ਬਠਿੰਡਾ/ 9 ਜੁਲਾਈ/ — ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਤੇ ਗਰਾਂਈਆਂ ਨੂੰ ਆਪਣੀ ਪਦਵੀ ਦਾ ਜੌਹਰ ਦਿਖਾ ਚੁੱਕੇ ਤੇ ਦੋ ਆਹਲਾ ਅਫ਼ਸਰਾਂ ਵੱਲੋਂ ਦਾਗੀ ਕਰਾਰ ਦਿੱਤਾ ਗਿਆ ਇੱਕ ਡੀ ਐੱਸ ਪੀ ਨੂੰ ਉਹਨਾਂ ਦੀ ਸਰਕਾਰ ਹੀ ਮੁੜ ਬਠਿੰਡਾ ‘ਚ ਤਾਇਨਾਤ ਕਰ ਦੇਵੇ, ਤਾਂ ਕਾਂਗਰਸੀ ਹੋਣ ਦੀ ਬਦੌਲਤ ਉਸਦੇ ਕਹਿਰ ਦਾ ਸੰਤਾਪ ਹੰਢਾ ਚੁੱਕੇ ਵਰਕਰਾਂ ਤੇ ਕੀ ਬੀਤਦੀ ਗੁਜਰਦੀ ਹੋਵੇਗੀ, ਇਹ ਅੰਦਾਜ਼ਾ ਲਾਉਣਾ ਔਖਾ ਨਹੀਂ।
ਜਿਲ੍ਹਾ ਫਰੀਦਕੋਟ ਨਾਲ ਸਬੰਧਤ ਗੁਰਜੀਤ ਸਿੰਘ ਰੋਮਾਣਾ ਸਬ ਇੰਸਪੈਕਟਰ ਤੋਂ ਲੈ ਕੇ ਪੁਲਿਸ ਦੇ ਡੀ ਐੱਸ ਪੀ ਵਜੋਂ ਕਈ ਵਰ੍ਹਿਆਂ ਤੋਂ ਬਠਿੰਡਾ ਵਿਖੇ ਸੇਵਾ ਨਿਭਾ ਚੁੱਕਾ ਹੈ। ਅੱਜ ਕੱਲ੍ਹ ਉਹ ਇਸ ਲਈ ਸੁਰਖੀਆਂ ਵਿੱਚ ਹੈ ਕਿਉਂਕਿ ਨਸ਼ੀਲੇ ਪਦਾਰਥਾਂ ਦੇ ਮੁਕੱਦਮੇ ਵਿੱਚ ਸਾਮਲ ਇੱਕ ਕੈਮਿਸਟ ਨੂੰ ਕਲੀਨ ਚਿੱਟ ਦੇ ਕੇ ਉਹ ਫਾਇਦਾ ਪਹੁੰਚਾਉਣ ਕਾਰਨ ਦੋ ਆਈ ਪੀ ਐੱਸ ਅਫ਼ਸਰਾਂ ਦੀਆਂ ਪੜਤਾਲੀਆ ਰਿਪੋਰਟਾਂ ਵਿੱਚ ਦਾਗੀ ਕਰਾਰ ਦਿੱਤਾ ਜਾ ਚੁੱਕਾ ਹੈ। ਇਸ ਮਾਮਲੇ ਦਾ ਪਿਛੋਕੜ ਇਹ ਹੈ ਕਿ ਸੁਖਵਿੰਦਰ ਕੌਰ ਨਾਂ ਦੀ ਸਬ ਇੰਸਪੈਕਟਰ ਨੇ ਗੋਨਿਆਣਾ ਦੇ ਗੋਬਿੰਦ ਗੁਪਤਾ ਦੇ ਟਿਕਾਣੇ ਤੋਂ 1500 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਉਸ ਵਿਰੁੱਧ 10 ਅਪਰੈਲ 2017 ਨੂੰ ਐਨ ਡੀ ਪੀ ਐੱਸ ਐਕਟ ਅਧੀਨ ਮੁਕੱਦਮਾ ਦਰਜ਼ ਕੀਤਾ ਸੀ।
