ਡਾ. ਮਨਜੀਤ ਸਿੰਘ ਢਿੱਲੋਂ ਗੁੱਡ ਮੌਰਨਿੰਗ ਕਲੱਬ ਦੇ ਅਗਲੇ ਦੋ ਸਾਲਾਂ ਲਈ ਬਣੇ ਪ੍ਰਧਾਨ

ਜ਼ਿਲੇ ਦੇ ਤਿੰਨਾਂ ਮੌਜੂਦਾ ਵਿਧਾਇਕਾਂ ਨੇ ਡਾ. ਢਿੱਲੋਂ ਦੇ ਸੇਵਾ ਕਾਰਜਾਂ ਦੀ ਕੀਤੀ ਪ੍ਰਸੰਸਾ

ਕੋਟਕਪੂਰਾ- ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਗੁੱਡ ਮੋਰਨਿੰਗ ਵੈਲਫੇਅਰ ਕਲੱਬ ਦੇ ਮੁੱਖ ਸਲਾਹਕਾਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਫਰੀਦਕੋਟ ਅਤੇ ਜੈਤੋ ਹਲਕਿਆਂ ਦੇ ਵਿਧਾਇਕਾਂ ਸਮੇਤ ਸ਼ਹਿਰ ਦੀਆਂ ਅਹਿਮ ਸ਼ਖਸ਼ੀਅਤਾਂ ਅਤੇ ਕਲੱਬ ਦੇ ਅਹੁਦੇਦਾਰਾਂ ਦੀ ਹਾਜਰੀ ਵਿੱਚ ਡਾ. ਮਨਜੀਤ ਸਿੰਘ ਢਿੱਲੋਂ ਨੂੰ ਅਗਲੇ ਦੋ ਸਾਲਾਂ ਅਰਥਾਤ 31 ਮਾਰਚ 2024 ਤੱਕ ਕਲੱਬ ਦਾ ਪ੍ਰਧਾਨ ਐਲਾਨਣ ਨਾਲ ਬਾਬਾ ਫਰੀਦ ਨਰਸਿੰਗ ਕਾਲਜ ਦਾ ਹਾਲ ਤਾੜੀਆਂ ਨਾਲ ਗੂੰਝ ਉੱਠਿਆ। ਦੱਸਣਾ ਬਣਦਾ ਹੈ ਕਿ ਡਾ. ਮਨਜੀਤ ਸਿੰਘ ਢਿੱਲੋਂ ਨੂੰ ਪਿਛਲੇ ਸਾਲ ਸਰਬਸੰਮਤੀ ਨਾਲ ਕਲੱਬ ਦਾ ਪ੍ਰਧਾਨ ਬਣਾਇਆ ਗਿਆ ਸੀ ਤੇ ਉਹਨਾਂ ਦੀ ਸ਼ਾਨਦਾਰ ਕਾਰਗੁਜਾਰੀ ਅਤੇ ਸੇਵਾ ਕਾਰਜਾਂ ਨੂੰ ਮੁੱਖ ਰੱਖਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਇਕ ਵਾਰ ਉਹਨਾਂ ਨੂੰ ਮੌਕਾ ਦੇਣ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਹਾਜਰੀਨ ਨੇ ਤਾੜੀਆਂ ਮਾਰ ਕੇ ਪ੍ਰਵਾਨ ਕੀਤਾ। ਜਿਕਰਯੋਗ ਹੈ ਕਿ ਡਾ. ਮਨਜੀਤ ਸਿੰਘ ਢਿੱਲੋਂ ਨਰਸਿੰਗ ਟਰੇਨਿੰਗ ਇੰਸਟੀਚਿਊਟ ਐਸੋਸੀਏਸ਼ਨ ਪੰਜਾਬ ਅਤੇ ਸਾਈਂ ਮੀਆਂਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਸੂਬਾਈ ਪ੍ਰਧਾਨ ਸਮੇਤ ਅਨੇਕਾਂ ਅੰਤਰਰਾਸ਼ਟਰੀ, ਸੂਬਾਈ ਅਤੇ ਸਥਾਨਕ ਕਲੱਬਾਂ, ਸੰਸਥਾਵਾਂ ਅਤੇ ਜਥੇਬੰਦੀਆਂ ਦੀ ਅਗਵਾਈ ਜਾਂ ਨੁਮਾਇੰਦਗੀ ਕਰ ਰਹੇ ਹਨ। ਵਿਧਾਨ ਸਭਾ ਹਲਕਾ ਫਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਵੀ ਡਾ. ਮਨਜੀਤ ਸਿੰਘ ਢਿੱਲੋਂ ਦੀਆਂ ਪੰਜਾਬ ਸਮੇਤ ਦੇਸ਼ ਦੇ ਹੋਰ ਰਾਜਾਂ ‘ਚ ਕੀਤੀਆਂ ਜਾ ਰਹੀਆਂ ਸੇਵਾਵਾਂ ਅਤੇ ਕੋਵਿਡ ਦੌਰਾਨ ਕੀਤੇ ਸੇਵਾ ਕਾਰਜਾਂ ਦੀ ਭਰਪੂਰ ਪ੍ਰਸੰਸਾ ਕੀਤੀ। ਉਹਨਾਂ ਦੱਸਿਆ ਕਿ ਡਾ. ਢਿੱਲੋਂ ਵੱਲੋਂ ਸਮਾਜ ਸੇਵਾ ਦੇ ਨਾਲ-ਨਾਲ ਧਾਰਮਿਕ, ਰਾਜਨੀਤਿਕ, ਸੱਭਿਆਚਾਰਕ, ਖੇਡਾਂ ਅਤੇ ਵਾਤਾਵਰਣ ਦੇ ਖੇਤਰ ਵਿੱਚ ਵੀ ਵੱਡਮੁੱਲੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਡਾ. ਢਿੱਲੋਂ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਕੋਟਕਪੂਰਾ ਸ਼ਹਿਰ ਨੂੰ ਵਿਦੇਸ਼ਾਂ ਦੀ ਤਰਾਂ ਸਾਫ ਸੁਥਰਾ ਅਤੇ ਸੁੰਦਰ ਸ਼ਹਿਰ ਬਣਾਉਣ ਦੀ ਇੱਛਾ ਰੱਖਦੇ ਹਨ, ਜਿਸ ਲਈ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ। ਡਾ. ਢਿੱਲੋਂ ਨੂੰ ਦੁਬਾਰਾ ਫਿਰ ਅਗਲੇ ਦੋ ਸਾਲਾਂ ਲਈ ਪ੍ਰਧਾਨ ਬਣਨ ‘ਤੇ ਵਧਾਈਆਂ ਦੇਣ ਵਾਲਿਆਂ ਵਿੱਚ ਉਪਰੋਕਤ ਤੋਂ ਇਲਾਵਾ ਡਾ. ਪ੍ਰੀਤਮ ਸਿੰਘ ਛੌਕਰ, ਪ੍ਰੋ. ਦਰਸ਼ਨ ਸਿੰਘ ਸੰਧੂ, ਲਕਸ਼ਮਣ ਮਹਿਰਾ, ਜਸਕਰਨ ਸਿੰਘ ਭੱਟੀ, ਬਿੱਟਾ ਨਰੂਲਾ, ਪੱਪੂ ਲਹੌਰੀਆ, ਰਜਿੰਦਰ ਸਿੰਘ ਸਰਾਂ, ਗੁਰਦੀਪ ਸਿੰਘ ਮੈਨੇਜਰ, ਸੁਰਿੰਦਰ ਸਿੰਘ ਸਦਿਉੜਾ, ਗੁਰਚਰਨ ਸਿੰਘ ਬੱਬੂ, ਸੁਨੀਲ ਸਿੰਘ ਕਪੂਰ, ਨਛੱਤਰ ਸਿੰਘ, ਸੁਰਿੰਦਰ ਸਿੰਘ ਸ਼ਿੰਦਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਜਸਬੀਰ ਸਿੰਘ ਰਿੰਕੀ, ਕੈਪਟਨ ਜਰਨੈਲ ਸਿੰਘ ਮਾਨ, ਮਨਤਾਰ ਸਿੰਘ ਮੱਕੜ, ਅਸ਼ੋਕ ਸੇਠੀ, ਬਿੱਟੂ ਧੀਂਗੜਾ, ਸਰਨ ਕੁਮਾਰ, ਵਿਨੋਦ ਕੁਮਾਰ ਆਦਿ ਵੀ ਸ਼ਾਮਲ ਹਨ।

Install Punjabi Akhbar App

Install
×