ਪੰਜਾਬ ‘ਚ 59 ਤੇ ਹਰਿਆਣਾ ‘ਚ 55 ਫ਼ੀਸਦੀ ਬਾਰਸ਼ ਦੀ ਕਮੀ

punjab-droughtਦੇਸ਼ ਦੇ ਖੇਤੀ ਪ੍ਰਧਾਨ ਸੂਬਿਆਂ ਪੰਜਾਬ ਤੇ ਹਰਿਆਣਾ ‘ਚ ਇਸ ਸਾਲ ਕਮਜ਼ੋਰ ਮੌਨਸੂਨ ਕਾਰਨ ਬਾਰਸ਼ ‘ਚ ਕ੍ਰਮਵਾਰ 59 ਤੇ 55 ਪ੍ਰਤੀਸ਼ਤ ਕਮੀ ਦਰਜ ਕੀਤੀ ਗਈ, ਜਦਕਿ ਉਕਤ ਦੋਵਾਂ ਰਾਜਾਂ ਦੀ ਰਾਜਧਾਨੀ ਚੰਡੀਗੜ੍ਹ ‘ਚ ਮੌਸਮ ਵਿਭਾਗ ਅਨੁਸਾਰ ਇਹ ਕਮੀ 52 ਪ੍ਰਤੀਸ਼ਤ ਰਹੀ। 1 ਜੂਨ ਤੋਂ 2 ਅਗਸਤ ਤੱਕ ਦੇ ਅੰਕੜਿਆਂ ਦੇ ਮੁਤਾਬਿਕ ਪੰਜਾਬ ‘ਚ ਸਧਾਰਨ 246.3 ਮਿਲੀਮੀਟਰ ਬਾਰਸ਼ ਦੇ ਮੁਕਾਬਲੇ 100.8 ਮਿਲੀਮੀਟਰ, ਹਰਿਆਣਾ ‘ਚ 221.9 ਦੇ ਮੁਕਾਬਲੇ 100.9 ਐੱਮ.ਐੱਮ. ਅਤੇ ਚੰਡੀਗੜ੍ਹ ‘ਚ 203.7 ਐੱਮ.ਐੱਮ. ਬਾਰਸ਼ ਰਿਕਾਰਡ ਕੀਤੀ ਗਈ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬਰਨਾਲਾ (ਸਧਾਰਨ ਦੇ ਮੁਕਾਬਲੇ 85 ਫ਼ੀਸਦੀ ਘੱਟ) ਸੰਗਰੂਰ (80 ਫ਼ੀਸਦੀ), ਫ਼ਤਿਹਗੜ੍ਹ ਸਾਹਿਬ (78 ਫ਼ੀਸਦੀ), ਪਟਿਆਲਾ (78 ਫ਼ੀਸਦੀ) ਅਤੇ ਅੰਮ੍ਰਿਤਸਰ 72 ਫ਼ੀਸਦੀ ਘੱਟ ਬਾਰਸ਼ ਹੋਈ ਜਦਕਿ ਇਨ੍ਹਾਂ ਦੇ ਮੁਕਾਬਲੇ ਮੋਗਾ ਅਤੇ ਫ਼ਰੀਦਕੋਟ ‘ਚ ਸਥਿਤੀ ਬਿਹਤਰ ਰਹੀ ਅਤੇ ਉੱਥੇ ਕ੍ਰਮਵਾਰ ਸਿਰਫ਼ 25 ਫ਼ੀਸਦੀ ਅਤੇ 10 ਫ਼ੀਸਦੀ ਘੱਟ ਬਾਰਸ਼ ਹੋਈ। ਇਸੇ ਤਰ੍ਹਾਂ ਹਰਿਆਣਾ ਵਿਚ ਰੋਹਤਕ ‘ਚ 86 ਫ਼ੀਸਦੀ, ਸੋਨੀਪਤ 75, ਪਾਣੀਪਤ 80 ਅਤੇ ਪੰਚਕੂਲਾ ਵਿਚ 69 ਫ਼ੀਸਦੀ ਘੱਟ ਬਾਰਸ਼ ਹੋਈ। ਪੰਜਾਬ ਨੇ ਸੋਕੇ ਵਰਗੇ ਹਾਲਾਤ ਨਾਲ ਨਿਪਟਣ ਲਈ ਕੇਂਦਰ ਤੋਂ ਪਹਿਲਾਂ ਹੀ 2000 ਹਜ਼ਾਰ ਕਰੋੜ ਦੀ ਮੰਗ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸੂਬੇ ‘ਚ ਕਮਜ਼ੋਰ ਮੌਨਸੂਨ ਦੇ ਚੱਲਦਿਆਂ ਇਹ ਮਦਦ ਮੰਗੀ ਗਈ ਹੈ। ਇਸ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਕਹਿਣਾ ਹੈ ਕਿ ਰਾਜ ਸਰਕਾਰ ਕਿਸਾਨਾਂ ਦੀ ਹਾਲਤ ਸੁਧਾਰਨ ਲਈ ਪੂਰੀ ਕੋਸ਼ਿਸ਼ ਕਰੇਗੀ ਅਤੇ ਸੂਬੇ ਵਿਚ ਮੌਨਸੂਨ ਦੀ ਘੱਟ ਬਰਸਾਤ ਨੂੰ ਦੇਖਦੇ ਹੋਏ ਫ਼ਸਲਾਂ ਨੂੰ ਖ਼ਰਾਬ ਨਹੀਂ ਹੋਣ ਦੇਵੇਗੀ।

Install Punjabi Akhbar App

Install
×