ਪ੍ਰਵਾਸ ਦੇ ਰੂਪ ਵਿੱਚ ਸਾਮਰਾਜਵਾਦ ਨੇ ਪੰਜਾਬੀਆਂ ਨੂੰ ਨੈਤਿਕ ਨਿਘਾਰ ਵੱਲ ਧੱਕਿਆ — ਡਾ. ਸਵਰਾਜ ਸਿੰਘ

ਸ਼ਹੀਦ—ਏ—ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਟੀਚਰਜ਼ ਫਾਰ ਸੁਸਾਇਟੀ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਗੁਰਮਤਿ ਲੋਕਧਾਰਾ ਵਿਚਾਰ ਮੰਚ ਅਤੇ ਪ੍ਰਗਤੀਸ਼ੀਲ ਲੇਖਕ ਸੰਘ (ਪਟਿਆਲਾ ਇਕਾਈ) ਵੱਲੋਂ ਤਰਕਸ਼ੀਲ ਭਵਨ ਪਟਿਆਲਾ ਵਿਖੇ ਕੀਤਾ ਗਿਆ। ਇਸ ਸਮੇਂ “ਮੌਜੂਦਾ ਦੌਰ ਵਿੱਚ ਪਰਵਾਸ** ਦਾ ਮਸਲਾ ਵਿਸ਼ੇ ਤੇ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਨੇ ਪਰਵਾਸ ਦੀਆਂ ਵਿਭਿੰਨ ਪਰਤਾਂ ਨੂੰ ਫਰੋਲਦੇ ਹੋਏ ਆਪਣਾ ਲੈਕਚਰ ਦਿੱਤਾ। ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਡਾ. ਧਰਮਵੀਰ ਗਾਂਧੀ, ਸਾਬਕਾ ਮੈਂਬਰ ਲੋਕ ਸਭਾ ਸਨ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਡਾ. ਭਗਵੰਤ ਸਿੰਘ, ਡਾ. ਭੀਮਇੰਦਰ ਸਿੰਘ, ਡਾ. ਕੁਲਦੀਪ ਸਿੰਘ ਦੀਪ ਸ਼ਾਮਲ ਹੋਏ। ਡਾ. ਸਵਰਾਜ ਸਿੰਘ ਨੇ ਕਿਹਾ ਕਿ “ਪੰਜਾਬ ਵਿੱਚੋਂ ਅਜੋਕਾ ਪ੍ਰਵਾਸ ਸਾਮਰਾਜੀਆਂ ਦੇ ਹਿੱਤ ਵਿੱਚ ਭੁਗਤ ਰਿਹਾ ਹੈ। ਸਾਮਰਾਜੀ ਦੇਸ਼ ਸਾਡੇ ਮਨੁੱਖੀ, ਬੌਧਿਕ ਅਤੇ ਆਰਥਿਕ ਵਸੀਲਿਆਂ ਦੀ ਲੁੱਟ ਕਰ ਰਹੇ ਹਨ। ਅੱਜ ਸਭ ਤੋਂ ਵੱਧ ਪ੍ਰਵਾਸ ਕਨੇਡਾ ਵਿੱਚ ਹੋ ਰਿਹਾ ਹੈ। ਕੈਨੇਡਾ ਇੱਕ ਸਰਮਾਏਦਾਰ ਅਤੇ ਸਾਮਰਾਜੀ ਦੇਸ਼ ਹੈ, ਜੋ ਕਿ ਅਮਰੀਕੀ ਸਾਮਰਾਜ ਦਾ ਜੂਨੀਅਰ ਪਾਰਟਨਰ ਹੈ। ਕਨੇਡਾ ਨੂੰ ਪ੍ਰਵਾਸੀ ਉਨ੍ਹਾਂ ਕੰਮਾਂ ਲਈ ਚਾਹੀਦੇ ਹਨ ਜੋ ਉਥੋਂ ਦੇ ਲੋਕ ਨਹੀਂ ਕਰਨਾ ਚਾਹੁੰਦੇ, ਜਿਵੇਂ ਟਰੱਕ ਡਰਾਇਵਰ, ਜੈਨਰਿਕ (ਟਾਇਲਟ ਸਾਫ ਕਰਨ ਵਾਲੇ, ਸਕਿਉਰਿਟੀ ਗਾਰਡ, ਪੀਜ਼ਾ ਡਲਿਵਰ ਕਰਨ ਵਾਲੇ, ਨੈਨੀ (ਆਇਆ) ਅਤੇ ਫਾਰਮਾਂ ਵਿੱਚੋਂ ਬੱਲੀਆਂ ਤੋੜਨ ਵਾਲੇ ਆਦਿ, ਇਨਾਂ ਕੰਮਾਂ ਲਈ ਉਚੇਰੀ ਵਿਦਿਆ ਦੀ ਲੋੜ ਨਹੀਂ, ਪ੍ਰੰਤੂ ਪੰਜਾਬ ਵਿੱਚ ਨੌਜਵਾਨਾਂ ਨੂੰ ਉਚੇਰੀ ਵਿਦਿਆ ਲਈ ਪ੍ਰਵਾਸ ਕਰਨ ਲਈ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਤੋਂ ਕੈਨੇਡੀਅਨ ਵਿਦਿਆਰਥੀਆਂ ਤੋਂ ਤਿੰਨ ਤਿੰਨ ਗੁਣਾ ਜਿਆਦਾ ਫੀਸਾਂ ਲਈਆਂ ਜਾਂਦੀਆਂ ਹਨ। ਸਾਡੇ ਨੌਜਵਾਨ ਜੁਰਮ ਅਤੇ ਹਿੰਸਾ ਵੱਲ ਆਕਰਸ਼ਿਤ ਹੋ ਰਹੇ ਹਨ, ਜਿਵੇਂ ਡਰੱਗਜ, ਗੈਂਗਜ਼ ਅਤੇ ਵੇਸਵਾਪੁਣਾ ਆਦਿ, ਸਾਡੇ ਸੱਭਿਆਚਾਰ ਕਦਰਾਂ ਕੀਮਤਾਂ, ਸਾਡੇ ਰਿਸ਼ਤਿਆਂ ਅਤੇ ਪਰਿਵਾਰਿਕ ਢਾਂਚੇ ਦਾ ਘਾਣ ਹੋ ਰਿਹਾ ਹੈ। ਬਹੁਤ ਸਾਰੇ ਬਜ਼ੁਰਗਾਂ ਦਾ ਬੁਢਾਪਾ ਰੁਲ ਰਿਹਾ ਹੈ। ਭਾਵੇਂ ਕਿ ਇੱਕ ਬਹੁਤ ਹੀ ਛੋਟੀ ਗਿਣਤੀ (1—2%) ਅਮੀਰ ਹੋਕੇ ਸਰਮਾਏਦਾਰੀ ਜਮਾਤ ਦਾ ਹਿੱਸਾ ਬਣ ਰਹੇ ਹਨ, ਪ੍ਰੰਤੂ ਵੱਡੀ ਬਹੁਗਿਣਤੀ ਇੱਕ ਅੰਡਰ ਕਲਾਸ (ਥੱਲੜੀ ਸ਼੍ਰੇਣੀ) ਬਣ ਰਹੀ ਹੈ ਅਤੇ ਸਮਾਜ ਦੇ ਲੰਪਨ (ਭੱਦੇ) ਅੰਸ਼ ਪੈਦਾ ਕਰ ਰਹੀ ਹੈ, ਅੱਜ ਪੰਜਾਬ ਵਿੱਚ ਸਾਮਰਾਜੀ ਦੇਸ਼ਾਂ ਦੇ ਝੰਡੇ ਝੁਲਾਉਣਾ ਇੱਕ ਫੈਸ਼ਨ ਬਣ ਗਿਆ ਹੈ, ਇਹ ਇਸ ਗੱਲ ਦਾ ਸੂਚਕ ਹੈ ਕਿ ਪੰਜਾਬ ਕਿਸ ਪੱਧਰ ਦੀ ਸਾਮਰਾਜੀ ਗੁਲਾਮੀ ਹੰਢਾ ਰਿਹਾ ਹੈ, ਪ੍ਰਵਾਸ ਬਾਰੇ ਭਰਮ ਭੁਲੇਖੇ ਦੂਰ ਕਰਕੇ ਪ੍ਰਵਾਸ ਦਾ ਸੱਚ ਸਾਹਮਣੇ ਲਿਆਉਣਾ ਬੁੱਧੀਜੀਵੀਆਂ, ਵਿਦਵਾਨਾਂ, ਲੇਖਕਾਂ ਅਤੇ ਚਿੰਤਕਾਂ ਦਾ ਨੈਤਿਕ ਫਰਜ਼ ਹੈ, ਜੋ ਸ਼ਹੀਦ ਭਗਤ ਸਿੰਘ ਅੱਜ ਦੇ ਪੰਜਾਬ ਨੂੰ ਦੇਖੇ ਤਾਂ ਉਸਨੂੰ ਬਹੁਤ ਦੁੱਖ ਹੋਏਗਾ ਕਿ ਜਿਸ ਸਾਮਰਾਜੀ ਗੁਲਾਮੀ ਤੋਂ ਪੰਜਾਬ ਨੂੰ ਮੁਕਤ ਕਰਵਾਉਣ ਲਈ ਉਸਨੇ ਕੁਰਬਾਨੀ ਕੀਤੀ, ਅੱਜ ਉਹ ਪੰਜਾਬ ਉਸਤੋਂ ਕਿਤੇ ਜਿਆਦਾ ਸਾਮਰਾਜੀ ਗੁਲਾਮੀ ਹੰਢਾ ਰਿਹਾ ਹੈ। ਬਹਿਸ ਵਿੱਚ ਰੰਗ ਕਰਮੀ ਇਕਬਾਲ ਗੱਜਣ, ਡਾ. ਭੀਮਇੰਦਰ ਸਿੰਘ, ਡਾ. ਭਗਵੰਤ ਸਿੰਘ, ਡਾ. ਤਰਲੋਚਨ ਕੌਰ, ਇੰ. ਆਰ.ਐਸ. ਸਿਆਣ, ਪਰਮਜੀਤ ਵਿਰਕ, ਸਰਬਜੀਤ ਵਿਰਕ, ਡਾ. ਲਕਸ਼ਮੀ ਨਾਰਾਇਣ ਭੀਖੀ, ਡਾ. ਸੰਤੋਖ ਸਿੰਘ ਸੁੱਖੀ, ਆਦਿ ਨੇ ਭਾਗ ਲਿਆ। ਡਾ. ਧਰਮਵੀਰ ਗਾਂਧੀ ਨੇ ਡਾ. ਸਵਰਾਜ ਸਿੰਘ ਦੀਆਂ ਧਾਰਨਾਵਾਂ ਦੀ ਪੁਸ਼ਟੀ ਕਰਦੇ ਹੋਏ ਪਰਵਾਸ ਦੇ ਨਾਂਹ ਪੱਖੀ ਰੁਝਾਨਾਂ ਨੂੰ ਠੱਲ੍ਹ ਪਾਉਣ ਲਈ ਲਾਮਬੰਦੀ ਕਰਨ ਲਈ ਕਿਹਾ। ਇਸ ਮੌਕੇ ਡਾ. ਭਗਵੰਤ ਸਿੰਘ ਦੁਆਰਾ ਸੰਪਾਦਤ ਜਾਗੋ ਇੰਟਰਨੈਸ਼ਨਲ ਕਿਸਾਨ ਅੰਦੋਲਨ ਨੂੰ ਸਮਰਪਿਤ ਅੰਕ ਅਤੇ ਡਾ. ਸਰਬਜੀਤ ਸਿੰਘ ਵਿਰਕ ਦੀ ਪੁਸਤਕ ਲਿਖਤੁਮ ਭਗਤ ਸਿੰਘ ਲੋਕ ਅਰਪਣ ਕੀਤੀ ਗਈ। ਅਸੀਂ ਲੜਾਂਗੇ ਸਾਥੀ ਗਰੁੱਪ ਵੱਲੋਂ ਭਗਤ ਸਿੰਘ ਬਾਰੇ ਨਾਟਕ ਪੇਸ਼ ਕੀਤਾ। ਹਾਜ਼ਰ ਕਵੀਆਂ ਨੇ ਕਵਿਤਾਵਾਂ ਸੁਣਾਈਆਂ। ਡਾ. ਲਕਸ਼ਮੀ ਨਾਰਾਇਣ ਭੀਖੀ ਨੇ ਮੰਚ ਸੰਚਾਲਨਾ ਕੀਤੀ। 

Install Punjabi Akhbar App

Install
×