ਆਪਣੀ ਪੜਤਾਲ ਰਾਹੀਂ ਡੀ ਐੱਸ ਪੀ ਰੋਮਾਣਾ ਨੇ ਉਸਨੂੰ ਬੇਗੁਨਾਹ ਕਰਾਰ ਦੇ ਦਿੱਤਾ, ਜਿਸਦਾ ਫਾਇਦਾ ਲੈ ਕੇ ਗੋਬਿੰਦ ਗੁਪਤਾ ਨੇ ਅਦਾਲਤ ਤੋਂ ਜਮਾਨਤ ਹਾਸਲ ਕਰ ਲਈ, ਜਦ ਇਹ ਮਾਮਲਾ ਬਠਿੰਡਾ ਜੋਨ ਦੇ ਉਸ ਵੇਲੇ ਦੇ ਆਈ ਜੀ ਸ੍ਰੀ ਮੁਖਵਿੰਦਰ ਸਿੰਘ ਛੀਨਾ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਇਸਦੀ ਪੜਤਾਲ ਐੱਸ ਐੱਸ ਪੀ ਫਰੀਦਕੋਟ ਡਾ: ਨਾਨਕ ਸਿੰਘ ਨੂੰ ਸੌਂਪ ਦਿੱਤੀ। ਡਾ: ਸਿੰਘ ਨੇ ਰੋਮਾਣਾ ਦੀ ਰਿਪੋਰਟ ਨੂੰ ਨਿਰਅਧਾਰ ਕਰਾਰ ਦਿੰਦਿਆਂ ਉਸ ਸਮੇਤ ਉਕਤ ਰਿਪੋਰਟ ਨੂੰ ਪ੍ਰਵਾਨਗੀ ਦੇਣ ਵਾਲੇ ਬਠਿੰਡਾ ਦੇ ਐੱਸ ਐੱਸ ਪੀ ਸ੍ਰੀ ਨਵੀਨ ਸਿੰਗਲਾ ਦੀ ਕਾਰਗੁਜਾਰੀ ਨੂੰ ਨਜਾਇਜ਼ ਠਹਿਰਾ ਦਿੱਤਾ। ਕਾਰਵਾਈ ਲਈ ਇਹ ਰਿਪੋਰਟ ਜਦ ਉਸ ਵੇਲੇ ਦੇ ਡੀ ਆਈ ਜੀ ਸ੍ਰੀ ਅਸ਼ੀਸ ਚੌਧਰੀ ਦੇ ਪੇਸ ਹੋਈ ਤਾਂ ਐੱਸ ਐੱਸ ਪੀ ਸ੍ਰੀ ਸਿੰਗਲਾ ਨੂੰ ਕਲੀਨ ਚਿੱਟ ਦਿੰਦਿਆਂ ਉਹਨਾਂ ਵੀ ਸੀ੍ਰ ਰੋਮਾਣਾ ਨੂੰ ਦਾਗੀ ਕਰਾਰ ਦੇ ਦਿੱਤਾ।
ਹੁਣ ਜਦ ਸ੍ਰੀ ਰੋਮਾਣਾ ਨੂੰ ਬਠਿੰਡਾ ਸਹਿਰ ਦਾ ਡੀ ਐੱਸ ਪੀ-1 ਲਾਉਣ ਸਬੰਧੀ ਕੈਪਟਨ ਸਰਕਾਰ ਨੇ ਹੁਕਮ ਜਾਰੀ ਕਰ ਦਿੱਤਾ, ਤਾਂ ਇਸ ਨਾਲ ਕਾਂਗਰਸ ਪਾਰਟੀ ਦੇ ਟਕਸਾਲੀ ਵਰਕਰਾਂ ‘ਚ ਖਲਬਲੀ ਮੱਚ ਗਈ। ਨਾਂ ਪ੍ਰਕਾਸਿਤ ਨਾ ਕਰਨ ਦੀ ਸ਼ਰਤ ਤੇ ਜਿਲ੍ਹਾ ਕਾਂਗਰਸ ਕਮੇਟੀ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ 2009 ਵਿੱਚ ਜਦ ਬੀਬੀ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਦਾ ਬੇਟਾ ਯੁਵਰਾਜ ਰਣਇੰਦਰ ਸਿੰਘ ਬਠਿੰਡਾ ਹਲਕੇ ਤੋਂ ਲੋਕ ਸਭਾ ਦੀ ਚੋਣ ਲੜ ਰਿਹਾ ਸੀ, ਤਾਂ ਸ੍ਰੀ ਰੋਮਣਾ ਉਦੋਂ ਚੋਣ ਕਮਿਸਨ ਵੱਲੋਂ ਨਿਯੁਕਤ ਕੀਤੇ ਦਰਸਕ ਨਾਲ ਤਾਇਨਾਤ ਹੁੰਦਾ ਸੀ। ਵੋਟਾਂ ਵਾਲੇ ਦਿਨ ਅਕਾਲੀਆਂ ਵੱਲੋਂ ਪੈਸੇ ਵੰਡਣ ਤੇ ਗੁੰਡਾਗਰਦੀ ਕਰਨ ਦੀਆਂ ਸਿਕਾਇਤਾਂ ਮਿਲਣ ਤੇ ਚੋਣ ਦਰਸਕ ਜਦ ਮੌਕਾ ਏ ਵਾਰਦਾਤ ਵਾਲੀ ਥਾਂ ਲਿਜਾਣ ਲਈ ਕਹਿੰਦਾ ਤਾਂ ਇਹ ਰੋਮਾਣਾ ਹੀ ਸੀ ਜੋ ਲੰਬੇ ਰਸਤਿਆਂ ਰਾਹੀਂ ਘੁੰਮਾ ਕੇ ਇਸ ਕਦਰ ਸਮਾਂ ਬਰਬਾਦ ਕਰਵਾ ਦਿੰਦਾ ਕਿ ਆਪਣਾ ਕੰਮ ਭੁਗਤਾ ਕੇ ਅਕਾਲੀ ਰਫੂ ਚੱਕਰ ਹੋ ਜਾਇਆ ਕਰਦੇ ਸਨ।
ਪਿਛਲੀ ਬਾਦਲ ਸਰਕਾਰ ਵੇਲੇ ਸ੍ਰੀ ਰੋਮਾਣਾ ਹਲਕਾ ਫੂਲ ਦੇ ਡੀ ਐੱਸ ਪੀ ਹੋਇਆ ਕਰਦੇ ਸਨ, ਉਸੇ ਹੀ ਦੌਰ ਵਿੱਚ ਹੋ ਰਹੀਆਂ ਪੰਚਾਇਤੀ ਅਦਾਰਿਆਂ ਦੀਆਂ ਚੋਣਾਂ ਵੇਲੇ ਚੱਲੀ ਗੋਲੀ ਦੀ ਵਜਾਹ ਕਾਰਨ ਪਿੰਡ ਮਹਿਰਾਜ ਦਾ ਇੱਕ ਅਕਾਲੀ ਵਰਕਰ ਮਾਰਿਆ ਗਿਆ ਸੀ। ਉਸ ਕੇਸ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਇਸ ਪਿੰਡ ਨਾਲ ਸਬੰਧਤ ਕਈ ਬੇਗੁਨਾਹ ਕਾਂਗਰਸੀ ਵਰਕਰਾਂ ਨੂੰ ਵੀ ਦੋਸ਼ੀਆਂ ਵਜੋਂ ਸਾਮਲ ਕੀਤਾ ਗਿਆ ਸੀ। ਉਥੋਂ ਦੇ ਇੱਕ ਸਿਰਕੱਢ ਕਾਂਗਰਸੀ ਆਗੂ ਨੇ ਦੱਸਿਆ ਕਿ ਉਹਨਾਂ ਨੂੰ ਸ੍ਰੀ ਰੋਮਣਾ ਦੀਆਂ ਗੁਪਤ ਹਦਾਇਤਾਂ ਤੇ ਹੀ ਪਰਚੇ ਵਿੱਚ ਇਸ ਲਈ ਪਾਇਆ ਗਿਆ, ਤਾਂ ਕਿ ਕੈਪਟਨ ਪਰਿਵਾਰ ਨਾਲ ਵਫ਼ਾ ਨਿਭਾਉਣ ਦਾ ਸਬਕ ਸਿਖਾਇਆ ਜਾ ਸਕੇ।
