ਹਨੇਰੇ ਦਿਲਾਂ ਨੂੰ ਰੁਸ਼ਨਾਉਣ ਲਈ ਕਲਮੀ ਅਤੇ ਵਿੱਦਿਅਕ ਦੀਵੇ ਬਾਲ ਰਹੀ ਮੁਟਿਆਰ: ਡਾ: ਸਤਿੰਦਰ ਜੀਤ ਕੌਰ ਬੁੱਟਰ

ਦਿਹਾਕਿਆਂ ਤੋਂ ਸਾਹਿਤਕ ਤੇ ਵਿੱਦਿਅਕ ਖੇਤਰ ਵਿਚ ਕਾਰਜ-ਸ਼ੀਲ, ਆਪਣਾ ਨਿੱਗਰ ਯੋਗਦਾਨ ਪਾ ਰਹੀ ਅਧਿਆਪਕਾ ਅਤੇ ਵਿਲੱਖਣ ਸ਼ਾਇਰਾ ਡਾ: ਸਤਿੰਦਰਜੀਤ ਕੌਰ ਬੁੱਟਰ ਸਾਹਿਤ ਤੇ ਵਿੱਦਿਅਕ ਖੇਤਰ ਵਿਚ ਵਿਚ ਧਰੂ ਤਾਰੇ ਦੀ ਨਿਆਂਈ ਚਮਕਦਾ-ਦਮਕਦਾ ਇਕ ਸਿਰਮੌਰ ਨਾਮ ਹੈ।  ‘ਜ਼ਖਮੀ ਰੂਹ, ‘ਤਿੜਕੇ ਰਿਸ਼ਤੇ, ‘ਦਰਪਣ, ‘ਧਰਤ ਪੰਜਾਬ ਦੀ’, ਸ਼ੀਸ਼ਾ ਬੋਲਦਾ ਹੈ’, ‘ਨਵੀਆਂ ਪੈੜਾਂ’ ਅਤੇ ‘ਫੁੱਲ-ਕਲੀਆਂ’ ਆਦਿ ਆਪਣੀਆਂ ਮੌਲਿਕ ਪੁਸਤਕਾਂ ਦੇ ਨਾਲ-ਨਾਲ, ‘ਨਵੀਆਂ ਪੈੜਾਂ’, ‘ਜਜ਼ਬਾਤ ਦੇ ਪਰਦੇ’,  ‘ਬੂੰਦ-ਬੂੰਦ ਸਮੁੰਦਰ’ ਅਤੇ ਰੰਗਰੇਜ ਆਦਿ ਜਿਹੀਆਂ ਅਨੇਕਾਂ ਸਾਂਝੀਆਂ ਕਾਵਿ-ਪ੍ਰਕਾਸ਼ਨਾਵਾਂ ਵਿਚ ਹਾਜ਼ਰੀਆਂ ਭਰ ਚੁੱਕੀ, ਨਿੱਤ ਕਿਸੇ-ਨਾ-ਕਿਸੇ ਅਖਬਾਰ ਜਾਂ ਮੈਗਜ਼ੀਨ ਵਿਚ ਪੜਨ ਨੂੰ ਮਿਲ ਹੀ ਜਾਂਦੀ ਹੈ, ਇਹ ਕਲਮ। ਜੱਬਲਪੁਰ (ਮੱਧ ਪ੍ਰਦੇਸ਼) ਵਿਚ ਪਿਤਾ ਮੇਜਰ ਜਗਤਾਰ ਸਿੰਘ ਸੰਧੂ ਅਤੇ ਮਾਤਾ ਸ਼੍ਰੀਮਤੀ ਗੁਰਚਰਨ ਕੌਰ ਸੰਧੂ ਜੀ ਦੇ ਗ੍ਰਹਿ ਨੂੰ ਭਾਗ ਲਾਉਣ ਵਾਲੀ ਡਾ: ਸਤਿੰਦਰਜੀਤ ਦੀ ਵਿੱਦਿਅਕ ਯੋਗਤਾ ਵੱਲ ਦੇਖੀਏ ਤਾਂ ਉਹ ਪੀ. ਐਚ ਡੀ, ਐਮ.ਏ, ਐਮ ਐਡ ਹੈ। ਕਿੱਤੇ ਦੇ ਤੌਰ ਤੇ ਬਤੌਰ ਲੈਕਚਰਾਰ (ਪੰਜਾਬੀ) ਸੇਵਾਵਾਂ ਨਿਭਾਉਦਿਆਂ ਹਨੇਰੇ ਹਿਰਦਿਆਂ ਨੂੰ ਰੁਸ਼ਨਾਉਣ ਦਾ ਸਰਵੋਤਮ ਕਾਰਜ ਕਰਦੀ ਜਿੱਥੇ ਉਹ ਵਿਦਿਆਰਥੀਆਂ ਨੂੰ ਪਰਿਵਾਰ ਦੀ ਤਰਾਂ ਸਮਝਦਿਆਂ ਪੂਰੀ ਤਨਦੇਹੀ ਨਾਲ ਪੜਾਉਣ ਵਿਚ ਕੋਈ ਕਸਰ ਬਾਕੀ ਨਹੀ ਛੱਡਦੀ, ਉਥੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਮੇਂ-ਸਮੇ ਤੇ ਕਿਤਾਬਾਂ-ਕਾਪੀਆਂ ਲੈ ਕੇ ਦੇਣੀਆਂ ਅਤੇ ਫੀਸਾਂ ਆਦਿ ਵਿਚ ਉਨਾਂ ਦੀ ਮਦਦ ਲਈ ਹੱਥ ਵਧਾਉਣਾ ਵੀ ਆਪਣਾ ਧਰਮ ਸਮਝਦੀ ਹੈ, ਉਹ। 

‘‘ਵਲਡ ਪੰਜਾਬੀ ਕਾਨਫਰੰਸ ਟਰੰਟੋ” ਦੀ ਪ੍ਰਬੰਧਕੀ ਟੀਮ ਦੀ ਮੈਂਬਰ ਵਜੋਂ ਸੇਵਾਵਾਂ ਨਿਭਾ ਰਹੀ ਡਾ. ਸਤਿੰਦਰਜੀਤ ਦੀ ਨਰੋਈ ਕਲਮ ਵਿਚੋਂ ਜਿੱਥੇ ਅਪਣੱਤ, ਮੋਹ-ਪਿਆਰ, ਸੱਚੀਆਂ ਪਾਕਿ ਮੁਹੱਬਤਾਂ ਦੇ ਝਰਨੇ ਵਗਦੇ ਹਨ, ਉਥੇ ਮੌਜੂਦਾ ਕਿਸਾਨੀ ਅੰਦੋਲਨ ਵਰਗੇ ਚਲੰਤ ਮਾਮਲਿਆਂ ਦੇ ਦੁੱਖਾਂ-ਦਰਦਾਂ ਨੂੰ ਮਹਿਸੂਸਦਿਆਂ ਖ਼ੁਸ਼ੀ ਭਰੇ ਪਲਾਂ ਦੀ ਉਡੀਕ ਵੀ ਕਰਦੀ ਹੈ ਅਤੇ ਉਸਦੇ ਅਹਿਸਾਸ, ਹਨੇਰਿਆਂ ਵਿਚੋਂ ਵੀ ਆਸ ਦੀ ਕਿਰਨ ਬਣ ਕੇ ਚੌਗਿਰਦੇ ਵਿਚ ਰੋਸ਼ਨੀਆਂ ਕਰਦੇ ਨਜ਼ਰੀ ਆਉਂਦੇ ਹਨ।  ਕਲਮ ਦਾ ਦੇਖੋ ਇਕ ਰੰਗ-

”ਕਾਲੇ ਕਾਨੂੰਨ ਕਿਉਂ ਦੇ ਰਿਹਾਂ ਕਿਸਾਨਾਂ ਨੂੰ।

ਹੁਣ ਕਿਵੇਂ ਮੋੜੇਂਗਾ ਆ ਰਹੇ ਤੂਫਾਨਾਂ ਨੂੰ।

ਰਾਜੇ ਨੇ ਦੁਰਬਲਾਂ ਨੂੰ ਲਿਤਾੜਨਾ ਸਿੱਖ ਲਿਆ,

ਨਿਰਬਲਾਂ ਨੇ ਤੋੜ ਦੇਣਾ ਹੈ ਅਭਿਮਾਨਾਂ ਨੂੰ।

ਲੁਕਾਈ ਨੂੰ ਰੋਟੀ ਖਵਾਉਣ ਖੁਦ ਭੁੱਖਾਂ ਕੱਟ,

ਕਿਉਂ ਤੂੰ ਵਿਸਾਰਿਆ ਇਹੋ ਜਿਹੇ ਇਨਸਾਨਾਂ ਨੂੰ।

ਸੋਚ ਜਰਾ ਰੂਹ ਨੂੰ ਜਗਾ ਕੇ ਅਤੇ ਗੌਰ ਕਰ

ਬੁੱਟਰ” ਕੀ ਦਿੱਤਾ ਰਾਜਾ ਤੂੰ ਸੰਤਾਨਾਂ ਨੂੰ।”

ਡਾ. ਬੁੱਟਰ ਜੀ ਦੀਆਂ ਅਣਮੁੱਲੀਆਂ ਸੇਵਾਵਾਂ ਦੀ ਕਦਰ ਪਾਉਂਦਿਆਂ, ਸਿੱਖਿਆ ਵਿਭਾਗ ਵਲੋਂ ਮਿਲਿਆ ਸਟੇਟ ਐਵਾਰਡ, ਵਿਸ਼ਵ ਪੰਜਾਬੀ ਕਾਨਫਰੰਸ -2019 ਵਿਚ ਮਿਲਿਆ ਸਨਮਾਨ, ਸਾਹਿਤ ਅਕਾਦਮੀ ਲੁਧਿਆਣਾ (ਰਜਿ:), ਸਾਹਿਤਕ ਮੰਚ ਬਟਾਲਾ (ਰਜਿ:) ਅਤੇ ਨਾਰੀ ਚੇਤਨਾ ਮੰਚ ਬਟਾਲਾ (ਰਜਿ:) ਆਦਿ ਦੇਸ਼-ਵਿਦੇਸ਼ ਦੀਆਂ ਅਨਗਿਣਤ ਸੰਸਥਾਵਾਂ ਵਲੋਂ ਮਿਲੇ ਸਨਮਾਨ ਉਸ ਦੇ ਕੱਦ-ਬੁੱਤ ਨੂੰ ਉਚਾਈਆਂ ਪ੍ਰਦਾਨ ਕਰਦੇ ਹਨ। ਇਸ ਮੁਕਾਮ ਤੱਕ ਦਾ ਸਾਰਾ ਸਿਹਰਾ ਉਹ ਆਪਣੇ ਜੀਵਨ-ਸਾਥੀ ਸ੍ਰ: ਗੁਰਚਰਨ ਸਿੰਘ ਬੁੱਟਰ (ਐਸ. ਡੀ. ਓ. ਬਿਜਲੀ ਬੋਰਡ) ਅਤੇ ਆਪਣੇ ਨਾਲ ਵਿਚਰਦੀਆਂ ਆ ਰਹੀਆਂ ਸਾਹਿਤਕ-ਸਖਸ਼ੀਅਤਾਂ ਸਿਰ ਦਿੰਦੀ ਹੈ। ਇਕ ਸਵਾਲ ਦਾ ਉਤਰ ਦਿੰਦਿਆਂ ਡਾ. ਬੁੱਟਰ ਨੇ ਕਿਹਾ, ‘‘ਸਿੱਖਿਆ ਵਿਭਾਗ ਵਲੋਂ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੇਇੰਦਰ ਸਿੰਗਲਾ ਜੀ ਦੇ ਕਰ-ਕਮਲਾਂ ਦੁਆਰਾ ਜੋ 2020 ਵਿਚ ਮੈਨੂੰ ਸਟੇਟ ਐਵਾਰਡ ਦੇਕੇ ਸਨਮਾਨਿਤ ਕੀਤਾ ਗਿਆ ਹੈ, ਮੈਂ ਇਸ ਹੌਸਲਾ-ਅਫਜਾਈ ਲਈ ਮਾਨਯੋਗ ਸ੍ਰੀ ਵਿਜੇਇੰਦਰ ਸਿੰਗਲਾ ਜੀ, ਮਾਨਯੋਗ ਸਿੱਖਿਆ ਸਕੱਤਰ ਸ੍ਰੀ ਕਿਸ਼ਨ ਕੁਮਾਰ ਜੀ, (ਆਈ. ਏ. ਐਸ.) ਅਤੇ ਸਮੁੱਚੇ ਸਿੱਖਿਆ ਵਿਭਾਗ ਦੀ ਤਹਿ ਦਿਲੋਂ ਧੰਨਵਾਦੀ ਹਾਂ।”

ਡਾ. ਸਤਿੰਦਰਜੀਤ ਕੌਰ ਬੁੱਟਰ ਦੀਆਂ ਸਾਹਿਤਕ, ਸਮਾਜਿਕ ਤੇ ਸਿੱਖਿਅਕ ਖੇਤਰ ਦੀਆਂ ਸੇਵਾਵਾਂ ਨੂੰ ਤਹਿ ਦਿਲੋਂ ਸਲਾਮ !  ਮਾਲਕ ਉਸ ਨੂੰ ਪੰਜਾਬੀ ਮਾਂ-ਬੋਲੀ ਦੇ ਖ਼ਜ਼ਾਨੇ ਨੂੰ ਭਰਪੂਰ ਕਰਦੇ ਰਹਿਣ ਅਤੇ ਹਨੇਰੇ ਦਿਲਾਂ ਨੂੰ ਰੁਸ਼ਨਾਉਣ ਲਈ ਕਲਮੀ ਅਤੇ ਵਿੱਦਿਅਕ ਦੀਵੇ ਬਾਲਦੇ ਰਹਿਣ ਦਾ ਹੋਰ ਵੀ ਬਲ ਬਖ਼ਸ਼ੇ, ਤਾਂ ਜੋ ਉਹ ਸਾਹਿਤਕ ਅਤੇ ਵਿੱਦਿਅਕ ਖੇਤਰ ਦੇ ਜ਼ੌਹਰੀਆਂ ਪਾਸੋਂ ਅੰਬਰੀਂ ਛੂੰਹਦੇ ਐਵਾਰਡ ਤੇ ਪੁਰਸਕਾਰ ਆਪਣੀ ਝੋਲ਼ੀ ਪੁਆਉਦੀ ਪੂਰੀ ਦੁਨੀਆਂ ਵਿਚ ਛਾੱ ਜਾਵੇ!

(ਪ੍ਰੀਤਮ ਲੁਧਿਆਣਵੀ) +91 9876428641

Install Punjabi Akhbar App

Install
×