ਮਾਰਕਸ ਦੀ ਪੂੰਜੀ ਵਿਆਖਿਆ ਦੇ ਪੱਛਮੀ ਤਰਕਸ਼ੀਲਤਾ ਦੇ ਸਿਧਾਂਤ ਨੂੰ ਪੂਰਬੀ ਅਰਥਾਤ ਭਾਰਤੀ ਨਯਾਏ ਸ਼ਾਸਤਰ ਦੀ ਨੈਤਿਕਤਾ ਨਾਲ ਜੋੜਨ ਦੀ ਲੋੜ ਹੈ : ਸਵਰਾਜ ਸਿੰਘ

DSC_9306 copy
(ਡਾ. ਸਵਰਾਜ ਸਿੰਘ ਦਾ ਸਨਮਾਨ ਕਰਦੇ ਹੋਏ ਡਾ. ਤੇਜਵੰਤ ਮਾਨ, ਡਾ. ਹਰਕੇਸ਼ ਸਿੰਘ ਸਿੱਧੂ, ਸ. ਮਨਜੀਤ ਸਿੰਘ ਨਾਰੰਗ, ਸ਼੍ਰੀ ਗੁਰਸ਼ਨ ਸਿੰਘ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਡਾ. ਭਗਵੰਤ ਸਿੰਘ, ਪ੍ਰਾਣ ਸਭਰਵਾਲ ਅਤੇ ਹੋਰ)

ਮਾਲਵਾ ਰਿਸਰਚ ਸੈਂਟਰ ਪਟਿਆਲਾ ਵੱਲੋਂ ਡਾ. ਸਵਰਾਜ ਸਿੰਘ ਦੇ ਜਨਮ ਦਿਨ ਦੇ ਸੰਬੰਧ ਵਿੱਚ ਕੀਤੀ ਗਈ ‘ਮਾਰਕਸਵਾਦ ਦਾ ਭਾਰਤੀਕਰਣ ਇੱਕ ਨਵਾਂ ਵਿਕਾਸ ਮਾਡਲ’ ਵਿਸ਼ੇ ਉਤੇ ਵਿਚਾਰ ਚਰਚਾ ਵਿਚ ਉਪਰੋਕਤ ਵਿਚਾਰ ਡਾ. ਸਵਰਾਜ ਸਿੰਘ ਨੇ ਦਿੱਤਾ। ਡਾ. ਸਵਰਾਜ ਸਿੰਘ ਨੇ ਕਿਹਾ ਕਿ ਪੱਛਮੀ ਤਰਕਸ਼ੀਲਤਾ ਅਤੇ ਪੂੰਜੀ ਵਿਕਾਸ ਦਾ ਮਾਡਲ ਸਿਰਫ ਭਾਵਨਾ ਰਹਿਤ ਅਨੈਤਿਕ ਕਦਰਾਂ ਕੀਮਤਾਂ ਉਤੇ ਉਸਰਿਆ ਨਿਰਪੇਖਕ ਮਾਡਲ ਹੈ, ਇਸ ਭਾਵਨਾ ਰਹਿਤ ਉਸਾਰੂ ਵਿੱਚ ਮਾਨਵੀ ਕਦਰਾਂ ਕੀਮਤਾਂ ਦੀ ਥਾਂ ਪੂੰਜੀ ਦਾ ਬੋਲ ਬਾਲਾ ਹੈ। ਮਾਰਕਸ ਨੇ ਇਸ ਭਾਵਨਾ ਰਹਿਤ ਪੂੰਜੀ ਦੀ ਵਿਆਖਿਆ ਬੜੇ ਵਿਸਥਾਰ ਵਿਚ ਕਰਦਿਆਂ ਪੂੰਜੀ ਦੇ ਖਾਸੇ ਨੂੰ ਸਮਝਿਆ ਸਮਝਾਇਆ ਹੈ ਪਰ ਇਸ ਖਾਸੇ ਵਿਚਲੀ ਤਰਕਸ਼ੀਲਤਾ ਦੇ ਮਨੁੱਖੀ ਆਤਮਕ ਨਿਘਾਰ ਨੂੰ ਪਰਗਟ ਕਰਨ ਵਿਚ ਕਿਤੇ ਚੂਕ ਹੋਈ ਹੈ ਜਾਂ ਉਸਨੂੰ ਸਮਾਂ ਨਹੀਂ ਮਿਲ ਸਕਿਆ। ਇਸ ਲਈ ਅੱਜ ਜਰੂਰੀ ਹੈ ਕਿ ਅਸੀਂ ਮਾਰਕਸ ਦੇ ਰਹਿ ਗਏ, ਸਿਧਾਂਤ ਵਿਚ ਵਿਕਾਸ ਕਰਦੇ ਹੋਏ ਭਾਰਤੀ ਨਯਾਇ ਸ਼ਾਸਤਰ ਜਿਸਦਾ ਸਿੱਖਰ ਗੁਰੂ ਗ੍ਰੰਥ ਸਾਹਿਬ ਹੈ ਨਾਲ ਜੋੜਕੇ ਮਾਨਵ ਕਲਿਆਣ ਲਈ ਇੱਕ ਨਵਾਂ ਵਿਕਾਸ ਮਾਡਲ ਪੇਸ਼ ਕਰੀਏ।”
ਇਸ ਸੈਮੀਨਾਰ ਦੇ ਮੁੱਖ ਮਹਿਮਾਨ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਸਨ ਜਦਕਿ ਪ੍ਰਧਾਨਗੀ ਮੰਡਲ ਵਿੱਚ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ), ਭਾਈ ਹਰਿਸਿਮਰਨ ਸਿੰਘ ਡਾਇਰੈਕਟਰ ਭਾਈ ਗੁਰਦਾਸ ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਗੁਰਬਚਨ ਸਿੰਘ ਸੰਪਾਦਕ ਦੇਸ਼ ਪੰਜਾਬ, ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਹਰਕੇਸ਼ ਸਿੰਘ ਸਿੱਧੂ, ਰਿਟਾ. ਆਈ.ਏ.ਐਸ, ਸ. ਮਨਜੀਤ ਸਿੰਘ ਨਾਰੰਗ ਆਈ.ਏ.ਐਸ., ਸ਼੍ਰੀਮਤੀ ਗੁਰਸ਼ਰਨ ਕੌਰ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ, ਸ਼੍ਰੀ ਸੁੱਚਾ ਦੀਪਕ ਸੰਪਾਦਕ ਪ੍ਰੈਸ ਕਾਰਜ ਕੈਨੇਡਾ, ਡਾ. ਭਗਵੰਤ ਸਿੰਘ ਜਨਰਲ ਸਕੱਤਰ ਮਾਲਵਾ ਰਿਸਰਚ ਸੈਂਟਰ ਪਟਿਆਲਾ, ਸ਼ਾਮਲ ਸਨ। ਸਮਾਗਮ ਦਾ ਆਰੰਭ ਅੰਮ੍ਰਿਤਪਾਲ ਸਿੰਘ ਦੁਆਰਾ ਭਗਤ ਨਾਮਦੇਵ ਜੀ ਦੀ ਬਾਣੀ ਦੇ ਗਾਇਨ ਨਾਲ ਹੋਇਆ।

3
(ਮਾਲਵਾ ਰਿਸਰਚ ਸੈਂਟਰ ਪਟਿਆਲਾ ਵੱਲੋਂ ਕਰਾਏ ਸੈਮੀਨਾਰ ਮਾਰਕਸਵਾਦ ਦਾ ਭਾਰਤੀਕਰਨ ਸੈਮੀਨਾਰ ਦੀ ਝਲਕ)

ਸੰਬੰਧਤ ਵਿਸ਼ੇ ਉਤੇ ਵਿਚਾਰ ਚਰਚਾ ਦਾ ਆਰੰਭ ਕਰਦਿਆਂ ਡਾ. ਤੇਜਵੰਤ ਮਾਨ ਨੇ ਕਿਹਾ ਕਿ ਮਾਰਕਸਵਾਦ ਇੱਕ ਜੜ੍ਹ ਸਿਧਾਂਤ ਨਹੀਂ ਸਗੋਂ ਇਸ ਦੇ ਵਿਕਾਸ ਲਈ ਮਾਰਕਸ ਨੇ ਖੁਦ ਵਿਸਤਰਿਤ ਅਧਿਐਨ ਅਤੇ ਲੋੜੀਂਦੀ ਸੋਧ ਲਈ ਇਸਨੂੰ ਨਿਰਪੇਖ ਨਹੀਂ ਮੰਨਿਆ ਪਰ ਸਾਡੇ ਕੁੱਝ ਕੱਟੜ ਮਾਰਕਸੀਆਂ ਨੇ ਇਸਨੂੰ ਇੱਕ ਹੱਠੀ ਕੱਟੜਪੰਥੀਆਂ ਦੀ ਤਰ੍ਹਾਂ ਲਾਗੂ ਕੀਤਾ, ਜਿਸਦਾ ਸਿੱਟਾ ਇਹ ਹੋਇਆ ਕਿ ਰੂਸ ਵਿਚ ਸਮਾਜਵਾਦੀ ਰਾਜ ਸੱਤਾ ਤਾਂ ਹਾਸਲ ਹੋ ਗਈ ਪਰ ਉਥੋਂ ਦੀ ਸਮਾਜਕ ਵਿਵਸਥਾ ਵਿਚ ‘ਸਮਾਜਵਾਦੀ ਮਨੁੱਖ’ ਦੀ ਸਿਰਜਨਾ ਨਹੀਂ ਹੋ ਸਕੀ। ਮਾਨਵੀ ਨੈਤਿਕ ਕਦਰਾਂ ਕੀਮਤਾਂ ਪਹਿਲਾਂ ‘ਪ੍ਰੋਲੇਤਾਰੀ ਡਿਕਟੇਟਰਸ਼ਿਪ’ ਅਤੇ ਫੇਰ ਖਰੁਸ਼ਚੇਵੀਨ ‘ਸਹਿਹੋਂਦ’ ਦੇ ਸਿਧਾਂਤ ਹੇਠ ਦਬਕੇ ਰਹਿ ਗਈਆਂ। ਰੂਸ ਸਟੇਟ ਪੂੰਜੀ ਦੀ ਦੌੜ ਵਿਚ ਸ਼ਾਮਲ ਹੋ ਕੇ ਢਹਿ ਢੇਰੀ ਹੋ ਗਿਆ। ਅੱਜ ਲੋੜ ਹੈ ਕਿ ਮਾਰਕਸ ਦੇ ਪੂੰਜੀਦੀ ਵਾਧੂ ਪੈਦਾਵਾਰ ਦੇ ਸਿਧਾਂਤ ਨੂੰ ਮਾਨਵੀ ਨੈਤਿਕਤਾ ਦੇ ਸਿਧਾਂਤ ਨਾਲ ਸਾਪੇਖੀ ਸਹਿ-ਸੰਬੰਧਿਤ ਕਰੀਏ ਜਿਸ ਦਾ ਮਾਡਲ ਕੇਵਲ ਪੂਰਬੀ ਚਿੰਤਨ ਦੀ ਮਹਾਨ ਸਿਧਾਂਤ-ਯੁਕਤ ਰਚਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੁਆਰਾ ਪ੍ਰਗਟਾਏ ਨਯਾ-ਸ਼ਾਸਤਰ ਪਾਸ ਹੈ । ‘ਕਰਤਾ ਪੁਰਖ’ ਦਾ ਗੁਰਮੁਖ ਰੂਪਾਂਤਰਨ, ‘ਬੇਗ਼ਮਪੁਰਾ ਸ਼ਹਿਰ’ ਦੀ ਪਰਿਕਲਪਨਾ, ਮਾਨਵੀ ਨੈਤਿਕਤਾ ਦੀ ਪੂੰਜੀ (ਮਾਇਆ) ਉਤੇ ਸਰਦਾਰੀ ਦੇ ਸੰਕਲਪਾਂ ਦੀ ਗੰਭੀਰ ਸਾਪੇਖਕਤਾ ਮਾਰਕਸ ਦੇ ਪੂੰਜੀ ਵਿਆਖਿਆ ਸਿਧਾਂਤ ਵਿਚਲੇ ਮਾਨਵੀ ਗੁਣਾਂ ਨੂੰ ਪ੍ਰਗਟ ਅਤੇ ਲਾਗੂ ਕਰਨ ਵਿਚ ਸਹਾਈ ਹੋ ਸਕਦੀ ਹੈ ਅਤੇ ਅਸੀਂ ਸੰਸਾਰ ਨੂੰ ਮਾਰਕਸ-ਗੁਰਮਤਿ ਦੀ ਆਪਸੀ ਸਾਪੇਖਤਾ ਦਾ ਨਵਾਂ ਵਿਕਾਸ ਮਾਡਲ ਦੇ ਸਕਦੇ ਹਾਂ। ਬਹਿਸ ਨੂੰ ਅੱਗੇ ਤੋਰਦਿਆਂ ਭਾਈ ਹਰਸਿਮਰਨ ਸਿੰਘ ਨੇ ਵਿਸਮਾਦ (ਕੁਦਰਤ ਅਤੇ ਮਨੁੱਖ ਦੇ ਨੇੜਤਾ) ਦਾ ਸਿਧਾਂਤ ਪੇਸ਼ ਕੀਤਾ। ਸ. ਗੁਰਬਚਨ ਸਿੰਘ ਸੰਪਾਦਕ ਪੇਸ਼ ਪੰਜਾਬ ਨੇ ਉਦਾਹਰਨਾ ਦੇ ਕੇ ਸਪਸ਼ਟ ਕੀਤਾ ਕਿ ਮਾਰਕਸ ਨਾਸਤਕ ਨਹੀਂ ਸੀ, ਭਾਰਤੀ ਕੱਟੜ ਮਾਰਕਸੀਆਂ ਅਤੇ ਕੱਟੜ ਸਿੱਖ ਪੰਥੀਆਂ ਨੇ ਮਾਰਕਸ ਦੇ ਆਤਮਕ ਸ਼ੁੱਧੀ ਰਹੱਸ ਨੂੰ ਖੋਹਲਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਮਾਰਕਸ ਦੇ ਪੂੰਜੀ (ਮਾਇਆ) ਦੇ ਵਿਨਾਸ਼ਕਾਰੀ ਫੈਲਾਅ ਦੇ ਸਿਧਾਂਤ ਵਿਚ ਹੀ ਨਿਹਤ ਹੈ ਉਸਦੀ ਮਾਨਵੀ ਨੈਤਿਕਤਾ ਦੀ ਸਮਝ ਦਾ ਖੁਲਾਸਾ।
ਇਸ ਗੰਭੀਰ ਅਤੇ ਜਰੂਰੀ ਵਿਚਾਰ ਚਰਚਾ ਵਿੱਚ ਕਰਮ ਸਿੰਘ ਵਕੀਲ, ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਪ੍ਰੋ. ਕੁਲਬੀਰ ਕੌਰ ਚੰਡੀਗੜ੍ਹ, ਸੁੱਚਾ ਸਿੰਘ ਦੀਪਕ, ਸਾਊਥ ਏਸ਼ੀਅਨ ਰਿਵਿਯੂ, ਮਨਜੀਤ ਸਿੰਘ ਨਾਰੰਗ, ਡਾ. ਹਰਕੇਸ਼ ਸਿੰਘ ਸਿੱਧੂ, ਡਾ. ਲਕਸ਼ਮੀ ਨਰਾਇਣ ਭੀਖੀ, ਡਾ. ਗੁਰਪ੍ਰੀਤ ਕੌਰ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਕੁਲਵੰਤ ਸਿੰਘ ਗਰੇਵਾਲ, ਡਾ. ਜਸਪਾਲ ਸਿੰਘ, ਡਾ. ਭਗਵੰਤ ਸਿੰਘ, ਪਵਨ ਹਰਚੰਦਪੁਰੀ, ਡਾ. ਕੁਲਦੀਪ ਸਿੰਘ, ਭੁਪਿੰਦਰ ਸਿੰਘ ਮੱਲੀ ਕਨੇਡਾ, ਰਵਿੰਦਰ ਸ਼ਰਮਾ, ਕਰਨੈਲ ਸਿੰਘ ਗਰੀਬ ਗੁਰੂ ਨਾਨਕ ਵਿਚਾਰਮੰਚ, ਪ੍ਰਾਣ ਸਭਰਵਾਲ (ਨਟਾਸ), ਅਮਰ ਗਰਗ ਕਲਮਦਾਨ, ਗੁਰਸ਼ਰਨ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਨੇ ਆਪਣੇ ਵਿਚਾਰ ਪੇਸ਼ ਕੀਤੇ। ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੇ ਇਸ ਸੈਮੀਨਾਰ ਦੀ ਸਫਲਤਾ ਤੇ ਪ੍ਰਬੰਧਕਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ ਅਤੇ ਵਿਚਾਰ ਚਰਚਾ ਤੇ ਪੂਰੀ ਤਸੱਲੀ ਪ੍ਰਗਟਾਈ। ਉਨ੍ਹਾਂ ਨੇ ਭਵਿੱਖ ਵਿੱਚ ਅਜਿਹੇ ਹੋਰ ਸੈਮੀਨਾਰ ਕਰਾਉਣ ਤੇ ਜੋਰ ਦਿੱਤਾ।
