ਤੇਜਵੰਤ ਮਾਨ ਮਾਰਕਸਵਾਦ ਅਤੇ ਪੂਰਬੀ ਚਿੰਤਨ ਦੇ ਸਾਪੇਖੀ ਰਲੇਵੇਂ ਦਾ ਮੁਦੱਈ ਲੇਖਕ: ਡਾ. ਸਵਰਾਜ ਸਿੰਘ

ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਡਾ. ਤੇਜਵੰਤ ਮਾਨ ਦੇ ਜਨਮ ਦਿਵਸ ਦੇ ਸਬੰਧ ਵਿੱਚ ਪਹਿਲੀ ਜਨਵਰੀ ਨੂੰ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਸਵਰਾਜ ਸਿੰਘ ਪ੍ਰਸਿੱਧ ਵਿਸ਼ਵ ਚਿੰਤਕ ਨੇ ਕੀਤੀ ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਡਾ. ਨਰਵਿੰਦਰ ਸਿੰਘ ਕੌਸ਼ਲ, ਡਾ. ਚਰਨਜੀਤ ਸਿੰਘ ਉਡਾਰੀ, ਡਾ. ਭਗਵੰਤ ਸਿੰਘ ਅਤੇ ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਸ਼ਾਮਲ ਹੋਏ। ਸਮਾਗਮ ਦੇ ਮੱਖ ਮਹਿਮਾਨ ਡਾ. ਤੇਜਵੰਤ ਮਾਨ ਸਾਹਿਤ ਰਤਨ ਸਨ।

ਡਾ. ਤੇਜਵੰਤ ਮਾਨ ਦੀ ਸਾਹਿਤਕ ਦੇਣ ਬਾਰੇ ਵੱਖੋ ਵੱਖ ਵਿਦਵਾਨਾਂ ਨੇ ਵਿਚਾਰ ਪੇਸ਼ ਕੀਤੇ। ਡਾ. ਸਵਰਾਜ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਡਾ. ਤੇਜਵੰਤ ਮਾਨ ਮਾਰਕਸਵਾਦ ਅਤੇ ਪੂਰੀਬਚਿੰਤਨ ਦੇ ਸਾਪੇਖੀ ਰਲੇਵੇਂ ਦਾ ਮੁਦੱਈ ਲੇਖਕ ਹੈ। ਉਹ ਆਪਣੀ ਆਲੋਚਨਾ ਦ੍ਰਿਸ਼ਟੀ ਵਿੱਚ ਨਿਰਪੇਖਤਾ ਨੂੰ ਰੱਦ ਕਰਕੇ ਸਾਪੇਖਤਾ ਦਾ ਜੋਰਦਾਰ ਸਮਰਥਨ ਕਰਦਾ ਹੈ। ਡਾ. ਭਗਵੰਤ ਸਿੰਘ ਨੇ ਕਿਹਾ ਕਿ ਡਾ. ਤੇਜਵੰਤ ਮਾਨ ਦਾ ਚਿੰਤਨ ਮਾਰਕਸਵਾਦ ਅਤੇ ਗੁਰਮਤਿ ਦਾ ਸੁਮੇਲ ਹੈ। ਪਵਨ ਹਰੰਚਦਪੁਰੀ ਨੇ ਕਿਹਾ ਕਿ ਤੇਜਵੰਤ ਮਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੀ ਸ਼ਾਨ ਹੈ। ਉਸਨੇ ਇਸ ਸਭਾ ਦੇ ਆਰੰਭ ਤੋਂ ਹੀ 14 ਸਾਲ ਜਨਰਲ ਸਕੱਤਰ ਅਤੇ 9 ਸਾਲ ਪ੍ਰਧਾਨ ਦੇ ਤੌਰ ਬੜੀ ਸੁਹਿਰਦਤਾ ਨਾਲ ਸੇਵਾ ਕੀਤੀ ਹੈ। ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਕਿਹਾ ਕਿ ਡਾ. ਮਾਨ ਦੀ ਵਿਚਾਰਧਾਰਕ ਪ੍ਰਤੀਬੱਧਤਾ ਕਮਾਲ ਦੀ ਹੈ, ਉਹ ਕਦੇ ਆਪਣੇ ਬੌਧਿਕ ਮਿਆਰਾਂ ਤੋਂ ਨਹੀਂ ਥਿੜਕਿਆ ਭਾਵੇਂ ਉਸਨੂੰ ਇਸ ਲਈ ਬੜੀਆਂ ਔਂਕੜਾਂ ਦਾ ਸਾਹਮਣਾ ਹੀ ਕਿਉਂ ਨਹੀਂ ਕਰਨਾ ਪਿਆ। ਅਮਰ ਗਰਗ ਨੇ ਕਿਹਾ ਕਿ ਡਾ. ਤੇਜਵੰਤ ਮਾਨ ਨਾਲ ਵਿਚਾਰ ਵਟਾਂਦਰਾਂ ਕਰਦਿਆਂ ਪੰਗਾ ਲੈਣ ਵਿੱਚ ਬੜਾ ਸੁਆਦ ਆਉਂਦਾ ਹੈ, ਕਿਉਂਕਿ ਉਹ ਹਰ ਸਵਾਲ ਦਾ ਤਰਕਸੰਗਤ ਜੁਆਬ ਦੇਣ ਵਿੱਚ ਮਾਹਰ ਹਨ। ਚਰਨਜੀਤ ਉਡਾਰੀ ਨੇ ਕਿਹਾ ਕਿ ਉਹ ਡਾ. ਮਾਨ ਦੀ ਨਿਰੰਤਰ ਲਿਖਣ ਸ਼ਕਤੀ ਤੋਂ ਬੜਾ ਪ੍ਰਭਾਵਤ ਹਨ। ਨਿਹਾਲ ਸਿੰਘ ਮਾਨ ਨੇ ਕਿਹਾ ਕਿ ਨਵੇਂ ਲੇਖਕਾਂ ਨੂੰ  ਉਤਸ਼ਾਹਤ ਕਰਨ ਵਿੱਚ ਡਾ. ਤੇਜਵੰਤ ਮਾਨ ਦੀ ਦੇਣ ਸ਼ਲਾਘਾਯੋਗ ਹੈ। ਸੁਰਿੰਦਰਪਾਲ ਕੌਰ ਰਸੀਆ ਨੇ ਕਿਹਾ ਕਿ ਡਾ. ਤੇਜਵੰਤ ਮਾਨ ਇੱਕ ਅਗਾਂਹਵਧੂ ਲੇਖਕ ਹੀ ਨਹੀਂ ਬਲਕਿ ਉਹ ਇੱਕ ਸੁਹਿਰਦ ਹਰਮਨ ਪਿਆਰੇ ਅਧਿਆਪਕ ਵੀ ਹਨ। ਸੁਰਿੰਦਰ ਨੇ ਇੱਕ ਵਿਦਿਆਰਥਣ ਵਜੋਂ ਡਾ. ਮਾਨ ਬਾਰੇ ਆਪਣੇ ਪ੍ਰਭਾਵ ਦੱਸੇ। 

ਇਸ ਮੌਕੇ ਤੇ ਜੰਗ ਸਿੰਘ ਫੱਟੜ, ਡਾ. ਰਾਜੀਵ ਪੁਰੀ, ਡਾ. ਗੁਰਮੀਤ ਸਿੰਘ, ਡਾ. ਇਕਬਾਲ ਸਿੰਘ ਪ੍ਰਿੰਸੀਪਲ, ਗੁਰਜਿੰਦਰ ਸਿੰਘ ਰਸੀਆ, ਜਗਦੀਪ ਸਿੰਘ ਗੰਧਾਰਾ ਐਡਵੋਕੇਟ, ਗੁਰਨਾਮ ਸਿੰਘ, ਰਾਜ ਕੁਮਾਰ, ਸ.