ਅਪੀਲ ਖਾਰਜ਼-ਜ਼ਿੰਦਗੀ ਨੂੰ ਅਲਵਿਦਾ -ਡੁਨੀਡਨ ਦੇ ਡਾਕਟਰ ਵਿਨੋਦ ਸਕਾਥਾਂ ਦੀ ਜ਼ੇਲ੍ਹ ਵਿਚ ਹੋਈ ਮੌਤ-ਕੁਝ ਸਮਾਂ ਪਹਿਲਾਂ ਹੀ ਰੱਦ ਹੋਈ ਸੀ ਉਸਦੀ ਅਪੀਲ

-16 ਸਾਲਾ ਕੁੜੀ ਦਾ ਘਰ ਜਾ ਕੇ ਕੀਤਾ ਸੀ ਕਤਲ
-ਪਰਿਵਾਰ ਨਾਲ ਵੀ ਅਫਸੋਸ ਕਰਨ ਪਹੁੰਚਿਆ
-ਘਰ ਦੇ ਬਾਹਰ ਰੱਖੀ ਚਾਬੀ ਚੁੱੱਕੀ ਤੇ ਮਾਰਿਆ
-ਮੋਬਾਇਲ ਫੋਨ ਤੋੜਨ ਵੇਲੇ ਖਿੱਚੀ ਫੋਟੋ ਨੇ ਫਸਾਇਆ

(ਜ਼ਿੰਦਗੀਆਂ ਬਚਾਉਣ ਦੀ ਸਹੁੰ ਚੁੱਕੀ ਤੇ ਫਿਰ ਕਾਤਿਲ ਬਣ ਗਿਆ ਡਾਕਟਰ ਵਿਨੋਦ ਸਕਾਥਾਂ  ਅਤੇ ਕਤਲ ਕੀਤੀ ਗਈ 16 ਸਾਲਾ ਕੁੜੀ ਐਂਬਰ ਰੋਜ)

