ਉੱਘੇ ਸਿੱਖ ਵਿਦਵਾਨ ਡਾ: ਕੁਲਵੰਤ ਕੌਰ ਜੀ ਨੇ ਪਰਥ ਦੀਆਂ ਸਿੱਖ ਸੰਗਤਾਂ ਨੂੰ ਸੰਬੋਧਨ ਕੀਤਾ ।

IMG-20140921-WA0004
ਬੀਤੇ ਦਿਨੀਂ ਗੁਰੂਦੁਆਰਾ ਸਾਹਿਬ ਕੈਨਿੰਗਵੇਲ , ਪਰਥ ਵਿਖੇ ਪ੍ਰਸਿੱਧ ਸਿੱਖ ਵਿਦਵਾਨ ਡਾ: ਕੁਲਵੰਤ ਕੌਰ ਜੀ ਸਿੱਖ ਸੰਗਤਾਂ ਦੇ ਸਨਮੁੱਖ ਹੋਏ। ਡਾ: ਕੁਲਵੰਤ ਕੌਰ ਜੀ ਪਟਿਆਲ਼ਾ ਦੇ ਰਹਿਣ ਵਾਲ਼ੇ ਹਨ ਅਤੇ ਕੁਝ ਦਿਨ ਪਹਿਲਾਂ ,ਪਰਥ ਵਿੱਚ ਰਹਿ ਰਹੀ ਆਪਣੀ ਬੇਟੀ ਨੂੰ ਮਿਲਣ ਆਏ ਸਨ ।ਜਿਕਰਯੋਗ ਹੈ ਕਿ ਡਾ: ਕੁਲਵੰਤ ਕੌਰ ਜੀ ਪਟਿਆਲ਼ਵੀ ਪੰਜਾਬੀ ਸੱਥ ਦੇ ਸੰਚਾਲਕ ਅਤੇ ਪਟਿਆਲ਼ਾ ਵਿੱਚ ਚਲ ਰਹੀ ਸੰਸਥਾ ਮਾਈ ਭਾਗੋ ਬ੍ਰਿਗੇਡ ਦੇ ਬਾਨੀ ਵੀ ਹਨ ਅਤੇ ਗੁਰਮਤਿ ਕਾਲਜ ਪਟਿਆਲ਼ਾ ਦੇ ਪ੍ਰਿੰਸੀਪਲ ਵੀ ਰਹੇ ਹਨ। ਡਾ: ਕੁਲਵੰਤ ਕੌਰ ਜੀ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਤੇ PHD. ਕੀਤੀ ਅਤੇ ਗੁਰਬਾਣੀ ਤੇ ਤਕਰੀਬਨ ਅਠਾਰਾਂ ਕਿਤਾਬਾਂ ਲਿਖੀਆਂ ਹਨ । ਜਿਨ੍ਹਾ ਰਾਹੀ ਸਿੱਖ ਧਰਮ ਦੇ ਸਹੀ ਸੰਦਰਭ ਨੂੰ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਡਾ: ਸਾਹਿਬ ਧਰਮ , ਸੱਭਿਆਚਾਰ , ਸਾਹਿਤ ਅਤੇ ਵਾਤਾਵਰਨ ਆਦਿ ਵਿਸ਼ਿਆਂ ਤੇ ਚੰਗੇ ਬੁਲਾਰੇ ਹਨ।ਆਪ ਜੀ ਅਨੇਕਾਂ ਵਾਰ ਵਿਦੇਸ਼ਾਂ ਵਿੱਚ ਧਾਰਮਿਕ ਸੈਮੀਨਾਰਾਂ, ਅਤੇ ਕਾਨਫ਼ਰੰਸਾਂ ਵਿੱਚ ਸ਼ਾਮਿਲ ਹੋਏ।ਮਾਈ ਭਾਗੋ ਬ੍ਰਿਗੇਡ ਦੇ ਤਹਿਤ ਆਪ ਜੀ ਨੇ ਤਕਰੀਬਨ 40 ਬੱਚਿਆਂ ਨੂੰ ਅਡੌਪਟ ਕੀਤਾ ਹੋਇਆ ਹੈ।ਜਿਨ੍ਹਾਂ ਦੀ ਦੇਖਭਾਲ ਅਤੇ ਪੜ੍ਹਾਈ ਦੀ ਜਿੰਮੇਵਾਰੀ ਖੁਦ ਨਿਭਾਅ ਰਹੇ ਹਨ।ਇਸ ਤੋਂ ਇਲਾਵਾ ਲੋੜਵੰਦ ਮਰੀਜ਼ਾਂ ਲਈ ਫ਼੍ਰੀ ਮੈਡੀਕਲ ਕੈਂਪ , ਸਕੂਲਾਂ ਵਿੱਚ ਬਾਲ ਸੈਮੀਨਾਰ ਅਤੇ ਪੰਜਾਬੀ ਸਾਹਿਤ ਵੀ ਸਮੇਂ ਸਮੇਂ ਤੇ ਵੰਡਦੇ ਰਹਿਦੇ ਹਨ।

