ਸਿੱਖ ਫਲਸਫੇ ਦੀ ਸਰਬ ਵਿਆਪਕਤਾ ਨੂੰ ਪੂਰੀ ਤਰ੍ਹਾਂ ਉਜਾਗਰ ਕਰਨਾ ਸਮੇਂ ਦੀ ਲੋੜ ਹੈ — ਡਾ. ਸਵਰਾਜ ਸਿੰਘ

ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਨੂੰ ਦਰਪੇਸ਼ ਚੁਣੌਤੀਆਂ ਦੇ ਸੰਦਰਭ ਵਿੱਚ ਬੁੱਧੀਜੀਵੀਆਂ ਅਤੇ ਲੇਖਕਾਂ ਦੀ ਇੱਕਤਰਤਾ ਰੱਖੜਾ ਟੈਕਨੌਲੋਜੀ ਪਟਿਆਲਾ ਵਿਖੇ ਹੋਈ । ਸ. ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ ਪੰਜਾਬ ਅਤੇ ਸ. ਚਰਨਜੀਤ ਸਿੰਘ ਧਾਲੀਵਾਲ ਦੀ ਪ੍ਰੇਰਨਾ ਅਤੇ ਉੱਦਮ ਸਦਕਾ ਹੋਈ ਇਸ ਮੀਟਿੰਗ ਵਿੱਚ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਪ੍ਰੋ. ਬਲਦੇਵ ਸਿੰਘ ਬੱਲੂਆਣਾ ਪ੍ਰਧਾਨ ਸਿੱਖ ਬੁੱਧੀਜੀਵੀ ਕੌਂਸਲ ਡਾ. ਭਗਵੰਤ ਸਿੰਘ ਜਨਰਲ ਸਕੱਤਰ ਮਾਲਵਾ ਰਿਸਰਚ ਸੈਂਟਰ ਪਟਿਆਲਾ, ਸ. ਦਰਬਾਰਾ ਸਿੰਘ ਢੀਂਡਸਾ ਐਡਵੋਕੇਟ, ਸ. ਜਗਦੀਪ ਸਿੰਘ ਗੰਧਾਰਾ, ਸ. ਗੁਰਨਾਮ ਸਿੰਘ, ਚਰਨਜੀਤ ਸਿੰਘ, ਸੰਦੀਪ ਸਿੰਘ, ਪਰਗਟ ਸਿੰਘ ਆਦਿ ਬੁੱਧੀਜੀਵੀ ਸ਼ਾਮਿਲ ਹੋਏ। ਇਸ ਵਿੱਚ ਅਜੋਕੀਆਂ ਭਾਸ਼ਾਈ ਅਤੇ ਸਾਹਿਤਕ ਮਸਲਿਆਂ ਨੇ ਨਾਲ “ਸਮੁੰਦਰੋਂ ਪਾਰ” ਮੈਗਜ਼ੀਨ ਨੂੰ ਦੁਬਾਰਾ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ। ਡਾ. ਸਵਰਾਜ ਸਿੰਘ ਨੇ ਅੱਜ ਇਸ ਗੱਲ ਦੀ ਬਹੁਤ ਲੋੜ ਹੈ ਕਿ ਪੰਜਾਬ ਅਤੇ ਸੰਸਾਰ ਵਿੱਚ ਵਾਪਰਣ ਵਾਲੀਆਂ ਘਟਨਾਵਾਂ ਨੂੰ ਸਿੱਖ ਫਲਸਫੇ ਦੀ ਰੋਸ਼ਨੀ ਵਿੱਚ ਸਮਝਿਆ ਜਾਵੇ ਅਤੇ ਪੰਜਾਬ ਅਤੇ ਸੰਸਾਰ ਨੂੰ ਦਰਪੇਸ਼ ਚੁਣੌਤੀਆਂ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਨ ਲਈ ਸੇਧ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਤੋਂ ਲਈ ਜਾਵੇ। ਇੰਨਾਂ ਚੁਣੌਤੀਆਂ ਅਤੇ ਸਮੱਸਿਆਵਾਂ ਦਾ ਮੁੱਖ ਕਾਰਨ ਇਹ ਹੈ ਕਿ ਅਜੋਕੇ ਦ੍ਰਿਸ਼ਟੀਕਰਨ (ਗਲੋਬਲਾਈਜੇਸ਼ਨ) ਕੋਲ ਵਿਸ਼ਵ ਦ੍ਰਿਸ਼ਟੀ ਨਹੀਂ ਹੈ ਅਤੇ ਇਸਦਾ ਕੋਈ ਨੈਤਿਕ ਪੱਖ ਨਹੀਂ ਹੈ। ਉਨ੍ਹਾਂ ਕਿਹਾ ਦੋਨਾਂ ਘਾਟਾਂ ਨੂੰ ਪੂਰਾ ਕਰਨ ਦੀ ਸਮਰੱਥਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਵਿੱਚ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਸਰਬ ਵਿਆਪਕ (ਯੂਨੀਵਰਸਲ) ਹੈ ਅਤੇ ਇਸ ਵਿੱਚ ਆਪਣੇ ਅਤੇ ਬਿਗਾਨੇ ਦਾ ਕੋਈ ਭੇਦ ਨਹੀਂ ਹੈ। ਇਸ ਵਿੱਚ ਸਮੁੱਚੀ ਲੋਕਾਈ ਨੂੰ ਆਪਣੇ ਕਲਾਵੇ ਵਿੱਚ ਲੈਣ ਦੀ ਸਮਰੱਥਾ ਹੈ ਅਤੇ ਅੱਜ ਸੰਸਾਰ ਅਤੇ ਮਨੁੱਖਤਾ ਨੂੰ ਅਜਿਹੇ ਹੀ ਫਲਸਫੇ ਦੀ ਤਲਾਸ਼ ਹੈ। ਸਾਡੀ ਇਹ ਘਾਟ ਰਹੀ ਹੈ ਕਿ ਅਸੀਂ ਸਿੱਖ ਫਲਸਫੇ ਦੀ ਸਰਬ ਵਿਆਪਕਤਾ (ਯੂਨੀਵਰਸੈਲਿਟੀ) ਨੂੰ ਪੂਰੀ ਤਰ੍ਹਾਂ ਉਜਾਗਰ ਨਹੀਂ ਕਰ ਸਕੇ ਅਤੇ ਸੰਸਾਰ ਨੂੰ ਇਹ ਨਹੀਂ ਦੱਸ ਸਕੇ ਕਿ ਜਿਸ ਫਲਸਫੇ ਦੀ ਉਸ ਨੂੰ ਲੋੜ ਨੇ ਤਲਾਸ਼ ਹੈ। ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ। ਸਮੁੰਦਰੋਂ ਪਾਰ ਮੈਗਜੀਨ ਇਸ ਘਾਟ ਨੂੰ ਪੂਰੀ ਕਰਨ ਦਾ ਯਤਨ ਕਰੇਗਾ। ਪੰਜਾਬ ਦੇ ਸੰਦਰਭ ਵਿੱਚ ਵੀ ਸਭ ਤੋਂ ਵੱਡੀ ਸਮੱਸਿਆ ਇਹ ਰਹੀ ਹੈ ਕਿ ਪੰਜਾਬੀਆਂ ਨੂੰ ਬੌਧਿਕਤਾ ਤੇ ਕਾਬਜ ਅਖੌਤੀ ਬੁੱਧਜੀਵੀਆਂ ਅਤੇ ਅਖੌਤੀ ਮਾਰਕਸਵਾਦੀਆਂ ਦਾ ਪੱਖ ਹੀ ਮਿਲਦਾ ਹੈ। ਸਮੁੰਦਰੋਂ ਪਾਰ ਮੈਗਜੀਨ ਸਿੱਖ ਪੱਖ ਵੀ ਦੇਣ ਦਾ ਯਤਨ ਕਰੇਗਾ। 

ਪੋ੍ਰ. ਬਲਦੇਵ ਸਿੰਘ ਬੱਲੂਆਣਾ ਨੇ ਸਿੱਖ ਫਲਸਫੇ ਦੀ ਆਧੁਨਿਕ ਪ੍ਰਸੰਗਕਤਾ ਬਾਰੇ ਡੂੰਘੇ ਵਿਚਾਰ ਪ੍ਰਗਟ ਕੀਤੇ। ਡਾ. ਭਗਵੰਤ ਸਿੰਘ ਨੇ ਸਾਹਿਤ ਦੇ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਸੱਭਿਅਚਾਰਕ ਸੰਦਰਭਾਂ ਦੀ ਬਾਹਰਮੁਖੀ ਦ੍ਰਿਸ਼ਟੀ ਹੋਣ ਤੋਂ ਗੱਲ ਕੀਤੀ। ਦਰਬਾਰਾ ਸਿੰਘ ਢੀਂਡਸਾ, ਗੁਰਨਾਮ ਸਿੰਘ, ਜਗਦੀਪ ਸਿੰਘ ਨੇ ਵੀ ਵਿਚਾਰ ਪ੍ਰਗਟ ਕੀਤੇ। ਸ. ਸੁਰਜੀਤ ਸਿੰਘ ਰੱਖੜਾ ਨੇ ਸਮੁੰਦਰੋਂ ਪਾਰ ਮੈਗਜ਼ੀਨ ਬਾਰੇ ਕਿਹਾ ਕਿ ਇਹ ਪੰਜਾਬੀ ਭਾਸ਼ਾ, ਸਾਹਿਤ ਅਤੇ ਗੁਰਮਤਿ ਫਲਸਫੇ ਦੇ ਪ੍ਰਚਾਰ ਪ੍ਰਸਾਰ ਲਈ ਕੋਈ ਕਸਰ ਬਾਕੀ ਨਹੀਂ ਛੱਡੇਗਾ। ਉਨ੍ਹਾਂ ਹੋਰ ਕਿਹਾ ਕਿ ਇਹ ਮੈਗਜ਼ੀਨ ਕੌਮੀ ਤੇ ਕੌਮਾਂਤਰੀ ਮਸਲਿਆਂ ਅਤੇ ਉਨ੍ਹਾਂ ਦੇ ਹੱਲ ਬਾਰੇ ਭਾਰਤੀ ਦਰਸ਼ਨ ਦੇ ਅਨੁਸਾਰ ਬਿਰਤਾਂਤ ਸਿਰਜੇਗਾ। ਇਸ ਸਮੇਂ ਲੇਖਕਾਂ ਨੇ ਆਪਣੀਆਂ ਆਪਣੀਆਂ ਪੁਸਤਕਾਂ ਸ. ਸੁਰਜੀਤ ਸਿੰਘ ਰੱਖੜਾ ਅਤੇ ਸ. ਚਰਨਜੀਤ ਸਿੰਘ ਧਾਲੀਵਾਲ ਨੂੰ ਭੇਂਟ ਕੀਤੀਆਂ।