ਔਕਲੈਂਡ :-ਜ਼ਿੰਦਗੀ ਜੀਉਣ ਲਈ ਦਿਲ ਦਾ ਧੜਕਣਾ ਜਰੂਰੀ ਹੈ ਅਤੇ ਕਈ ਵਾਰ ਕੀਤੀਆਂ ਗਲਤੀਆਂ ਦੀਆਂ ਅਜਿਹੀਆਂ ਮਾਰਾਂ ਪੈਂਦੀਆਂ ਹਨ ਕਿ ਦਿਲ ਧੜਕਣ ਤੋਂ ਜਵਾਬ ਦੇ ਜਾਂਦਾ ਹੈ। ਅੱਜ ਡੁਨੀਡਨ ਦੇ ਇਕ ਡਾਕਟਰ ਵਿਨੋਦ ਸਕਾਥਾਂ (33) ਦਾ ਜ਼ੇਲ੍ਹ ਦੇ ਵਿਚ ਹੀ ਦਿਹਾਂਤ ਹੋ ਗਿਆ। ਉਸਨੇ ਅਦਾਲਤ ਦੇ ਵਿਚ ਇਹ ਅਪੀਲ ਪਾਈ ਸੀ ਕਿ ਇਸ ਦਾ ਨਾਂਅ ਦੋਸ਼ੀਆਂ ਦੀ ਸ਼੍ਰੇਣੀ ਵਿਚ ਨਾ ਲਿਖਿਆ ਜਾਵੇ, ਪਰ ਅਦਾਲਤ ਨੇ ਬੁੱਧਵਾਰ 2.30 ਵਜੇ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਉਸ ਉਤੇ ਲੱਗੇ ਦੋਸ਼ਾਂ ਦੇ ਲਈ ਉਨ੍ਹਾਂ ਕੋਲ ਪੁਖਤਾ ਸਬੂਤ ਹਨ।
ਘਟਨਾਕ੍ਰਮ: ਇਸ ਡਾਕਟਰ ਉਤੇ 16 ਸਾਲਾ ਕੁੜੀ ਐਂਬਰ ਰੋਜ ਰੱਸ਼ ਦੇ ਕਤਲ ਸਬੰਧੀ ਦੋਸ਼ ਸਨ ਤੇ ਚਾਰ ਵਿਅਕਤੀਆਂ ਨੂੰ ਧਮਕੀ ਦਿੱਤੀ ਗਈ ਸੀ ਕਿ ਜੇਕਰ ਉਹ ਗਵਾਹ ਬਣੇ ਤਾਂ ਉਹ ਉਨ੍ਹਾਂ ਨੂੰ ਮਾਰ ਦੇਵੇਗਾ। ਸਕਾਥਾਂ ਇਸ ਵੇਲੇ ਮਾਰਚ 2020 ਤੋਂ 19 ਸਾਲਾਂ ਦੇ ਲਈ ਪੈਰੋਲ ਰਹਿਤ ਸਜਾ ਭੁਗਤ ਰਿਹਾ ਸੀ। ਇਸ ਡਾਕਟਰ ਨੇ ਇਸ ਕੁੜੀ ਨਾਲ ਜਿਸਮਾਨੀ ਛੇੜਛਾੜ ਕੀਤੀ ਸੀ ਅਤੇ ਉਹ ਕੁੜੀ ਇਸ ਸਬੰਧੀ ਸਾਰੀ ਘਟਨਾ ਜਨਤਕ ਕਰ ਰਹੀ  ਸੀ। ਡਾਕਟਰ ਨੇ ਉਸਦੇ ਘਰ ਜਾ ਕੇ ਉਸਨੂੰ ਰਸੋਈ ਦੇ 11 ਸੈਂਟੀਮੀਟਰ ਸਾਈਜ਼ ਵਾਲੇ ਚਾਕੂ ਨਾਲ ਮਾਰ ਦਿੱਤਾ ਸੀ। ਡਾਕਟਰ ਨੇ ਇਹ ਸਹੁੰ ਚੁੱਕੀ ਹੁੰਦੀ ਹੈ ਕਿ ਉਹ ਲੋਕਾਂ ਦੀ ਜ਼ਿੰਦਗੀ ਬਚਾਏਗਾ ਪਰ ਉਸਨੇ ਜ਼ਿੰਦਗੀ ਲੈ ਲਈ। ਉਸਨੇ ਉਸੇ ਜਗ੍ਹਾ ਇਕ ਡੂੰਘਾ ਵਾਰ ਕੀਤਾ ਅਤੇ ਉਹ ਮਰ ਗਈ ਅਤੇ ਮਾਹਿਰ ਦੱਸਦੇ ਹਨ ਉਸਨੇ ਉਥੇ ਵਾਰ ਕੀਤਾ ਜਿੱਥੇ ਉਸਦੀ ਮੌਤ ਅਟੱਲ ਸੀ। ਇਸ ਤੋਂ ਬਾਅਦ ਵੀ ਉਸਨੇ ਕਈ ਵਾਰ (6) ਕੀਤੇ। 