ਕਦੋਂ ਸੁਲਝੇਗਾ ਡਾ. ਦਭੋਲਕਰ ਹੱਤਿਆ ਕਾਂਡ?

narendra-dabholkarਪ੍ਰਸਿੱਧ ਸਮਾਜਿਕ ਕਾਰਜ ਕਰਤਾ ਅਤੇ ਵਿਗਿਆਨਕ ਵਿਚਾਰਧਾਰਾ ਨੂੰ ਪਰਨਾਏ ਹੋਏ ਡਾਕਟਰ ਨਰੇਂਦਰ ਦਭੋਲਕਰ ਦਾ 20 ਅਗਸਤ, 2013 ਨੂੰ ਸਵੇਰੇ ਸੱਤ ਵਜੇ ਪੂਨੇ ਦੇ ਪੇਠ ਇਲਾਕੇ ਵਿੱਚ ਔਂਕਾਰੇਸ਼ਵਰ ਪੁਲ ਉੱਤੇ ਦੋ ਮੋਟਰ ਸਾਈਕਲ ਸਵਾਰਾਂ ਨੇ ਗੋਲੀ ਮਾਰ ਕੇ ਉਦੋਂ ਕਤਲ ਕਰ ਦਿੱਤਾ ਸੀ ਜਦੋਂ ਉਹ ਸੈਰ ਕਰ ਰਹੇ ਸਨ। ਇਹ ਸਥਾਨ ਪੁਲਿਸ ਚੌਂਕੀ ਤੋਂ ਮਹਿਜ਼ ਸੌ ਮੀਟਰ ਦੂਰ ਦੱਸਿਆ ਜਾਂਦਾ ਹੈ।
ਸਾਰਿਆਂ ਨੂੰ ਯਾਦ ਹੋਵੇਗਾ ਕਿ ਉਸ ਸਮੇਂ ਉੱਪਰੋਥਲੀ ਕੁੱਝ ਨਾਮਵਰ ਹਸਤੀਆਂ ਦੇ ਕਤਲ ਕੀਤੇ ਗਏ ਸਨ ਜਿਨ੍ਹਾਂ ਵਿੱਚ ਦਭੋਲਕਰ ਤੋਂ ਇਲਾਵਾ ਕਾ. ਪਾਨਸਾਰੇ ਅਤੇ ਸਾਬਕਾ ਵੀ ਸੀ ਪਰੋ. ਕਲਬੁਰਗੀ ਦੇ ਨਾਮ ਸ਼ਾਮਲ ਹਨ। ਹੁਣ ਤੱਕ ਫ਼ੁਲ ਪੱਥਰਾਂ ਨਾਲ ਟਕਰਾਉਂਦੇ ਵੀ ਰਹੇ ਹਨ ਅਤੇ ਪੱਥਰਾਂ ਦੀ ਤਾਬਿਆ ਵਿੱਚ ਪੱਤੀ ਪੱਤੀ ਹੋ ਕੇ ਵਿਛਦੇ ਅਤੇ ਖਿੱਲਰਦੇ ਵੀ ਰਹੇ ਹਨ। ਇਹ ਵਰਤਾਰਾ ਜਿੰਨੀ ਜਲਦੀ ਖ਼ਤਮ ਹੋਵੇ ਉੰਨਾ ਹੀ ਮਾਨਵਤਾ ਵਾਸਤੇ ਬਿਹਤਰ ਹੈ ਕਿਉਂਕਿ ‘ਫੁੱਲਾਂ’ ਅਤੇ ‘ਪੱਥਰਾਂ’ ਦੀ ਸਮਾਜ ਅੰਦਰ ਆਪੋ ਆਪਣੀ ਥਾਂ ਹੈ। ਇਸ ਨਾਮਵਰ ਚਿੰਤਕ ਦਾ ਕਤਲ ਹੋਏ ਨੂੰ ਲਗਭਗ ੩ ਸਾਲ ਬੀਤਣ ਲੱਗੇ ਹਨ ਪਰ ਅਜੇ ਤੱਕ ਸੀ ਬੀ ਆਈ ਕਿਸੇ ਨਤੀਜੇ ਤੇ ਪਹੁੰਚਣ ਦੀ ਥਾਂ ਅੱਕੀਂ ਪਲਾਹੀਂ ਹੱਥ ਮਾਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ 11 ਜੂਨ ਨੂੰ ਛੁੱਟੀ ਦੇ ਬਾਵਜੂਦ ਡਾ. ਦਭੋਲਕਰ ਹੱਤਿਆ ਕਾਂਡ ਵਿੱਚ ਗਰਿਫਤਾਰ ਕੀਤੇ ਗਏ ਇੱਕ ਕਥਿਤ ਦੋਸ਼ੀ ਡਾ. ਵੀਰੇਂਦਰ ਸਿੰਘ ਤਾਵੜੇ ਨੂੰ ਭਾਰੀ ਪੁਲਿਸ ਫੋਰਸ ਦੀ ਨਿਗਰਾਨੀ ਹੇਠ ਪੂਨੇ ਦੀ ਸਵਿਜੀ ਨਗਰ ਅਦਾਲਤ ਵਿੱਚ ਸੈਸ਼ਨ ਜੱਜ ਐਨ ਐਨ ਸ਼ੇਖ਼ ਸਾਹਮਣੇ ਪੇਸ਼ ਕੀਤਾ ਗਿਆ। ਇਸ ਸਮੇਂ ਅਨੇਕਾਂ ਪੱਤਰਕਾਰ ਵੀ ਹਾਜ਼ਰ ਸਨ। ‘ਸਨਾਤਨ ਸੰਸਥਾ’ ਨਾਲ ਸਬੰਧ ਰੱਖਣ ਵਾਲੇ ਕਥਿਤ ਦੋਸ਼ੀ ਤਾਵੜੇ ਪੇਸ਼ੀ ਦੌਰਾਨ ਬੇਹੱਦ ਸਹਿਜ ਨਜ਼ਰ ਆ ਰਹੇ ਸਨ।
ਸੀ ਬੀ ਆਈ ਅਨੁਸਾਰ ਦਭੋਲਕਰ ਦੀ ਹੱਤਿਆ ਕਰਨ ਦੀ ਸਾਜ਼ਿਸ਼ ਵਿੱਚ ਤਾਵੜੇ ਦੀ ਭੂਮਿਕਾ ਬਹੁਤ ਅਹਿਮ ਹੈ। ਇਸ ਦਿਨ ਚੱਲੀ ਅਦਾਲਤੀ ਕਾਰਵਾਈ ਦੌਰਾਨ ਸੀ ਬੀ ਆਈ ਵੱਲੋਂ ਪੇਸ਼ ਹੋਏ ਵਕੀਲ ਬੀ ਪੀ ਰਾਜੂ ਨੇ ਬਹਿਸ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ,’ਤਾਵੜੇ ਈਮੇਲ ਦੇ ਜਰੀਏ ਇਸ ਮਾਮਲੇ ਨਾਲ ਜੁੜੇ ਕੁੱਝ ਹੋਰ ਆਰੋਪੀਆਂ ਦੇ ਸੰਪਰਕ ਵਿੱਚ ਸਨ। ਤਿੰਨਾਂ ਤਰਕਵਾਦੀਆਂ, ਨਰੇਂਦਰ ਦਭੋਲਕਰ,ਗੋਬਿੰਦ ਪਂਸਾਰੇ ਅਤੇ ਐਮ ਐਮ ਕਲਬੁਰਗੀ ਦੀ ਹੱਤਿਆ ਲਈ ਜਿਸ ਕਾਲੇ ਰੰਗ ਦੇ ਹੀਰੋ ਹਾਂਡਾ ਮੋਟਰ ਸਾਈਕਲ ਦੀ ਵਰਤੋਂ ਕੀਤੀ ਗਈ ਉਹ ਤਾਵੜੇ ਦੇ ਮੋਟਰ ਸਾਈਕਲ ਵਰਗੀ ਹੈ’। ਉਸ ਨੇ ਬਹਿਸ ਦੌਰਾਨ ਇਹ ਵੀ ਕਿਹਾ ਕਿ,’ਕੋਹਲਾਪੁਰ ਵਿਖੇ ਗੋਬਿੰਦ ਪਾਨਸਾਰੇ ਦੀ ਹੱਤਿਆ ਉਸ ਘਰ ਦੇ ਸਾਹਮਣੇ ਹੋਈ ਜਿਸ ਘਰ ਵਿੱਚ ਤਾਵੜੇ ਰਹਿੰਦਾ ਸੀ। ਇਹਨਾਂ ਕਤਲਾਂ ਵਿੱਚ ਇੱਕੋ ਕਿਸਮ ਦੇ ਕਾਰਤੂਸ ਅਤੇ ਇੱਕੋ ਕਿਸਮ ਦੇ ਪਸਤੌਲ ਦਾ ਇਸਤੇਮਾਲ ਕੀਤਾ ਗਿਆ ਸੀ ‘। ਇਸ ਸਮੇਂ ਸੀ ਬੀ ਆਈ ਵੱਲੋਂ ਇਹ ਵੀ ਦੱਸਿਆ ਗਿਆ ਕਿ ਤਾਵੜੇ ਦੀਆਂ ਗਤੀਵਿਧੀਆਂ ਨੂੰ ਸਾਬਤ ਕਰਨ ਲਈ ਉਨ੍ਹਾਂ ਕੋਲ ਇੱਕ ਗਵਾਹ ਵੀ ਹੈ। ਇਹ ਦਲੀਲਾਂ ਸੁਣਨ ਉਪਰੰਤ ਅਦਾਲਤ ਨੇ ਤਾਵੜੇ ਨੂੰ 16 ਤਾਰੀਖ਼ ਤੱਕ ਸੀ ਬੀ ਆਈ ਦੀ ਹਿਰਾਸਤ ਵਿੱਚ ਰੱਖਣ ਦਾ ਆਦੇਸ਼ ਦੇ ਦਿੱਤਾ। 16 ਜੂਨ ਨੂੰ ਸੀ ਬੀ ਆਈ ਨੇ ਡਾ. ਤਾਵੜੇ ਨੂੰ ਜੂਡੀਸ਼ਅਲ ਮੈਜਿਸਟਰੇਟ ਵੀ ਬੀ ਗੁਲਾਵੇ ਪਾਟਿਲ ਦੀ ਅਦਾਲਤ ਵਿਚ ਪੇਸ਼ ਕਰ ਕੇ 8 ਦਿਨ ਹੋਰ ਆਪਣੀ ਹਿਰਾਸਤ ઠਵਿੱਚ ਰੱਖਣ ਦੀ ਮੰਗ ਕੀਤੀ। ਜਾਂਚ ਏਜੰਸੀ ਨੇ ਅਦਾਲਤ ਸਾਹਮਣੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਡਾ. ਦਭੋਲਕਰ ਦੀ ਹੱਤਿਆ ਤੋਂ ੩ ਮਹੀਨੇ ਪਹਿਲਾਂ ਤਾਵੜੇ ਨੂੰ ਇੱਕ ਅਣਜਾਣ ਵਿਅਕਤੀ ਨੇ ਈਮੇਲ ਰਾਹੀਂ ਇੱਕ ਸੰਦੇਸ਼ ਵਿੱਚ ਕਿਹਾ ਸੀ ਕਿ ਉਹ ਡਾ. ਦਭੋਲਕਰ ਉੱਤੇ ਆਪਣਾ ਧਿਆਨ ਕੇਂਦਰਿਤ ਕਰੇ। ਭਾਵੇਂ ਤਾਵੜੇ ਨੇ ਇਸ ਈਮੇਲ ਦਾ ਕੋਈ ਜਵਾਬ ਨਹੀਂ ਦਿੱਤਾ ਲੇਕਿਨ ਸੀ ਬੀ ਆਈ ਨੂੰ ਸ਼ੱਕ ਹੈ ਕਿ ਉਸ ਨੇ ਈਮੇਲ ਦੇ ਜਰੀਏ ਆਏ ਦਿਸ਼ਾ ਨਿਰਦੇਸ਼ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਹੱਤਿਆ ਦੀ ਸਾਜ਼ਿਸ਼ ਰਚੀ। ਸੀ ਬੀ ਆਈ ਦੇ ਵਕੀਲ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਤਾਵੜੇ ਜਾਂਚ ਵਿੱਚ ਸਹਿਯੋਗ ਨਹੀਂ ਦੇ ਰਿਹਾ। ਉਹ ਉਲਟੀ ਅਤੇ ਸਿਰਦਰਦ ਦੀ ਬਹਾਨੇਬਾਜ਼ੀ ਕਰ ਕੇ ਸੀ ਬੀ ਆਈ ਨੂੰ ਅਕਸਰ ਟਾਲ ਮਟੋਲ ਕਰਦਾ ਹੈ ਜਦੋਂ ਕਿ ਉਨ੍ਹਾਂ ਵੱਲੋਂ ਕਰਵਾਈ ਗਈ ਮੈਡੀਕਲ ਜਾਂਚ ਅਨੁਸਾਰ ਉਹ ਪੂਰੀ ਤਰਾਂ ਤੰਦਰੁਸਤ ਹੈ। ਸੀ ਬੀ ਆਈ ਨੇ ਅਦਾਲਤ ਨੂੰ ਦੱਸਿਆ ਕਿ ਕੋਹਲਾਪੁਰ ਨਿਵਾਸੀ ਇੱਕ ਗਵਾਹ ਨੇ ਤਾਵੜੇ ਅਤੇ ਆਕੋਲਕਰ ਦੀ ਇਸ ਮਾਮਲੇ ਵਿੱਚ ਪਹਿਚਾਣ ਕੀਤੀ ਹੈ। ਸੀ ਬੀ ਆਈ ਦਾ ਇਹ ਵੀ ਦਾਅਵਾ ਹੈ ਕਿ ਹੱਤਿਆ ਨੂੰ ਅੰਜਾਮ ਦੇਣ ਲਈ ਇਸਤੇਮਾਲ ਕੀਤੇ ਗਏ ਹਥਿਆਰ ਅਤੇ ਗੋਲੀਆਂ ਦਾ ਇੰਤਜ਼ਾਮ ਤਾਵੜੇ ਨੇ ਕੀਤਾ ਸੀ। ਵਰਤੀਆਂ ਗਈਆਂ ਗੋਲੀਆਂ ਬੈਲਗਾਮ ਤੋਂ ਲਿਆਂਦੀਆਂ ਗਈਆਂ ਸਨ। ਸੀ ਬੀ ਆਈ ਨੇ ਅਦਾਲਤ ਨੂੰ ਇੱਥੋਂ ਤੱਕ ਦੱਸਿਆ ਕਿ ઠਤਾਵੜੇ ਨੇ ਸਾਲ 2009 ਵਿੱਚ ਸਾਂਗਲੀ ਅਤੇ ਗੋਆ ਵਿਖੇ ਸਨਾਤਨ ਸੰਸਥਾ ਦੁਆਰਾ ਲਗਾਏ ਗਏ ਹਥਿਆਰ ਸਿਖਲਾਈ ਕੈਂਪ ਵਿੱਚ ਸਿਖਲਾਈ ਵੀ ਲਈ ਸੀ। ਇਸ ਤੋਂ ਇਲਾਵਾ ਸੀ ਬੀ ਆਈ ਨੇ ਆਪਣੀ ਦਲੀਲ ਵਿੱਚ ਇਹ ਵੀ ਕਿਹਾ ਕਿ ਤਾਵੜੇ ਅਤੇ ਆਕੋਲਕਰ ਦੇ ਦਰਮਿਆਨ ਈ ਮੇਲ ਦੇ ਮਾਧਿਅਮ ਰਾਹੀਂ ਹੋਏ ਕਈ ਸੰਵਾਦਾਂ ਵਿਚੋਂ ਦੋ ਸੰਵਾਦ ਅਜਿਹੇ ਹਨ ਜਿਨ੍ਹਾਂ ਵਿੱਚ ਉਨ੍ਹਾਂ ਨੇ ਦਭੋਲਕਰ ਵਾਰੇ ਚਰਚਾ ਕੀਤੀ ਹੈ। ਇਹਨਾਂ ਵਿੱਚ ਹਥਿਆਰਾਂ ਦੀ ਫ਼ੈਕਟਰੀ ਸਥਾਪਤ ਕਰਨ ਦੇ ਨਾਲ ਨਾਲ ਹਿੰਦੂਆਂ ਦੇ ਖ਼ਿਲਾਫ਼ ਕੰਮ ਕਰਨ ਵਾਲੇ ਸੰਗਠਨਾਂ ਦਾ ਮੁਕਾਬਲਾ ਕਰਨ ਵਾਸਤੇ 15000 ਲੋਕਾਂ ਦੀ ਇੱਕ ਸੈਨਾ ਬਣਾਉਣ ਦਾ ਵੀ ਜ਼ਿਕਰ ਹੈ। ਤਹਿਲਕਾ ਦੀ ਰਿਪੋਰਟ ਅਨੁਸਾਰ ਡਾ. ਨਰੇਂਦਰ ਦਭੋਲਕਰ ਦੀ ਹੱਤਿਆ ਦੇ ਅਗਲੇ ਦਿਨ ਸਨਾਤਨ ਸੰਸਥਾ ਕੇ ਮੁੱਖ ਪੱਤਰ ‘ਸਨਾਤਨ ਪਰਭਾਤ’ ਵਿੱਚ ਲਿਖਿਆ ਗਿਆ ਕਿ, ‘ਗੀਤਾ ਵਿੱਚ ਲਿਖਾ ਹੈ-ਜੋ ਜੈਸੇ ਕਰਮ ਕਰੇਗਾ ਵੈਸਾ ਹੀ ਫਲ ਭੋਗੇਗਾ, ਇਸ ਲਈ ਡਾ. ਦਭੋਲਕਰ ਨੂੰ ਇਸ ਤਰਾਂ ਦੀ ਮੌਤ ਮਿਲੀ ਹੈ। ਉਹ ਕਿਸਮਤ ਵਾਲੇ ਹਨ ਕਿ ਕਿਸੀ ਬਿਮਾਰੀ ਕਾਰਨ ਬਿਸਤਰ ਪਰ ਨਹੀਂ ਮਰ ਗਏ’। suspects