ਸ. ਫੁੱਲ, ਜਗਮੇਲ ਸਿੰਘ ਨੇ ਵੀ ਡਾ. ਮਾਨ ਦੀ ਸਖਸ਼ੀਅਤ ਬਾਰੇ ਆਪਣੇ ਵਿਚਾਰ ਰੱਖੇ। ਸਮਾਗਮ ਵਿੱਚ ਹੋਏ ਨਵੇਂ ਵਰ੍ਹੇ ਨੂੰ ਸਮਰਪਤ ਕਵੀ ਦਰਬਾਰ ਵਿੱਚ ਗੁਲਜ਼ਾਰ ਸਿੰਘ ਸ਼ੌਂਕੀ, ਮੀਤ ਸਕਰੌਦੀ, ਸੁਰਿੰਦਰਪਾਲ ਸਿਦਕੀ, ਪ੍ਰੋ. ਨਰਿੰਦਰ ਸਿੰਘ, ਚਰਨਜੀਤ ਉਡਾਰੀ, ਜੋਰਾ ਸਿੰਘ ਮੰਡੇਰ, ਅਮਰਜੀਤ ਅਮਨ, ਸੁਰਿੰਦਰ ਸ਼ਰਮਾ, ਜੰਗ ਸਿੰਘ ਫੱਟੜ, ਜਗਮੇਲ ਸਿੰਘ, ਗੁਰਜਿੰਦਰ ਰਸੀਆ, ਅੰਮਿ਼੍ਰਤ ਅਜੀਜ, ਸੁਰਿੰਦਰਪਾਲ ਰਸੀਆ, ਨਾਹਰ ਸਿੰਘ ਮੁਬਾਰਕਪੁਰੀ, ਭਾਰਤ ਭੂਸ਼ਨ, ਸੁਰਿੰਦਰ ਸ਼ੋਰੀ ਨੇ ਕਵਿਤਾਵਾਂ ਸੁਣਾਈਆਂ ।

ਇਸ ਅਵਸਰ ਤੇ ਅਜਮੇਰ ਸ਼ਰੀਫ ਰਾਜਸਥਾਨ ਦੀ ਪੰਜਾਬੀ ਕਵਿਤ੍ਰੀ ਬਲਜਿੰਦਰ ਕੌਰ ਦੀ ਕਾਵਿ ਪੁਸਤਕ ਮੇਰੀਆਂ ਕਵਿਤਾਵਾਂ ਅਤੇ ਰਾਮ ਮੂਰਤ ਵਰਮਾ ਦੀ ਪੁਸਤਕ ਵੀ ਲੋਕ ਅਰਪਣ ਕੀਤੀ ਗਈ। ਉਪਰੰਤ ਡਾ. ਤੇਜਵੰਤ ਮਾਨ ਦਾ ਸਨਮਾਨ ਕੀਤਾ ਗਿਆ। ਡਾ. ਭਗਵੰਤ ਸਿੰਘ ਦੀ ਪੁਸਤਕ ਪੀਲੂ ਦਾ ਮਿਰਜਾ ਸਾਹਿਬਾਂ ਤੇ ਹੋਰ ਰਚਨਾ ਚੁਨਿੰਦਾ ਵਿਦਵਾਨਾਂ ਨੂੰ ਭੇਂਟ ਕੀਤੀ ਗਈ। ਡਾ. ਤੇਜਵੰਤ ਮਾਨ ਨੇ ਧੰਨਵਾਦੀ ਸ਼ਬਦ ਕਹਿੰਦਿਆਂ ਕਿਹਾ ਕਿ ਉਹ ਸ਼ਬਦ ਦੀ ਚੋਣ ਉਤੇ ਵਧੇਰਾ ਧਿਆਨ ਦਿੰਦੇ ਹਨ। ਸ਼ਬਦ ਦੀ ਜੜ੍ਹਤ ਉਤੇ ਨਹੀਂ। ਡਾ. ਸਵਰਾਜ ਸਿੰਘ ਨੇ ਉਹਨਾਂ ਦੀ ਵਿਚਾਰਧਾਰਾ ਬਾਰੇ ਵਿਸਥਾਰ ਵਿੱਚ ਦੱਸ ਦਿੱਤਾ ਹੈ ਜਿਸ ਨਾਲ ਉਹ ਸਹਿਮਤ ਹਨ। ਉਹ ਸਾਹਿਤ ਦੀ ਸਿਰਜਣਾ ਵਿੱਚ ਇਤਿਹਾਸਕ ਨਿਰੰਤਰਤਾ ਨੂੰ ਖਾਰਜ ਕਰਨ ਦੇ ਹੱਕ ਵਿੱਚ ਨਹੀਂ ਜਿਵੇਂ ਸਰੰਚਨਾਵਾਦੀ ਅਤੇ ਰੂਪਵਾਦੀ ਆਲੋਚਕ ਕਰਦੇ ਹਨ। ਜਗਦੀਪ ਸਿੰਘ ਨੇ ਧੰਨਵਾਦੀ ਮਤਾ ਪੇਸ਼ ਕੀਤਾ ਅਤੇ ਗੁਰਨਾਮ ਸਿੰਘ ਨੇ ਮੰਚ ਸੰਚਾਲਨਾ ਕੀਤੀ।