ਇਸ ਮੌਕੇ ਤੇ ਹੋਰ ਪ੍ਰਸਿੱਧ ਵਿਦਵਾਨ ਕ੍ਰਿਸ਼ਨ ਬੇਤਾਬ, ਕੇ.ਐਸ. ਵਿਰਦੀ, ਪ੍ਰੋ. ਜਗਧੀਰ ਸਿੰਘ ਭੈਣੀ, ਬਲਜੀਤ ਸਿੰਘ ਵਡਾਲੀਗੁਰੂ, ਮਨਪ੍ਰੀਤ ਸਿੰਘ, ਦੇਸ਼ ਭੂਸ਼ਨ, ਜਗਦੀਪ ਸਿੰਘ, ਮਹੰਤ ਹਰੀ ਸਿੰਘ, ਮਹੰਤ ਸੰਤਾ ਸਿੰਘ, ਗੁਲਜਾਰ ਸਿੰਘ ਸ਼ੌਂਕੀ, ਗੁਰਬਚਨ ਸਿੰਘ ਝਨੇੜੀ, ਪਰਦੀਪ ਸਿੰਘ ਖਡੂਰ ਸਾਹਿਬ, ਪ੍ਰੋ. ਅਮਰਿੰਦਰਪਾਲ ਸਿੰਘ, ਬਚਨ ਸਿੰਘ ਗੁਰਮ, ਡਾ. ਦਰਸ਼ਨ ਸਿੰਘ, ਐਡਵੋਕੇਟ ਦਰਬਾਰਾ ਸਿੰਘ ਢੀਂਡਸਾ, ਗੁਰਬਚਨ ਸਿੰਘ ਵਿਰਦੀ, ਪ੍ਰੋ. ਰਣਜੀਤ ਸਿੰਘ ਟਿਵਾਣਾ, ਪ੍ਰੋ. ਮੋਹਨਜੀਤ ਕੌਰ ਟਿਵਾਣਾ, ਭਾਸ਼ੋ, ਸੁਖਪਾਲ ਸੋਹੀ, ਸੁਖਮਿੰਦਰ ਸੇਖੋਂ, ਚਰਨ ਬੰਬੀਹਾਭਾਈ, ਬਲਵਿੰਦਰ ਸਿੰਘ ਭੱਟੀ, ਪ੍ਰੋ. ਜੇ. ਕੇ. ਮਿਗਲਾਨੀ ਆਦਿ ਹਾਜ਼ਰ ਸਨ। ਅੰਤ ਵਿੱਚ ਡਾ. ਭਗਵੰਤ ਜਨਰਲ ਸਕੱਤਰ ਮਾਲਵਾ ਰਿਸਰਚ ਸੈਂਟਰ ਨੇ ਸਾਰੇ ਆਏ ਵਿਦਵਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦਾ ਸੈਮੀਨਾਰ ਸੰਸਾਰ ਵਿੱਚ ਵਾਪਰ ਰਹੀਆਂ ਮਨੁੱਖ ਮਾਰੂ ਘਟਨਾਵਾਂ, ਕੌਮੀਅਤਾਂ ਦੇ ਤਿੱਖੇ ਵਿਰੋਧਾਂ, ਪੂੰਜੀ ਦੀ ਮਾਰੂ ਸ਼ਕਤੀ ਦੇ ਵਾਧੇ ਅਤੇ ਤਕਨੀਕੀ ਵਿਕਾਸ ਦੇ ਕਿਰਤੀ ਵਿਕਾਸ ਹਾਵੀ ਹੋਣ ਨੂੰ ਮੁੱਖ ਰੱਖਕੇ ਕੀਤਾ ਗਿਆ ਹੈ। ਅਸੀਂ ਪਹਿਲੀ ਵਾਰ ਪਿਰਤ ਪਾਈ ਹੈ ਕਿ ਕਿਸੇ ਪ੍ਰਸਿੱਧ ਵਿਦਵਾਨ ਚਿੰਤਕ ਦੇ ਜਨਮ ਦਿਵਸ ਨੂੰ ‘ਵਿਸ਼ਵ ਚਿੰਤਨ ਦਿਵਸ’ ਵਜੋਂ ਮਨਾਇਆ ਗਿਅ। ਮਾਲਵਾ ਰਿਸਰਚ ਸੈਂਟਰ ਇਸ ਪਰੰਪਰਾ ਨੂੰ ਨਿਰੰਤਰ ਜਾਰੀ ਰੱਖੇਗਾ।

Install Punjabi Akhbar App

Install
×