ਪ੍ਰਵਾਸ ਪੰਜਾਬ ਲਈ ਇੱਕ ਸਰਾਪ ਹੈ — ਡਾ. ਤੇਜਵੰਤ ਮਾਨ

ਮਾਲਵਾ ਰਿਸਰਚ ਸੈਂਟਰ ਪਟਿਆਲਾ ਅਤੇ ਗੁਰਮਤਿ ਲੋਕਧਾਰਾ ਵਿਚਾਰਮੰਚ ਵੱਲੋਂ ਵਿਸ਼ਵ ਚਿੰਤਨ ਦਿਵਸ ਦੇ ਨਾਂ ਉਤੇ ਡਾ. ਸਵਰਾਜ ਸਿੰਘ ਦਾ ਜਨਮ ਦਿਵਸ ਭਾਸ਼ਾ ਵਿਭਾਗ ਪੰਜਾਬ ਦੇ ਸੈਮੀਨਾਰ ਹਾਲ ਵਿੱਚ ਮਨਾਇਆ ਗਿਆ। 5 ਜਨਵਰੀ ਨੂੰ ਹਰ ਸਾਲ ਵਾਂਗ ਇਸ ਸਾਲ ਵੀ ਇੱਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦਾ ਵਿਸ਼ਾ ‘ਕੀ ਪ੍ਰਵਾਸ ਪੰਜਾਬ ਲਈ ਲਾਹੇਵੰਦ ਹੈ?* ਰੱਖਿਆ ਗਿਆ। ਸਮਾਗਮ ਦੀ ਪ੍ਰਧਾਨਗੀ ਬਾਬਾ ਬਲਵੀਰ ਸਿੰਘ ਜੀ ਖਡੂਰ ਸਾਹਿਬ ਨੇ ਕੀਤੀ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਹਰਕੇਸ਼ ਸਿੰਘ ਸਿੱਧੂ ਆਏ.ਏ.ਐਸ., ਡਾ. ਸਵਰਾਜ ਸਿੰਘ, ਡਾ. ਰਛਪਾਲ ਸਿੰਘ ਗਿੱਲ ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ, ਡਾ. ਬੀ.ਐਸ. ਰਤਨ ਆਈ.ਐਫ.ਐਸ., ਡਾ. ਤੇਜਵੰਤ ਮਾਨ ਸਾਹਿਤ ਰਤਨ, ਡਾ. ਭਗਵੰਤ ਸਿੰਘ ਸ਼ਾਮਲ ਸਨ। ਸਮਾਗਮ ਦਾ ਆਰੰਭ ਪ੍ਰਗਟ ਸਿੰਘ ਦੀ ਨਿਰਦੇਸ਼ਨਾਂ ਅਧੀਨ ਫੀਲਖਾਨਾ ਸਕੂਲ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਸ਼ਬਦ ਗਾਇਣ ਅਤੇ ਬੰਦਾ ਬਹਾਦਰ ਦੀ ਵਾਰ ਨਾਲ ਹੋਇਆ। ਪ੍ਰਵਾਸ ਦੇ ਵਿਸ਼ੇ ਬਾਰੇ ਆਰੰਭ ਵਿੱਚ ਡਾ. ਸਵਰਾਜ ਸਿੰਘ ਨੇ ਵਿਚਾਰ ਦਿੱਤੇ। ਉਨ੍ਹਾਂ ਦੇ ਵਿਚਾਰ ਵਿੱਚ ਅੱਜ ਦਾ ਪਰਵਾਸ ਸਾਮਰਾਜੀ ਪਰਵਾਸ ਕਿਹਾ ਜਾ ਸਕਦਾ ਹੈ। ਜੋ ਸਾਮਰਾਜੀਆਂ ਦੇ ਹਿੱਤ ਪੂਰ ਰਿਹਾ ਹੈ, ਇਹ ਮੁੱਖ ਤੌਰ ਤੇ ਖਾਹਸ਼ਾਂ ਤੇ ਅਧਾਰਿਤ ਹੈ, ਥੋੜੇ ਤੋਂ ਥੋੜੇ ਸਮੇਂ ਵਿੱਚ ਵੱਧ ਤੋਂ ਵੱਧ ਪੈਸਾ ਬਣਾਉਣ ਦੀ ਖਾਹਿਸ਼। ਇਹ ਪਰਵਾਸੀ ਇੱਥੋਂ ਜ਼ਮੀਨ ਜਾਇਦਾਦ ਵੇਚ ਕੇ ਪੈਸਾ ਬਾਹਰ ਲਿਜਾ ਰਹੇ ਹਨ। ਪੰਜਾਬ ਵਿੱਚੋਂ ਤਿੰਨੇ ਵਸੀਲੇ ਜੋ ਵਿਕਾਸ ਲਈ ਚਾਹੀਦੇ ਹਨ। ਮਨੁੱਖੀ ਵਸੀਲਾ, ਬੌਧਿਕ ਵਸੀਲਾ ਅਤੇ ਸਰਮਾਇਆ ਬਾਹਰ ਜਾ ਰਹੇ ਹਨ। ਪੰਜਾਬ ਦਾ ਪਰਵਾਸ ਬਾਕੀ ਭਾਰਤ ਨਾਲੋਂ ਵੱਖਰਾ ਹੈ। ਪਿਛਲੇ ਸਾਲ ਭਾਰਤੀ ਲੋਕਾਂ ਨੇ ਵਿਦੇਸ਼ਾਂ ਵਿੱਚੋਂ 100 ਅਰਬ ਡਾਲਰ ਤੋਂ ਵੱਧ ਪੈਸਾ ਭਾਰਤ ਭੇਜਕੇ ਨਵਾਂ ਰਿਕਾਰਡ ਕਾਇਮ ਕੀਤਾ ਅਤੇ ਇਹ ਰਾਸ਼ੀ ਸੰਸਾਰ ਵਿੱਚ ਸਭ ਤੋਂ ਜਿਆਦਾ ਹੈ, ਪ੍ਰੰਤੂ ਪੰਜਾਬ ਵਿੱਚੋਂ ਵੱਡੇ ਪੱਧਰ ਤੇ ਪੈਸਾ ਬਾਹਰ ਜਾ ਰਿਹਾ ਹੈ। ਪੰਜਾਬ ਦੇ ਆਰਥਿਕ ਨੁਕਸਾਨ ਦੇ ਨਾਲ ਇਹ ਪਰਵਾਸ ਪੰਜਾਬ ਦਾ ਸਮਾਜਿਕ, ਸੱਭਿਆਚਾਰਕ ਅਤੇ ਨੈਤਿਕ ਨੁਕਸਾਨ ਵੀ ਕਰ ਰਿਹਾ ਹੈ। ਪੰਜਾਬ ਵਿੱਚੋਂ ਵੱਡੇ ਪੱਧਰ ਦਾ ਪਰਵਾਸ ਜੋ ਹੁਣ ੳਜਾੜੇ ਦਾ ਰੂਪ ਧਾਰਨ ਕਰ ਚੁੱਕਾ ਹੈ। ਪੰਜਾਬ ਵਿੱਚ ਤੇਜ਼ੀ ਨਾਲ ਵਸੋਂ ਦਾ ਤਬਾਦਲਾ (ਡੈਮੋਗਰਾਟਿਕ ਚੇਜਿੰਜ) ਕਰ ਰਿਹਾ ਹੈ। ਵੱਡੀ ਗਿਣਤੀ ਵਿੱਚ ਗੈਰ ਪੰਜਾਬੀ ਪੰਜਾਬ ਆ ਰਹੇ ਹਨ। ਇਸ ਤੇਜ਼ੀ ਨਾਲ ਬਦਲ ਰਹੀ ਵਸੋਂ ਸਮਾਜਿਕ ਅਸਥਿਰਤਾ ਪੈਦਾ ਕਰ ਰਹੀ ਹੈ ਅਤੇ ਨਿਕਟ ਭਵਿੰਖ ਵਿੰਚ ਪੰਜਾਬ ਵਿੱਚ ਪੰਜਾਬੀ ਘੱਟ ਗਿਣਤੀ ਬਣਨ ਜਾ ਰਹੇ ਹਨ। ਪੰਜਾਬੀਆਂ ਦੇ ਪੰਜਾਬ ਵਿੱਚ ਘੱਟ ਗਿਣਤੀ ਹੋਣ ਨਾਲ ਪੰਜਾਬ ਦੀ ਸੱਭਿਆਚਾਰਕ ਹੋਂਦ ਨੂੰ ਹੀ ਖਤਰਾ ਪੈਦਾ ਹੋ ਗਿਆ। ਇਹ ਪਰਵਾਸ ਨੇ ਜਿਸ ਪੱਧਰ ਦਾ ਪੰਜਾਬੀਆਂ ਦਾ ਨੈਤਿਕ ਨਿਘਾਰ ਕੀਤਾ ਹੈ, ਉਹ ਪਹਿਲਾਂ ਕਦੀ ਵੀ ਦੇਖਣ ਨੂੰ ਨਹੀਂ ਮਿਲਿਆ। ਸਮਾਜਿਕ ਰਿਸ਼ਤਿਆਂ ਦਾ ਤਾਣਾ ਬਾਣਾ ਬਹੁਤ ਕਮਜ਼ੋਰ ਹੋ ਗਿਆ ਹੈ ਅਤੇ ਪਰਿਵਾਰਿਕ ਰਿਸ਼ਤਿਆਂ ਦਾ ਘਾਣ ਹੋ ਰਿਹਾ ਹੈ। ਬਹਿਸ ਨੂੰ ਅੱਗੇ ਤੋਰਦਿਆਂ ਪ੍ਰੋ. ਬਾਵਾ ਸਿੰਘ ਸਾਬਕਾ ਚੇਅਰਮੈਨ ਮਨਿਓਰਟੀ ਕਮਿਸ਼ਨ ਨੇ ਕਿਹਾ ਕਿ ਪ੍ਰਵਾਸ ਦੇ ਜਿਨ੍ਹੇ ਲਾਭ ਮੰਨ ਜਾਂਦੇ ਉਸ ਤੋਂ ਕਿਤੇ ਜਿਆਦਾ ਇਸ ਦਾ ਨੁਕਸਾਨ ਹੈ। ਅਜੋਕੇ ਪ੍ਰਵਾਸ ਦਾ ਮੁੱਖ ਕਾਰਨ ਭਾਰਤੀ ਸਟੇਟ ਦਾ ਕਲਿਆਣਕਾਰੀ ਖਾਸਾ ਨਾ ਹੋਣਾ ਹੈ। ਪ੍ਰਵਾਸ ਨੂੰ ਰੋਕਣ ਲਈ ਇਸ ਸਰਕਾਰ ਪੂੰਜੀਵਾਦੀ ਪ੍ਰਬੰਧ ਨੂੰ ਉਲਟਾਉਣਾ ਹੋਵੇਗਾ। ਡਾ. ਹਰਵਿੰਦਰ ਸਿੰਘ ਭੱਟੀ ਨੇ ਪ੍ਰਵਾਸ ਦਾ ਇੱਕ ਹੈਰਾਨਕੁਨ ਪਹਿਲੂ ਸਰੋਤਿਆਂ ਅੱਗੇ ਰੱਖਿਆ। ਉਨ੍ਹਾਂ ਨੇ ਚਿੰਤਾ ਪ੍ਰਗਟ ਕੀਤੀ ਕਿ ਪੰਜਾਬ ਦੇ ਦਾਰਸ਼ਨਿਕ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਮਾਇਆ ਦੀ ਵਿਆਖਿਆ ਨੂੰ ਅਸੀਂ ਭੁੱਲਕੇ ਮਾਇਆ ਦੇ ਮੋਹ ਜਾਲ ਵਿੱਚ ਫਸ ਗਏ ਹਾਂ। ਪ੍ਰਵਾਸ ਦਾ ਵੱਡਾ ਕਾਰਨ ਡਾਲਰੀ ਮਾਇਆ ਦਾ ਮੋਹ ਹੀ ਹੈ। ਡਾ. ਤੇਜਵੰਤ ਮਾਨ ਨੇ ਪ੍ਰਵਾਸ ਨੂੰ ਪੰਜਾਬ ਲਈ ਇੱਕ ਸਰਾਪ ਕਿਹਾ। ਉਨ੍ਹਾਂ ਕਿਹਾ ਕਿ ਪੂੰਜੀ ਅਧਾਰਤ ਵਿਕਾਸ ਮਾਡਲ ਨੇ ਸਾਡੇ ਕਿਰਤ ਅਧਾਰਤ ਸਿਰਜਨਾਤਮਕ ਵਿਕਾਸ ਮਾਡਲ ਨੂੰ ਸਾਡੀ ਵਿਰਾਸਤ ਵਿੱਚੋਂ ਕੱਢ ਦਿੱਤਾ। ਜੈਵਿਕ ਹਥੀਂ ਕਿਰਤ ਕਰਨ ਦੀ ਥਾਂ ਮਕੈਨਿਕ ਮਸ਼ੀਨਰੀ ਨੇ ਲੈ ਲਈ ਹੈ। ਜਿਸ ਨਾਲ ਬੇਰੁਜ਼ਗਾਰੀ ਵਿੱਚ ਵਾਧਾ ਹੋਇਆ ਹੈ। ਪ੍ਰਵਾਸ ਨੇ ਪੰਜਾਬ ਦੇ ਧਨ ਨੂੰ ਵਿਦੇਸ਼ਾਂ ਵਿੱਚ ਨਿਵੇਸ਼ ਕਰਨ ਨੂੰ ਉਤਸ਼ਾਹਤ ਕੀਤਾ। ਸਾਡੀ ਬੌਧਿਕ ਕੰਗਾਲੀ ਲਈ ਸਾਡੇ ਨੌਜੁਆਨਾਂ ਵਿੱਚ ਆਈਲੈਟਸ ਕਰਨ ਦਾ ਰੁਝਾਣ ਜਿੰਮੇਵਾਰ ਹੈ। 

ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਪ੍ਰਵਾਸ ਨੂੰ ਬਦ ਕਰਨ ਲਈ ਭਾਰਤੀ ਸਰਕਾਰ ਦੇ ਪੂੰਜੀਪਤੀ ਵਿਕਾਸ ਦੇ ਛਲਾਵਿਆਂ ਨੂੰ ਰੱਦ ਕਰਨਾ ਪਵੇਗਾ। ਡਾ. ਹਰਕੇਸ਼ ਸਿੰਘ ਸਿੱਧੂ ਨੇ ਪ੍ਰਵਾਸ ਨੂੰ ਚੰਗਾ ਕਿਹਾ। ਉਨ੍ਹਾਂ ਨੇ ਪੂੰਜੀਵਾਦੀ ਮਾਡਲ ਦੇ ਪੱਖ ਵਿੱਚ ਆਪਣਾ ਤਰਕ ਦਿੱਤਾ। ਬੀ.ਐਸ. ਰਤਨ ਨੇ ਹਰੇ ਇਨਕਲਾਬ ਦੇ ਖਰਚੀਲੇ ਅਤੇ ਬਨਾਵਟੀ ਉਤਪਾਦ ਪੰਜਾਬੀ ਸਮਾਜ ਨੂੰ ਤਹਿਸ ਨਹਿਸ ਕੀਤਾ ਹੈ। ਵਿਚਾਰਾ ਵਟਾਂਦਰਾ ਵਿੱਚ ਪਵਨ ਹਰਚੰਦਪੁਰੀ ਨੇ ਕਿਹਾ ਕਿ ਪਰਵਾਸ ਪੰਜਾਬ ਲਈ ਹਾਨੀਕਾਰਕ ਹੈ। ਸ. ਰਛਪਾਲ ਸਿੰਘ ਗਿੱਲ ਨੇ ਕਿਹਾ ਕਿ ਪਰਵਾਸ ਨੇ ਪੰਜਾਬ ਨੂੰ ਪੱਗ ਤੋਂ ਵਿਹੁਣਾ ਕਰ ਦਿੱਤਾ ਹੈ। ਅੱਜ ਪੰਜਾਬ ਦੀ ਬਿਊਰੋਕਰੇਸੀ ਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਹੁਦਿਆਂ ਤੋਂ ਪਗੜੀਧਾਰੀ ਅਫਸਰ ਗਾਇਬ ਹੋ ਰਹੇ ਹਨ। ਉਨ੍ਹਾਂ ਹੋਰ ਕਿਹਾ ਕਿ ਪੰਜਾਬ ਦੇ ਸਿਆਸੀ ਨੇਤਾਵਾਂ ਤੇ ਅਫਸਰਾਂ ਵੱਲੋਂ ਪੰਜਾਬ ਦਾ ਪੈਸਾ ਕੈਨੇਡਾ ਆਦਿ ਦੇਸ਼ਾਂ ਵਿੱਚ ਨਿਵੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਪੰਜਾਬ ਦੇ ਪ੍ਰਵਾਸ ਨੂੰ ਉਤਸ਼ਾਹਿਤ ਨਾ ਕੀਤਾ ਜਾਵੇ।  ਇਸ ਸੰਦਰਭ ਵਿੱਚ ਅਰਥਸ਼ਾਸਤਰੀ ਡਾ. ਸਿਮਰਪ੍ਰੀਤ ਸਿੰਘ ਮੱਲੀ ਨੇ ਕਿਹਾ ਕਿ ਪ੍ਰਵਾਸ ਨੇ ਸਾਡਾ ਪਰਿਵਾਰ ਤੋੜ ਦਿੱਤਾ ਹੈ। ਆਉਣ ਵਾਲੇ ਸਮੇਂ ਵਿੱਚ ਪੰਜਾਬ ਰਾਜ ਸਿਰਫ ਪੰਜਾਬੀਅਤ ਦਾ ਅਜਾਇਬ ਘਰ ਬਣ ਕੇ ਰਹਿ ਜਾਵੇਗਾ। ਵਿਚਾਰ ਚਰਚਾ ਵਿੱਚ ਡਾ. ਮੇਘਾ ਸਿੰਘ, ਸਰਦਾਰਾ ਸਿੰਘ ਸੋਹੀ, ਜਗਜੀਤ ਸਿੰਘ ਸਾਹਨੀ, ਹਰਬੰਸ ਸਿੰਘ, ਡਾ. ਬੀ.ਐਸ. ਸੋਹਲ, ਡਾ. ਕ੍ਰਿਸ਼ਨ ਚੰਦ, ਜਗਦੀਪ ਸਿੰਘ, ਗੁਰਨਾਮ ਸਿੰਘ, ਡਾ. ਲਕਸ਼ਮੀ ਨਰਾਇਣ ਭੀਖੀ ਨੇ ਭਾਗ ਲਿਆ। ਇਸ ਮੌਕੇ ਤੇ ਡਾ. ਭਗਵੰਤ ਸਿੰਘ ਤੇ ਡਾ ਰਮਿੰਦਰ ਕੌਰ ਦੀ ਪੁਸਤਕ “ਪੀਲੂ ਦਾ ਮਿਰਜਾ ਸਾਹਿਬਾ ਤੇ ਹੋਰ ਰਚਨਾ” ਲੋਕ ਅਰਪਨ ਕੀਤੀ ਗਈ। ਬਾਬਾ ਬਲਵੀਰ ਸਿੰਘ ਜੀ ਖਡੂਰ ਸਾਹਿਬ ਨੇ ਆਪਣੇ ਭਾਵ ਪ੍ਰਗਟ ਕਰਦੇ ਹੋਏ ਕਿਹਾ ਕਿ ਸਾਨੂੰ ਕੁਦਰਤ ਨਾਲ ਜੁੜਨ ਦੀ ਜਰੂਰਤ ਹੈ ਅਤੇ ਪ੍ਰਵਾਸ ਤੋਂ ਬਚਣ ਲਈ ਆਪਣੇ ਬੱਚਿਆਂ ਨੂੰ ਖਡੂਰ ਸਾਹਿਬ ਦੇ ਮਾਡਲ ਅਨੁਸਾਰ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਤਿਆਰ ਕਰਨਾ ਚਾਹੀਦਾ ਹੈ। ਇਸ ਮੌਕੇ ਸੁਖਮਿੰਦਰ ਸਿੰਘ ਸੇਖੋਂ, ਰਾਕੇਸ਼ ਸ਼ਰਮਾ, ਬਚਨ ਸਿੰਘ ਗੁਰਮ, ਦੇਸ਼ ਭੂਸ਼ਨ, ਬਲਵਿੰਦਰ ਸਿੰਘ ਭੱਟੀ, ਕੁਲਵੰਤ ਸਿੰਘ ਨਾਰੀਕੇ, ਗੁਲਜ਼ਾਰ ਸਿੰਘ ਸ਼ੌਂਕੀ, ਗੁਰਮੁਖ ਸਿੰਘ ਜਾਗੀ, ਏ.ਪੀ. ਸਿੰਘ, ਦਰਬਾਰਾ ਸਿੰਘ ਢੀਂਡਸਾ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਡਾ. ਭਗਵੰਤ ਸਿੰਘ ਨੇ ਮੰਚ ਸੰਚਾਲਣਾ ਕਰਦੇ ਹੋਏ ਪ੍ਰਵਾਸ ਦੇ ਮਾਰੂ ਰੂਝਾਨਾਂ ਬਾਰੇ ਵੀ ਵਿਚਾਰ ਪ੍ਰਗਟ ਕੀਤੇ। ਇਸ ਪ੍ਰਭਾਵਸ਼ਾਲੀ ਸੈਮੀਨਾਰ ਵਿੱਚ ਅਨੇਕਾਂ ਉਤਕ੍ਰਿਸ਼ਟ ਵਿਦਵਾਨ ਹਾਜਰ ਸਨ ਜਿਨ੍ਹਾਂ ਵਿੱਚ ਸ਼੍ਰੀਮਤੀ ਹਰਜੀਤ ਕੌਰ, ਡਾ. ਰਮਿੰਦਰ ਕੌਰ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਗੁਰਿੰਦਰ ਕੌਰ ਖਹਿਰਾ, ਗੁਰੂ ਡਕਾਲਾ, ਸੀ.ਆਰ ਮਿੱਤਲ, ਰੰਗ ਕਰਮੀ ਗੋਪਾਲ ਸ਼ਰਮਾ, ਇਕਬਾਲ ਗੱਜਣ, ਨਾਹਰ ਸਿੰਘ ਡੀ.ਐਸ.ਪੀ., ਬਖਸ਼ੀਸ਼ ਸਿੰਘ, ਜੋਗਾ ਸਿੰਘ, ਦਰਬਾਰਾ ਸਿੰਘ ਧੀਮਾਨ, ਮੇਘ ਨਾਥ ਸ਼ਰਮਾ, ਡਾ. ਗੁਰਮੀਤ ਸਿੰਘ, ਜੋਗਾ ਸਿੰਘ ਧਨੌਲਾ, ਪ੍ਰੋ. ਪੀ.ਸੀ. ਚੌਹਾਨ ਆਦਿ ਜ਼ਿਕਰਯੋਗ ਹਨ। ਪ੍ਰਬੰਧਕਾਂ ਨੇ ਬਾਬਾ ਬਲਵੀਰ ਸਿੰਘ ਜੀ ਦਾ ਸਨਮਾਨ ਕੀਤਾ। ਡਾ. ਐਚ.ਐਸ. ਭੱਟੀ ਅਤੇ ਰਾਕੇਸ਼ ਸ਼ਰਮਾ ਨੇ ਆਪਣੀਆਂ ਪੁਸਤਕਾਂ ਪ੍ਰਧਾਨਗੀ ਮੰਡਲ ਨੂੰ ਭੇਂਟ ਕੀਤੀਆਂ। ਇਹ ਸੈਮੀਨਾਰ ਭਵਿੱਖ ਲਈ ਕਈ ਨਵੇਂ ਸਵਾਲ ਖੜੇ ਕਰ ਗਿਆ ਹੈ।