ਬੇਦਾਗ਼ ਚਿੱਟੀ ਚਾਦਰ ਲੈ ਕੇ ਸੇਵਾ ਮੁਕਤ ਹੋਇਆ ਡਾ. ਓਪਿੰਦਰ ਸਿੰਘ ਲਾਂਬਾ -31 ਦਸੰਬਰ ਨੂੰ ਸੇਵਾ ਮੁਕਤੀ ‘ਤੇ ਵਿਸ਼ੇਸ਼

ਪੰਜਾਬੀ ਦੇ ਗ਼ਜ਼ਲਗੋ ਦੀਪਕ ਜੈਤੋਈ ਦਾ ਇੱਕ ਗੀਤ ਹੈ, ਜਿਹੜਾ ਆਪਣੀ ਜ਼ਿੰਮੇਵਾਰੀ ਨੂੰ ਬਿਹਤਰੀਨ ਢੰਗ ਨਾਲ ਨਿਭਾਉਣ ਤੋਂ ਬਾਅਦ ਇੱਕ ਧੀ ਵੱਲੋਂ ਆਪਣੇ ਮਾਪਿਆਂ (ਵਾਰਸਾਂ) ਨੂੰ ਸੰਬੋਧਨ ਹੋ ਕੇ ਗਾਇਆ ਗਿਆ ਹੈ:

ਆਹ ਲੈ ਮਾਏਂ ਸਾਂਭ ਕੁੰਜੀਆਂ, ਧੀਆਂ ਕਰ ਚਲੀਆਂ ਸਰਦਾਰੀ

ਇਹ ਗੀਤ ਓਪਿੰਦਰ ਸਿੰਘ ਲਾਂਬਾ ਦੀ ਕਾਰਜਕੁਸ਼ਲਤਾ ‘ਤੇ ਪੂਰਾ ਢੁਕਦਾ ਹੈ। ਉਹ ਮੁੱਖ ਮੰਤਰੀ ਦੇ ਦਫਤਰ ਵਿਚਲੇ ਆਪਣੇ ਕਮਰੇ ਦੀਆਂ ਚਾਬੀਆਂ ਹਸਦੇ ਵਸਦੇ ਲੋਕ ਸੰਪਰਕ ਵਿਭਾਗ ਦੇ ਪਰਿਵਾਰ ਨੂੰ ਸੰਭਾਲ ਕੇ ਆਪਣੇ ਸੇਵਾ ਮੁਕਤ ਅਧਿਕਾਰੀਆਂ ਕਰਮਚਾਰੀਆਂ ਦੇ ਪਰਿਵਾਰ ਵਿੱਚ ਸ਼ਾਮਲ ਹੋ ਰਿਹਾ ਹੈ। ਵਰਤਮਾਨ ਭਰਿਸ਼ਟ ਸਿਆਸੀ ਅਤੇ ਅਫ਼ਸਰਸ਼ਾਹੀ ਦੇ ਤੇਜ ਤਰਾਰ ਨਿਜ਼ਾਮ ਵਿੱਚ ਕਿਸੇ ਅਧਿਕਾਰੀ/ਕਰਮਚਾਰੀ ਦਾ ਬੇਦਾਗ਼ ਸੇਵਾ ਮੁਕਤ ਹੋ ਜਾਣਾ ਮਾਣ ਦੀ ਗੱਲ ਹੈ। ਦਫਤਰੀ ਕੰਮਾ ਵਿੱਚ ਸਿਆਸਤਦਾਨਾ ਅਤੇ ਅਧਿਕਾਰੀਆਂ ਦੀ ਬੇਵਜਾਹ ਦਖ਼ਅੰਦਾਜ਼ੀ ਨੇ ਸਰਕਾਰੀ ਨੌਕਰਸ਼ਾਹਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ। ਅਜਿਹੇ ਹਾਲਾਤ ਵਿੱਚ ਕਿਸੇ ਵੀ ਸਰਕਾਰੀ ਅਧਿਕਾਰੀ/ਕਰਮਚਾਰੀ ਦਾ ਪੈਨਸ਼ਨ ਲੈ ਕੇ ਸੇਵਾ ਮੁਕਤ ਹੋ ਜਾਣਾ ਫਖ਼ਰ ਦੇ ਬਰਾਬਰ ਗਿਣਿਆਂ ਜਾਂਦਾ ਹੈ। ਜਿਸ ਪਰਿਵਾਰ ਦੀ ਵਿਰਾਸਤ ਅਮੀਰ ਹੋਵੇ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੂਹ ਸ਼੍ਰੀ ਆਨੰਦਪੁਰ ਸਾਹਿਬ ਦੀ ਪਵਿਤਰ ਧਰਤੀ ਤੋਂ ਆਸ਼ੀਰਵਾਦ ਮਿਲਿਆ ਹੋਵੇ ਤਾਂ ਉਸ ਦੇ ਬੁਲੰਦੀਆਂ ਤੇ ਪਹੁੰਚਣ ਨੂੰ ਕੋਈ ਤਾਕਤ ਰੋਕ ਨਹੀਂ ਸਕਦੀ।

