ਲਹਿੰਦੇ ਪੰਜਾਬ ਦੀ ਨਾਮਵਰ ਅਦੀਬ ਡਾ. ਨਬੀਲਾ ਰਹਿਮਾਨ ਬਣੇ ਯੂਨੀਵਰਸਿਟੀ ਆਫ਼ ਝੰਗ ਦੇ ਵਾਈਸ ਚਾਂਸਲਰ

(ਸਰੀ)–ਸਮੁੱਚੇ ਪੰਜਾਬੀ ਜਗਤ ਲਈ ਇਹ ਖ਼ੁਸ਼ੀ ਦੀ ਖ਼ਬਰ ਹੈ ਕਿ ਟੋਭਾ ਟੇਕ ਸਿੰਘ ਦੀ ਜੰਮਪਲ ਧੀ ਅਤੇ ਪੰਜਾਬੀਆਂ ਦਾ ਮਾਣ, ਨਾਮਵਰ ਪੰਜਾਬੀ ਅਦੀਬ, ਸਕਾਲਰ ਤੇ ਅਧਿਆਪਕ ਪ੍ਰੋ. ਨਬੀਲਾ ਰਹਿਮਾਨ ਨੂੰ ਬੀਤੇ ਦਿਨ ਲਹਿੰਦੇ ਪੰਜਾਬ ਦੀ ਯੂਨੀਵਰਸਿਟੀ ਆਫ਼ ਝੰਗ (ਪੰਜਾਬ ਪਾਕਿਸਤਾਨ) ਦੀ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਹੈ। ਡਾ. ਨਬੀਲਾ ਰਹਿਮਾਨ ਇਸ ਸਮੇਂ ਪੰਜਾਬ ਯੂਨੀਵਰਸਿਟੀ ਲਾਹੌਰ ਵਿਚ ਪੰਜਾਬੀ ਇੰਸਟੀਚਿਊਟ ਆਫ਼ ਪੰਜਾਬੀ ਐਂਡ ਕਲਚਰ ਦੇ ਡਾਇਰੈਕਟਰ ਹਨ। ਇਹ ਪਾਕਿਸਤਾਨ ਦੀ ਪਹਿਲੀ ਭਾਸ਼ਾਈ ਅਧਿਆਪਕ ਹਨ ਜਿਨ੍ਹਾਂ ਨੂੰ ਸਿੱਧਾ ਇਸ ਰੁਤਬੇ ‘ਤੇ ਪਹੁੰਚਣ ਦਾ ਫ਼ਖ਼ਰ ਹਾਸਲ ਹੋਇਆ ਹੈ।

ਵਰਨਣਯੋਗ ਹੈ ਕਿ ਸਾਲ 2012 ਵਿਚ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਵੱਲੋਂ ਜਦੋਂ ਲਾਹੌਰ ਵਿਚ ਪੰਜਾਬੀ ਦੇ ਹਵਾਲੇ ਨਾਲ ਯਾਦਗਾਰੀ ਅਵਾਰਡਜ਼ ਦੇਣ ਦੀ ਸ਼ੁਰੂਆਤ ਹੋਈ ਤਾਂ ਪਹਿਲਾ “ਮਾਤਾ ਦਰਸ਼ਨ ਕੌਰ ਯਾਦਗਾਰੀ ਅਵਾਰਡ” ਡਾ. ਨਬੀਲਾ ਰਹਿਮਾਨ ਨੂੰ ਦਿੱਤਾ ਸੀ। ਉਨ੍ਹਾਂ 2002 ਵਿਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ “ਕਾਦਰੀ ਸੂਫ਼ੀ ਆਡਰ” ‘ਤੇ ਪੀ.ਐਚ.ਡੀ. ਕੀਤੀ ਹੈ। ਹੁਣ ਤੱਕ ਲਹਿੰਦੇ ਪੰਜਾਬ ਵਿਚ ਸਭ ਤੋਂ ਵੱਧ ਪੀ.ਐਚ.ਡੀ. ਡਾ. ਨਬੀਲਾ ਰਹਿਮਾਨ ਦੇ ਨਿਗਰਾਨ ਤੇ ਸਰਪ੍ਰਸਤੀ ਹੇਠ ਹੀ ਮੁਕੰਮਲ ਹੋਈਆਂ ਹਨ।

ਪ੍ਰੋ. ਨਬੀਲਾ ਰਹਿਮਾਨ ਨੇ ਹੁਣ ਤਕ ਦਸ ਪੁਸਤਕਾਂ ਪੰਜਾਬੀ ਪਾਠਕਾਂ ਦੀ ਝੋਲੀ ਪਾਈਆਂ ਹਨ। ਕੈਨੇਡਾ ਦੇ ਲੇਖਕ ਜੋਗਿੰਦਰ ਸ਼ਮਸ਼ੇਰ ਦੀ ਪੁਸਤਕ “1919 ਦਾ ਪੰਜਾਬ” ਨੂੰ ਡਾ. ਨਬੀਲਾ ਰਹਿਮਾਨ ਨੇ ਹੀ ਸ਼ਾਹਮੁਖੀ ਵਿਚ “ਲਹੂ ਲਹੂ ਪੰਜਾਬ” ਦੇ ਸਿਰਲੇਖ ਹੇਠ ਲਿਪੀਆਂਤਰ ਕੀਤਾ ਹੈ। ਕੈਨੇਡਾ ਦੇ ਦੂਜੇ ਲੇਖਕ ਗਿਆਨ ਸਿੰਘ ਸੰਧੂ ਦੀ ਅੰਗਰੇਜ਼ੀ ਪੁਸਤਕ “20 Minutes Guide to the Sikh Faith”  ਨੂੰ ਬੜੀ ਸ਼ਿੱਦਤ ਤੇ ਸੋਹਣੇ ਢੰਗ ਨਾਲ “ਸਿੱਖ ਧਰਮ ਬਾਰੇ ਵੀਹ ਮਿੰਟ ਦੀ ਜਾਣਕਾਰੀ” ਦੇ ਟਾਈਟਲ ਹੇਠ ਸ਼ਾਹਮੁਖੀ ਵਿਚ ਪਰੋਇਆ ਹੈ।

ਡਾ. ਨਬੀਲਾ ਰਹਿਮਾਨ ਦੇ ਯੂਨੀਵਰਸਿਟੀ ਆਫ਼ ਝੰਗ ਦੀ ਵਾਈਸ ਚਾਂਸਲਰ ਬਣਨ ‘ਤੇ ਕੈਨੇਡਾ ਦੇ ਨਾਮਵਰ ਅਦੀਬ ਜੈਤੇਗ ਸਿੰਘ ਅਨੰਤ, ਗਿਆਨ ਸਿੰਘ ਸੰਧੂ (ਬਾਨੀ ਪ੍ਰਧਾਨ ਵਰਲਡ ਸਿੱਖ ਸੰਸਥਾ), ਸੁਰਿੰਦਰ ਸਿੰਘ ਜੱਬਲ (ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ), ਲਖਬੀਰ ਸਿੰਘ ਖੰਗੂੜਾ ਤੇ ਸ਼ਾਇਰ ਹਰਦਮ ਸਿੰਘ ਮਾਨ ਨੇ ਤਹਿ-ਦਿਲੋਂ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ।

(ਹਰਦਮ ਮਾਨ) +1 604 308 6663

maanbabushahi@gmail.com

Install Punjabi Akhbar App

Install
×