ਗੁਰੂਦੁਆਰਾ ਸਾਹਿਬ ਦੇ ਹਫ਼ਤਾਵਾਰੀ ਦੀਵਾਨ ਵਿੱਚ ਡਾ: ਸਾਹਿਬ ਜੀ ਨੇ ਗੁਰਬਾਣੀ ਅਤੇ ਸੱਭਿਆਚਾਰ ਬਾਰੇ  ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ।ਓਹਨਾਂ ਨੇ ਗੁਰੁ ਨਾਨਕ ਦੇਵ ਜੀ ਦੇ ਜੀਵਨ ਕਾਲ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਗੁਰੂ ਸਾਹਿਬ ਨੇ ਪੰਜਾਬੀ ਸੱਭਿਆਚਾਰ ਵਿੱਚ ਵੱਡਮੁਲਾ ਯੋਗਦਾਨ ਪਾਇਆ ਹੈ  ਅਤੇ ਸਾਨੂੰ ਉੱਚ ਦਰਜੇ ਦੀ ਜੀਵਨ-ਜਾਚ ਬਖਸ਼ੀ ।ਇਸ ਤੋਂ ਇਲਾਵਾ ਓਹਨਾਂ ਦੱਸਿਆ ਕਿ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਅਜੋਕੇ, ਸਾਇੰਸ ਦੇ ਯੁੱਗ ਵਿੱਚ ਵੀ ਸਮੁੱਚੀ ਮਨੁੱਖਤਾ ਦੀ ਰਹਿਨੁਮਾਈ ਕਰਨ ਦੇ ਸਮਰੱਥ ਹੈ।

ਗੁਰੂਦੁਆਰਾ ਪ੍ਰਬੰਧਕ ਕਮੇਟੀ  ਸਾਵਾ ਵੱਲੋਂ ਡਾ: ਕੁਲਵੰਤ ਕੌਰ ਜੀ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਤੋਂ ਉਪਰੰਤ ਓਹਨਾਂ ਨੇ ਪੰਜਾਬੀ ਸੱਥ ਪਰਥ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਨੌਜਵਾਨਾਂ ਵੱਲੋਂ ਗੁਰੂਬਾਣੀ ਅਤੇ ਸੱਭਿਆਚਾਰ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ।ਇਸ ਤੋਂ ਇਲਾਵਾ ਡਾ: ਸਾਹਿਬ ਨੇ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ , ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਨਵੀਂ ਪੀੜ੍ਹੀ ਅੰਦਰ ਪੰਜਾਬੀ ਦੇ ਪਸਾਰ ਲਈ ਦਿਸ਼ਾ ਨਿਰਦੇਸ਼ ਦਿੱਤੇ ।ਓਹਨਾਂ ਨੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਪੰਜਾਬੀ ਸਕੂਲ ਦੇ ਹੋਰ ਵਿਸਥਾਰ ਲਈ ਪ੍ਰੇਰਨਾਂ ਦਿੱਤੀ ।ਡਾ: ਕੁਲਵੰਤ ਕੌਰ ਜੀ ਨੇ ਆਪਣੀ ਕਿਤਾਬ ; ਗੁਰਬਾਣੀ ਅਤੇ ਸੱਭਿਆਚਾਰ ; ਅਤੇ  ਮਾਈ ਭਾਗੋ ਬ੍ਰਿਗੇਡ ਵੱਲੋਂ ਛਪਵਾਇਆ ਜਾਂਦਾ ਇੱਕ ਰਸਾਲਾ , ਪੰਜਾਬੀ ਸੱਥ ਪਰਥ ਨੂੰ ਭੇਂਟ ਕੀਤਾ।

ਅਖੀਰ ਵਿੱਚ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸੈਕਟਰੀ ਸਤਿੰਦਰ ਸਿੰਘ ਸਮਰਾ , ਪੰਜਾਬੀ ਸੱਥ ਪਰਥ ਦੇ ਸਰਪ੍ਰਸਤ ਬੀਬੀ ਸੁਖਵੰਤ ਕੌਰ ਪੰਨੂੰ ਜੀ ਅਤੇ ਹੋਰਨਾਂ ਮੈਂਬਰਾਂ ਵੱਲੋਂ ਡਾ: ਕੁਲਵੰਤ ਕੌਰ ਜੀ ਦਾ ਧੰਨਵਾਦ ਕੀਤਾ ਗਿਆ ਅਤੇ ਓਹਨਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ।

Welcome to Punjabi Akhbar

Install Punjabi Akhbar
×