ਨਵੇਂ ਸਾਲ ‘ਚ ਸੂਰਜਾ ਦੇਵਤਾ ਪਿੱਛੇ ਇੰਦਰ ਮੂਹਰੇ: ਨਿਊਜ਼ੀਲੈਂਡ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਅੰਦਰ ਸਰਬੱਤ ਦੇ ਭਲੇ ਨਾਲ ਨਵੇਂ ਸਾਲ ਦੀ ਸ਼ੁਰੂਆਤ

NZ PIC 1 Jan-1 Bਨਿਊਜ਼ੀਲੈਂਡ ਦੇ ਵਿਚ ਸ਼ਾਇਦ ਦੁਨੀਆ ‘ਚ ਸਭ ਤੋਂ ਪਹਿਲਾਂ ਦਿਨ ਦੀ ਸ਼ੁਰੂਆਤ ਸੂਰਜ ਦੀ ਤਿੱਖੀ ਟਿੱਕੀ ਦੇ ਚੜ੍ਹਨ ਨਾਲ ਹੁੰਦੀ ਹੈ, ਪਰ ਸ਼ਾਇਦ ਇਸ ਵਾਰ ਸੂਰਜ ਦੇਵਤਾ ਨੇ ਛੁੱਟੀ ਲੈ ਰੱਖੀ ਹੈ ਅਤੇ ਦਿਨ ਦੀ ਸ਼ੁਰੂਆਤ ਇੰਦਰ ਦੇਵਤਾ ਵੱਲੋਂ ਰਿਮ-ਝਿਮ ਕਣੀਆਂ ਦੇ ਨਾਲ ਗਰਮੀ ਦੇ ਮੌਸਮ ਨੂੰ ਖੁਸ਼ਗਵਾਰ ਕਰਦਿਆਂ ਕੀਤੀ ਗਈ। ਗੋਰਿਆਂ ਅਤੇ ਮਾਓਰੀਆਂ ਦੇ ਵਸਾਏ ਇਸ ਦੇਸ਼ ਦੀ ਸਭ ਤੋਂ ਉੱਚੀ ਇਮਾਰਤ ਸਕਾਈ ਟਾਵਰ ਆਕਲੈਂਡ ਉਤੇ ਬੀਤੀ ਅੱਧੀ ਰਾਤ ਪਟਾਖੇ ਅਤੇ ਆਤਿਸ਼ਬਾਜੀ ਚਲਾ ਕੇ ਖੁਸ਼ੀ ਪ੍ਰਗਟ ਕੀਤੀ ਗਈ। ਇਸ ਮੌਕੇ 2015 ਨੂੰ ਅਲਵਿਦਾ ਕਹਿ ਦਿੱਤਾ ਗਿਆ ਅਤੇ ਨਵੇਂ ਸਾਲ 2016 ਨੂੰ ਜੀ ਆਇਆਂ ਆਖਿਆਂ ਗਿਆ। ਹਜ਼ਾਰਾਂ ਲੋਕ ਬੀਤੀ ਰਾਤ ਆਕਲੈਂਡ ਵਿਖੇ ਆਪਣੀਆਂ ਅੱਖਾਂ ਦੇ ਨਾਲ ਇਸ ਖੁਸ਼ੀ ਭਰੇ ਪਲ ਨੂੰ ਵੇਖਣ ਗਏ ਸਨ।
ਇਸਦੇ ਨਾਲ ਹੀ ਇਥੇ ਵਸਦੇ ਭਾਰਤੀ ਭਾਈਚਾਰੇ ਨੇ ਵੀ ਨਵੇਂ ਸਾਲ ਨੂੰ ਆਪਣੇ-ਆਪਣੇ ਤਰੀਕਿਆਂ ਨਾਲ ਜੀ ਆਇਆਂ ਆਖਿਆ। ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਜਿਵੇਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ, ਗੁਰਦੁਆਰਾ ਸਾਹਿਬ ਉਟਾਹੂਹੂ, ਗੁਰਦੁਆਰਾ ਸਾਹਿਬ ਨਾਨਕਸਰ ਠਾਠ ਮੈਨੁਰੇਵਾ, ਗੁਰਦੁਆਰਾ ਸਾਹਿਬ ਟੀ ਪੁੱਕੀ, ਗੁਰਦੁਆਰਾ ਸਾਹਿਬ ਬੇਗਮਪੁਰਾ ਪਾਪਾਕੁਰਾ, ਗੁਰਦੁਆਰਾ ਸਾਹਿਬ ਬੰਬੇ ਹਿੱਲ ਅਤੇ ਹੋਰ ਕਈ ਗੁਰਦੁਆਰਾ ਸਾਹਿਬਾਨਾਂ ਅੰਦਰ ਨਵੇਂ ਸਾਲ ਦੀ ਪੂਰਵ ਸੰਧਿਆ ਉਤੇ ਵਿਸ਼ੇਸ਼ ਕੀਰਤਨ ਦੀਵਾਨ ਸਜਾਏ ਗਏ। ਰੈਣ ਸਬਾਈ ਕੀਰਤਨ ਕੀਤੇ ਗਏ ਅਤੇ ਸਰੱਬਤ ਦੇ ਭਲੇ ਲਈ ਅਰਦਾਸ ਕੀਤੀ ਗਈ। ਰਾਗੀ ਜੱਥਿਆਂ ਨੇ ਇਕ ਦੂਜੇ ਗੁਰਦੁਆਰਾ ਸਾਹਿਬ ਜਾ ਕੇ ਇਨ੍ਹਾਂ ਕੀਰਤਨ ਦੀਵਾਨਾਂ ਦੇ ਵਿਚ ਭਾਗ ਲਿਆ। ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ ਬੀਤੀ ਰਾਤ ਨਵੇਂ ਸਾਲ ਦੀ ਆਮਦ ਉਤੇ ਵਿਸ਼ੇਸ਼ ਦੀਵਾਨ ਸਜੇ। ਰਹਿਰਾਸ ਸਾਹਿਬ ਤੋਂ ਉਪਰੰਤ ਕਥਾ-ਕੀਰਤਨ ਹੋਇਆ ਜਿਸ ਦੇ ਵਿਚ ਭਾਈ ਹਰਜੀਤ ਸਿੰਘ ਧੂਰੀ ਵਾਲੇ ਅਤੇ ਸ. ਮਲਕੀਤ ਸਿੰਘ ਸਹੋਤਾ ਹੋਰਾਂ ਸ਼ਬਦ ਗਾਇਨ ਕੀਤੇ। ਇਸ ਮੌਕੇ ਵਿਸ਼ੇਸ਼ ਤੌਰ ‘ਤੇ  ਸਾਲ 2016 ਦਾ ਤਿਆਰ ਕੀਤਾ ਗਿਆ ਕੈਲੰਡਰ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਕੈਲੰਡਰ ਦੇ ਵਿਚ ਗੁਰਦੁਆਰਾ ਸਾਹਿਬ ਦੇ ਸਾਰੇ ਸਾਲ ਦੇ ਦਿਨ ਤਿਉਹਾਰ ਅਤੇ ਹੋਰ ਪ੍ਰੋਗਰਾਮ ਦਿੱਤੇ ਗਏ ਹਨ।