ਡਾ. ਇੰਦਰਪਾਲ ਕੌਰ ਦੀ ਪੁਸਤਕ ‘ਖ਼ੁਸ਼ੀਆਂ ਗ਼ਮੀਆਂ ਦੇ ਸੰਗ’ ਦਾ ਲੋਕ ਅਰਪਣ

ਕਵਿੱਤਰੀ ਦਾ ਨਜ਼ਰੀਆ ਸਮਾਜਵਾਦੀ- ਡਾ. ਦਰਸ਼ਨ ਸਿੰਘ ‘ਆਸ਼ਟ’

ਬੀਤੇ ਦਿਨੀਂ ਸਾਹਿਤਯ ਕਲਸ਼ ਪਟਿਆਲਾ ਵੱਲੋਂ ਉਘੀ ਪੰਜਾਬੀ ਕਵਿੱਤਰੀ ਡਾ. ਇੰਦਰਪਾਲ ਕੌਰ ਰਚਿਤ ਕਾਵਿ ਪੁਸਤਕ ‘ਖ਼ੁਸ਼ੀਆਂ ਗ਼ਮੀਆਂ ਦੇ ਸੰਗ’ ਦਾ ਲੋਕ ਅਰਪਣ ਉਪਕਾਰ ਨਗਰ ਨੇੜੇ ਫੈਕਟਰੀ ਏਰੀਆ,ਪਟਿਆਲਾ ਵਿਖੇ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਡਾ. ਇੰਦਰਪਾਲ ਕੌਰ ਦੀ ਕਾਵਿ ਰਚਨਾ ਦਾ ਨਜ਼ਰੀਆ ਸਮਾਜਵਾਦੀ ਵਾਲਾ ਹੈ। ਔਰਤ ਮਨ ਦੀ ਡੂੰਘੀ ਥਾਹ ਪਾਉਣ ਵਾਲੀ ਇਸ ਕਵਿੱਤਰੀ ਨੇ ਸਮਾਜਿਕ ਮਸਲਿਆਂ ਨੂੰ ਨਿਵੇਕਲੇ ਮੁਹਾਵਰੇ ਵਿਚ ਸਿਰਜਦਿਆਂ ਇਹ ਸੁਨੇਹਾ ਦੇਣ ਦਾ ਸਾਰਥਿਕ ਯਤਨ ਕੀਤਾ ਹੈ ਕਿ ਮਾਨਵੀ ਜੀਵਨ ਵਿਚ ਫੈਲਦੀ ਜਾ ਰਹੀ ਕੁੜੱਤਣ ਨੂੰ ਆਪਸੀ ਸਾਂਝ ਅਤੇ ਮੁਹੱਬਤ ਹੀ ਖ਼ਤਮ ਕਰ ਸਕਦੀ ਹੈ।ਡਾ. ‘ਆਸ਼ਟ’ ਨੇ ਇਹ ਵੀ ਕਿਹਾ ਕਿ ਸੂਫ਼ੀ ਕਵੀਆਂ ਵਾਂਗ ਇਸ ਕਵਿੱਤਰੀ ਦੀ ਰਚਨਾ ਵੀ ਇਸ਼ਕ ਮਜਾਜੀ ਤੋਂ ਇਸ਼ਕ ਹਕੀਕੀ ਦਾ ਰਸਤਾ ਅਖ਼ਤਿਆਰ ਕਰਦੀ ਹੈ।ਡਾ. ਇੰਦਰਪਾਲ ਕੌਰ ਨੇ ਕਿਹਾ ਕਿ ਉਸ ਦੀ ਕਲਮ ਖ਼ੁਸ਼ੀਆਂ ਗ਼ਮੀਆਂ ਦੀ ਪਰਵਾਹ ਨਹੀਂ ਕਰਦੀ ਅਤੇ ਸਮਾਜ ਵਿਚ ਸੰਤੁਲਿਤ ਸੋਚ ਪੈਦਾ ਕਰਕੇ ਮਾਨਵਤਾ ਨੂੰ ਕਠਿਨ ਪ੍ਰਸਥਿਤੀਆਂ ਵਿਚ ਵੀ ਹਿੰਮਤ ਜੁਟਾਉਣ ਦਾ ਸੁਨੇਹਾ ਦਿੰਦੀ ਹੈ। ਸਾਹਿਤਯ ਕਲਸ਼ ਪਟਿਆਲਾ ਦੇ ਪ੍ਰਧਾਨ ਅਤੇ ਉਘੇ ਕਵੀ ਸਾਗਰ ਸੂਦ ਨੇ ਮੰਚ ਸੰਚਾਲਕ ਦਾ ਪ੍ਰਭਾਵਸ਼ਾਲੀ ਫਰਜ਼ ਨਿਭਾਉਂਦਿਆਂ ਕਿਹਾ ਕਿ ਉਹਨਾਂ ਦੀ ਸੰਸਥਾ ਨੇ ਅਬਲਾ ਤੋਂ ਸਬਲਾ ਬਣਨ ਦੀ ਪ੍ਰੇਰਣਾ ਦੇਣ ਵਾਲੀ ਕਵਿੱਤਰੀ ਡਾ. ਇੰਦਰਪਾਲ ਕੌਰ ਦੀ ਇਸ ਪੁਸਤਕ ਦੀ ਪ੍ਰਕਾਸ਼ਨਾ ਕਰਕੇ ਸਮੁੱਚੀ ਨਾਰੀ ਔਰਤ ਨੂੰ ਸਤਿਕਾਰ ਦਿੱਤਾ ਹੈ॥ਉਘੇ ਕਵੀ ਡਾ. ਜੀ.ਐਸ.ਆਨੰਦ ਨੇ ਕਿਹਾ ਕਿ ਡਾ. ਇੰਦਰਪਾਲ ਕੌਰ ਦੀ ਕਾਵਿ ਰਚਨਾ ਪੰਜਾਬੀ ਮਾਂ ਬੋਲੀ ਦੇ ਸਾਹਿਤਕ ਭੰਡਾਰ ਵਿਚ ਸੁੰਦਰ ਵਾਧਾ ਕਰਦੀ ਹੈ। ਉਭਰ ਰਹੀ ਕਵਿੱਤਰੀ ਪ੍ਰਭਲੀਨ ਕੌਰ ਪਰੀ ਨੇ ਵਿਸ਼ੇਸ਼ ਕਾਵਿ ਰਚਨਾ ਸੁਣਾ ਕੇ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ।
ਇਸ ਦੌਰਾਨ ਬਜਿੰਦਰ ਸਿੰਘ ਠਾਕੁਰ,ਕੁਲਦੀਪ ਕੌਰ ਧੰਜੂ,ਹਰਦੀਪ ਕੌਰ ਜੱਸੋਵਾਲ,ਜਸਪ੍ਰੀਤ ਕੌਰ ਪ੍ਰੀਤ,ਸੁਨੀਲ ਕੁਮਾਰੀ ਸ਼ਰਮਾ,ਬਲਜਿੰਦਰ ਸਰਾਓ,ਪੁਨੀਤ ਗੋਇਲ ਆਦਿ ਨੇ ਵੀ ਕਾਵਿ ਰਚਨਾ ਪਾਠ ਕੀਤਾ।
ਅੰਤ ਵਿਚ ਸਾਬਕਾ ਪ੍ਰਿੰਸੀਪਲ ਅਤੇ ਸਾਹਿਤ ਪ੍ਰੇਮੀ ਮੋਹਨਜੀਤ ਸਿੰਘ ਨੇ ਪੁੱਜੇ ਲੇਖਕਾਂ ਦਾ ਧੰਨਵਾਦ ਕੀਤਾ।ਇਸ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੁਦਰਤ ਦੀ ਸਾਂਭ ਸੰਭਾਲ ਕਰਨ ਦੇ ਸੁਨੇਹੇ ਨੂੰ ਨਤਮਸਤਕ ਹੁੰਦਿਆਂ ਪੁੱਜੇ ਲੇਖਕਾਂ ਅਤੇ ਸਰੋਤਿਆਂ ਨੂੰ ਪੌਦੇ ਵੀ ਭੇਂਟ ਕੀਤੇ ਗਏ।

Install Punjabi Akhbar App

Install
×