ਦਾ ਕਾਰਨ ਇਹ ਸੀ ਕਿ ਉਹ ਪਿੰਡ ਵਿੱਚ ਉਹਨਾਂ ਦੇ ਪਤੀਆਂ ਜਾਂ ਪੁੱਤਰਾਂ ਨੂੰ ਨਸ਼ੇ ਦੀ ਸਪਲਾਈ ਕਰਨ ਵਾਲਿਆਂ ਖਿਲਾਫ ਡਾਂਗਾਂ ਉਠਾ ਕੇ ਰਾਤ ਨੂੰ ਪਹਿਰਾ ਦੇਣ ਲਈ ਲਾਮਬੰਦ ਹੋਈਆਂ ਸਨ। ਕੀ ਇਹ ਤ੍ਰਾਸਦੀ ਹੰਢਾ ਰਹੇ ਲੋਕਾਂ ਦਾ ਦੁੱਖ ਨਹੀਂ ਹੈ? ਪੰਚਾਇਤਾਂ ਵੱਲੋਂ ਪਿੰਡਾਂ ਚੋਂ ਸ਼ਰਾਬ ਦੇ ਠੇਕੇ ਚੁੱਕਣ ਸੰਬੰਧੀ ਮਤੇ ਪਾਉਣ ਦੀ ਗੱਲ ਤੁਰੀ ਤਾਂ ਬਠਿੰਡਾ ਜਿਲ੍ਹੇ ਦੇ ਸਿਰਫ ਪਿੰਡ ਗਿੱਦੜ  ਦੇ ਲੋਕ ਹੀ ਸ਼ੇਰ ਬਣ ਸਕੇ। ਫਰੀਦਕੋਟ ਜਿਲ੍ਹੇ ਦੇ ਪਿੰਡ ਦੀਪ ਸਿੰਘ ਵਾਲਾ ਵਿੱਚ ਨੌਜਵਾਨਾਂ ਵੱਲੋਂ ਉਸ ਅਕਾਲੀ ਵਿਧਾਇਕ ਦੇ ਪਿੰਡ ਚ ਵੜਨ ਦੀ ਪਾਬੰਦੀ ਵਾਲਾ ਵੱਡ ਆਕਾਰੀ ਬੈਨਰ ਲਗਾ ਦਿੱਤੇ ਗਏ ਸਨ ਜਿਸ ਵਿਧਾਇਕ ਨੂੰ ਪੰਜਾਬ ਵਿੱਚ ਸ਼ਰਾਬ ਦੇ ਘੈਂਟ ਵਪਾਰੀ ਵਜੋਂ ਜਾਣਿਆ ਜਾਂਦਾ ਹੈ। ਇਹ ਉਦਾਹਰਣਾਂ ਲੋਕਾਂ ਦਾ ਦੁੱਖ ਦੱਸਣ ਲਈ ਕਾਫੀ ਹਨ ਕਿ ਜੇ ਲੋਕ ਅੱਜ ਸਿਰਫ ਆਪਣਾ ਰੋਸਾ ਦਿਖਾ ਰਹੇ ਹਨ ਤਾਂ ਕੱਲ੍ਹ ਨੂੰ ਉਹਨਾਂ ਨੂੰ ਆਪਣੇ ਘਰ ਉੱਜੜਦੇ ਦੇਖ ਕੇ ਕੋਈ ਹੋਰ ਅੱਕ ਨਾ ਚੱਬਣਾ ਪੈ ਜਾਵੇ। ਜਿਸ ਕਿਸੇ ਦੀ ਵੀ ਪੰਜਾਬ ਨਾਲ ਨਾੜੂਏ ਵਾਲੀ ਸਾਂਝ ਹੈ, ਉਸਦੀ ਪਹਿਲੀ ਤੇ ਆਖਰੀ ਤਮੰਨਾ ਹੋਵੇਗੀ ਕਿ ਪੰਜਾਬ ਖੁਸ਼ਹਾਲੀ ਦੀਆਂ ਬੁਲੰਦੀਆਂ ਛੂਹੇ। ਪਰ ਸਮਝ ਤੋਂ ਬਾਹਰ ਹੈ ਕਿ ਪੰਜਾਬ ਦੇ ਸੂਝਵਾਨ ਸਿਆਸਤਦਾਨ ਇਸ ਗੱਲ ਤੋਂ ਕੰਡ ਕਿਉਂ ਘੁਮਾਈ ਬੈਠੇ ਹਨ ਕਿ ਕਿਰਤ ਵਿਹੂਣੇ ਹੱਥਾਂ ਦੀ ਫੌਜ ਵਾਲੀ ਧਰਤੀ ਤੇ ਨਸ਼ਿਆਂ ਨਾਲ ਸਿਰਫ ਤੇ ਸਿਰਫ ਉਜਾੜਾ ਹੋ ਸਕਦੈ, ਅਰਾਜਕਤਾ ਹੀ ਫੈਲ ਸਕਦੀ ਹੈ। ਜਿਸ ਪੰਜਾਬ ਵਿੱਚ ਰੋਜਾਨਾ 25 ਕਰੋੜ ਤੋਂ ਵਧੇਰੇ ਦਾ ਪੋਸਤ ਵਿਕਦਾ ਹੋਵੇ, ਉਸ ਪੰਜਾਬ ਵਿੱਚ 2005-06 ਵਿੱਚ ਸਿਰਫ 4912 ਸ਼ਰਾਬ ਦੇ ਠੇਕੇ ਸਨ ਪਰ ਸੱਤ ਸਾਲਾਂ ਵਿੱਚ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਕੌੜੀ ਵੇਲ ਵਾਂਗ ਵਧ ਕੇ 2012-13 ਚ 12188 ਹੋ ਗਈ ਜਦੋਂ ਕਿ ਜਾਅਲੀ ਢੰਗ ਨਾਲ ਬਣੀਆਂ ਸ਼ਾਖਾਵਾਂ ਦੀ ਗਿਣਤੀ ਵੱਖਰੀ ਹੈ। ਜੇਕਰ ਕਿਸੇ ਭਲਵਾਨ ਦਾ ਉਸਤਾਦ ਆਪਣੇ ਚੇਲੇ ਨੂੰ ਪੌਸ਼ਟਿਕ ਖੁਰਾਕ ਖੁਆਉਣ ਦੀ ਬਜਾਏ ਗੱਲਾਂ ਦਾ ਕੜਾਹ ਖੁਆ ਕੇ ਹੀ ਮੱਲਾਂ ਮਾਰਨ ਦੀ ਆਸ ਲਾਈ ਬੈਠਾ ਹੋਵੇ ਤਾਂ ਥੁੱਕੀਂ ਵੜੇ ਪਕਾਉਣ ਵਾਲੀ ਗੱਲ ਹੋਵੇਗੀ। ਲੋਕਾਂ ਨੂੰ ਸ਼ਰਾਬ ਦੀਆਂ ਵੱਧ ਤੋਂ ਵੱਧ ਬੋਤਲਾਂ ਵੇਚਣ ਦੇ ਟੀਚੇ ਮਿਥੇ ਜਾ ਰਹੇ ਹਨ। 2002-03 ਚ ਪੰਜਾਬ ਦੇ ਮਾਣਮੱਤੇ ਲੋਕਾਂ ਨੇ 15 ਕਰੋੜ ਬੋਤਲ ਪੀਤੀ ਸੀ ਪਰ ਸਦਕੇ ਜਾਈਏ ਪੰਜਾਬੀਆਂ ਦੇ ਕਿ ਉਹਨਾਂ ਨੇ 2012-13 ਚ ਮਿਥੇ ਗਏ 29 ਕਰੋੜ ਬੋਤਲਾਂ ਪੀਣ ਦੇ ਟੀਚੇ ਨੂੰ ਸਿਰਫ ਸਰ ਹੀ ਨਹੀਂ ਕੀਤਾ ਸਗੋਂ 31 ਕਰੋੜ ਬੋਤਲ ਚ ਫੂਕ ਮਾਰ ਦਿੱਤੀ। ਪੰਜਾਬੀਆਂ ਨੂੰ 2014 ਚ 36 ਕਰੋੜ ਬੋਤਲ ਪੀਣ ਦਾ ਟੀਚਾ ਦਿੱਤਾ ਗਿਆ ਹੈ ਦੇਖਣਾ ਇਹ ਹੈ ਕਿ ਖੁਦ ਦੇ ਸਰੀਰਕ ਤੇ ਆਰਥਿਕ ਉਜਾੜੇ ਵੱਲ ਨੰ ਜਾਂਦਿਆਂ ਪੰਜਾਬੀ ਪੈਰ ਅਗਾਂਹ ਧਰਦੇ ਹਨ ਜਾਂ ਪਿਛਾਂਹ ਕਰਦੇ ਹਨ। ਜਦੋਂਕਿ ਪੰਜਾਬ ਵਿੱਚ ਹਰਿਆਣਾ ਜਾਂ ਚੰਡੀਗੜ੍ਹ ਤੋਂ ਨਾਜਾਇਜ ਢੰਗ ਲਿਆਂਦੀ ਸਸਤੀ ਸ਼ਰਾਬ ਇਹਨਾਂ ਅੰਕੜਿਆਂ ਤੋਂ ਵੱਖਰੀ ਹੈ। ਇਹਨਾਂ ਬੋਤਲਾਂ ਤੋਂ ਕਰ ਦੇ ਰੂਪ ਚ 2013 ਚ 34 ਅਰਬ ਰੁਪਏ ਖਜਾਨੇ ਦਾ ਸ਼ਿੰਗਾਰ ਬਣੀ ਸੀ ਤੇ 2014 ਚ ਲੋਕਾਂ ਨੂੰ ਵੱਧ ਤੋਂ ਵੱਧ ਬੋਤਲਾਂ ਵੇਚਣ ਤੋਂ ਬਾਦ 40 ਅਰਬ ਤੋਂ ਵਧੇਰੇ ਕਰ ਰੂਪੀ ਆਮਦਨ ਇਕੱਠੀ ਹੋਣ ਦੀ ਉਮੀਦ ਲਾਈ ਹੋਈ ਹੈ। ਹੁਣੇ ਹੁਣੇ ਲੰਘ ਕੇ ਗਈਆਂ (2014) ਲੋਕ ਸਭਾ ਚੋਣਾਂ ਵੇਲੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 185 ਟਨ ਨਸ਼ੀਲੇ ਪਦਾਰਥ ਫੜ੍ਹੇ ਗਏ ਸਨ, ਜਿਹਨਾਂ ਵੱਲੋਂ 139 ਟਨ ਇਕੱਲੇ ਪੰਜਾਬ ਚੋਂ ਫੜ੍ਹੇ ਸਨ। 225 ਲੱਖ ਲਿਟਰ ਨਾਜਾਇਜ ਸ਼ਰਾਬ ਵਿੱਚੋਂ ਸਾਢੇ ਗਿਆਰਾਂ ਲੱਖ ਲਿਟਰ ਪੰਜਾਬ ਵਿੱਚੋਂ ਫੜ੍ਹੀ ਗਈ ਸੀ। ਦੁੱਧ ਮੱਖਣਾਂ ਨਾਲ ਪਲੇ ਹੋਏ ਦੱਸੇ ਜਾਂਦੇ ਪੰਜਾਬੀਆਂ ਦੀਆਂ ਨਸਾਂ ਚ ਸ਼ਰਾਬ ਇਸ ਕਦਰ ਖੌਰੂ ਪਾਉਂਦੀ ਫਿਰ ਰਹੀ ਹੈ ਕਿ ਪ੍ਰਤੀ ਵਿਅਕਤੀ ਹਿੱਸੇ ਹਰ ਰੋਜ ਦੀਆਂ 12 ਬੋਤਲਾਂ ਆਉਂਦੀਆਂ ਹਨ। 2013 ਚ ਪੰਜਾਬ ਦੀ ਆਬਾਦੀ 28485384 ਸੀ ਤੇ ਪ੍ਰਤੀ ਵਿਅਕਤੀ (ਔਰਤਾਂ, ਮਰਦ, ਬੱਚਿਆਂ ਸਮੇਤ) ਬੋਤਲਾਂ ਦੀ ਔਸਤ 10 ਬੋਤਲਾਂ ਸੀ। ਜਦੋਂਕਿ 2014 ਚ ਆਬਾਦੀ ਅੰਕੜਾ 2884179 ਹੈ ਤੇ ਪ੍ਰਤੀ ਵਿਅਕਤੀ ਬੋਤਲ ਔਸਤ 12 ਪਹੁੰਚ ਗਈ ਹੈ। ਸਰਕਾਰੀ ਅੰਕੜੇ ਦੱਸਦੇ ਹਨ ਕਿ ਇਸ ਔਸਤ ਅਨੁਸਾਰ ਚਾਹੇ ਕੋਈ ਪੱਕਾ ਵੈਸਨੂੰ ਹੈ, ਉਹ ਵੀ ਰੋਜਾਨਾ ਕਾਗਜਾਂ ਚ ਆਪਣੇ ਹਿੱਸੇ ਦੀਆਂ 12 ਬੋਤਲਾਂ ਪੀ ਕੇ ਲਲਕਾਰੇ ਮਾਰ ਕੇ ਸੌਂਦਾ ਹੈ। ਪੰਜਾਬ ਵਿੱਚ ਸ਼ਰਾਬ ਨਾਲ ਹੁੰਦੀਆਂ ਮੌਤਾਂ ਨੂੰ ਜਾਂ ਤਾਂ ਨਾਜਾਇਜ ਸ਼ਰਾਬ ਨਾਲ ਜੋੜ ਦਿੱਤਾ ਜਾਂਦਾ ਹੈ ਜਾਂ ਫਿਰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ। ਸਭ ਤੋਂ ਵੱਡਾ ਸਵਾਲ ਹੈ ਕਿ ਕੀ ਠੇਕਿਆਂ ਤੇ ਵਿਕਦੀ ਸ਼ਰਾਬ ਮੌਤਾਂ ਦਾ ਕਾਰਨ ਨਹੀਂ ਬਣਦੀ?? ਬੇਸ਼ੱਕ ਸੱਤਾ ਦੀ ਮਮਟੀ ਤੇ ਬੈਠਿਆਂ ਪੰਜਾਬ ਭੰਗੜੇ ਪਾਉਂਦਾ, ਕਬੱਡੀਆਂ ਖੇਡਦਾ ਤੇ ਦੇਖਦਾ ਨਜਰ ਆ ਰਿਹਾ ਹੋਵੇ ਪਰ ਜਮੀਨੀ ਹਕੀਕਤਾਂ ਹੋਰ ਹਨ। ਇੱਕ ਜਾਣੂੰ ਵਿਅਕਤੀ ਨੇ ਆਪਣੀ ਜਮੀਨ ਜਾਇਦਾਦ ਨਸ਼ਿਆਂ ਲੇਖੇ ਲਾਉਣ ਤੋਂ ਬਾਦ ਉਸਦੇ ਨਾਬਾਲਿਗ ਮੁੰਡੇ ਨੇ ਜਿਹੜਾ ਕਾਰੋਬਾਰ ਸ਼ੁਰੂ ਕੀਤਾ ਉਹ ਸੁਣਕੇ ਤੁਸੀਂ ਵੀ ਹੈਰਾਨ ਹੋਵੋਗੇ। ਸ਼ਰਾਬ ਦਾ ਠੇਕਾ ਪਿੰਡ ਤੋਂ ਤਿੰਨ ਕੁ ਮੀਲ ਬਾਹਰ ਹੋਣ ਕਰਕੇ ਅਕਸਰ ਸ਼ਰਾਬੀ ਠੇਕੇ ਤੇ ਜਾਣ ਦੀ ਔਖ ਮੰਨਦੇ ਹਨ। ਉਕਤ ਬੱਚਾ ਨਿੱਤ ਦੇ ਸ਼ਰਾਬੀਆਂ ਲਈ ਨਾਲ ਦੇ ਪਿੰਡ (ਦੂਸਰੇ ਜਿਲ੍ਹੇ ਦਾ ਪਿੰਡ) ਦੇ ਠੇਕੇ ਤੋਂ ਕੁਝ ਕੁ ਸਸਤੀ ਸ਼ਰਾਬ ਦਾ ਡੱਬਾ ਲੈ ਲਾਉਂਦੈ ਤੇ ਪਿੰਡ ਆ ਕੇ ਇਕੱਲੀ ਇਕੱਲੀ ਬੋਤਲ ਵੇਚ ਕੇ ਆਪਣੀ ਦਿਹਾੜੀ ਪਾ ਲੈਂਦੈ। ਜਿਸ ਸੂਬੇ ਚ ਜਵਾਨ ਹੋਣ ਦੀ ਦਹਿਲੀਜ਼ ਤੇ ਖੜ੍ਹੇ ਨਾਬਾਲਿਗ ਸਿੱਧੇ ਜਾਂ ਅਸਿੱਧੇ ਢੰਗ ਨਾਲ ਨਸ਼ਿਆਂ ਦੇ ਕਾਰੋਬਾਰ ਨਾਲ ਜੁੜ ਜਾਣ, ਉਸ ਸੂਬੇ ਦੀ ਖੁਸ਼ਹਾਲੀ ਦੀਆਂ ਗੱਲਾਂ ਕਰਨੀਆਂ ਨਿੰਮ ਦੇ ਦਰੱਖਤ ਤੋਂ ਅੰਬਾਂ ਦਾ ਝਾੜ ਲੈਣ ਵਰਗੀ ਸੁਪਨਮਈ ਗੱਲ ਹੀ ਹੋਵੇਗੀ। ਪੰਜਾਬ ਦੇ ਵਿਆਹਾਂ ਚ ਨਾਨਕੀਆਂ ਦਾਦਕੀਆਂ ਦੀਆਂ ਟੀਮਾਂ ਗਿੱਧੇ ਦੇ ਦੌਰ ਵੇਲੇ ਬੋਲੀਆਂ ਪਾਉਂਦੀਆਂ ਹਨ। ਉਹਨਾਂ ਬੋਲੀਆਂ ਚੋਂ ਇੱਕ ਬੋਲੀ “ਇੱਥੋਂ ਦੇ ਸ਼ੁਕੀਨ ਗੱਭਰੂ, ਦੁੱਧ ਵੇਚਕੇ ਸ਼ਰਾਬਾਂ ਪੀਂਦੇ” ਵਾਰ ਵਾਰ ਜ਼ਿਹਨ ਚ ਘੁੰਮਦੀ ਰਹਿੰਦੀ ਹੈ।

Welcome to Punjabi Akhbar

Install Punjabi Akhbar
×
Enable Notifications    OK No thanks