ਡੁਬੋ ਵਿਖੇ ਬੇਸ ਹਸਪਤਾਲ ਦੀਆਂ ਦੋ ਕਾਰ ਪਾਰਕਿੰਗ ਦਾ ਤੋਹਫਾ

ਨਿਊ ਸਾਊਥ ਵੇਲਜ਼ ਨੇ ਡੂਬੋ ਵਿਖੇ ਬੇਸ ਹਸਪਤਾਲ ਵਿੱਚ ਆੳਣ ਜਾਉਣ ਵਾਲਿਆਂ ਵਾਸਤੇ ਦੋ ਕਾਰ ਪਾਰਕਿੰਗਾਂ ਦਾ ਡਿਜ਼ਾਇਨ ਪਾਸ ਕਰ ਦਿੱਤਾ ਹੈ ਅਤੇ ਜਲਦੀ ਹੀ ਇਸ ਉਪਰ ਕੰਮ ਵੀ ਸ਼ੁਰੂ ਹੋ ਜਾਵੇਗਾ। ਸਰਕਾਰ ਦਾ ਇਹ ਨਵਾਂ ਪ੍ਰਾਜੈਕਟ ਉਕਤ ਹਸਪਤਾਲ ਦੇ ਚੱਲ ਰਹੇ ਨਵੀਨੀਕਰਨ ਲਈ 241 ਮਿਲੀਅਨ ਡਾਲਰਾਂ ਵਾਲੇ ਪ੍ਰਾਜੈਕਟ ਦਾ ਹੀ ਹਿੱਸਾ ਹੈ। ਡੁਬੋ ਤੋਂ ਐਮ.ਪੀ. ਸ੍ਰੀ ਡਗਲਡ ਸਾਂਡਰਸ ਨੇ 30 ਮਿਲੀਅਨ ਡਾਲਰ ਦੀ ਲਾਗਤ ਨਾਲ ਤਿਆਰ ਹੋਣ ਵਾਲੀਆਂ ਕਾਰ ਪਾਰਕਿੰਗਾਂ ਦੇ ਡਿਜ਼ਾਇਨ ਜਾਰੀ ਕਰਦਿਆਂ ਕਿਹਾ ਕਿ ਇਸ ਨਾਲ ਹਸਪਤਾਲ ਅੰਦਰ ਆਪਣੇ ਪਿਆਰਿਆਂ ਨੂੰ ਮਿਲਣ ਆਉਣ ਵਾਲੇ ਲੋਕਾਂ ਵਾਸਤੇ ਨਵੀਆਂ ਸੁਵਿਧਾਵਾਂ ਮਿਲਣਗੀਆਂ ਅਤੇ ਲੋਕਾਂ ਨੂੰ ਆਪਣੀਆਂ ਕਾਰਾਂ ਨੂੰ ਪਾਰਕ ਕਰਨ ਵਾਸਤੇ ਹੁਣ 926 ਥਾਵਾਂ ਮੁਹੱਈਆ ਹੋ ਜਾਣਗੀਆਂ। ਅਗਲੇ ਸਾਲ ਸ਼ੁਰੂ ਹੋ ਕੇ ਉਕਤ ਪ੍ਰਾਜੈਕਟ 2022 ਵਿੱਚ ਮੁਕੰਮਲ ਹੋ ਜਾਣਗੇ। ਸਿਹਤ ਮੰਤਰੀ ਬਰੈਡ ਹੈਜ਼ਰਡ ਨੇ ਵੀ ਸ੍ਰੀ ਡਗਲਸ ਦਾ ਸਾਥ ਦਿੰਦਿਆਂ ਕਿਹਾ ਕਿ ਉਕਤ ਪ੍ਰਾਜੈਕਟ ਸਰਕਾਰ ਦੀ ਲੋਕਾਂ ਪ੍ਰਤੀ ਉਸਾਰੂ ਕੰਮ ਕਰਨ ਦੀ ਰੂਚੀ ਦਾ ਬਖਿਆਨ ਕਰਦਾ ਹੈ। ਉਨ੍ਹਾਂ ਕਿਹਾ ਕਿ ਰਾਜ ਅੰਦਰ ਸਰਕਾਰ ਵੱਲੋਂ 10.1 ਬਿਲੀਅਨ ਡਾਲਰਾਂ ਦੀ ਲਾਗਤ ਨਾਲ ਸਿਹਤ ਸੁਧਾਰ ਸਬੰਧੀ ਪ੍ਰਾਜੈਕਟ ਚਲਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਜਨਤਕ ਸਿਹਤ ਦੇ ਨਾਲ ਨਾਲ ਨਵੇਂ ਰੌਜ਼ਗਾਰਾਂ ਦੇ ਸੌਮੇ ਪ੍ਰਧਾਨ ਕਰਨਾ ਵੀ ਸਰਕਾਰ ਦਾ ਮੁੱਖ ਟੀਚਾ ਹੈ। ਉਕਤ ਬਹੁ-ਮੰਜ਼ਲੀ ਕਾਰ ਪਾਰਕਿੰਗਾਂ ਦੀ ਇਮਾਰਤ ਅੰਦਰ ਸਥਾਨਕ ਬਹੁ-ਸਭਿਅਕ ਕਲਾਵਾਂ ਦੀਆਂ ਰਚਨਾਵਾਂ ਆਦਿ ਨਾਲ ਸ਼ਿੰਗਾਰਿਆ ਜਾਵੇਗਾ ਅਤੇ ਇਸ ਲਈ ਲੋੜੀਂਦੇ ਪੈਦਲ ਮਾਰਗ, ਸੜਕਾਂ, ਹਸਪਤਾਲ ਦੇ ਅੰਦਰ ਅਤੇ ਬਾਹਰ ਦੇ ਰਸਤੇ, ਲਾਇਟਿੰਗ, ਅਤੇ ਸੁਰੱਖਿਆ ਸਬੰਧੀ ਸਾਰੇ ਇੰਤਜ਼ਾਮ ਕੀਤੇ ਜਾਣਗੇ।

Install Punjabi Akhbar App

Install
×