ਨਿਊਜ਼ੀਲੈਂਡ ਪੁਲਿਸ ਵੱਲੋਂ ਇਥੇ ਦੇ ਇਕ ਸ਼ਹਿਰ ਕ੍ਰਾਈਸਟਚਰਚ ਵਿਖੇ ਡਾਕਟਰੀ ਪ੍ਰੈਕਟਿਸ ਕਰਦੇ ਇਕ ਭਾਰਤੀ ਡਾਕਟਰ ਉਤੇ ਜਿਨਸੀ ਛੇੜ-ਛਾੜ ਦੇ ਦੋਸ਼ਾਂ ਦੀ ਪੜ੍ਹਤਾਲ ਸ਼ੁਰੂ ਕੀਤੀ ਗਈ ਹੈ। ਡਾ. ਰਾਕੇਸ਼ ਚੌਧਰੀ ਇੰਡੀਆ ਤੋਂ ਡਾਕਟਰੀ ਦੀ ਪੜ੍ਹਾਈ ਕਰਕੇ ਇਥੇ 10 ਕੁ ਸਾਲ ਪਹਿਲਾਂ ਆਏ ਹਨ ਅਤੇ ਉਨ੍ਹਾਂ ਰਾਇਲ ਨਿਊਜ਼ੀਲੈਂਡ ਕਾਲਜ ਆਫ ਜਨਰਲ ਪ੍ਰੈਕਟੀਸ਼ਨਰ ਤੋਂ ਆਪਣੀ ਰਜਿਸਟ੍ਰੇਸ਼ਨ ਕਰਵਾਈ ਸੀ। ਪਿਛਲੇ ਸਾਲ ਦਸੰਬਰ ਮਹੀਨੇ ਵੀ ਅਜਿਹਾ ਦੋਸ਼ ਉਨ੍ਹਾਂ ਉਤੇ ਲੱਗਾ ਸੀ ਪਰ ਪੁਰਸ਼ ਸ਼ਿਕਾਇਤ ਕਰਤਾ ਨੇ ਪੁਲਿਸ ਨਾਲ ਮੁੜ ਰਾਬਤਾ ਨਹੀਂ ਸੀ ਬਣਾਇਆ ਜਿਸ ਕਰਕੇ ਉਦੋਂ ਇਹ ਪੜ੍ਹਤਾਲ ਅੱਗੇ ਨਹੀਂ ਸੀ ਵਧੀ। ਹੁਣ ਪਿਛਲੇ 15 ਦਿਨਾਂ ਦੇ ਵਿਚ ਦੋ ਹਰ ਅਜਿਹੀਆਂ ਸ਼ਿਕਾਇਤਾ ਮੈਡੀਕਲ ਕੌਂਸਿਲ ਮਿਲੀਆਂ ਹਨ ਜਿਨ੍ਹਾਂ ਦੇ ਵਿਚ ਇਕ ਪੁਰਸ਼ ਨੇ ਪਹਿਲਾਂ ਵਰਗਾ ਸਰੀਰ ਨੂੰ ਅਨਉਚਿਤ ਤਰੀਕੇ ਨਾਲ ਛੂਹਣ ਦਾ ਦੋਸ਼ ਲਗਾਇਆ ਹੈ। ਇਸ ਡਾਕਟਰ ਨੇ ਜਿਨ੍ਹਾਂ ਚਿਰ ਪੜ੍ਹਤਾਲ ਪੂਰੀ ਨਹੀਂ ਹੋ ਜਾਂਦੀ ਪ੍ਰੈਕਟਿਸ ਕਰਨੀ ਬੰਦ ਕਰ ਦਿੱਤੀ ਹੈ। ਇਹ ਡਾਕਟਰ ਇਕ ਹੋਰ ਕਲੀਨਿਕ ਉਤੇ ਲੋੜ ਪੈਣ ਉਤੇ ਸਮੇਂ-ਸਮੇਂ ਜਾ ਕੇ ਮਰੀਜ਼ਾਂ ਦੀ ਚੈਕ ਅਪ ਕਰਿਆ ਕਰਦਾ ਸੀ, ਜਿਸ ਨੂੰ ਪਿਛਲੇ ਸਾਲ ਉਸ ਕਲੀਨਿਕ ਨੇ ਮੁਅੱਤਲ ਕਰ ਦਿੱਤਾ ਸੀ। ਇਸ ਸਾਰੇ ਵਾਕਿਆ ਨੂੰ ਡਾ. ਰਾਕੇਸ਼ ਚੌਧਰੀ ਨੇ ਨਕਾਰਿਆ ਹੈ ਅਤੇ ਕਿਹਾ ਹੈ ਕਿ ਉਹ ਨਹੀਂ ਸੋਚਦੇ ਕਿ ਕਦੀ ਉਨ੍ਹਾਂ ਨੇ ਇਸ ਤਰ੍ਹਾਂ ਕਿਸੇ ਮਰੀਜ਼ ਨੂੰ ਛੂਹਿਆ ਹੋਵੇ। ਉਨ੍ਹਾਂ ਮੁਅੱਤਲ ਕੀਤੇ ਜਾਣ ਨੂੰ ਵੀ ਗੈਰ ਕਾਨੂੰਨੀ ਦੱਸਿਆ। ਇਸ ਸਬੰਧੀ ਹੋਰ ਪੜ੍ਹਤਾਲ ਅਜੇ ਜਾਰੀ ਹੈ।