ਡਾ.ਓਪਿੰਦਰ ਸਿੰਘ ਲਾਂਬਾ ਦੇ ਪੁਰਖਿਆਂ ਦਾ ਸਮੁੱਚਾ ਪਰਿਵਾਰ ਪੜ੍ਹਿਆ ਲਿਖਿਆ ਅਤੇ ਗੁਰੂ ਦੇ ਲੜ ਲੱਗਿਆ ਹੋਇਆ ਹੈ। ਕਿਰਤ ਕਰਨ, ਵੰਡ ਛਕਣ ਅਤੇ ਗੁਰਮਤਿ ਦੀ ਪਰੰਪਰਾ ਦਾ ਧਾਰਨੀ ਹੈ। ਇਸ ਪਰਿਵਾਰ ਦਾ ਫਰਜੰਦ ਡਾ. ਓਪਿੰਦਰ ਸਿੰਘ ਲਾਂਬਾ ਐਡੀਸ਼ਨਲ ਡਾਇਰੈਕਟਰ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ 36 ਸਾਲ ਇਮਾਨਦਾਰੀ, ਦ੍ਰਿੜ੍ਹਤਾ, ਲਗਨ ਅਤੇ ਤਨਦੇਹੀ ਨਾਲ ਕੰਮ ਕਰਨ ਵਾਲਾ ਕਰਿੰਦਾ 31 ਦਸੰਬਰ 2022 ਨੂੰ ਲੋਕ ਸੰਪਰਕ ਵਿਭਾਗ ਪੰਜਾਬ ਦੀ ਨੌਕਰੀ ਤੋਂ ਸੇਵਾ ਮੁਕਤ ਹੋ ਰਿਹਾ ਹੈ। ਓਪਿੰਦਰ ਸਿੰਘ ਲਾਂਬਾ ਨੂੰ ਪੰਜਾਬ ਦੇ 7 ਮੁੱਖ ਮੰਤਰੀਆਂ ਨਾਲ ਪ੍ਰੈਸ ਸਕੱਤਰ/ਸੂਚਨਾ ਅਧਿਕਾਰੀ ਅਤੇ 6 ਮੰਤਰੀਆ ਨਾਲ ਸੂਚਨਾ ਅਧਿਕਾਰੀ ਸਫਲਤਾ ਪੂਰਬਕ ਕੰਮ ਕਰਨ ਦਾ ਮਾਣ ਜਾਂਦਾ ਹੈ। ਉਹ ਲਗਾਤਰ 1992 ਤੋਂ ਵੱਖ-ਵੱਖ ਮੁੱਖ ਮੰਤਰੀਆਂ/ ਮੰਤਰੀਆ ਨਾਲ ਕੰਮ ਕਰਦਾ ਆ ਰਿਹਾ ਹੈ। ਵੱਖ-ਵੱਖ ਪਾਰਟੀਆਂ ਦੀਆਂ ਵੱਖਰੀਆਂ ਵਿਚਾਰਧਾਰਾਵਾਂ ਅਤੇ ਨੀਤੀਆਂ ਦੇ ਹੁੰਦਿਆਂ ਉਨ੍ਹਾਂ ਦੇ ਮੁੱਖ ਮੰਤਰੀਆਂ ਅਤੇ ਮੰਤਰੀਆਂ ਦਾ ਵਿਸ਼ਵਾਸ਼ ਜਿੱਤਣਾ ਕੋਈ ਸੌਖਾ ਕੰਮ ਨਹੀਂ ਹੁੰਦਾ ਪ੍ਰੰਤੂ ਓਪਿੰਦਰ ਸਿੰਘ ਲਾਂਬਾ ਨੇ ਉਨ੍ਹਾਂ ਨਾਲ ਅਜਿਹਾ ਅਡਜਸਟ ਕੀਤਾ ਕਿ ਕਦੀਂ ਵੀ ਆਪਣੇ ਅਹੁਦੇ ਦੇ ਕੰਮ ਨੂੰ ਆਂਚ ਨਹੀਂ ਆਉਣ ਦਿੱਤੀ। ਇਤਨਾ ਲੰਬਾ ਸਮਾਂ ਪੱਤਰਕਾਰਾਂ, ਅਧਿਕਾਰੀਆਂ ਅਤੇ ਸਿਆਸੀ ਨੁਮਾਇੰਦਿਆਂ ਨਾਲ ਸਦਭਾਵਨਾ ਦੇ ਸੰਬੰਧ ਬਣਾਈ ਰੱਖਣਾ ਓਪਿੰਦਰ ਸਿੰਘ ਲਾਂਬਾ ਦਾ ਹਾਸਲ ਹੈ। ਇਹ ਉਸ ਦੀ ਕਾਬਲੀਅਤ ਦਾ ਬਿਹਤਰੀਨ ਨਮੂਨਾ ਹੈ। ਉਨ੍ਹਾਂ ਦੀ ਸਰਕਾਰ ਅਤੇ ਪੱਤਰਕਾਰ ਭਾਈਚਾਰੇ ਵਿੱਚ ਭਰੋਸੇਯੋਗਤਾ ਸੇਵਾ ਮੁਕਤੀ ਤੱਕ ਬਰਕਰਾਰ ਹੈ।

ਉਨ੍ਹਾਂ ਦੀ ਪੱਤਰਕਾਰਾਂ ਵਿੱਚ ਵਿਸ਼ਵਾਸ਼ਨੀਅਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਕ ਵਾਰ ਵਿਭਾਗੀ ਪ੍ਰੈਸ ਨੋਟ ਵਿੱਚ ਵੱਡੀ ਗ਼ਲਤੀ ਰਹਿ ਗਈ, ਪ੍ਰੈਸ ਨੋਟ ਅਖ਼ਬਾਰਾਂ ਦੇ ਪੱਤਰਕਾਰਾਂ ਕੋਲ ਪਹੁੰਚ ਗਿਆ। ਓਪਿੰਦਰ ਸਿੰਘ ਲਾਂਬਾ ਹਰਕਤ ਵਿੱਚ ਆਇਆ ਤੇ ਸਾਰੇ ਪੱਤਰਕਾਰਾਂ ਨਾਲ ਸੰਪਰਕ ਕਰਕੇ ਗ਼ਲਤੀ ਦਰੁਸਤ ਕਰਵਾਈ। ਆਮ ਤੌਰ ‘ਤੇ ਪੱਤਰਕਾਰਾਂ ਲਈ ਤਾਂ ਅਜਿਹੀ ਸਰਕਾਰੀ ਗ਼ਲਤੀ ਸੁੰਡ ਦੀ ਗੱਠੀ ਵਰਗੀ ਹੁੰਦੀ ਹੈ ਅਤੇ ਉਹ ਇਸ ਨੂੰ ਅਖ਼ਬਾਰਾਂ ਦੀ ਸੁਰਖ਼ੀ ਬਣਾਉਂਦੇ ਹਨ। ਪ੍ਰੰਤੂ ਓਪਿੰਦਰ ਸਿੰਘ ਲਾਂਬਾ ਦੀ ਹਲੀਮੀ, ਕਾਰਜ਼ਸ਼ੈਲੀ ਅਤੇ ਦਿਆਨਤਦਾਰੀ ਨਾਲ ਵਿਭਾਗ ਦਾ ਅਕਸ ਬਰਕਰਾਰ ਰਹਿ ਗਿਆ। ਅਜਿਹਾ ਅਧਿਕਾਰੀ ਵਿਭਾਗ ਲਈ ਕੀਮਤੀ ਖ਼ਜਾਨਾ ਹੁੰਦਾ ਹੈ। ਵੱਡਾ ਅਹੁਦਾ ਹੋਣ ਦੇ ਬਾਵਜੂਦ ਹਲੀਮੀ ਨਾਲ ਕਰਮਚਾਰੀਆਂ ਅਤੇ ਅਧਿਕਾਰੀਆਂ ਨਾਲ ਵਿਚਰਨਾ ਅਤੇ ਆਪਣੇ ਸੀਨੀਅਰਜ਼ ਦਾ ਵਫ਼ਦਾਰ ਰਹਿਣਾ, ਉਸ ਦਾ ਵਿਲੱਖਣ ਗੁਣ ਹੈ, ਜਿਸ ਕਰਕੇ ਸਫਲਤਾ ਉਸ ਦੇ ਪੈਰ ਚੁੰਮਦੀ ਰਹੀ ਹੈ। ਉਨ੍ਹਾਂ ਲਗਪਗ ਇਕ ਦਹਾਕਾ ਲੋਕ ਸੰਪਰਕ ਵਿਭਾਗ ਵਿੱਚ ਅੰਗਰੇਜ਼ੀ ਦੇ ਮਾਸਕ ਰਸਾਲੇ ‘ਐਡਵਾਂਸ’ ਦੇ ਸੰਪਾਦਕ ਦੇ ਤੌਰ ‘ਤੇ ਕੰਮ ਕੀਤਾ। ਵਿਭਾਗ ਦੀਆਂ ਕਈ ਸ਼ਾਖ਼ਾਵਾਂ ਦੇ ਮੁੱਖੀ ਰਹਿੰਦਿਆਂ ਨਾਮਣਾ ਖੱਟਿਆ। ਪੌੜੀ ਦਰ ਪੌੜੀ ਤਰੱਕੀ ਕਰਦਾ ਹੋਇਆ, ਉਹ ਸੂਚਨਾ ਅਧਿਕਾਰੀ ਤੋਂ ਐਡੀਸ਼ਨਲ ਡਾਇਰੈਕਟਰ ਦੇ ਮਾਣ ਮੱਤੇ ਅਹੁਦੇ ਤੱਕ ਪਹੁੰਚਿਆ ਪ੍ਰੰਤੂ ਆਪਣੀ ਔਕਾਤ ਨਹੀਂ ਭੁੱਲਿਆ, ਸਗੋਂ ਜ਼ਮੀਨ ਨਾਲ ਜੁੜਿਆ ਰਿਹਾ। ਹਰ ਵੱਡੇ ਤੋਂ ਵੱਡਾ ਅਹੁਦਾ ਓਪਿੰਦਰ ਸਿੰਘ ਲਾਂਬਾ ਲਈ ਹੋਰ ਵਧੇਰੇ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦਾ ਅਤੇ ਨਮਰਤਾ ਵਿੱਚ ਵਾਧਾ ਕਰਦਾ ਰਿਹਾ। ਨਾ ਕਾਹੂੰ ਸੇ ਦੋਤੀ ਨਾ ਕਾਹੂੰ ਸੇ ਵੈਰ ਦੇ ਅਸੂਲ ‘ਤੇ ਪਹਿਰਾ ਦਿੰਦਾ ਰਿਹਾ। ਉਹ ਆਪਣੇ ਕੰਮ ਵਿੱਚ ਮਸਤ ਰਹਿੰਦਾ ਰਿਹਾ ਹੈ।

ਜਨਮ ਤੋਂ ਹੀ ਜੈਨੇਟਿਕ ਬਲੱਡ ਡਿਸਆਰਡਰ ਦੀ ਬੀਮਾਰੀ ਹੋਣ ਦੇ ਬਾਵਜੂਦ ਉਹ ਲਗਾਤਾਰ 15-15 ਘੰਟੇ ਮੁੱਖ ਮੰਤਰੀ ਸਾਹਿਬਾਨ ਨਾਲ ਖੇਤਰੀ ਦੌਰਿਆਂ ‘ਤੇ ਜਾ ਕੇ ਆਪਣੇ ਫ਼ਰਜ਼ ਨਿਭਾਉਂਦਾ ਰਿਹਾ। ਵਿਭਾਗ ਦੀਆਂ ਪੁਰਾਣੀਆਂ ਕੰਡਮ ਹੋਈਆਂ ਗੱਡੀਆਂ ਨੂੰ ਧੱਕੇ ਲਗਾਕੇ ਸਮੇਂ ਸਿਰ ਪਹੁੰਚਣ ਦੀ ਕੋਸ਼ਿਸ਼ ਕਰਦਾ ਹੋਇਆ ਕਈ ਵਾਰ ਆਪਣੇ ਜੀਵਨ ਨੂੰ ਜੋਖ਼ਮ ਵਿੱਚ ਪਾਉਂਦਾ ਰਿਹਾ ਪ੍ਰੰਤੂ ਆਪਣੇ ਫ਼ਰਜ਼ ਨਿਭਾਉਣ ਵਿੱਚ ਕੋਤਾਹੀ ਨਹੀਂ ਹੋਣ ਦਿੱਤੀ। ਓਪਿੰਦਰ ਸਿੰਘ ਲਾਂਬਾ ਵੇਲੇ ਕੁਵੇਲੇ ਅਤੇ ਰਾਤ ਬਰਾਤੇ ਅਸਾਵੇਂ ਹਾਲਾਤ ਵਿੱਚ ਆਪਣੇ ਫਰਜ਼ ਨਿਭਾਉਂਦਿਆਂ ਅਨੇਕਾਂ ਅੜਚਣਾਂ ਦੇ ਬਾਵਜੂਦ ਸਿਆਸਤਦਾਨਾ ਦੀਆਂ ਸਿਆਸੀ ਤੂਫ਼ਾਨਾ ਵਿੱਚ ਡੁੱਬਦੀਆਂ ਸਿਆਸੀ ਕਿਸ਼ਤੀਆਂ ਦਾ ਮਲਾਹ ਬਣਕੇ ਆਪਣੀ ਕਲਮ ਦੀ ਕਰਾਮਾਤ ਨਾਲ ਕਿਨਾਰੇ ਲਗਾਉਂਦਾ ਰਿਹਾ। ਸਿਆਸਤਦਾਨਾ ਦੀਆਂ ਝੂਠ ਦੀਆਂ ਪੰਡਾਂ ਦੇ ਬਿਆਨਾ ‘ਤੇ ਨਾ ਚਾਹੁੰਦਾ ਹੋਇਆ ਦਫ਼ਤਰੀ ਜ਼ਿੰਮੇਵਾਰੀ ਦੀ ਪਾਲਣਾ ਕਰਦਾ ਹੋਇਆ ਪਰਦੇ ਪਾਉਂਦਾ ਰਿਹਾ।

ਸਰਕਾਰੀ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਕੰਮ ਕਾਜ਼ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਵਰ੍ਹੇ ਛਿਮਾਹੀਂ2 ਕੀਤਾ ਜਾਂਦਾ ਹੈ ਪ੍ਰੰਤੂ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਖਾਸ ਤੌਰ ‘ਤੇ ਮੀਡੀਏ ਨਾਲ ਸੰਬੰਧਤ ਅਧਿਕਾਰੀਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਅਰਥਾਤ ਟੈਸਟ ਹਰ ਰੋਜ਼ ਸਵੇਰ ਦੇ ਅਖ਼ਬਾਰ ਵਿੱਚ ਖ਼ਬਰ ਲੱਗਣ ਨਾਲ ਹੁੰਦਾ ਹੈ। ਲੋਕ ਸੰਪਰਕ ਅਧਿਕਾਰੀ ਹਰ ਰੋਜ ਸ਼ਾਮ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਨੀਤੀਆਂ ਦੇ ਅਖ਼ਬਾਰਾਂ ਵਿੱਚ ਛਪਣ ਲਈ ਪ੍ਰੈਸ ਨੋਟ ਭੇਜਦੇ ਹਨ। ਜੇਕਰ ਅਗਲੇ ਦਿਨ ਅਖ਼ਬਾਰਾਂ ਦੀ ਸੁਰਖ਼ੀ ਨਾ ਬਣੇ ਤਾਂ ਲੋਕ ਸੰਪਰਕ ਅਧਿਕਾਰੀ ਇਮਤਿਹਾਨ ਵਿੱਚੋਂ ਫ਼ੇਲ਼੍ਹ ਗਿਣਿਆਂ ਜਾਂਦਾ ਹੈ। ਸਰਕਾਰ ਦੀਆਂ ਗ਼ਲਤੀਆਂ ਨੂੰ ਅਖ਼ਬਾਰਾਂ ਵਿੱਚ ਸਹੀ ਸਾਬਤ ਕਰਨਾ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਦਾ ਕੰਮ ਹੁੰਦਾ ਹੈ ਭਾਵ ਜਿਹੜੀ ਗ਼ਲਤੀ ਉਨ੍ਹਾਂ ਨੇ ਕੀਤੀ ਹੀ ਨਹੀਂ ਹੁੰਦੀ, ਉਸ ਦੀ ਸਜਾ ਲੋਕ ਸੰਪਰਕ ਅਧਿਕਾਰੀਆਂ ਨੂੰ ਸਰਕਾਰ ਦੀਆਂ ਝਿੜਕਾਂ ਦੇ ਰੂਪ ਵਿੱਚ ਭੁਗਤਣੀ ਪੈਂਦੀ ਹੈ। ਡਾ.ਓਪਿੰਦਰ ਸਿੰਘ ਲਾਂਬਾ ਦੇ 36 ਸਾਲ ਦੇ ਵਿਭਾਗ ਦੇ ਕੈਰੀਅਰ ਵਿੱਚ ਇਕ ਵਾਰ ਵੀ ਜਵਾਬ ਤਲਬੀ ਨਹੀਂ ਹੋਈ ਸਗੋਂ ਪ੍ਰਸੰਸਾ ਪੱਤਰ ਲਗਾਤਾਰ ਮਿਲਦੇ ਰਹੇ।

ਓਪਿੰਦਰ ਸਿੰਘ ਲਾਂਬਾ ਭਰ ਜਵਾਨੀ ਵਿੱਚ ਮਹਿਜ 24 ਸਾਲ ਦੀ ਉਮਰ ਵਿੱਚ 23 ਦਸੰਬਰ 1986 ਨੂੰ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ, ਪੰਜਾਬ ਸਕੱਤਰੇਤ ਚੰਡੀਗੜ੍ਹ ਵਿਖੇ ਸੂਚਨਾ ਅਧਿਕਾਰੀ ਨਿਯੁਕਤ ਹੋਏ ਸਨ। ਆਮ ਤੌਰ ‘ਤੇ ਜਦੋਂ ਕੋਈ ਕਰਮਚਾਰੀ/ਅਧਿਕਾਰੀ ਸਰਕਾਰੀ ਨੌਕਰੀ ਵਿੱਚ ਆ ਜਾਂਦਾ ਹੈ ਤਾਂ ਉਹ ਰਵਾਇਤੀ ਫਰਜ਼ ਨਿਭਾਉਂਦਾ ਹੋਇਆ ਨਿਸਲ ਹੋ ਜਾਂਦਾ ਹੈ। ਉਹ ਸਰਕਾਰੀ ਨੌਕਰੀ ਨੂੰ ਪੈਨਸ਼ਨ ਦੀ ਤਰ੍ਹਾਂ ਆਪਣਾ ਹੱਕ ਸਮਝਣ ਲੱਗਦਾ ਹੈ। ਹੈਰਾਨੀ ਦੀ ਗੱਲ ਹੈ ਕਿ ਓਪਿੰਦਰ ਸਿੰਘ ਲਾਂਬਾ ਨੇ ਆਪਣੀ ਨੌਕਰੀ ਦੌਰਾਨ ਹੀ ਉਚ ਪੜ੍ਹਾਈ ਜਾਰੀ ਰੱਖੀ ਤਾਂ ਜੋ ਆਪਣੀ ਕਾਬਲੀਅਤ ਵਿੱਚ ਵਾਧਾ ਕਰਕੇ ਸਰਕਾਰੀ ਕਾਰਗੁਜ਼ਾਰੀ ਹੋਰ ਬਿਹਤਰ ਢੰਗ ਨਾਲ ਕੀਤੀ ਜਾ ਸਕੇ। ਉਨ੍ਹਾਂ 2001 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲਾਅ ਦੀ ਡਿਗਰੀ ਪਾਸ ਕੀਤੀ। ਇਸ ਤੋਂ ਬਾਅਦ ਉਨ੍ਹਾਂ ਐਮ.ਏ.ਅਰਥ ਸ਼ਾਸ਼ਤਰ 2003 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ। ਲੋਕ ਸੰਪਰਕ ਵਿਭਾਗ ਦੇ ਕੰਮ ਕਾਜ਼ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਦੇ ਇਰਾਦੇ ਨਾਲ ਉਨ੍ਹਾਂ 2017 ਵਿੱਚ ਜਨਰਲ ਐਂਡ ਮਾਸ ਕਮਿਊਨੀਕਸ਼ਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚੋਂ ‘ਚੇਂਜਿੰਗ ਸਟ੍ਰੈਟਜਿਸ ਐਂਡ ਟੈਕਨਾਲੋਜੀਸ ਆਫ਼ ਪਬਲਿਕ ਰਿਲੇਸ਼ਨਜ਼ ਇਨ ਗੌਰਮਿੰਟ, ਪਬਲਿਕ ਐਂਡ ਪ੍ਰਾਈਵੇਟ ਸੈਕਟਰ ਅੰਡਰਟੇਕਿੰਗਜ਼ : ਏ ਕੰਪੈਰੇਟਿਵ ਸਟੱਡੀ’ ਦੇ ਵਿਸ਼ੇ ਤੇ ‘ਐਜੂਕੇਸ਼ਨ ਐਂਡ ਇਨਫ਼ਰਮੇਸ਼ਨ ਸਾਇੰਸ ਫੈਕਲਟੀ ਵਿੱਚ ਡਾਕਟਰ ਆਫ਼ ਫ਼ਿਲਾਸਫ਼ੀ ਦੀ ਡਿਗਰੀ ਪ੍ਰਾਪਤ ਕੀਤੀ। ਲੋਕ ਸੰਪਰਕ ਵਿਭਾਗ ਵਿੱਚ ਪੀ.ਐਚ.ਡੀ.ਕਰਨ ਵਾਲਾ ਉਹ ਤੀਜਾ ਅਧਿਕਾਰੀ ਹੈ। 2020 ਵਿੱਚ ਕੁਰਕਸ਼ੇਤਰਾ ਯੂਨੀਵਰਸਿਟੀ ਹਰਿਆਣਾ ਵਿੱਚੋਂ ਐਲ.ਐਲ.ਐਮ.ਦੀ ਡਿਗਰੀ ਪਾਸ ਕੀਤੀ। ਓਪਿੰਦਰ ਸਿੰਘ ਲਾਂਬਾ ਨੇ ਵਿਭਾਗ ਵਿੱਚ ਨਵੀਂਆਂ ਅਸਾਮੀਆਂ ਬਣਾਉਣ ਅਤੇ ਪੁਰਾਣੀਆਂ ਦੇ ਪੇ ਸਕੇਲਾਂ ਅਤੇ ਵਿਸ਼ੇਸ਼ ਭੱਤਾ ਦਿਵਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਐਡੀਸ਼ਨਲ ਡਾਇਰੈਕਟਰ ਦੀ ਦੂਜੀ ਅਸਾਮੀ ਉਨ੍ਹਾਂ ਆਪਣੇ ਅਸਰ ਰਸੂਖ਼ ਨਾਲ ਬਣਵਾਈ ਸੀ। ਉਨ੍ਹਾਂ ਦੇ ਲੇਖ ਅੰਗਰੇਜ਼ੀ ਅਤੇ ਪੰਜਾਬੀ ਦੇ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ।

 ਓਪਿੰਦਰ ਸਿੰਘ ਲਾਂਬਾ ਦਾ ਜਨਮ 7 ਦਸੰਬਰ 1962 ਨੂੰ ਰੋਪੜ ਵਿਖੇ ਪਿਤਾ ਪ੍ਰਹਿਲਾਦ ਸਿੰਘ ਲਾਂਬਾ ਅਤੇ ਮਾਤਾ ਸਵਰਨ ਕੌਰ ਲਾਂਬਾ ਦੇ ਘਰ ਹੋਇਆ। ਉਨ੍ਹਾਂ ਦਸਵੀਂ ਤੱਕ ਦੀ ਪੜ੍ਹਾਈ ਐਫ.ਸੀ.ਆਈ.ਮਾਡਲ ਸੀਨੀਅਰ ਸੈਕੰਡਰੀ ਸਕੂਲ ਨਯਾ ਨੰਗਲ ਰੋਪੜ ਤੋਂ 1978 ਵਿੱਚ ਪਾਸ ਕੀਤੀ। ਉਸ ਸਮੇਂ ਉਨ੍ਹਾਂ ਦੇ ਪਿਤਾ  ਪ੍ਰਹਿਲਾਦ ਸਿੰਘ ਲਾਂਬਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੰਗਲ ਟਾਊਨ ਵਿਖੇ ਜੂਨੀਅਰ ਇੰਜਿਨੀਅਰ ਲੱਗੇ ਹੋਏ ਸਨ। ਓਪਿੰਦਰ ਸਿੰਘ ਲਾਂਬਾ ਨੇ ਬੀ.