ਦੂਜੇ ਪਾਸੇ ਤਾਵੜੇ ਦੇ ਵਕੀਲ ਸੰਜੀਵ ਪੁਨਾਲੇਕਰ ਦਾ ਕਹਿਣਾ ਹੈ ਕਿ ਤਾਵੜੇ ਅਤੇ ਆਕੋਲਕਰ ਦੇ ਦਰਮਿਆਨ ਹੋਇਆ ਈਮੇਲ ਆਦਾਨ ਪ੍ਰਦਾਨ 2009 ਦਾ ਹੈ,ਜਦੋਂ ਕਿ ਡਾ. ਦਭੋਲਕਰ ਦੀ ਹੱਤਿਆ 2013 ਦੌਰਾਨ ਹੋਈ ਹੈ। ਸਿਰਫ਼ ਸ਼ੱਕ ਦੇ ਆਧਾਰ ਤੇ ਇਸ ਮਾਮਲੇ ਵਿੱਚ ਕਿਸੇ ਨੂੰ ਦੋਸ਼ੀ ਠਹਿਰਾਉਣਾ ਸਹੀ ਨਹੀਂ ਹੈ। ਦੋਵਾਂ ਪਾਸਿਆਂ ਦੀਆਂ ਦਲੀਲਾਂ ਸੁਣਨ ਉਪਰੰਤ ਅਦਾਲਤ ਨੇ ਤਾਵੜੇ ਨੂੰ 20 ਜੂਨ ਤੱਕ ਸੀ ਬੀ ਆਈ ਹਿਰਾਸਤ ਵਿੱਚ ਭੇਜ ਦਿੱਤਾ ਸੀ। 20 ਜੂਨ ਨੂੰ ਅਦਾਲਤ ਨੇ ਤਾਵੜੇ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। ਵਰਨਣਯੋਗ ਹੈ ਕਿ ਅਦਾਲਤ ઠਨੇ ਗੋਬਿੰਦ ਪਾਨਸਰੇ ਹੱਤਿਆ ਕਾਂਡ ਦੇ ਕੇਸ ਵਿੱਚ ਵੀ ਤਾਵੜੇ ਨੂੰ ਹਿਰਾਸਤ ਵਿੱਚ ਲੈਣ ਦੇ ਆਦੇਸ਼ ਦਿੱਤੇ ਹਨ। ਇਸ ਮਾਮਲੇ ਨਾਲ ਸਬੰਧਤ ਦਸਤਾਵੇਜ਼ ਪੜਤਾਲਣ ਤੋਂ ਬਾਅਦ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਰਨਾਟਕ ਸੀ ਆਈ ਡੀ ਵੀ 30-8-15 ਨੂੰ ਕਰਨਾਟਕ ਦੇ ਧਾਰਵਾੜ ਵਿਖੇ ਹੋਈ ਐਮ ਐਮ ਕੁਲਵਰਗੀ ਦੀ ਹੱਤਿਆ ਦੇ ਕੇਸ ਵਿੱਚ ਤਾਵੜੇ ਨੂੰ ਟਰਾਂਜਿਟ ਰਿਮਾਂਡ ਤੇ ਲੈਣ ਦੀ ਫ਼ਿਰਾਕ ਵਿੱਚ ਹੈ। ਹੋਰ ਤਾਂ ਹੋਰ ਸੇਵਾ ਮੁਕਤ ਸਬ ਇੰਸਪੈਕਟਰ ਮਨੋਹਰ ਕਦਮ ਵੀ ਸਾਲ 2012-13 ਦੌਰਾਨ ਦਭੋਲਕਰ ਹੱਤਿਆ ਕਾਂਡ ਦੇ ਆਰੋਪੀ ਤਾਵੜੇ ਨਾਲ ਲਗਾਤਾਰ ਸੰਪਰਕ ਵਿੱਚ ਸਨ। ਸੀ ਬੀ ਆਈ ਨੂੰ ਸ਼ੱਕ ਹੈ ਕਿ ਮਨੋਹਰ ਕਦਮ ਨੇ ਦਭੋਲਕਰ ਦੇ ਹਤਿਆਰਿਆਂ ਨੂੰ ਹਥਿਆਰ ਚਲਾਉਣ ਦੀ ਟਰੇਨਿੰਗ ਦੇਣ ਤੋਂ ਇਲਾਵਾ ਉਨ੍ਹਾਂ ਨੂੰ ਹਥਿਆਰਾਂ ਦੀ ਸਪਲਾਈ ਵੀ ਕੀਤੀ ਸੀ। ਹੈਰਾਨੀ ਦੀ ਗੱਲ ਹੈ ਕਿ ਕਦਮ ਵੱਲੋਂ ਸੰਨ 2009 ਵਿੱਚ ਸਾਰੰਗ ਆਕੋਲਕਰ ਅਤੇ ਰੁਦਰ ਪਾਟਿਲ ਨੂੰ ਹਥਿਆਰਾਂ ਦੀ ਸਿਖਲਾਈ ਦੇਣ ਦੇ ਬਾਵਜੂਦ ਸੀ ਬੀ ਆਈ ਨੇ ਉਸ ਨੂੰ ਬਕਾਇਦਾ ਤੌਰ ਤੇ ਸ਼ਾਮਲ ਤਫ਼ਤੀਸ਼ ਨਹੀਂ ਕੀਤਾ।
ਇਸ ਹੱਤਿਆ ਨੂੰ ਹੋਏ ੩ ਸਾਲ ਹੋ ਗਏ ਹਨ ਪਰ ਇਸ ਸਬੰਧ ਵਿੱਚ ਸੀ ਬੀ ਆਈ ਵੱਲੋਂ ਇਹ ਪਹਿਲੀ ਗਰਿਫਤਾਰੀ ਹੈ। ਜਨਵਰੀ,2014 ਵਿੱਚ ਮਹਾਂ ਰਾਸ਼ਟਰ ਏ ਟੀ ਐਸ ਨੇ ਮਨੀਸ਼ ઠਨਗੌਰੀ ਅਤੇ ਵਿਕਾਸ ਖਂਡੇਲਵਾਲ ਨਾਂ ਦੇ ਦੋ ਹਥਿਆਰ ਤਸਕਰਾਂ ਨੂੰ ਗਰਿਫਤਾਰ ਕੀਤਾ ਸੀ। ਉਸ ਵਕਤ ਪੂਨੇ ਦੇ ਤਤਕਾਲੀਨ ਵਧੀਕ ਪੁਲਿਸ ਕਮਿਸ਼ਨਰ (ਅਪਰਾਧ) ਸ਼ਾਹ ਜੀ ਸਾਲੁਂਕੇ ਨੇ ਇਹਨਾਂ ਦੋਹਾਂ ਦੀ ਗਰਿਫਤਾਰੀ ਸਬੰਧੀ ਕਿਹਾ ਸੀ ਕਿ ਬੈਲਿਸਟਿਕ ਰਿਪੋਰਟ ਦੇ ਅਨੁਸਾਰ ਡਾ. ਨਰੇਂਦਰ ਦਭੋਲਕਰ ਉੱਤੇ ਚਲਾਈ ਗਈ ਗੋਲੀ ਉਪਰੋਕਤ ਵਿਅਕਤੀਆਂ ਤੋਂ ਬਰਾਮਦ ਕੀਤੇ 7.55 ਬੋਰ ਦੇ ਪਸਤੌਲ ਤੋਂ ਚਲਾਈ ਗਈ ਹੈ। ਇਹਨਾਂ ਦੋ ਗਰਿਫਤਾਰੀਆਂ ਨੂੰ ਲੈ ਕੇ ਵਿਵਾਦ ਉਦੋਂ ਪੈਦਾ ਹੋਇਆ ਜਦੋਂ ਇਕ ਪੇਸ਼ੀ ਦੇ ਦੌਰਾਨ ਅਦਾਲਤ ਸਾਹਮਣੇ ਨਗੌਰੀ ਨੇ ਤਤਕਾਲੀਨ ਏ ਟੀ ਐਸ ਪ੍ਰਮੁੱਖ ਰਕੇਸ਼ ਮਾਰਿਆ ਤੇ ਆਰੋਪ ਲਗਾਇਆ ਕਿ ਉਸ ਨੇ ਨਗੌਰੀ ਨੂੰ ਦਭੋਲਕਰ ਹੱਤਿਆ ਦਾ ਜੁਰਮ ਕਬੂਲ ਕਰਨ ਬਦਲੇ 25 