2017 ਜਨਵਰੀ ਦੇ ਮੱਧ ਵਿਚ ਇਹ ਕੁੜੀ ਡਾਕਟਰ ਦੇ ਸੰਪਰਕ ਵਿਚ ਆਈ। ਜਨਵਰੀ 2018 ਦੇ ਵਿਚ ਇਸਨੇ ਉਸਨੂੰ ਆਪਣੇ ਘਰ ਬੁਲਾ ਕੇ ਸ਼ਰਾਬ ਪਿਲਾਈ, ਜਿਸਮਾਨੀ ਸਬੰਧ ਬਣਾਏ ਅਤੇ 20,000 ਡਾਲਰ ਨਕਦੀ ਦੀ ਪੇਸ਼ਕਸ਼ ਕੀਤੀ ਸੀ। ਉਸ ਕੁੜੀ ਨੂੰ ਮਾਰਨ ਬਾਅਦ ਡਾਕਟਰ ਨੇ ਉਸਦਾ ਫੋਨ ਭੰਨਣ ਦੀ ਕੋਸ਼ਿਸ ਕੀਤੀ ਸੀ, ਪਰ ਅਚਾਨਕ ਕੈਮਰਾ ਚੱਲ ਪਿਆ ਅਤੇ ਉਸਦੀ ਫੋਟੋ ਵੀ ਸੇਵ ਹੋ ਗਈ। ਬਾਅਦ ਵਿਚ ਉਹ ਟੁੱਟਿਆ ਫੋਨ ਪੁਲਿਸ ਨੇ ਲੱਭ ਲਿਆ ਅਤੇ ਸਾਰਾ ਡਾਟਾ ਰਿਕਵਰ ਹੋ ਗਿਆ ਸੀ। ਮਾਰਨ ਤੋਂ ਬਾਅਦ ਉਹ ਉਸਦੇ ਘਰ ਵੀ ਗਿਆ ਅਤੇ ਉਸ ਕੁੜੀ ਦੇ ਇਕ ਦੋਸਤੇ ਉਤੇ ਸ਼ੱਕ ਦੱਸੀ। ਇਸ ਕੁੜੀ ਦੀ ਮਾਂ ਕੁਝ ਸਮੇਂ ਬਾਅਦ ਮਰ ਗਈ ਸੀ। ਇਸ ਡਾਕਟਰ ਨੇ ਉਸ ਕੁੜੀ ਦੇ ਘਰ ਦੇ ਬਾਹਰ ਰੱਖੀ ਘਰ ਦੀ ਚਾਬੀ ਨਾਲ ਦਰਵਾਜ਼ਾ ਖੋਲ੍ਹ ਲਿਆ ਸੀ। ਕੁੜੀ ਨੇ 11.25 ਉਤੇ ਡਾਕਟਰ ਨੂੰ ਇਕ ਮੈਸੇਜ ਕੀਤਾ ਸੀ ਕਿ ਜੋ ਉਹ ਕਰ ਰਿਹਾ ਹੈ ਉਸਦਾ ਬਹੁਤ ਬੁਰਾ ਹੋਵੇਗਾ। ਅੱਧੇ ਘੰਟੇ ਬਾਅਦ ਡਾਕਟਰ ਕਾਲੇ ਕੱਪੜੇ ਪਾ ਕੇ ਉਸਦੇ ਘਰ ਕਤਲ ਕਰਨ ਪਹੁੰਚ ਗਿਆ ਸੀ। ਪੁਲਿਸ ਨੇ ਉਸਦੀ ਇੰਟਰਵਿਊ ਦੌਰਾਨ ਹੀ ਉਸਨੂੰ ਝੂਠ ਬੋਲਣ ਕਰਕੇ ਫੜ ਲਿਆ ਸੀ। ਉਸਦੀ ਗਿ੍ਰਫਤਾਰੀ ਦੇ 24 ਦਿਨਾਂ ਬਾਅਦ ਉਸਦਾ ਡਾਕਟਰੀ ਸਰਟੀਫਿਕੇਟ ਹਸਪਤਾਲ ਤੋਂ ਵਾਪਿਸ ਲੈ ਲਿਆ ਗਿਆ ਸੀ। ਜਿਸ ਦਿਨ ਇਸਨੂੰ ਸਜ਼ਾ ਸੁਣਾਈ ਗਈ ਸੀ ਉਸ ਦਿਨ ਇਸਨੇ ਆਪਣੇ ਕੰਨਾਂ ਨੂੰ ਬੰਦ ਕਰਨ ਲਈ ਈਅਰ ਪਲੱਗ ਲਾ ਲਏ ਸਨ।
 ਓਟਾਗੋ ਕੁਰੈਕਸ਼ਨ ਫੈਸੀਲਿਟੀ ਦੇ ਵਿਚ ਉਸਦੀ ਮੌਤ ਕੱਲ੍ਹ ਸ਼ਾਮ ਹੋਈ ਹੈ। ਮੌਤ ਸ਼ੱਕੀ ਨਹੀਂ ਮੰਨੀ ਜਾ ਰਹੀ ਪਰ ਫਿਰ ਵੀ ਪੋਸਟ ਮਾਰਟਮ ਰਿਪੋਰਟ ਦੇ ਵਿਚ ਸੱਚ ਸਾਹਮਣੇ ਆਵੇਗਾ। ਜ਼ੇਲ੍ਹ ਨਿਰਦੇਸ਼ਕ ਨੇ ਕਿਹਾ ਕਿ ਸਟਾਫ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੀ।

Install Punjabi Akhbar App

Install
×