ਭਰੇ ਹੋਏ ਗਲੇ ਨਾਲ ਇਸ ਕਾਂਗਰਸੀ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੇ ਕੇਸ ਵਿੱਚ ਦੋ ਸੀਨੀਅਰ ਅਧਿਕਾਰੀਆਂ ਵੱਲੋਂ ਦਾਗੀ ਕਰਾਰ ਦਿੱਤੇ ਜਾ ਚੁੱਕੇ ਇਸ ਡੀ ਐੱਸ ਪੀ ਨੂੰ ਹਾਲੇ ਕੁਝ ਮਹੀਨੇ ਪਹਿਲਾਂ ਹੀ ਬਠਿੰਡਾ ਤੋਂ ਲੱਢਾ ਕੋਠੀ ਤਬਦੀਲ ਕੀਤਾ ਗਿਆ ਸੀ, ਲੇਕਿਨ ਜਿਸ ਕੈਪਟਨ ਸਰਕਾਰ ਨੂੰ ਲਿਆਉਣ ਲਈ ਉਹ ਪਿੰਡ ਮਹਿਰਾਜ ਦੇ ਮੋਹੜੀ ਗੱਡ ਗੁਰਦੁਆਰਾ ਸਾਹਿਬ ਵਿਖੇ ਅਰਦਾਸਾਂ ਕਰਿਆ ਕਰਦੇ ਸਨ, ਹੁਣ ਉੱਥੇ ਬੈਠ ਕੇ ਹੀ ਆਪਣੇ ਕਰਮਾਂ ਨੂੰ ਰੋ ਰਹੇ ਹਨ, ਕਿਉਂਕਿ ਸਾਡੇ ਭਰਾਵਾਂ ਨੂੰ ਜੇਲ੍ਹਾਂ ਕਟਵਾਉਣ ਵਾਲੇ ਰੋਮਾਣਾ ਨੂੰ ਸਾਡੀ ਹੀ ਸਰਕਾਰ ਨੇ ਮੁੜ ਸਾਡੇ ਸਿਰ ਦਾ ਸਾਂਈ ਬਣਾ ਦਿੱਤਾ ਹੈ।
ਇਸ ਆਗੂ ਦਾ ਧਿਆਨ ਜਦ ਡੀ ਜੀ ਪੀ ਸ੍ਰੀ ਸੁਰੇਸ ਅਰੋੜਾ ਦੇ ਇਸ ਬਿਆਨ ਵੱਲ ਦੁਆਇਆ ਕਿ ਡੀ ਐੱਸ ਪੀ ਤੇ ਐੱਸ ਐੱਚ ਓ ਵਿਧਾਇਕਾਂ ਦੀਆਂ ਸਿਫ਼ਾਰਸਾਂ ਤੇ ਹੀ ਲਾਏ ਜਾਂਦੇ ਹਨ, ਤਾਂ ਉਸ ਦਾ ਉੱਤਰ ਸੀ ਕਿ ਜਦ ਮਨਪ੍ਰੀਤ ਬਾਦਲ ਅਕਾਲੀ ਦਲ ਵਿੱਚ ਹੁੰਦਾ ਸੀ, ਤਾਂ ਉਦੋਂ ਰੋਮਾਣਾ ਐੱਸ ਐੱਚ ਓ ਗਿੱਦੜਬਾਹਾ ਹੋਇਆ ਕਰਦਾ ਸੀ, ਤੇ ਜੇ ਹੁਣ ਵੀ ਉਸਦੀ ਸਿਫ਼ਾਰਸ ਤੇ ਹੀ ਲਾਇਆ ਗਿਐ ਤਾਂ ਫਿਰ ਅਸੀਂ ਦਸ ਸਾਲ ਪਹਿਲਾਂ ਵੀ ਬਾਦਲਾਂ ਦੀ ਗੁਲਾਮੀ ਹੰਢਾਈ ਸੀ, ਤਾਂ ਸਾਢੇ ਤਿੰਨ ਸਾਲ ਹੋਰ ਬਾਦਲਾਂ ਦੇ ਨਵੇਂ ਰੂਪ ਦੀ ਗੁਲਾਮੀ ਔਖੇ ਸੌਖੇ ਹੰਢਾ ਲਵਾਂਗੇ।
(ਬਲਵਿੰਦਰ ਸਿੰਘ ਭੁੱਲਰ)