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਸੀ। ਡਾ. ਦਭੋਲਕਰ ਹੱਤਿਆ ਕਾਂਡ ਦੀ ਜਾਂਚ ਪਹਿਲਾਂ ਪੁਲਸ ਕਰ ਰਹੀ ਸੀ ਪਰੰਤੂ ਪੁਲਸ ਵੱਲੋਂ ਵਰਤੀ ਜਾ ਰਹੀ ਢਿੱਲ ਦੇ ਕਾਰਨ ਇੱਕ ਪੱਤਰ ਕਾਰ ਕੇਤਨ ਤਿਰੋਡਕਰ ਵੱਲੋਂ ਬੰਬੇ ਹਾਈ ਕੋਰਟ ਵਿੱਚ ਇੱਕ ਜਨਹਿਤ ਦਰਖਾਸਤ ਦਾਖਲ ਕੀਤੀ ਗਈ ਸੀ। ਉਸ ਦਾ ਨੋਟਿਸ ਲੈਂਦਿਆਂ ਹਾਈਕੋਰਟ ਨੇ ਇਸ ਅਤਿ ਸੰਵੇਦਨ ਸ਼ੀਲ ਮਾਮਲੇ ਦੀ ਜਾਂਚ ਦਾ ਕੰਮ ਮਈ, 2014 ਦੌਰਾਨ ਸੀ ਬੀ ਆਈ ਨੂੰ ਸੌਂਪ ਦਿੱਤਾ।
ਸੀ ਬੀ ਆਈ ਦੇ ਵੀ ਜਾਂਚ ਪੜਤਾਲ ਸਬੰਧੀ ਗੈਰ ਗੰਭੀਰ ਰੁੱਖ ਦੇ ਮੱਦੇ ਨਜ਼ਰ ਦਭੋਲਕਰ ਪਰਿਵਾਰ ਅਦਾਲਤ ਦੇ ਸਨਮੁੱਖ ਉਂਗਲ ਉਠਾ ਚੁੱਕਾ ਹੈ। ਡਾ. ਦਭੋਲਕਰ ਦੀ ਬੇਟੀ ਮੁਕਤਾ ਦਭੋਲਕਰ ਨੇ ਹਾਈ ਕੋਰਟ ਵਿੱਚ ਦਰਖਾਸਤ ਦੇ ਕੇ ਸਪਸ਼ਟ ਕੀਤਾ ਹੈ ਕਿ ਸੀ ਬੀ ਆਈ ਮਾਮਲੇ ਦੀ ਜਾਂਚ ਕਰਨ ਦੇ ਖ਼ਿਲਾਫ਼ ਸੀ, ਲੇਕਿਨ ਬੰਬੇ ਹਾਈਕੋਰਟ ਦੇ ਆਦੇਸ਼ ਕਾਰਨ ਉਸ ਨੂੰ ਇਹ ਜਾਂਚ ਕਰਨੀ ਪੈ ਰਹੀ ਹੈ। ਬੰਬੇ ਹਾਈ ਕੋਰਟ ਵੀ, ਸੀ ਬੀ ਆਈ ਦੀ ਸੁਸਤ ਰਫ਼ਤਾਰ ਜਾਂਚ ਵਾਸਤੇ ਇਸੇ ਸਾਲ ਮਈ ਵਿੱਚ ਝਾੜ ਝੰਬ ਕਰ ਚੁੱਕੀ ਹੈ। ਇਸ ਦੇ ਬਾਅਦ ਪਹਿਲੀ ਵਾਰ ਇਸ ਮਾਮਲੇ ਵਿੱਚ ਕਿਸੇ ਦੀ ਗਰਿਫਤਾਰੀ ਹੋਈ ਹੈ। ਇਸ ਹੱਤਿਆ ਦੀ ਗੁੱਥੀ ਸੁਲਝਾਉਣ ਲਈ ਮਹਿਜ਼ 4 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ ਜੋ ਕਿ ਨਾ ਕਾਫ਼ੀ ਹੈ। ਦੱਸਣਯੋਗ ਹੈ ਕਿ ਡਾ. ਦਭੋਲਕਰ ਮਹਾਰਾਸ਼ਟਰ ਅੰਧਸ਼ਰਧਾ ਨਿਰਮੂਲਨ ਸੰਮਤੀ ਦੇ ਸੰਸਥਾਪਕ ਸਨ। ਭਾਵੇਂ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਸਨ ਪਰ ਅੰਧ ਸ਼ਰਧਾ ਦੇ ਖ਼ਿਲਾਫ਼ ਵਿਧਾਨ ਸਭਾ ਵਿੱਚ ਬਿੱਲ ਪੇਸ਼ ਕਰਵਾਉਣ ‘ਚ ਉਨ੍ਹਾਂ ਦੀ ਭੂਮਿਕਾ ਕਾਰਨ ਧਮਕੀਆਂ ਦਾ ਇਹ ਸਿਲਸਿਲਾ ਜ਼ਿਆਦਾ ਵਧ ਗਿਆ ਸੀ। ਕੱਟੜਵਾਦੀ ਹਿੰਦੁਤਵੀ ਸ਼ਕਤੀਆਂ ਨੇ ਇਸ ਬਿੱਲ ਦਾ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਇਹ ਬਿੱਲ ਹਿੰਦੂ ਸੰਸਕ੍ਰਿਤੀ ਅਤੇ ਰੀਤੀ ਰਿਵਾਜ਼ਾਂ ਦਾ ਵਿਰੋਧ ਕਰਦਾ ਹੈ। ਹਾਲਾਂ ਕਿ ਉਨ੍ਹਾਂ ਦੀ ਹੱਤਿਆ ਤੋਂ ਕੁੱਝ ਦਿਨ ਬਾਅਦ ਤਤਕਾਲੀਨ ਮਹਾਰਾਸ਼ਟਰ ਸਰਕਾਰ ਨੇ ਇਹ ਬਿੱਲ ਪਾਸ ਕਰ ਦਿੱਤਾ ਸੀ। ਜਾਣਕਾਰੀ ਅਨੁਸਾਰ ਦਭੋਲਕਰ, ਪਾਨਸਾਰੇ ਅਤੇ ਕਲਬੁਰਗੀ ਦੀ ਹੱਤਿਆ ਲਈ ਵਰਤੀਆਂ ਗਈਆਂ ਗੋਲੀਆਂ ਪੂਨਾ ਸਥਿਤ ਖੜਕੀ ਅਸਲਾ ਫ਼ੈਕਟਰੀ ਵਿੱਚ ਬਣੀਆਂ ਹੋਈਆਂ ਹਨ। ਸਭ ਗੋਲੀਆਂ ਤੇ ‘ਕੇ ਐਫ’ ਲਿਖਿਆ ਹੋਇਆ ਹੈ ਜਿਸ ਦਾ ਮਤਲਬ ਹੈ ਖੜਕੀ ਫ਼ੈਕਟਰੀ। ਇਹਨਾਂ ਤਿੰਨਾਂ ਮਾਮਲਿਆਂ ਵਿੱਚ ਇਸਤੇਮਾਲ ਕੀਤੀਆਂ ਗੋਲੀਆਂ ਦੀ ਬੈਲਸਟਿਕ ਰਿਪੋਰਟ ਤਿਆਰ ਕਰਨ ਦੀ ਜ਼ੁੰਮੇਵਾਰੀ ਸਕਾਟਲੈਂਡ ਯਾਰਡ ਪੁਲਿਸ ਨੂੰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਹਨਾਂ ਤਿੰਨਾਂ ਹੱਤਿਆਵਾਂ ਦੇ ਮਾਮਲੇ ਵਿੱਚ ‘ਸਨਾਤਮ ਸੰਸਥਾ’ ਨਾਮ ਦਾ ਸੰਗਠਨ ਸਵਾਲਾਂ ਦੇ ਘੇਰੇ ਵਿੱਚ ਹੈ ਜਿਸ ਦੇ ਲੰਬੇ ਚੌੜੇ ਤਾਣੇ ਬਾਣੇ ਦਾ ਆਧਾਰ ਗੈਰ ਵਿਗਿਆਨਕ ਹੈ।

ਹਰਜਿੰਦਰ ਸਿੰਘ ਗੁਲਪੁਰ
h.gulpur@gmail.com

Install Punjabi Akhbar App

Install
×