ਏ ਦੀ ਡਿਗਰੀ 1982 ਵਿੱਚ ਸਰਕਾਰੀ ਕਾਲਜ ਰੋਪੜ ਤੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ 1983-84 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੈਚੂਲਰ ਇਨ ਜਰਨਿਲਿਜ਼ਮ ਅਤੇ ਕਮਿਊਨੀਕੇਸ਼ਨਜ਼ ਪਾਸ ਕੀਤੀ। ਫਿਰ ਉਨ੍ਹਾਂ 1984-85 ਵਿੱਚ ਇਸੇ ਯੂਨੀਵਰਸਿਟੀ ਤੋਂ ਮਾਸਟਰਜ਼ ਇਨ ਜਰਨਿਲਿਜ਼ਮ ਅਤੇ ਮਾਸ ਕਮਿਊਨੀਕੇਸ਼ਨਜ਼ ਪਾਸ ਕੀਤੀ। ਉਨ੍ਹਾਂ ਦਾ ਵਿਆਹ ਡਾ.ਜਤਿੰਦਰ ਕੌਰ ਨਾਲ ਹੋਇਆ। ਡਾ.ਜਤਿੰਦਰ ਕੌਰ ਲਾਂਬਾਂ ਸਰਕਾਰੀ ਕਾਲਜ ਮੋਹਾਲੀ ਦੇ ਪ੍ਰਿੰਸੀਪਲ ਸੇਵਾ ਮੁਕਤ ਹੋਏ ਹਨ। ਉਨ੍ਹਾਂ ਦਾ ਲੜਕਾ  ਜਸਕਰਨ ਸਿੰਘ ਲਾਂਬਾ ਜੋ ਕੈਨੇਡਾ ਵਿੱਚ ਆਟੋਮੋਬਾਈਲ ਇੰਜਿਨੀਅਰ ਹੈ। ਬੇਸ਼ਕ ਸਰਕਾਰੀ ਨੌਕਰੀ ਤੋਂ ਡਾ.ਓਪਿੰਦਰ ਸਿੰਘ ਲਾਂਬਾ ਸੇਵਾ ਮੁਕਤ ਹੋ ਗਏ ਹਨ ਪ੍ਰੰਤੂ ਅਖ਼ਬਾਰਾਂ ਲਈ ਲੇਖ ਲਿਖਣ ਲਈ ਹੁਣ ਉਹ ਵਧੇਰੇ ਸਮਾਂ ਦੇ ਸਕਣਗੇ ਅਤੇ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣਨਗੇ। ਵਿਭਾਗ ਦੇ ਨੌਕਰੀ ਕਰ ਰਹੇ ਕਰਮਚਾਰੀਆਂ ਨੂੰ ਡਾ.ਲਾਂਬਾ ਨੂੰ ਆਪਣਾ ਰੋਲ ਮਾਡਲ ਬਣਾਉਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਫ਼ਰਜ਼ ਸੁਚੱਜੇ ਢੰਗ ਨਾਲ ਨਿਭਾ ਸਕਣਾ। ਡਾ.ਓਪਿੰਦਰ ਸਿੰਘ ਲਾਂਬਾ ਦੀ ਲੰਬੀ ਉਮਰ ਅਤੇ ਸੁਨਹਿਰੇ ਭਵਿਖ ਦੀ ਕਾਮਨਾ ਕਰਦੇ ਹਾਂ।

(ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ)