ਵੈਨਕੂਵਰ ਵਿਚ 4 ਮਿਲੀਅਨ ਕੀਮਤ ਦੇ ਨਸ਼ੀਲੇ ਪਦਰਾਥ ਅਤੇ 320,000 ਕੈਸ਼ ਬਰਾਮਦ

ਵੈਨਕੂਵਰ -ਵੈਨਕੂਵਰ ਪੁਲਿਸ ਵੱਲੋਂ ਇਕ ਅਹਿਮ ਕਾਰਵਾਈ ਦੌਰਾਨ 4 ਮਿਲੀਅਨ ਤੋਂ ਵੱਧ ਕੀਮਤ ਦੇ ਨਸ਼ੀਲੇ ਪਦਰਾਥ ਅਤੇ 320,000 ਡਾਲਰ ਕੈਸ਼ ਬਰਾਮਦ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਇਸ ਨੂੰ ਵੈਨਕੂਵਰ ਪੁਲਿਸ ਦੀ ਇਕ ਵੱਡੀ ਪ੍ਰਾਪਤੀ ਦੱਸਿਆ ਜਾ ਰਿਹਾ ਹੈ। ਪੁਲਿਸ ਅਨੁਸਾਰ ਜੂਨ ਦੇ ਅਖੀਰਲੇ ਦਿਨਾਂ ਵਿਚ ਵੈਨਕੂਵਰ ਡਾਊਨ ਟਾਊਨ ਵਿਚ ਦੋ ਇਮਾਰਤਾਂ ਵਿਚ ਦੋ ਸਰਚ ਵਾਰੰਟਾਂ ਉਪਰ ਕਾਰਵਾਈ ਕਰਦਿਆਂ 13 ਕਿਲੋਗ੍ਰਾਮ ਫੈਂਟਾਨਿਲ, 11 ਕਿਲੋਗ੍ਰਾਮ ਕ੍ਰਿਸਟਲ ਮੈਥ, 5 ਕਿਲੋਗ੍ਰਾਮ ਕੋਕੇਨ ਅਤੇ 6 ਕਿਲੋਗ੍ਰਾਮ ਬੈਨਜ਼ੋ-ਡਿਆ-ਜ਼ੀਪੀਨ ਤੋਂ ਇਲਾਵਾ ਇਕ ਫਾਇਰ ਆਰਮ ਅਤੇ 3,20,000 ਡਾਲਰ ਕੈਸ਼ ਫੜਿਆ ਗਿਆ ਹੈ।

ਵੈਨਕੂਵਰ ਪੁਲਿਸ ਸੁਪਰਡੈਂਟ ਲੀਜ਼ਾ ਬੇਅਰਨ ਨੇ ਦੱਸਿਆ ਕਿ ਇਹ ਨਸ਼ੀਲੇ ਪਦਾਰਥਾਂ ਦੀ ਪੈਕਿੰਗ ਇਨ੍ਹਾਂ ਘਰਾਂ ਵਿਚ ਕੀਤੀ ਜਾਂਦੀ ਸੀ ਅਤੇ ਫਿਰ ਟੈਕਸੀ ਦੁਆਰਾ ਲੋਅਰ ਮੇਨਲੈਂਡ ਵਿਚ ਵੱਖ-ਵੱਖ ਥਾਵਾਂ ‘ਤੇ ਸਪਲਾਈ ਕੀਤੀ ਜਾਂਦੀ ਸੀ। ਲੀਜ਼ਾ ਬੇਅਰਨ ਦਾ ਕਹਿਣਾ ਹੈ ਕਿ ਇਲਾਕੇ ਵਿਚ ਡਰੱਗ ਸਪਲਾਈ ਨੂੰ ਕੰਟਰੋਲ ਕਰਨ ਲਈ ਇਹ ਕਾਰਵਾਈ ਬੜੀ ਅਹਿਮ ਸਾਬਤ ਹੋਵੇਗੀ।

ਪੁਲਿਸ ਵੱਲੋਂ ‘ਪ੍ਰੋਜੈਕਟ ਟੈਸ਼’ ਦੇ ਨਾਂ ਹੇਠ ਚਲਾਏ ਮਿਸ਼ਨ ਤਹਿਤ ਕੀਤੀ ਗਈ ਇਸ ਕਾਰਵਾਈ ਦੌਰਾਨ ਬਰਨਬੀ ਦੇ ਇਕ 52 ਸਾਲਾ ਅਤੇ ਵੈਨਕੂਵਰ ਦੇ 21 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਂਚ ਚੱਲ ਰਹੀ ਹੈ ਪਰ ਫਿਲਹਾਲ ਦੋਹਾਂ ਜਣਿਆਂ ਨੂੰ ਰਿਹਾ ਕਰ ਦਿੱਤਾ ਗਿਆ ਹੈ।

(ਹਰਦਮ ਮਾਨ) +1 604 308 6663
maanbabushahi@gmail.com

Welcome to Punjabi Akhbar

Install Punjabi Akhbar
×